Skip to content

ਬਾਈਬਲ ਆਇਤਾਂ ਦੀ ਸਮਝ

ਕਹਾਉਤਾਂ 3:5, 6—“ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ”

ਕਹਾਉਤਾਂ 3:5, 6—“ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ”

 “ਆਪਣੇ ਪੂਰੇ ਦਿਲ ਨਾਲ ਯਹੋਵਾਹ ʼਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ। ਆਪਣੇ ਸਾਰੇ ਰਾਹਾਂ ਵਿਚ ਉਸ ਨੂੰ ਧਿਆਨ ਵਿਚ ਰੱਖ ਅਤੇ ਉਹ ਤੇਰੇ ਰਾਹਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6, ਨਵੀਂ ਦੁਨੀਆਂ ਅਨੁਵਾਦ।

 “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”—ਕਹਾਉਤਾਂ 3:5, 6, ਪਵਿੱਤਰ ਬਾਈਬਲ।

ਕਹਾਉਤਾਂ 3:5, 6 ਦਾ ਮਤਲਬ

 ਅਹਿਮ ਫ਼ੈਸਲੇ ਲੈਂਦਿਆਂ ਸਾਨੂੰ ਯਹੋਵਾਹ a ਪਰਮੇਸ਼ੁਰ ਤੋਂ ਸੇਧ ਲੈਣੀ ਚਾਹੀਦੀ ਹੈ, ਨਾ ਕਿ ਖ਼ੁਦ ਦੀ ਸਮਝ ਅਨੁਸਾਰ ਫ਼ੈਸਲੇ ਕਰਨੇ ਚਾਹੀਦੇ ਹਨ।

 “ਆਪਣੇ ਪੂਰੇ ਦਿਲ ਨਾਲ ਯਹੋਵਾਹ ʼਤੇ ਭਰੋਸਾ ਰੱਖ।” ਪਰਮੇਸ਼ੁਰ ਦੀ ਇੱਛਾ ਮੁਤਾਬਕ ਕੰਮ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ʼਤੇ ਭਰੋਸਾ ਰੱਖਦੇ ਹਾਂ। ਸਾਨੂੰ ਪੂਰੇ ਦਿਲ ਨਾਲ ਪਰਮੇਸ਼ੁਰ ʼਤੇ ਭਰੋਸਾ ਰੱਖਣਾ ਚਾਹੀਦਾ ਹੈ। ਜਦੋਂ ਬਾਈਬਲ ਵਿਚ ਦਿਲ ਦਾ ਜ਼ਿਕਰ ਆਉਂਦਾ ਹੈ, ਤਾਂ ਇਹ ਅਕਸਰ ਸਾਡੇ ਅੰਦਰਲੇ ਇਨਸਾਨ ਨੂੰ ਦਰਸਾਉਂਦਾ ਹੈ। ਇਸ ਵਿਚ ਸਾਡੀਆਂ ਭਾਵਨਾਵਾਂ, ਸੋਚਾਂ ਤੇ ਰਵੱਈਆ ਸ਼ਾਮਲ ਹੁੰਦਾ ਹੈ। ਇਸ ਲਈ ਪੂਰੇ ਦਿਲ ਨਾਲ ਪਰਮੇਸ਼ੁਰ ʼਤੇ ਭਰੋਸਾ ਰੱਖਣ ਵਿਚ ਸਿਰਫ਼ ਸਾਡੀਆਂ ਭਾਵਨਾਵਾਂ ਹੀ ਸ਼ਾਮਲ ਨਹੀਂ ਹੁੰਦੀਆਂ। ਅਸੀਂ ਉਸ ʼਤੇ ਭਰੋਸਾ ਰੱਖਣ ਦਾ ਫ਼ੈਸਲਾ ਇਸ ਲਈ ਕਰਦੇ ਹਾਂ ਕਿਉਂਕਿ ਸਾਨੂੰ ਪੂਰਾ ਯਕੀਨ ਹੈ ਕਿ ਸਾਡਾ ਸਿਰਜਣਹਾਰ ਜਾਣਦਾ ਹੈ ਕਿ ਸਾਡੇ ਲਈ ਸਭ ਤੋਂ ਵਧੀਆ ਕੀ ਹੈ।—ਰੋਮੀਆਂ 12:1.

 “ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ।” ਸਾਨੂੰ ਪਰਮੇਸ਼ੁਰ ʼਤੇ ਭਰੋਸਾ ਰੱਖਣ ਦੀ ਲੋੜ ਹੈ ਕਿਉਂਕਿ ਪਾਪੀ ਹੋਣ ਕਰਕੇ ਅਸੀਂ ਆਪਣੇ ʼਤੇ ਭਰੋਸਾ ਨਹੀਂ ਰੱਖ ਸਕਦੇ। ਜੇ ਅਸੀਂ ਸਿਰਫ਼ ਆਪਣੇ ਆਪ ʼਤੇ ਭਰੋਸਾ ਰੱਖਦੇ ਹਾਂ ਜਾਂ ਭਾਵਨਾਵਾਂ ਵਿਚ ਵਹਿ ਕੇ ਕੋਈ ਫ਼ੈਸਲਾ ਕਰਦੇ ਹਾਂ, ਤਾਂ ਸ਼ਾਇਦ ਪਹਿਲਾਂ-ਪਹਿਲ ਸਾਨੂੰ ਆਪਣੇ ਫ਼ੈਸਲੇ ਵਧੀਆ ਲੱਗਣ, ਪਰ ਅਖ਼ੀਰ ਇਸ ਦੇ ਬੁਰੇ ਨਤੀਜੇ ਨਿਕਲਦੇ ਹਨ। (ਕਹਾਉਤਾਂ 14:12; ਯਿਰਮਿਯਾਹ 17:9) ਪਰਮੇਸ਼ੁਰ ਦੀ ਬੁੱਧ ਸਾਡੇ ਨਾਲੋਂ ਕਿਤੇ ਜ਼ਿਆਦਾ ਉੱਤਮ ਹੈ। (ਯਸਾਯਾਹ 55:8, 9) ਜੇ ਅਸੀਂ ਉਸ ਦੀ ਸੋਚ ਅਨੁਸਾਰ ਚੱਲਾਂਗੇ, ਤਾਂ ਅਸੀਂ ਸਫ਼ਲ ਹੋਵਾਂਗੇ।—ਜ਼ਬੂਰ 1:1-3; ਕਹਾਉਤਾਂ 2:6-9; 16:20.

 “ਆਪਣੇ ਸਾਰੇ ਰਾਹਾਂ ਵਿਚ ਉਸ ਨੂੰ ਧਿਆਨ ਵਿਚ ਰੱਖ।” ਸਾਨੂੰ ਆਪਣੀ ਜ਼ਿੰਦਗੀ ਦੇ ਹਰ ਅਹਿਮ ਮਾਮਲੇ ਅਤੇ ਫ਼ੈਸਲੇ ਵਿਚ ਯਹੋਵਾਹ ਦਾ ਨਜ਼ਰੀਆ ਜਾਣਨਾ ਚਾਹੀਦਾ ਹੈ। ਇੱਦਾਂ ਕਰਨ ਲਈ ਸਾਨੂੰ ਉਸ ਨੂੰ ਸੇਧ ਲਈ ਪ੍ਰਾਰਥਨਾ ਕਰਨੀ ਅਤੇ ਉਸ ਦੇ ਬਚਨ ਬਾਈਬਲ ਵਿਚ ਦੱਸੀਆਂ ਗੱਲਾਂ ਮੁਤਾਬਕ ਚੱਲਣਾ ਚਾਹੀਦਾ ਹੈ।—ਜ਼ਬੂਰ 25:4; 2 ਤਿਮੋਥਿਉਸ 3:16, 17.

 “ਉਹ ਤੇਰੇ ਰਾਹਾਂ ਨੂੰ ਸਿੱਧਾ ਕਰੇਗਾ।” ਪਰਮੇਸ਼ੁਰ ਆਪਣੇ ਧਰਮੀ ਮਿਆਰਾਂ ਅਨੁਸਾਰ ਜ਼ਿੰਦਗੀ ਜੀਉਣ ਵਿਚ ਸਾਡੀ ਮਦਦ ਕਰ ਕੇ ਸਾਡੇ ਰਾਹਾਂ ਨੂੰ ਸਿੱਧਾ ਕਰਦਾ ਹੈ। (ਕਹਾਉਤਾਂ 11:5) ਇਸ ਤਰ੍ਹਾਂ ਅਸੀਂ ਬੇਲੋੜੀਆਂ ਮੁਸ਼ਕਲਾਂ ਵਿਚ ਪੈਣ ਤੋਂ ਬਚਦੇ ਹਾਂ ਅਤੇ ਖ਼ੁਸ਼ੀਆਂ ਭਰੀ ਜ਼ਿੰਦਗੀ ਦਾ ਆਨੰਦ ਮਾਣਦੇ ਹਾਂ।—ਜ਼ਬੂਰ 19:7, 8; ਯਸਾਯਾਹ 48:17, 18.

ਅਗਲੀਆਂ-ਪਿਛਲੀਆਂ ਆਇਤਾਂ ਮੁਤਾਬਕ ਕਹਾਉਤਾਂ 3:5, 6 ਦੀ ਸਮਝ

 ਬਾਈਬਲ ਵਿਚ ਕਹਾਉਤਾਂ ਦੀ ਕਿਤਾਬ ਵਿਚ ਵਧੀਆ ਅਸੂਲ ਦਿੱਤੇ ਗਏ ਹਨ ਜਿਨ੍ਹਾਂ ਮੁਤਾਬਕ ਜ਼ਿੰਦਗੀ ਜੀ ਕੇ ਅਸੀਂ ਖ਼ੁਸ਼ੀ ਪਾਵਾਂਗੇ ਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਫ਼ਲ ਹੋਵਾਂਗੇ। ਪਹਿਲੇ ਨੌਂ ਅਧਿਆਇ ਇੱਦਾਂ ਲਿਖੇ ਗਏ ਹਨ ਜਿਵੇਂ ਇਕ ਪਿਤਾ ਆਪਣੇ ਪਿਆਰੇ ਪੁੱਤਰ ਨੂੰ ਸਲਾਹ ਦੇ ਰਿਹਾ ਹੋਵੇ। ਅਧਿਆਇ ਤਿੰਨ ਵਿਚ ਉਨ੍ਹਾਂ ਫ਼ਾਇਦਿਆਂ ਬਾਰੇ ਦੱਸਿਆ ਗਿਆ ਹੈ ਜੋ ਉਨ੍ਹਾਂ ਲੋਕਾਂ ਨੂੰ ਹੁੰਦੇ ਹਨ ਜੋ ਆਪਣੇ ਸਿਰਜਣਹਾਰ ਦੀ ਬੁੱਧ ਦੀ ਕਦਰ ਕਰਦੇ ਹਨ ਅਤੇ ਉਸ ਮੁਤਾਬਕ ਚੱਲਦੇ ਹਨ।—ਕਹਾਉਤਾਂ 3:13-26.

a ਯਹੋਵਾਹ ਰੱਬ ਦਾ ਨਾਂ ਹੈ।—ਜ਼ਬੂਰ 83:18.