Skip to content

ਮੈਂ ਮਰਨਾ ਚਾਹੁੰਦਾ ਹਾਂ​—ਕੀ ਬਾਈਬਲ ਇਸ ਖ਼ਿਆਲ ਨੂੰ ਮਨ ਵਿੱਚੋਂ ਕੱਢਣ ਵਿਚ ਮੇਰੀ ਮਦਦ ਕਰ ਸਕਦੀ ਹੈ?

ਮੈਂ ਮਰਨਾ ਚਾਹੁੰਦਾ ਹਾਂ​—ਕੀ ਬਾਈਬਲ ਇਸ ਖ਼ਿਆਲ ਨੂੰ ਮਨ ਵਿੱਚੋਂ ਕੱਢਣ ਵਿਚ ਮੇਰੀ ਮਦਦ ਕਰ ਸਕਦੀ ਹੈ?

ਬਾਈਬਲ ਕਹਿੰਦੀ ਹੈ

 ਹਾਂਜੀ! “ਨਿਰਾਸ਼ ਲੋਕਾਂ ਨੂੰ ਦਿਲਾਸਾ ਦੇਣ ਵਾਲੇ ਪਰਮੇਸ਼ੁਰ” ਨੇ ਬਾਈਬਲ ਨੂੰ ਲਿਖਵਾਇਆ ਹੈ। (2 ਕੁਰਿੰਥੀਆਂ 7:6) ਭਾਵੇਂ ਬਾਈਬਲ ਮਾਨਸਿਕ ਸਿਹਤ ਬਾਰੇ ਕਿਤਾਬ ਨਹੀਂ ਹੈ, ਪਰ ਇਸ ਦੀ ਮਦਦ ਨਾਲ ਬਹੁਤ ਸਾਰੇ ਲੋਕਾਂ ਨੇ ਆਤਮ-ਹੱਤਿਆ ਕਰਨ ਦੇ ਖ਼ਿਆਲਾਂ ʼਤੇ ਕਾਬੂ ਪਾਇਆ ਹੈ। ਇਸ ਵਿਚ ਦਿੱਤੀ ਵਧੀਆ ਸਲਾਹ ਤੁਹਾਡੇ ਕੰਮ ਵੀ ਆ ਸਕਦੀ ਹੈ।

 ਬਾਈਬਲ ਵਿਚ ਕਿਹੜੀਆਂ ਫ਼ਾਇਦੇਮੰਦ ਸਲਾਹਾਂ ਦਿੱਤੀਆਂ ਗਈਆਂ ਹਨ?

  • ਆਪਣੀਆਂ ਭਾਵਨਾਵਾਂ ਜ਼ਾਹਰ ਕਰੋ।

     ਬਾਈਬਲ ਕਹਿੰਦੀ ਹੈ: “ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।”​—ਕਹਾਉਤਾਂ 17:17.

     ਮਤਲਬ: ਸਾਨੂੰ ਉਦੋਂ ਦੂਜਿਆਂ ਦੇ ਸਹਾਰੇ ਦੀ ਬਹੁਤ ਲੋੜ ਹੁੰਦੀ ਹੈ ਜਦੋਂ ਸਾਡੇ ਮਨ ਵਿਚ ਨਿਰਾਸ਼ ਕਰਨ ਵਾਲੇ ਖ਼ਿਆਲ ਆਉਂਦੇ ਹਨ।

     ਜੇ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਆਪਣੇ ਅੰਦਰ ਦਬਾਈ ਰੱਖਦੇ ਹੋ, ਤਾਂ ਇਹ ਤੁਹਾਡੇ ਲਈ ਬੋਝ ਬਣ ਜਾਣਗੀਆਂ ਜਿਸ ਨੂੰ ਚੁੱਕਣਾ ਤੁਹਾਡੇ ਲਈ ਔਖਾ ਹੋ ਜਾਵੇਗਾ। ਪਰ ਜੇ ਤੁਸੀਂ ਆਪਣੀਆਂ ਭਾਵਨਾਵਾਂ ਦੂਜਿਆਂ ਨੂੰ ਦੱਸਦੇ ਹੋ, ਤਾਂ ਤੁਹਾਡਾ ਬੋਝ ਹਲਕਾ ਹੋਵੇਗਾ ਅਤੇ ਤੁਸੀਂ ਆਪਣੇ ਹਾਲਾਤਾਂ ਨੂੰ ਵੱਖਰੇ ਨਜ਼ਰੀਏ ਤੋਂ ਦੇਖ ਸਕੋਗੇ।

     ਇੱਦਾਂ ਕਰ ਕੇ ਦੇਖੋ: ਅੱਜ ਹੀ ਆਪਣੇ ਕਿਸੇ ਪਰਿਵਾਰ ਦੇ ਮੈਂਬਰ ਜਾਂ ਭਰੋਸੇਮੰਦ ਦੋਸਤ ਨਾਲ ਗੱਲ ਕਰੋ। a ਤੁਸੀਂ ਆਪਣੀਆਂ ਭਾਵਨਾਵਾਂ ਕਾਗਜ਼ ʼਤੇ ਲਿਖ ਕੇ ਵੀ ਬਿਆਨ ਕਰ ਸਕਦੇ ਹੋ।

  • ਡਾਕਟਰ ਕੋਲ ਜਾਓ।

     ਬਾਈਬਲ ਕਹਿੰਦੀ ਹੈ: “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ।”​—ਮੱਤੀ 9:12.

     ਮਤਲਬ: ਜਦੋਂ ਅਸੀਂ ਬੀਮਾਰ ਹੁੰਦੇ ਹਾਂ, ਤਾਂ ਸਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ।

     ਹੋ ਸਕਦਾ ਹੈ ਕਿ ਖ਼ੁਦਕੁਸ਼ੀ ਦੇ ਖ਼ਿਆਲ ਕਿਸੇ ਜਜ਼ਬਾਤੀ ਜਾਂ ਮਾਨਸਿਕ ਬੀਮਾਰੀ ਦੇ ਲੱਛਣ ਹੋਣ। ਜਿਸ ਤਰ੍ਹਾਂ ਅਸੀਂ ਕਿਸੇ ਹੋਰ ਬੀਮਾਰੀ ਕਰਕੇ ਸ਼ਰਮਿੰਦਾ ਨਹੀਂ ਹੁੰਦੇ, ਉਸੇ ਤਰ੍ਹਾਂ ਸਾਨੂੰ ਇਸ ਬੀਮਾਰੀ ਕਰਕੇ ਵੀ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ। ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।

     ਇੱਦਾਂ ਕਰ ਕੇ ਦੇਖੋ: ਜਿੰਨਾ ਜਲਦੀ ਹੋ ਸਕੇ ਕਿਸੇ ਮਾਹਰ ਡਾਕਟਰ ਕੋਲ ਜਾਓ।

  • ਯਾਦ ਰੱਖੋ ਕਿ ਰੱਬ ਤੁਹਾਡੀ ਪਰਵਾਹ ਕਰਦਾ ਹੈ।

     ਬਾਈਬਲ ਕਹਿੰਦੀ ਹੈ: “ਕੀ ਦੋ ਪੈਸਿਆਂ ਦੀਆਂ ਪੰਜ ਚਿੜੀਆਂ ਨਹੀਂ ਵਿਕਦੀਆਂ? ਪਰ ਪਰਮੇਸ਼ੁਰ ਇਨ੍ਹਾਂ ਵਿੱਚੋਂ ਇਕ ਨੂੰ ਵੀ ਨਹੀਂ ਭੁੱਲਦਾ। . . . ਇਸ ਲਈ ਡਰੋ ਨਾ; ਤੁਸੀਂ ਇਨ੍ਹਾਂ ਸਾਰੀਆਂ ਚਿੜੀਆਂ ਨਾਲੋਂ ਕਿਤੇ ਜ਼ਿਆਦਾ ਅਨਮੋਲ ਹੋ।”​—ਲੂਕਾ 12:6, 7.

     ਮਤਲਬ: ਤੁਸੀਂ ਰੱਬ ਦੀਆਂ ਨਜ਼ਰਾਂ ਵਿਚ ਅਨਮੋਲ ਹੋ।

     ਸ਼ਾਇਦ ਤੁਹਾਨੂੰ ਲੱਗੇ ਕਿ ਕਿਸੇ ਨੂੰ ਤੁਹਾਡਾ ਫ਼ਿਕਰ ਨਹੀਂ, ਪਰ ਰੱਬ ਨੂੰ ਹੈ। ਉਹ ਜਾਣਦਾ ਹੈ ਕਿ ਤੁਹਾਡੇ ʼਤੇ ਕੀ ਬੀਤ ਰਹੀ ਹੈ। ਭਾਵੇਂ ਤੁਸੀਂ ਜੀਉਣਾ ਨਾ ਚਾਹੋ, ਪਰ ਰੱਬ ਤੁਹਾਡੀ ਪਰਵਾਹ ਕਰਦਾ ਹੈ। ਜ਼ਬੂਰ 51:17 ਵਿਚ ਲਿਖਿਆ ਹੈ: “ਹੇ ਪਰਮੇਸ਼ੁਰ, ਤੂੰ ਟੁੱਟੇ ਅਤੇ ਦੁਖੀ ਦਿਲ ਨੂੰ ਨਹੀਂ ਠੁਕਰਾਏਂਗਾ।” ਰੱਬ ਚਾਹੁੰਦਾ ਹੈ ਕਿ ਤੁਸੀਂ ਜੀਓ ਕਿਉਂਕਿ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ।

     ਇੱਦਾਂ ਕਰ ਕੇ ਦੇਖੋ: ਬਾਈਬਲ ਵਿੱਚੋਂ ਸਬੂਤਾਂ ਦੀ ਜਾਂਚ ਕਰ ਕੇ ਦੇਖੋ ਕਿ ਰੱਬ ਤੁਹਾਨੂੰ ਪਿਆਰ ਕਰਦਾ ਹੈ। ਮਿਸਾਲ ਲਈ, ਯਹੋਵਾਹ ਦੇ ਨੇੜੇ ਰਹੋ ਕਿਤਾਬ ਦਾ ਅਧਿਆਇ 24 ਦੇਖੋ।

  • ਰੱਬ ਨੂੰ ਪ੍ਰਾਰਥਨਾ ਕਰੋ।

     ਬਾਈਬਲ ਕਹਿੰਦੀ ਹੈ: “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ [ਪਰਮੇਸ਼ੁਰ] ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”​—1 ਪਤਰਸ 5:7.

     ਮਤਲਬ: ਰੱਬ ਚਾਹੁੰਦਾ ਹੈ ਕਿ ਅਸੀਂ ਉਸ ਨੂੰ ਆਪਣੀਆਂ ਪਰੇਸ਼ਾਨੀਆਂ ਦੱਸ ਕੇ ਆਪਣੇ ਦਿਲ ਦਾ ਬੋਝ ਹਲਕਾ ਕਰੀਏ।

     ਰੱਬ ਸਾਨੂੰ ਮਨ ਦੀ ਸ਼ਾਂਤੀ ਅਤੇ ਮੁਸ਼ਕਲਾਂ ਸਹਿਣ ਦੀ ਤਾਕਤ ਦੇ ਸਕਦਾ ਹੈ। (ਫ਼ਿਲਿੱਪੀਆਂ 4:6, 7, 13) ਇਸ ਤਰ੍ਹਾਂ ਰੱਬ ਉਨ੍ਹਾਂ ਲੋਕਾਂ ਨੂੰ ਸੰਭਾਲਦਾ ਹੈ ਜੋ ਮਦਦ ਲਈ ਉਸ ਨੂੰ ਪ੍ਰਾਰਥਨਾ ਕਰਦੇ ਹਨ।​—ਜ਼ਬੂਰ 55:22.

     ਇੱਦਾਂ ਕਰ ਕੇ ਦੇਖੋ: ਅੱਜ ਹੀ ਰੱਬ ਨੂੰ ਪ੍ਰਾਰਥਨਾ ਕਰੋ। ਪ੍ਰਾਰਥਨਾ ਵਿਚ ਉਸ ਦਾ ਨਾਂ ਯਹੋਵਾਹ ਵਰਤੋ ਅਤੇ ਖੁੱਲ੍ਹ ਕੇ ਉਸ ਨੂੰ ਦੱਸੋ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ। (ਜ਼ਬੂਰ 83:18) ਉਸ ਤੋਂ ਮਦਦ ਮੰਗੋ ਤਾਂਕਿ ਤੁਸੀਂ ਹਿੰਮਤ ਨਾ ਹਾਰੋ।

  • ਬਾਈਬਲ ਵਿਚ ਸ਼ਾਨਦਾਰ ਭਵਿੱਖ ਬਾਰੇ ਦਿੱਤੀ ਉਮੀਦ ʼਤੇ ਸੋਚ-ਵਿਚਾਰ ਕਰੋ।

     ਬਾਈਬਲ ਕਹਿੰਦੀ ਹੈ: “ਇਹ ਉਮੀਦ ਸਾਡੀਆਂ ਜ਼ਿੰਦਗੀਆਂ ਲਈ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਪੱਕੀ ਅਤੇ ਮਜ਼ਬੂਤ ਹੈ।”​—ਇਬਰਾਨੀਆਂ 6:19.

     ਮਤਲਬ: ਸ਼ਾਇਦ ਤੁਹਾਡੇ ਜਜ਼ਬਾਤ ਸਮੁੰਦਰੀ ਤੂਫ਼ਾਨ ਵਿਚ ਘਿਰੇ ਇਕ ਜਹਾਜ਼ ਵਾਂਗ ਹੋਣ ਜਿਹੜਾ ਡਿੱਕੋ-ਡੋਲੇ ਖਾ ਰਿਹਾ ਹੋਵੇ। ਪਰ ਬਾਈਬਲ ਵਿਚ ਦਿੱਤੀ ਗਈ ਉਮੀਦ ਮਜ਼ਬੂਤੀ ਨਾਲ ਡਟੇ ਰਹਿਣ ਵਿਚ ਤੁਹਾਡੀ ਮਦਦ ਕਰੇਗੀ।

     ਇਹ ਉਮੀਦ ਕੋਈ ਸੁਪਨਾ ਨਹੀਂ ਹੈ, ਸਗੋਂ ਇਹ ਪਰਮੇਸ਼ੁਰ ਦੇ ਇਸ ਵਾਅਦੇ ʼਤੇ ਆਧਾਰਿਤ ਹੈ ਕਿ ਉਹ ਸਾਡੇ ਦੁੱਖਾਂ ਦੇ ਸਾਰੇ ਕਾਰਨਾਂ ਨੂੰ ਮਿਟਾ ਦੇਵੇਗਾ।​—ਪ੍ਰਕਾਸ਼ ਦੀ ਕਿਤਾਬ 21:4.

     ਇੱਦਾਂ ਕਰ ਕੇ ਦੇਖੋ: ਇਸ ਉਮੀਦ ਬਾਰੇ ਹੋਰ ਜਾਣਨ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦਾ ਪਾਠ 2 ਦੇਖੋ।

  • ਆਪਣੀ ਪਸੰਦ ਦਾ ਕੋਈ ਕੰਮ ਕਰੋ।

     ਬਾਈਬਲ ਕਹਿੰਦੀ ਹੈ: “ਖ਼ੁਸ਼-ਦਿਲੀ ਇਕ ਚੰਗੀ ਦਵਾਈ ਹੈ।”​—ਕਹਾਉਤਾਂ 17:22.

     ਮਤਲਬ: ਜਦੋਂ ਅਸੀਂ ਅਜਿਹੇ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲਦੀ ਹੈ, ਤਾਂ ਇਸ ਦਾ ਸਾਡੇ ਮਨ ਅਤੇ ਜਜ਼ਬਾਤਾਂ ʼਤੇ ਚੰਗਾ ਅਸਰ ਪੈ ਸਕਦਾ ਹੈ।

     ਇੱਦਾਂ ਕਰ ਕੇ ਦੇਖੋ: ਕੋਈ ਅਜਿਹਾ ਕੰਮ ਕਰੋ ਜਿਸ ਨੂੰ ਕਰਨ ਵਿਚ ਤੁਹਾਨੂੰ ਮਜ਼ਾ ਆਉਂਦਾ ਹੈ। ਮਿਸਾਲ ਲਈ, ਅਜਿਹਾ ਸੰਗੀਤ ਸੁਣੋ ਜਿਸ ਨਾਲ ਤੁਹਾਡਾ ਮੂਡ ਠੀਕ ਹੋ ਜਾਵੇ, ਹੌਸਲਾ ਵਧਾਉਣ ਵਾਲੀਆਂ ਗੱਲਾਂ ਪੜ੍ਹੋ ਜਾਂ ਕੋਈ ਨਵਾਂ ਸ਼ੌਕ ਪਾਲ਼ੋ। ਦੂਜਿਆਂ ਦੀ ਮਦਦ ਕਰਨ ਲਈ ਕੁਝ ਕਰੋ, ਚਾਹੇ ਇਹ ਕੋਈ ਛੋਟੀ-ਮੋਟੀ ਮਦਦ ਹੀ ਕਿਉਂ ਨਾ ਹੋਵੇ। ਇੱਦਾਂ ਕਰਨ ਨਾਲ ਤੁਹਾਨੂੰ ਹੋਰ ਖ਼ੁਸ਼ੀ ਮਿਲੇਗੀ।​—ਰਸੂਲਾਂ ਦੇ ਕੰਮ 20:35.

  • ਆਪਣੀ ਸਿਹਤ ਦਾ ਖ਼ਿਆਲ ਰੱਖੋ।

     ਬਾਈਬਲ ਕਹਿੰਦੀ ਹੈ: ‘ਸਰੀਰਕ ਅਭਿਆਸ ਦਾ ਫ਼ਾਇਦਾ ਹੁੰਦਾ ਹੈ।’​—1 ਤਿਮੋਥਿਉਸ 4:8.

     ਮਤਲਬ: ਕਸਰਤ ਕਰਨ, ਚੰਗੀ ਨੀਂਦ ਲੈਣ ਅਤੇ ਵਧੀਆ ਖਾਣ-ਪੀਣ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ।

     ਇੱਦਾਂ ਕਰ ਕੇ ਦੇਖੋ: ਘੱਟੋ-ਘੱਟ 15 ਮਿੰਟਾਂ ਲਈ ਸੈਰ ਕਰਨ ਜਾਓ ਅਤੇ ਸੈਰ ਕਰਦਿਆਂ ਤੇਜ਼-ਤੇਜ਼ ਤੁਰੋ।

  • ਯਾਦ ਰੱਖੋ ਕਿ ਵਕਤ ਦੇ ਨਾਲ ਹਾਲਾਤ ਅਤੇ ਜਜ਼ਬਾਤ ਬਦਲ ਜਾਂਦੇ ਹਨ।

     ਬਾਈਬਲ ਕਹਿੰਦੀ ਹੈ: “ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਨੂੰ ਤੁਹਾਡੇ ਨਾਲ ਕੀ ਹੋਵੇਗਾ।”​—ਯਾਕੂਬ 4:14.

     ਮਤਲਬ: ਸਾਡੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਸ਼ਾਇਦ ਥੋੜ੍ਹਾ ਸਮਾਂ ਹੀ ਰਹੇ ਜਿਸ ਬਾਰੇ ਸਾਨੂੰ ਲੱਗਦਾ ਸੀ ਕਿ ਇਹ ਕਦੇ ਹੱਲ ਨਹੀਂ ਹੋ ਸਕਦੀ।

     ਭਾਵੇਂ ਤੁਸੀਂ ਆਪਣੇ ਹਾਲਾਤਾਂ ਕਰਕੇ ਹਨੇਰੇ ਨਾਲ ਘਿਰੇ ਮਹਿਸੂਸ ਕਰੋ, ਪਰ ਤੁਹਾਡੀ ਜ਼ਿੰਦਗੀ ਵਿਚ ਰੌਸ਼ਨੀ ਆ ਸਕਦੀ ਹੈ। ਇਸ ਲਈ ਆਪਣੇ ਹਾਲਾਤਾਂ ਨਾਲ ਸਿੱਝਣ ਦੇ ਤਰੀਕੇ ਲੱਭੋ। (2 ਕੁਰਿੰਥੀਆਂ 4:8) ਸਮੇਂ ਦੇ ਬੀਤਣ ਨਾਲ ਤੁਹਾਡੀ ਮੁਸ਼ਕਲ ਹੱਲ ਹੋ ਜਾਵੇਗੀ, ਪਰ ਜੇ ਤੁਸੀਂ ਇਕ ਵਾਰ ਆਤਮ-ਹੱਤਿਆ ਕਰ ਕੇ ਆਪਣੀ ਜਾਨ ਗੁਆ ਲਈ, ਤਾਂ ਉਹ ਵਾਪਸ ਨਹੀਂ ਆ ਸਕਦੀ।

     ਇੱਦਾਂ ਕਰ ਕੇ ਦੇਖੋ: ਬਾਈਬਲ ਵਿੱਚੋਂ ਉਨ੍ਹਾਂ ਕੁਝ ਲੋਕਾਂ ਬਾਰੇ ਪੜ੍ਹੋ ਜਿਹੜੇ ਆਪਣੇ ਹਾਲਾਤਾਂ ਕਰਕੇ ਇੰਨੇ ਨਿਰਾਸ਼ ਹੋ ਗਏ ਸਨ ਕਿ ਉਹ ਮਰਨਾ ਚਾਹੁੰਦੇ ਸਨ। ਨਾਲੇ ਇਹ ਵੀ ਗੌਰ ਕਰੋ ਕਿ ਸਮੇਂ ਦੇ ਬੀਤਣ ਨਾਲ ਉਨ੍ਹਾਂ ਦੇ ਹਾਲਾਤ ਕਿਵੇਂ ਬਿਹਤਰ ਹੋ ਗਏ। ਉਨ੍ਹਾਂ ਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੇ ਹਾਲਾਤ ਬਦਲ ਜਾਣਗੇ। ਆਓ ਕੁਝ ਮਿਸਾਲਾਂ ʼਤੇ ਗੌਰ ਕਰੀਏ।

 ਕੀ ਬਾਈਬਲ ਸਾਨੂੰ ਉਨ੍ਹਾਂ ਲੋਕਾਂ ਬਾਰੇ ਦੱਸਦੀ ਹੈ ਜੋ ਮਰਨਾ ਚਾਹੁੰਦੇ ਸਨ?

 ਹਾਂਜੀ। ਬਾਈਬਲ ਵਿਚ ਕੁਝ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਕਿਹਾ, “ਮੈਂ ਮਰਨਾ ਚਾਹੁੰਦਾ ਹਾਂ।” ਰੱਬ ਨੇ ਉਨ੍ਹਾਂ ਨੂੰ ਝਿੜਕਿਆ ਨਹੀਂ, ਸਗੋਂ ਉਨ੍ਹਾਂ ਦੀ ਮਦਦ ਕੀਤੀ। ਰੱਬ ਤੁਹਾਡੀ ਵੀ ਮਦਦ ਕਰ ਸਕਦਾ ਹੈ।

ਏਲੀਯਾਹ

  •  ਉਹ ਕੌਣ ਸੀ? ਏਲੀਯਾਹ ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦਾ ਦਲੇਰ ਸੇਵਕ ਸੀ। ਪਰ ਉਹ ਵੀ ਕਦੇ-ਕਦੇ ਨਿਰਾਸ਼ ਹੋ ਜਾਂਦਾ ਸੀ। ਯਾਕੂਬ 5:17 ਵਿਚ ਲਿਖਿਆ ਹੈ: “ਏਲੀਯਾਹ ਨਬੀ ਵੀ ਸਾਡੇ ਵਰਗੀਆਂ ਭਾਵਨਾਵਾਂ ਵਾਲਾ ਇਨਸਾਨ ਸੀ।”

  •  ਉਹ ਕਿਉਂ ਮਰਨਾ ਚਾਹੁੰਦਾ ਸੀ? ਇਕ ਸਮੇਂ ਤੇ ਏਲੀਯਾਹ ਬਹੁਤ ਡਰ ਗਿਆ ਅਤੇ ਇਕੱਲਾ ਮਹਿਸੂਸ ਕਰਨ ਲੱਗਾ। ਉਸ ਨੂੰ ਲੱਗ ਰਿਹਾ ਸੀ ਕਿ ਉਹ ਕਿਸੇ ਕੰਮ ਦਾ ਨਹੀਂ ਹੈ। ਇਸ ਲਈ ਉਸ ਨੇ ਰੱਬ ਨੂੰ ਬੇਨਤੀ ਕੀਤੀ: “ਹੇ ਯਹੋਵਾਹ, ਹੁਣ ਮੇਰੀ ਜਾਨ ਕੱਢ ਲੈ।”​—1 ਰਾਜਿਆਂ 19:4.

  •  ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਏਲੀਯਾਹ ਨੇ ਦਿਲ ਖੋਲ੍ਹ ਕੇ ਰੱਬ ਨੂੰ ਆਪਣੀਆਂ ਭਾਵਨਾਵਾਂ ਦੱਸੀਆਂ। ਰੱਬ ਨੇ ਉਸ ਨੂੰ ਹੌਸਲਾ ਕਿਵੇਂ ਦਿੱਤਾ? ਰੱਬ ਨੇ ਦੱਸਿਆ ਕਿ ਉਹ ਉਸ ਦੀ ਕਿੰਨੀ ਪਰਵਾਹ ਕਰਦਾ ਹੈ ਅਤੇ ਉਸ ਨੂੰ ਆਪਣੀ ਤਾਕਤ ਦਿਖਾਈ। ਉਸ ਨੇ ਏਲੀਯਾਹ ਨੂੰ ਇਹ ਯਕੀਨ ਵੀ ਦਿਵਾਇਆ ਕਿ ਉਸ ਨੂੰ ਉਸ ਦੀ ਬਹੁਤ ਲੋੜ ਹੈ ਅਤੇ ਉਸ ਨੂੰ ਇਕ ਪਰਵਾਹ ਕਰਨ ਵਾਲਾ ਤੇ ਭਰੋਸੇਮੰਦ ਦੋਸਤ ਵੀ ਦਿੱਤਾ।

  •  ਏਲੀਯਾਹ ਬਾਰੇ ਪੜ੍ਹੋ: 1 ਰਾਜਿਆਂ 19:2-18.

ਅੱਯੂਬ

  •  ਉਹ ਕੌਣ ਸੀ? ਅੱਯੂਬ ਬਹੁਤ ਅਮੀਰ ਸੀ ਅਤੇ ਉਸ ਦਾ ਵੱਡਾ ਪਰਿਵਾਰ ਸੀ ਤੇ ਉਹ ਵਫ਼ਾਦਾਰੀ ਨਾਲ ਸੱਚੇ ਪਰਮੇਸ਼ੁਰ ਦੀ ਭਗਤੀ ਕਰਦਾ ਸੀ।

  •  ਉਹ ਕਿਉਂ ਮਰਨਾ ਚਾਹੁੰਦਾ ਸੀ? ਅੱਯੂਬ ਦੀ ਜ਼ਿੰਦਗੀ ਵਿਚ ਅਚਾਨਕ ਇਕ ਤੋਂ ਬਾਅਦ ਇਕ ਮੁਸੀਬਤਾਂ ਆਈਆਂ। ਉਸ ਦੀ ਸਾਰੀ ਧਨ-ਦੌਲਤ ਲੁੱਟ ਲਈ ਗਈ। ਉਸ ਦੇ ਸਾਰੇ ਬੱਚੇ ਇਕ ਆਫ਼ਤ ਵਿਚ ਮਾਰੇ ਗਏ। ਉਸ ਨੂੰ ਇਕ ਦਰਦਨਾਕ ਬੀਮਾਰੀ ਲੱਗ ਗਈ। ਅਖ਼ੀਰ ਵਿਚ ਉਸ ਦੇ ਦੋਸਤਾਂ ਨੇ ਉਸ ʼਤੇ ਦੋਸ਼ ਲਾਏ ਕਿ ਉਹ ਆਪਣੇ ʼਤੇ ਆਈਆਂ ਮੁਸੀਬਤਾਂ ਦਾ ਜ਼ਿੰਮੇਵਾਰ ਆਪ ਹੈ। ਇਸ ਲਈ ਅੱਯੂਬ ਨੇ ਕਿਹਾ: “ਮੈਨੂੰ ਆਪਣੀ ਜ਼ਿੰਦਗੀ ਤੋਂ ਘਿਣ ਹੈ; ਮੈਂ ਹੋਰ ਜੀਉਣਾ ਨਹੀਂ ਚਾਹੁੰਦਾ।”​—ਅੱਯੂਬ 7:16.

  •  ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਅੱਯੂਬ ਨੇ ਰੱਬ ਨੂੰ ਪ੍ਰਾਰਥਨਾ ਕੀਤੀ ਅਤੇ ਦੂਜਿਆਂ ਨੂੰ ਦੱਸਿਆ ਕਿ ਉਹ ਕਿਵੇਂ ਮਹਿਸੂਸ ਕਰ ਰਿਹਾ ਸੀ। (ਅੱਯੂਬ 10:1-3) ਉਸ ਦੇ ਇਕ ਹਮਦਰਦ ਦੋਸਤ ਅਲੀਹੂ ਨੇ ਉਸ ਦਾ ਹੌਸਲਾ ਵਧਾਇਆ ਅਤੇ ਉਸ ਦੀ ਮਦਦ ਕੀਤੀ ਤਾਂਕਿ ਉਹ ਆਪਣੇ ਹਾਲਾਤ ਨੂੰ ਇਕ ਵੱਖਰੇ ਨਜ਼ਰੀਏ ਤੋਂ ਦੇਖ ਸਕੇ। ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਅੱਯੂਬ ਨੇ ਰੱਬ ਦੀ ਸਲਾਹ ਅਤੇ ਮਦਦ ਸਵੀਕਾਰ ਕੀਤੀ।

  •  ਅੱਯੂਬ ਬਾਰੇ ਪੜ੍ਹੋ: ਅੱਯੂਬ 1:1-3, 13-22; 2:7; 3:1-13; 36:1-7; 38:1-3; 42:1, 2, 10-13.

ਮੂਸਾ

  •  ਉਹ ਕੌਣ ਸੀ? ਮੂਸਾ ਪੁਰਾਣੇ ਜ਼ਮਾਨੇ ਵਿਚ ਇਜ਼ਰਾਈਲੀਆਂ ਦਾ ਆਗੂ ਅਤੇ ਪਰਮੇਸ਼ੁਰ ਦਾ ਵਫ਼ਾਦਾਰ ਸੇਵਕ ਸੀ।

  •  ਉਹ ਕਿਉਂ ਮਰਨਾ ਚਾਹੁੰਦਾ ਸੀ? ਮੂਸਾ ਕੋਲ ਬਹੁਤ ਸਾਰਾ ਕੰਮ ਸੀ ਅਤੇ ਲੋਕ ਹਮੇਸ਼ਾ ਉਸ ਦੀ ਨੁਕਤਾਚੀਨੀ ਕਰਦੇ ਰਹਿੰਦੇ ਸਨ ਜਿਸ ਕਰਕੇ ਉਹ ਬਹੁਤ ਤੰਗ ਆ ਗਿਆ ਸੀ। ਇਸ ਲਈ ਉਸ ਨੇ ਰੱਬ ਅੱਗੇ ਤਰਲੇ ਕੀਤੇ: “ਕਿਰਪਾ ਕਰ ਕੇ ਹੁਣੇ ਮੇਰੀ ਜਾਨ ਕੱਢ ਦੇ।”​—ਗਿਣਤੀ 11:11, 15.

  •  ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ? ਮੂਸਾ ਨੇ ਦਿਲ ਖੋਲ੍ਹ ਕੇ ਰੱਬ ਨੂੰ ਆਪਣੀਆਂ ਭਾਵਨਾਵਾਂ ਦੱਸੀਆਂ। ਰੱਬ ਨੇ ਮੂਸਾ ਦਾ ਬੋਝ ਹਲਕਾ ਕੀਤਾ ਤਾਂਕਿ ਉਸ ਦੀ ਚਿੰਤਾ ਘੱਟ ਸਕੇ।

  •  ਮੂਸਾ ਬਾਰੇ ਪੜ੍ਹੋ: ਗਿਣਤੀ 11:4-6, 10-17.

a ਜੇ ਖ਼ੁਦਕੁਸ਼ੀ ਦੇ ਖ਼ਿਆਲ ਤੁਹਾਡੇ ʼਤੇ ਹਾਵੀ ਹੋ ਰਹੇ ਹਨ ਅਤੇ ਕੋਈ ਭਰੋਸੇਮੰਦ ਦੋਸਤ-ਰਿਸ਼ਤੇਦਾਰ ਤੁਹਾਡੇ ਕੋਲ ਨਹੀਂ ਹੈ, ਤਾਂ ਆਪਣੇ ਇਲਾਕੇ ਵਿਚ ਹੈਲਪਲਾਈਨ ਜਾਂ ਐਮਰਜੈਂਸੀ ਨੰਬਰ ʼਤੇ ਕਾਲ ਕਰੋ।