Skip to content

ਆਰਮਾਗੇਡਨ ਦੀ ਲੜਾਈ ਕੀ ਹੈ?

ਆਰਮਾਗੇਡਨ ਦੀ ਲੜਾਈ ਕੀ ਹੈ?

ਬਾਈਬਲ ਕਹਿੰਦੀ ਹੈ

 ਆਰਮਾਗੇਡਨ ਦੀ ਲੜਾਈ ਇਨਸਾਨੀ ਸਰਕਾਰਾਂ ਅਤੇ ਪਰਮੇਸ਼ੁਰ ਦੇ ਵਿਚਕਾਰ ਹੋਣ ਵਾਲਾ ਆਖ਼ਰੀ ਯੁੱਧ ਹੈ। ਹੁਣ ਵੀ ਇਹ ਸਰਕਾਰਾਂ ਅਤੇ ਇਨ੍ਹਾਂ ਦੇ ਸਮਰਥਕ ਪਰਮੇਸ਼ੁਰ ਦੀ ਹਕੂਮਤ ਅਧੀਨ ਨਾ ਰਹਿ ਕੇ ਉਸ ਦਾ ਵਿਰੋਧ ਕਰ ਰਹੇ ਹਨ। (ਜ਼ਬੂਰ 2:2) ਆਰਮਾਗੇਡਨ ਦੀ ਲੜਾਈ ਵਿਚ ਇਨਸਾਨੀ ਸਰਕਾਰਾਂ ਦਾ ਨਾਸ਼ ਕਰ ਦਿੱਤਾ ਜਾਵੇਗਾ।​—ਦਾਨੀਏਲ 2:44.

 “ਆਰਮਾਗੇਡਨ” ਸ਼ਬਦ ਪੂਰੀ ਬਾਈਬਲ ਵਿਚ ਸਿਰਫ਼ ਇਕ ਵਾਰ ਪ੍ਰਕਾਸ਼ ਦੀ ਕਿਤਾਬ 16:16 ਵਿਚ ਆਉਂਦਾ ਹੈ। ਪ੍ਰਕਾਸ਼ ਦੀ ਕਿਤਾਬ ਦੀ ਇਹ ਭਵਿੱਖਬਾਣੀ ਦਿਖਾਉਂਦੀ ਹੈ ਕਿ ‘ਜਿਸ ਜਗ੍ਹਾ ਨੂੰ ਇਬਰਾਨੀ ਭਾਸ਼ਾ ਵਿਚ ਆਰਮਾਗੇਡਨ ਕਿਹਾ ਜਾਂਦਾ ਹੈ,’ ਉੱਥੇ ‘ਸਾਰੀ ਧਰਤੀ ਦੇ ਰਾਜਿਆਂ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਹੋਣ ਵਾਲੇ ਯੁੱਧ ਲਈ ਇਕੱਠਾ’ ਕੀਤਾ ਜਾਵੇਗਾ।​—ਪ੍ਰਕਾਸ਼ ਦੀ ਕਿਤਾਬ 16:14.

 ਆਰਮਾਗੇਡਨ ਦੀ ਲੜਾਈ ਵਿਚ ਕੌਣ ਲੜੇਗਾ? ਯਿਸੂ ਮਸੀਹ ਸਵਰਗੀ ਫ਼ੌਜਾਂ ਦੀ ਅਗਵਾਈ ਕਰੇਗਾ ਤੇ ਪਰਮੇਸ਼ੁਰ ਦੇ ਦੁਸ਼ਮਣਾਂ ਉੱਤੇ ਜਿੱਤ ਹਾਸਲ ਕਰੇਗਾ। (ਪ੍ਰਕਾਸ਼ ਦੀ ਕਿਤਾਬ 19:11-16, 19-21) ਇਨ੍ਹਾਂ ਦੁਸ਼ਮਣਾਂ ਵਿਚ ਉਹ ਲੋਕ ਸ਼ਾਮਲ ਹਨ ਜੋ ਪਰਮੇਸ਼ੁਰ ਦੇ ਅਧਿਕਾਰ ਨੂੰ ਨਹੀਂ ਮੰਨਦੇ ਅਤੇ ਉਸ ਨਾਲ ਘਿਰਣਾ ਕਰਦੇ ਹਨ।​—ਹਿਜ਼ਕੀਏਲ 39:7.

 ਕੀ ਆਰਮਾਗੇਡਨ ਦੀ ਲੜਾਈ ਮੱਧ-ਪੂਰਬੀ ਦੇਸ਼ਾਂ ਵਿਚ ਲੜੀ ਜਾਵੇਗੀ? ਨਹੀਂ। ਇਹ ਲੜਾਈ ਸਿਰਫ਼ ਇਕ ਜਗ੍ਹਾ ʼਤੇ ਨਹੀਂ, ਸਗੋਂ ਸਾਰੀ ਧਰਤੀ ਉੱਤੇ ਲੜੀ ਜਾਵੇਗੀ।​—ਯਿਰਮਿਯਾਹ 25:32-34; ਹਿਜ਼ਕੀਏਲ 39:17-20.

 ਕਦੇ-ਕਦੇ ਆਰਮਾਗੇਡਨ ਸ਼ਬਦ ਦਾ ਅਨੁਵਾਦ “ਹਰਮਗਿੱਦੋਨ” (ਇਬਰਾਨੀ ਵਿਚ ਹਰ ਮੇਗਿਡੋਨ) ਕੀਤਾ ਜਾਂਦਾ ਹੈ ਜਿਸ ਦਾ ਮਤਲਬ “ਮਗਿੱਦੋ ਪਹਾੜ।” ਮਗਿੱਦੋ ਪੁਰਾਣੇ ਇਜ਼ਰਾਈਲ ਦਾ ਇਕ ਸ਼ਹਿਰ ਸੀ। ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਪੁਰਾਣੇ ਸਮੇਂ ਵਿਚ ਮਗਿੱਦੋ ਦੇ ਇਲਾਕੇ ਵਿਚ ਕਈ ਲੜਾਈਆਂ ਲੜੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਕੁਝ ਲੜਾਈਆਂ ਦਾ ਜ਼ਿਕਰ ਬਾਈਬਲ ਵਿਚ ਵੀ ਕੀਤਾ ਗਿਆ ਹੈ। (ਨਿਆਈਆਂ 5:19, 20; 2 ਰਾਜਿਆਂ 9:27; 23:29) ਪਰ ਆਰਮਾਗੇਡਨ ਪੁਰਾਣੇ ਮਗਿੱਦੋ ਸ਼ਹਿਰ ਦੇ ਨੇੜੇ ਕਿਸੇ ਅਸਲੀ ਜਗ੍ਹਾ ਨੂੰ ਨਹੀਂ ਦਰਸਾ ਸਕਦਾ ਕਿਉਂਕਿ ਉੱਥੇ ਕੋਈ ਵੱਡਾ ਪਹਾੜ ਨਹੀਂ ਹੈ। ਇਸ ਤੋਂ ਇਲਾਵਾ, ਮਗਿੱਦੋ ਦੇ ਨੇੜੇ ਯਿਜ਼ਰਾਏਲ ਘਾਟੀ ਇੰਨੀ ਵੱਡੀ ਨਹੀਂ ਹੈ ਕਿ ਉੱਥੇ ਪਰਮੇਸ਼ੁਰ ਖ਼ਿਲਾਫ਼ ਲੜਨ ਵਾਲੇ ਸਾਰੇ ਲੋਕ ਇਕੱਠੇ ਹੋ ਸਕਣ। ਇਸ ਦੀ ਬਜਾਇ, ਆਰਮਾਗੇਡਨ ਉਸ ਹਾਲਾਤ ਨੂੰ ਦਰਸਾਉਂਦਾ ਹੈ ਜਿਸ ਵਿਚ ਦੁਨੀਆਂ ਦੀਆਂ ਸਾਰੀਆਂ ਕੌਮਾਂ ਪਰਮੇਸ਼ੁਰ ਦੀ ਹਕੂਮਤ ਖ਼ਿਲਾਫ਼ ਇਕੱਠੀਆਂ ਹੋਣਗੀਆਂ।

 ਆਰਮਾਗੇਡਨ ਦੀ ਲੜਾਈ ਦੌਰਾਨ ਕਿਹੋ ਜਿਹੇ ਹਾਲਾਤ ਹੋਣਗੇ? ਅਸੀਂ ਨਹੀਂ ਜਾਣਦੇ ਕਿ ਪਰਮੇਸ਼ੁਰ ਆਪਣੀ ਤਾਕਤ ਦਾ ਕਿਵੇਂ ਇਸਤੇਮਾਲ ਕਰੇਗਾ, ਪਰ ਪੁਰਾਣੇ ਸਮੇਂ ਵਿਚ ਉਸ ਨੇ ਆਪਣੇ ਦੁਸ਼ਮਣਾਂ ਖ਼ਿਲਾਫ਼ ਗੜਿਆਂ, ਭੁਚਾਲ਼, ਮੋਹਲੇਧਾਰ ਮੀਂਹ, ਅੱਗ ਅਤੇ ਗੰਧਕ, ਬਿਜਲੀ ਅਤੇ ਮਹਾਂਮਾਰੀਆਂ ਨੂੰ ਇਸਤੇਮਾਲ ਕੀਤਾ ਸੀ। (ਅੱਯੂਬ 38:22, 23; ਹਿਜ਼ਕੀਏਲ 38:19, 22; ਹੱਬਕੂਕ 3:10, 11; ਜ਼ਕਰਯਾਹ 14:12) ਉਸ ਵੇਲੇ ਪਰਮੇਸ਼ੁਰ ਦੇ ਕੁਝ ਦੁਸ਼ਮਣਾਂ ਵਿਚ ਗੜਬੜੀ ਫੈਲ ਜਾਵੇਗੀ ਜਿਸ ਕਰਕੇ ਉਹ ਇਕ-ਦੂਜੇ ਨੂੰ ਮਾਰ ਸੁੱਟਣਗੇ। ਪਰ ਫਿਰ ਉਹ ਸਮਝ ਜਾਣਗੇ ਕਿ ਪਰਮੇਸ਼ੁਰ ਉਨ੍ਹਾਂ ਖ਼ਿਲਾਫ਼ ਲੜ ਰਿਹਾ ਹੈ।​—ਹਿਜ਼ਕੀਏਲ 38:21, 23; ਜ਼ਕਰਯਾਹ 14:13.

 ਕੀ ਆਰਮਾਗੇਡਨ ਵਿਚ ਦੁਨੀਆਂ ਤਬਾਹ ਹੋ ਜਾਵੇਗੀ? ਆਰਮਾਗੇਡਨ ਵਿਚ ਧਰਤੀ ਦਾ ਨਾਸ਼ ਨਹੀਂ ਹੋਵੇਗਾ ਕਿਉਂਕਿ ਪਰਮੇਸ਼ੁਰ ਨੇ ਇਸ ਨੂੰ ਇਨਸਾਨਾਂ ਵਾਸਤੇ ਹਮੇਸ਼ਾ ਰਹਿਣ ਲਈ ਬਣਾਇਆ ਹੈ। (ਜ਼ਬੂਰ 37:29; 96:10; ਉਪਦੇਸ਼ਕ ਦੀ ਕਿਤਾਬ 1:4) ਆਰਮਾਗੇਡਨ ਦੀ ਲੜਾਈ ਵਿਚ ਸਾਰੇ ਇਨਸਾਨਾਂ ਨੂੰ ਨਾਸ਼ ਨਹੀਂ ਕੀਤਾ ਜਾਵੇਗਾ ਕਿਉਂਕਿ ਪਰਮੇਸ਼ੁਰ ਦੇ ਬਚਨ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦੇ ਸੇਵਕਾਂ ਦੀ “ਇਕ ਵੱਡੀ ਭੀੜ” ਇਸ ਵਿੱਚੋਂ ਬਚ ਨਿਕਲੇਗੀ।​—ਪ੍ਰਕਾਸ਼ ਦੀ ਕਿਤਾਬ 7:9, 14; ਜ਼ਬੂਰ 37:34.

 ਬਾਈਬਲ ਵਿਚ ਸ਼ਬਦ “ਦੁਨੀਆਂ” ਕਦੇ-ਕਦੇ ਇਕ ਦੁਸ਼ਟ ਮਨੁੱਖੀ ਸਮਾਜ ਲਈ ਵਰਤਿਆ ਜਾਂਦਾ ਹੈ ਜੋ ਪਰਮੇਸ਼ੁਰ ਦੇ ਵਿਰੁੱਧ ਚੱਲਦਾ ਹੈ। (1 ਯੂਹੰਨਾ 2:15-17) ਇਸ ਅਰਥ ਵਿਚ ਆਰਮਾਗੇਡਨ ਵਿਚ “ਇਸ ਯੁਗ” ਜਾਂ ਦੁਸ਼ਟ ਮਨੁੱਖੀ ਸਮਾਜ ਦਾ ਅੰਤ ਹੋ ਜਾਵੇਗਾ।​—ਮੱਤੀ 24:3.

 ਆਰਮਾਗੇਡਨ ਦੀ ਲੜਾਈ ਕਦੋਂ ਹੋਵੇਗੀ? “ਮਹਾਂਕਸ਼ਟ” ਦੇ ਅਖ਼ੀਰ ਵਿਚ ਆਰਮਾਗੇਡਨ ਸ਼ੁਰੂ ਹੋਵੇਗਾ। “ਮਹਾਂਕਸ਼ਟ” ਬਾਰੇ ਗੱਲ ਕਰਦੇ ਸਮੇਂ ਯਿਸੂ ਨੇ ਕਿਹਾ ਸੀ: “ਉਸ ਦਿਨ ਜਾਂ ਉਸ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ।” (ਮੱਤੀ 24:21, 36) ਪਰ ਬਾਈਬਲ ਦੱਸਦੀ ਹੈ ਕਿ ਆਰਮਾਗੇਡਨ ਦੀ ਲੜਾਈ ਯਿਸੂ ਦੀ ਮੌਜੂਦਗੀ ਦੌਰਾਨ ਲੜੀ ਜਾਵੇਗੀ ਜੋ 1914 ਵਿਚ ਸ਼ੁਰੂ ਹੋਈ।​—ਮੱਤੀ 24:37-39.