Skip to content

ਪਾਪ ਕਰਨ ਦਾ ਕੀ ਮਤਲਬ ਹੈ?

ਪਾਪ ਕਰਨ ਦਾ ਕੀ ਮਤਲਬ ਹੈ?

ਬਾਈਬਲ ਕਹਿੰਦੀ ਹੈ

 ਕੋਈ ਵੀ ਕੰਮ, ਭਾਵਨਾ ਜਾਂ ਸੋਚ ਜੋ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਹੈ, ਉਸ ਨੂੰ ਪਾਪ ਕਿਹਾ ਜਾਂਦਾ ਹੈ। ਇਸ ਲਈ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਜੋ ਕੰਮ ਗ਼ਲਤ ਹੈ, ਉਹ ਕੰਮ ਕਰ ਕੇ ਉਸ ਦੇ ਕਾਨੂੰਨਾਂ ਨੂੰ ਤੋੜਨਾ ਪਾਪ ਹੈ। (1 ਯੂਹੰਨਾ 3:4; 5:17) ਬਾਈਬਲ ਵਿਚ ਸਹੀ ਕੰਮ ਨਾ ਕਰਨ ਨੂੰ ਵੀ ਪਾਪ ਕਿਹਾ ਗਿਆ ਹੈ।—ਯਾਕੂਬ 4:17.

 ਜਿਨ੍ਹਾਂ ਭਾਸ਼ਾਵਾਂ ਵਿਚ ਬਾਈਬਲ ਲਿਖੀ ਗਈ ਸੀ, ਉਨ੍ਹਾਂ ਵਿਚ ਪਾਪ ਲਈ ਵਰਤੇ ਗਏ ਸ਼ਬਦ ਦਾ ਮਤਲਬ ਹੈ, “ਨਿਸ਼ਾਨੇ ਤੋਂ ਖੁੰਝ ਜਾਣਾ।” ਮਿਸਾਲ ਲਈ, ਪੁਰਾਣੇ ਇਜ਼ਰਾਈਲ ਵਿਚ ਫ਼ੌਜੀ ਗੋਪੀਏ ਨਾਲ ਪੱਥਰ ਸੁੱਟਣ ਵਿਚ ਇੰਨੇ ਮਾਹਰ ਸਨ ਕਿ ਉਨ੍ਹਾਂ ਦਾ ‘ਨਿਸ਼ਾਨਾ ਕਦੇ ਖੁੰਝਦਾ ਨਹੀਂ’ ਸੀ। ਜੇ ਇਨ੍ਹਾਂ ਇਬਰਾਨੀ ਸ਼ਬਦਾਂ ਦਾ ਸ਼ਬਦ-ਬ-ਸ਼ਬਦ ਅਨੁਵਾਦ ਕੀਤਾ ਜਾਵੇ, ਤਾਂ ਇਸ ਦਾ ਮਤਲਬ ਹੋਵੇਗਾ ਕਿ ਉਹ “ਪਾਪ ਨਹੀਂ ਕਰਦੇ” ਸਨ। (ਨਿਆਈਆਂ 20:16) ਇਸ ਲਈ ਪਾਪ ਕਰਨ ਦਾ ਮਤਲਬ ਹੈ, ਪਰਮੇਸ਼ੁਰ ਦੇ ਧਰਮੀ ਮਿਆਰਾਂ ʼਤੇ ਚੱਲਣ ਤੋਂ ਖੁੰਝ ਜਾਣਾ।

 ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਰੱਬ ਕੋਲ ਇਨਸਾਨਾਂ ਲਈ ਮਿਆਰ ਬਣਾਉਣ ਦਾ ਹੱਕ ਹੈ ਕਿ ਉਨ੍ਹਾਂ ਲਈ ਕੀ ਸਹੀ ਹੈ ਅਤੇ ਕੀ ਗ਼ਲਤ। (ਪ੍ਰਕਾਸ਼ ਦੀ ਕਿਤਾਬ 4:11) ਇਸ ਲਈ ਅਸੀਂ ਉਸ ਨੂੰ ਆਪਣੇ ਕੰਮਾਂ ਦਾ ਲੇਖਾ ਦੇਣਾ ਹੈ।—ਰੋਮੀਆਂ 14:12.

ਕੀ ਇੱਦਾਂ ਹੋ ਸਕਦਾ ਹੈ ਕਿ ਅਸੀਂ ਬਿਲਕੁਲ ਵੀ ਪਾਪ ਨਾ ਕਰੀਏ?

 ਨਹੀਂ। ਬਾਈਬਲ ਕਹਿੰਦੀ ਹੈ: “ਸਾਰਿਆਂ ਨੇ ਪਾਪ ਕੀਤਾ ਹੈ ਅਤੇ ਸਾਰੇ ਪਰਮੇਸ਼ੁਰ ਦੇ ਸ਼ਾਨਦਾਰ ਗੁਣ ਜ਼ਾਹਰ ਕਰਨ ਵਿਚ ਨਾਕਾਮਯਾਬ ਹੋਏ ਹਨ।” (ਰੋਮੀਆਂ 3:23; 1 ਰਾਜਿਆਂ 8:46; ਉਪਦੇਸ਼ਕ ਦੀ ਕਿਤਾਬ 7:20; 1 ਯੂਹੰਨਾ 1:8) ਕਿਉਂ?

 ਜਦੋਂ ਪਹਿਲੇ ਇਨਸਾਨੀ ਜੋੜੇ ਆਦਮ ਅਤੇ ਹੱਵਾਹ ਨੂੰ ਬਣਾਇਆ ਗਿਆ ਸੀ, ਉਦੋਂ ਉਨ੍ਹਾਂ ਵਿਚ ਪਾਪ ਨਹੀਂ ਸੀ। ਉਨ੍ਹਾਂ ਨੂੰ ਪਰਮੇਸ਼ੁਰ ਦੇ ਸਰੂਪ ʼਤੇ ਮੁਕੰਮਲ ਬਣਾਇਆ ਗਿਆ ਸੀ ਯਾਨੀ ਉਨ੍ਹਾਂ ਵਿਚ ਕੋਈ ਕਮੀ ਨਹੀਂ ਸੀ। (ਉਤਪਤ 1:27) ਪਰ ਪਰਮੇਸ਼ੁਰ ਦਾ ਹੁਕਮ ਨਾ ਮੰਨਣ ਕਰਕੇ ਉਹ ਮੁਕੰਮਲ ਨਹੀਂ ਰਹੇ। (ਉਤਪਤ 3:5, 6, 17-19) ਜਦੋਂ ਉਨ੍ਹਾਂ ਦੇ ਬੱਚੇ ਹੋਏ, ਤਾਂ ਪਾਪ ਅਤੇ ਨਾਮੁਕੰਮਲਤਾ ਉਨ੍ਹਾਂ ਦੇ ਬੱਚਿਆਂ ਵਿਚ ਵੀ ਆ ਗਈ। (ਰੋਮੀਆਂ 5:12) ਇਜ਼ਰਾਈਲ ਦੇ ਰਾਜੇ ਦਾਊਦ ਨੇ ਵੀ ਕਿਹਾ ਸੀ: “ਮੈਂ ਜਨਮ ਤੋਂ ਹੀ ਗੁਨਾਹਗਾਰ ਹਾਂ।”—ਜ਼ਬੂਰ 51:5.

ਕੀ ਕੁਝ ਪਾਪ ਹੋਰ ਪਾਪਾਂ ਨਾਲੋਂ ਵੱਡੇ ਹੁੰਦੇ ਹਨ?

 ਹਾਂ। ਮਿਸਾਲ ਲਈ, ਬਾਈਬਲ ਦੱਸਦੀ ਹੈ ਕਿ ਪੁਰਾਣੇ ਜ਼ਮਾਨੇ ਦੇ ਸਦੂਮ ਸ਼ਹਿਰ ਦੇ ਲੋਕ “ਬਹੁਤ ਬੁਰੇ ਸਨ” ਤੇ “ਘਿਣਾਉਣੇ ਪਾਪ ਕਰਦੇ ਸਨ” ਅਤੇ “ਉਨ੍ਹਾਂ ਦੇ ਪਾਪਾਂ ਦੀ ਪੰਡ ਬਹੁਤ ਭਾਰੀ ਹੋ ਚੁੱਕੀ” ਸੀ। (ਉਤਪਤ 13:13; 18:20) ਆਓ ਤਿੰਨ ਗੱਲਾਂ ʼਤੇ ਗੌਰ ਕਰੀਏ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕੋਈ ਪਾਪ ਕਿੰਨਾ ਕੁ ਵੱਡਾ ਹੈ।

  1.   ਪਾਪ ਦੀ ਗੰਭੀਰਤਾ। ਬਾਈਬਲ ਵਿਚ ਹਰਾਮਕਾਰੀ, ਮੂਰਤੀ-ਪੂਜਾ, ਚੋਰੀ, ਹੱਦੋਂ ਵੱਧ ਸ਼ਰਾਬ ਪੀਣ, ਦੂਸਰਿਆਂ ਨੂੰ ਲੁੱਟਣ, ਕਤਲ ਅਤੇ ਜਾਦੂ-ਟੂਣਾ ਕਰਨ ਨੂੰ ਗੰਭੀਰ ਪਾਪ ਕਿਹਾ ਗਿਆ ਹੈ। ਬਾਈਬਲ ਸਾਨੂੰ ਅਜਿਹੇ ਪਾਪ ਕਰਨ ਤੋਂ ਖ਼ਬਰਦਾਰ ਕਰਦੀ ਹੈ। (1 ਕੁਰਿੰਥੀਆਂ 6:9-11; ਪ੍ਰਕਾਸ਼ ਦੀ ਕਿਤਾਬ 21:8) ਇਨ੍ਹਾਂ ਤੋਂ ਇਲਾਵਾ, ਬਾਈਬਲ ਵਿਚ ਅਜਿਹੇ ਪਾਪਾਂ ਬਾਰੇ ਵੀ ਦੱਸਿਆ ਗਿਆ ਹੈ ਜੋ ਇਕ ਇਨਸਾਨ ਅਣਜਾਣੇ ਵਿਚ ਤੇ ਬਿਨਾਂ ਸੋਚੇ-ਸਮਝੇ ਕਰਦਾ ਹੈ, ਜਿਵੇਂ ਕਿ ਆਪਣੇ ਕੰਮਾਂ ਅਤੇ ਗੱਲਾਂ ਰਾਹੀਂ ਦੂਸਰਿਆਂ ਨੂੰ ਦੁੱਖ ਪਹੁੰਚਾਉਣਾ। (ਕਹਾਉਤਾਂ 12:18; ਅਫ਼ਸੀਆਂ 4:31, 32) ਪਰ ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ ਅਸੀਂ ਕਿਸੇ ਵੀ ਪਾਪ ਨੂੰ ਛੋਟਾ ਨਾ ਸਮਝੀਏ ਕਿਉਂਕਿ ਉਹ ਪਾਪ ਸਾਨੂੰ ਗੰਭੀਰ ਪਾਪ ਕਰਨ ਵੱਲ ਲਿਜਾ ਸਕਦਾ ਹੈ।—ਮੱਤੀ 5:27, 28.

  2.   ਪਾਪ ਕਰਨ ਦਾ ਇਰਾਦਾ। ਕੁਝ ਲੋਕ ਨਹੀਂ ਜਾਣਦੇ ਕਿ ਰੱਬ ਉਨ੍ਹਾਂ ਤੋਂ ਕੀ ਚਾਹੁੰਦਾ ਹੈ, ਇਸ ਲਈ ਉਹ ਅਣਜਾਣੇ ਵਿਚ ਪਾਪ ਕਰਦੇ ਹਨ। (ਰਸੂਲਾਂ ਦੇ ਕੰਮ 17:30; 1 ਤਿਮੋਥਿਉਸ 1:13) ਬਾਈਬਲ ਅਜਿਹੇ ਪਾਪ ਨਜ਼ਰਅੰਦਾਜ਼ ਨਹੀਂ ਕਰਦੀ। ਪਰ ਇਹ ਦੱਸਦੀ ਹੈ ਕਿ ਅਜਿਹੇ ਪਾਪ ਉਨ੍ਹਾਂ ਪਾਪਾਂ ਤੋਂ ਅਲੱਗ ਹਨ ਜੋ ਇਕ ਇਨਸਾਨ ਜਾਣ-ਬੁੱਝ ਕੇ ਪਰਮੇਸ਼ੁਰ ਦੇ ਕਾਨੂੰਨ ਖ਼ਿਲਾਫ਼ ਕਰਦਾ ਹੈ। (ਗਿਣਤੀ 15:30, 31) “ਦੁਸ਼ਟ ਦਿਲ” ਵਾਲਾ ਇਨਸਾਨ ਜਾਣ-ਬੁੱਝ ਕੇ ਪਾਪ ਕਰਦਾ ਹੈ।—ਯਿਰਮਿਯਾਹ 16:12.

  3.   ਪਾਪ ਕਿੰਨੀ ਵਾਰੀ ਕੀਤਾ ਜਾਂਦਾ ਹੈ। ਬਾਈਬਲ ਦੱਸਦੀ ਹੈ ਕਿ ਇਕ ਵਾਰ ਪਾਪ ਕਰਨ ਅਤੇ ਲੰਬੇ ਸਮੇਂ ਤਕ ਪਾਪ ਕਰਦੇ ਰਹਿਣ ਵਿਚ ਫ਼ਰਕ ਹੈ। (1 ਯੂਹੰਨਾ 3:4-8) ਜਿਹੜੇ ਲੋਕ “ਜਾਣ-ਬੁੱਝ ਕੇ ਪਾਪ” ਕਰਦੇ ਰਹਿੰਦੇ ਹਨ, ਇੱਥੋਂ ਤਕ ਕਿ ਸਹੀ ਗਿਆਨ ਲੈਣ ਤੋਂ ਬਾਅਦ ਵੀ, ਉਹ ਪਰਮੇਸ਼ੁਰ ਤੋਂ ਸਖ਼ਤ ਸਜ਼ਾ ਪਾਉਣਗੇ।—ਇਬਰਾਨੀਆਂ 10:26, 27.

 ਜਿਨ੍ਹਾਂ ਲੋਕਾਂ ਨੇ ਗੰਭੀਰ ਪਾਪ ਕੀਤੇ ਹਨ, ਸ਼ਾਇਦ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਹੋਣ। ਮਿਸਾਲ ਲਈ, ਰਾਜਾ ਦਾਊਦ ਨੇ ਲਿਖਿਆ: “ਮੇਰੀਆਂ ਗ਼ਲਤੀਆਂ ਦਾ ਢੇਰ ਮੇਰੇ ਸਿਰ ਤੋਂ ਵੀ ਉੱਚਾ ਹੋ ਗਿਆ ਹੈ; ਉਨ੍ਹਾਂ ਦਾ ਬੋਝ ਚੁੱਕਣਾ ਮੇਰੇ ਵੱਸੋਂ ਬਾਹਰ ਹੈ।” (ਜ਼ਬੂਰ 38:4) ਪਰ ਬਾਈਬਲ ਇਹ ਉਮੀਦ ਦਿੰਦੀ ਹੈ: “ਦੁਸ਼ਟ ਆਪਣੇ ਰਾਹ ਨੂੰ ਛੱਡੇ ਅਤੇ ਬੁਰਾ ਆਦਮੀ ਆਪਣੇ ਖ਼ਿਆਲਾਂ ਨੂੰ; ਉਹ ਯਹੋਵਾਹ ਵੱਲ ਮੁੜੇ ਜੋ ਉਸ ʼਤੇ ਰਹਿਮ ਕਰੇਗਾ, ਹਾਂ, ਸਾਡੇ ਪਰਮੇਸ਼ੁਰ ਵੱਲ ਕਿਉਂਕਿ ਉਹ ਖੁੱਲ੍ਹੇ ਦਿਲ ਨਾਲ ਮਾਫ਼ ਕਰੇਗਾ।”—ਯਸਾਯਾਹ 55:7.