Skip to content

ਕੀ ਪੈਸਾ ਹਰ ਤਰ੍ਹਾਂ ਦੀ ਬੁਰਾਈ ਦੀ ਜੜ੍ਹ ਹੈ?

ਕੀ ਪੈਸਾ ਹਰ ਤਰ੍ਹਾਂ ਦੀ ਬੁਰਾਈ ਦੀ ਜੜ੍ਹ ਹੈ?

ਬਾਈਬਲ ਕਹਿੰਦੀ ਹੈ

 ਨਹੀਂ। ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ‘ਪੈਸਾ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ।’ ਪਰ ਬਾਈਬਲ ਇੱਦਾਂ ਨਹੀਂ ਕਹਿੰਦੀ ਤੇ ਨਾ ਹੀ ਇਹ ਕਹਿੰਦੀ ਹੈ ਕਿ ਪੈਸਾ ਬੁਰੀ ਚੀਜ਼ ਹੈ। ਬਾਈਬਲ ਤਾਂ ਇਹ ਕਹਿੰਦੀ ਹੈ ਕਿ “ਪੈਸੇ ਨਾਲ ਪਿਆਰ ਤਰ੍ਹਾਂ-ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ।”​—1 ਤਿਮੋਥਿਉਸ 6:10.

 ਬਾਈਬਲ ਪੈਸੇ ਬਾਰੇ ਕੀ ਕਹਿੰਦੀ ਹੈ?

 ਬਾਈਬਲ ਕਹਿੰਦੀ ਹੈ ਕਿ ਪੈਸੇ ਨੂੰ ਅਕਲਮੰਦੀ ਨਾਲ ਵਰਤ ਕੇ ਸਾਨੂੰ ਫ਼ਾਇਦਾ ਹੋ ਸਕਦਾ ਹੈ ਤੇ ਸਾਡੀ “ਸੁਰੱਖਿਆ” ਵੀ ਹੋ ਸਕਦੀ ਹੈ। (ਉਪਦੇਸ਼ਕ ਦੀ ਕਿਤਾਬ 7:12) ਨਾਲੇ ਬਾਈਬਲ ਵਿਚ ਉਨ੍ਹਾਂ ਲੋਕਾਂ ਦੀ ਤਾਰੀਫ਼ ਕੀਤੀ ਗਈ ਹੈ ਜੋ ਦੂਜਿਆਂ ਦੀ ਮਦਦ ਕਰਨ ਲਈ ਖੁੱਲ੍ਹ-ਦਿਲੀ ਦਿਖਾਉਂਦੇ ਹਨ। ਇਸ ਵਿਚ ਪੈਸੇ ਨਾਲ ਮਦਦ ਕਰਨੀ ਵੀ ਸ਼ਾਮਲ ਹੈ।​—ਕਹਾਉਤਾਂ 11:25.

 ਇਸ ਦੇ ਨਾਲ-ਨਾਲ ਬਾਈਬਲ ਸਾਨੂੰ ਖ਼ਬਰਦਾਰ ਕਰਦੀ ਹੈ ਕਿ ਅਸੀਂ ਜ਼ਿੰਦਗੀ ਵਿਚ ਆਪਣਾ ਸਾਰਾ ਧਿਆਨ ਪੈਸੇ ਕਮਾਉਣ ʼਤੇ ਨਾ ਲਾਈਏ। ਇਹ ਕਹਿੰਦੀ ਹੈ: “ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ।” (ਇਬਰਾਨੀਆਂ 13:5) ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਪੈਸੇ ਨੂੰ ਜ਼ਿਆਦਾ ਅਹਿਮੀਅਤ ਨਹੀਂ ਦੇਣੀ ਚਾਹੀਦੀ ਤੇ ਨਾ ਹੀ ਇਸ ਦੇ ਪਿੱਛੇ ਭੱਜਣਾ ਚਾਹੀਦਾ ਹੈ। ਇਸ ਦੀ ਬਜਾਇ, ਸਾਨੂੰ ਉਨ੍ਹਾਂ ਚੀਜ਼ਾਂ ਨਾਲ ਸੰਤੁਸ਼ਟ ਰਹਿਣਾ ਚਾਹੀਦਾ ਹੈ ਜਿਨ੍ਹਾਂ ਦੀ ਸਾਨੂੰ ਸੱਚ-ਮੁੱਚ ਲੋੜ ਹੈ, ਜਿਵੇਂ ਰੋਟੀ, ਕੱਪੜਾ ਤੇ ਮਕਾਨ।​—1 ਤਿਮੋਥਿਉਸ 6:8.

 ਬਾਈਬਲ ਪੈਸੇ ਨਾਲ ਪਿਆਰ ਕਰਨ ਤੋਂ ਕਿਉਂ ਖ਼ਬਰਦਾਰ ਕਰਦੀ ਹੈ?

 ਲਾਲਚੀ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ। (ਅਫ਼ਸੀਆਂ 5:5) ਇਸ ਦਾ ਇਕ ਕਾਰਨ ਹੈ ਕਿ ਲਾਲਚ ਇਕ ਤਰ੍ਹਾਂ ਨਾਲ ਮੂਰਤੀ-ਪੂਜਾ ਯਾਨੀ ਝੂਠੀ ਭਗਤੀ ਹੈ। (ਕੁਲੁੱਸੀਆਂ 3:5) ਇਕ ਹੋਰ ਕਾਰਨ ਇਹ ਹੈ ਕਿ ਲਾਲਚੀ ਇਨਸਾਨ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੇ ਚੱਕਰ ਵਿਚ ਅਕਸਰ ਸਹੀ ਕੰਮ ਕਰਨੇ ਛੱਡ ਦਿੰਦੇ ਹਨ ਅਤੇ ਬੁਰੇ ਰਾਹ ਪੈ ਜਾਂਦੇ ਹਨ। ਕਹਾਉਤਾਂ 28:20 ਵਿਚ ਦੱਸਿਆ ਹੈ: “ਜਿਹੜਾ ਰਾਤੋ-ਰਾਤ ਅਮੀਰ ਬਣਨਾ ਚਾਹੁੰਦਾ ਹੈ, ਉਹ ਨਿਰਦੋਸ਼ ਨਹੀਂ ਰਹੇਗਾ।” ਇਹ ਲੋਕ ਸ਼ਾਇਦ ਲਾਲਚ ਵਿਚ ਆ ਕੇ ਅਪਰਾਧ ਵੀ ਕਰ ਬੈਠਣ, ਜਿਵੇਂ ਬਲੈਕਮੇਲ ਕਰਨਾ, ਲੁੱਟ-ਖੋਹ ਕਰਨੀ, ਧੋਖਾਧੜੀ ਕਰਨੀ, ਅਗਵਾ ਜਾਂ ਕਤਲ ਕਰਨਾ।

 ਜੇ ਪੈਸੇ ਨਾਲ ਪਿਆਰ ਹੋਣ ਕਰਕੇ ਕੋਈ ਬੁਰੇ ਕੰਮ ਨਹੀਂ ਵੀ ਕਰਦਾ, ਤਾਂ ਵੀ ਇਸ ਦਾ ਉਸ ਉੱਤੇ ਬੁਰਾ ਅਸਰ ਪੈ ਸਕਦਾ ਹੈ। ਬਾਈਬਲ ਕਹਿੰਦੀ ਹੈ ਕਿ “ਜਿਹੜੇ ਇਨਸਾਨ ਅਮੀਰ ਬਣਨ ʼਤੇ ਤੁਲੇ ਹੋਏ ਹਨ, ਉਹ ਪਰੀਖਿਆਵਾਂ ਅਤੇ ਫੰਦਿਆਂ ਵਿਚ ਫਸ ਜਾਂਦੇ ਹਨ ਅਤੇ ਬਹੁਤ ਸਾਰੀਆਂ ਮੂਰਖਤਾ ਭਰੀਆਂ ਅਤੇ ਨੁਕਸਾਨਦੇਹ ਇੱਛਾਵਾਂ ਦੇ ਵੱਸ ਵਿਚ ਪੈ ਜਾਂਦੇ ਹਨ।”​—1 ਤਿਮੋਥਿਉਸ 6:9.

 ਪੈਸੇ ਬਾਰੇ ਬਾਈਬਲ ਦੀ ਸਲਾਹ ਤੋਂ ਸਾਨੂੰ ਕਿਵੇਂ ਫ਼ਾਇਦਾ ਹੋ ਸਕਦਾ ਹੈ?

 ਜੇ ਅਸੀਂ ਪੈਸੇ ਦੀ ਖ਼ਾਤਰ ਸਹੀ ਕੰਮ ਕਰਨੇ ਨਹੀਂ ਛੱਡਦੇ ਅਤੇ ਪਰਮੇਸ਼ੁਰ ਨੂੰ ਨਾਰਾਜ਼ ਕਰਨ ਵਾਲੇ ਕੰਮ ਨਹੀਂ ਕਰਦੇ, ਤਾਂ ਸਾਡੀ ਆਪਣੀਆਂ ਨਜ਼ਰਾਂ ਵਿਚ ਇੱਜ਼ਤ ਬਣੀ ਰਹੇਗੀ ਅਤੇ ਸਾਡੇ ʼਤੇ ਪਰਮੇਸ਼ੁਰ ਦੀ ਮਿਹਰ ਰਹੇਗੀ। ਜਿਹੜੇ ਲੋਕ ਦਿਲੋਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨਾਲ ਉਹ ਵਾਅਦਾ ਕਰਦਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।” (ਇਬਰਾਨੀਆਂ 13:5, 6) ਉਹ ਸਾਨੂੰ ਇਹ ਵੀ ਭਰੋਸਾ ਦਿਵਾਉਂਦਾ ਹੈ ਕਿ “ਵਫ਼ਾਦਾਰ ਆਦਮੀ ਢੇਰ ਸਾਰੀਆਂ ਬਰਕਤਾਂ ਪਾਵੇਗਾ।”​—ਕਹਾਉਤਾਂ 28:20.