Skip to content

ਬਾਈਬਲ ਈਸਟਰ ਮਨਾਉਣ ਬਾਰੇ ਕੀ ਕਹਿੰਦੀ ਹੈ?

ਬਾਈਬਲ ਈਸਟਰ ਮਨਾਉਣ ਬਾਰੇ ਕੀ ਕਹਿੰਦੀ ਹੈ?

ਬਾਈਬਲ ਕਹਿੰਦੀ ਹੈ

 ਬਾਈਬਲ ਵਿਚ ਈਸਟਰ ਦੇ ਤਿਉਹਾਰ ਦਾ ਕੋਈ ਜ਼ਿਕਰ ਨਹੀਂ ਆਉਂਦਾ। ਪਰ ਜੇ ਤੁਸੀਂ ਇਤਿਹਾਸ ʼਤੇ ਨਜ਼ਰ ਮਾਰੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਈਸਟਰ ਕਿਉਂ ਮਨਾਇਆ ਜਾਂਦਾ ਹੈ। ਈਸਟਰ ਨਾਲ ਜੁੜੇ ਰੀਤ-ਰਿਵਾਜ ਜਣਨ-ਸ਼ਕਤੀ ਦੀਆਂ ਰੀਤਾਂ ਤੋਂ ਆਏ ਹਨ। ਜ਼ਰਾ ਹੇਠ ਲਿਖੀਆਂ ਗੱਲਾਂ ʼਤੇ ਗੌਰ ਕਰੋ।

  1.   ਨਾਂ: ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੱਸਦਾ ਹੈ: “ਅੰਗ੍ਰੇਜ਼ੀ ਨਾਂ ਈਸਟਰ ਪਤਾ ਨਹੀਂ ਕਿੱਥੋਂ ਆਇਆ ਹੈ। ਅੱਠਵੀਂ ਸਦੀ ਵਿਚ ਐਂਗਲੋ-ਸੈਕਸਨ ਪਾਦਰੀ ਵੈਨਰੇਬਵ ਬੀਡੀ ਨੇ ਇਹ ਨਾਂ ਬਸੰਤ ਦੀ ਦੇਵੀ ਅਸਟਰ ਦੇ ਨਾਂ ਤੋਂ ਲਿਆ ਸੀ।” ਹੋਰ ਕਿਤਾਬਾਂ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਸੰਬੰਧ ਫੈਨੀਕੇ ਦੀ ਦੇਵੀ ਐਸਟਾਰਟੇ ਨਾਲ ਹੈ ਅਤੇ ਉਹ ਜਣਨ-ਸ਼ਕਤੀ ਦੀ ਦੇਵੀ ਸੀ। ਇਹ ਨਾਂ ਬਾਬਲ ਦੀ ਦੇਵੀ ਇਸ਼ਟਾਰ ਨਾਲ ਮਿਲਦਾ-ਜੁਲਦਾ ਹੈ।

  2.   ਖ਼ਰਗੋਸ਼: ਇਹ ਜਣਨ-ਸ਼ਕਤੀ ਦੀ ਨਿਸ਼ਾਨੀ ਹਨ ਜੋ “ਯੂਰਪ ਤੇ ਮੱਧ ਪੂਰਬ ਵਿਚ ਮਨਾਏ ਜਾਂਦੇ ਬਸੰਤ ਦੇ ਪੁਰਾਣੇ ਜ਼ਮਾਨੇ ਦੇ ਤਿਉਹਾਰਾਂ ਵਿਚ ਪ੍ਰਤੀਕਾਂ ਵਜੋਂ ਵਰਤੇ ਜਾਂਦੇ ਸਨ।”—Encyclopædia Britannica.

  3.   ਅੰਡੇ: ਇਕ ਕਿਤਾਬ ਅਨੁਸਾਰ ਈਸਟਰ ਵਿਚ ਵਰਤੇ ਜਾਂਦੇ ਅੰਡਿਆਂ ਨੂੰ ਲੱਭਿਆ ਜਾਂਦਾ ਹੈ ਜੋ ਈਸਟਰ ਦਾ ਖ਼ਰਗੋਸ਼ ਲੈ ਕੇ ਆਉਂਦਾ ਹੈ। ਇਹ “ਸਿਰਫ਼ ਬੱਚਿਆਂ ਦੇ ਖੇਡ ਲਈ ਨਹੀਂ ਹੁੰਦੇ, ਸਗੋਂ ਇਹ ਜਣਨ-ਸ਼ਕਤੀ ਦਾ ਇਕ ਰਿਵਾਜ ਹੈ।” ਕੁਝ ਸਭਿਆਚਾਰਾਂ ਵਿਚ ਮੰਨਿਆ ਜਾਂਦਾ ਹੈ ਕਿ ਈਸਟਰ ਵਿਚ ਵਰਤੇ ਜਾਂਦੇ ਸਜਾਵਟੀ ਜਾਂ ਰੰਗ-ਬਰੰਗੇ ਅੰਡੇ “ਚਮਤਕਾਰੀ ਤਰੀਕੇ ਨਾਲ ਖ਼ੁਸ਼ਹਾਲੀ ਤੇ ਤੰਦਰੁਸਤੀ ਲੈ ਕੇ ਆਉਂਦੇ ਹਨ ਅਤੇ ਰਾਖੀ ਕਰਦੇ ਹਨ।”—Traditional Festivals.

  4.   ਈਸਟਰ ʼਤੇ ਨਵੇਂ ਕੱਪੜੇ: “ਈਸਟਰ ʼਤੇ ਨਵੇਂ ਕੱਪੜਿਆਂ ਦੀ ਬਜਾਇ ਪੁਰਾਣੇ ਕੱਪੜੇ ਪਾ ਕੇ ਸਕੈਂਡੇਨੇਵਿਆਈ ਦੀ ਬਸੰਤ ਦੀ ਦੇਵੀ ਜਾਂ ਐਸਟਰ ਨੂੰ ਪ੍ਰਣਾਮ ਕਰਨਾ ਬੁਰਾ ਮੰਨਿਆ ਜਾਂਦਾ ਸੀ ਅਤੇ ਇਸ ਨੂੰ ਬਦਸ਼ਗਨੀ ਮੰਨਿਆ ਜਾਂਦਾ ਸੀ।”—The Giant Book of Superstitions.

  5.   ਸੂਰਜ ਚੜ੍ਹਨ ਦੀਆਂ ਰੀਤਾਂ: ਇਹ ਰੀਤਾਂ ਸੂਰਜ ਦੀ ਪੂਜਾ ਕਰਨ ਵਾਲੇ ਲੋਕਾਂ ਨਾਲ ਸੰਬੰਧਿਤ ਹਨ। ਇਹ ਪੂਜਾ “ਸੂਰਜ ਅਤੇ ਉਸ ਦੀ ਮਹਾਨ ਤਾਕਤ ਦੇ ਸੁਆਗਤ ਵਿਚ ਕੀਤੀ ਜਾਂਦੀ ਸੀ ਜੋ ਸਾਰੀਆਂ ਚੀਜ਼ਾਂ ਨੂੰ ਨਵੀਂ ਜ਼ਿੰਦਗੀ ਦਿੰਦਾ ਸੀ। ਇਹ ਪੂਜਾ ਉਸ ਸਮੇਂ ਮਾਰਚ ਵਿਚ ਕੀਤੀ ਜਾਂਦੀ ਸੀ ਜਦੋਂ ਦਿਨ ਲੰਬੇ ਹੋਣੇ ਸ਼ੁਰੂ ਹੋ ਜਾਂਦੇ ਸਨ।”—Celebrations—The Complete Book of American Holidays.

 ਇਕ ਕਿਤਾਬ ਈਸਟਰ ਦੀ ਸ਼ੁਰੂਆਤ ਬਾਰੇ ਦੱਸਦੀ ਹੈ: “ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮੁਢਲੇ ਦਿਨਾਂ ਵਿਚ ਚਰਚ ਨੇ ਝੂਠੇ ਰੀਤੀ-ਰਿਵਾਜਾਂ ਨੂੰ ਅਪਣਾ ਲਿਆ ਸੀ ਅਤੇ ਇਨ੍ਹਾਂ ਨੂੰ ਮਸੀਹੀ ਰੰਗ ਦੇ ਦਿੱਤਾ।”

 ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਅਸੀਂ ਉਨ੍ਹਾਂ ਰੀਤੀ-ਰਿਵਾਜਾਂ ਤੋਂ ਦੂਰ ਰਹੀਏ ਜਿਨ੍ਹਾਂ ਤੋਂ ਪਰਮੇਸ਼ੁਰ ਨਾਖ਼ੁਸ਼ ਹੁੰਦਾ ਹੈ। (ਮਰਕੁਸ 7:6-8) 2 ਕੁਰਿੰਥੀਆਂ 6:17 ਵਿਚ ਲਿਖਿਆ ਹੈ: “‘ਆਪਣੇ ਆਪ ਨੂੰ ਵੱਖ ਕਰੋ,’ ਯਹੋਵਾਹ ਕਹਿੰਦਾ ਹੈ, ‘ਕਿਸੇ ਵੀ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ।’” ਈਸਟਰ ਦਾ ਤਿਉਹਾਰ ਝੂਠੇ ਧਰਮਾਂ ਤੋਂ ਆਇਆ ਹੈ। ਇਸ ਲਈ ਜਿਹੜੇ ਲੋਕ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ, ਉਹ ਇਸ ਤੋਂ ਦੂਰ ਰਹਿਣਗੇ।