Skip to content

ਬਾਈਬਲ ਕ੍ਰਿਸਮਸ ਮਨਾਉਣ ਬਾਰੇ ਕੀ ਕਹਿੰਦੀ ਹੈ?

ਬਾਈਬਲ ਕ੍ਰਿਸਮਸ ਮਨਾਉਣ ਬਾਰੇ ਕੀ ਕਹਿੰਦੀ ਹੈ?

ਬਾਈਬਲ ਕਹਿੰਦੀ ਹੈ

 ਬਾਈਬਲ ਵਿਚ ਨਾ ਤਾਂ ਯਿਸੂ ਦੇ ਜਨਮ ਦੀ ਕੋਈ ਤਾਰੀਖ਼ ਦੱਸੀ ਗਈ ਹੈ ਤੇ ਨਾ ਹੀ ਇਹ ਕਹਿੰਦੀ ਹੈ ਕਿ ਸਾਨੂੰ ਉਸ ਦਾ ਜਨਮ-ਦਿਨ ਮਨਾਉਣਾ ਚਾਹੀਦਾ ਹੈ। ਮੈਕਲਿਨਟੌਕ ਅਤੇ ਸਟਰੌਂਗ ਦੱਸਦੇ ਹਨ: “ਕ੍ਰਿਸਮਸ ਦਾ ਤਿਉਹਾਰ ਨਾ ਤਾਂ ਰੱਬ ਨੇ ਮਨਾਉਣ ਨੂੰ ਕਿਹਾ ਹੈ ਅਤੇ ਨਾ ਹੀ ਇਸ ਬਾਰੇ ਨਵੇਂ ਨੇਮ ਵਿਚ ਕੁਝ ਦੱਸਿਆ ਗਿਆ ਹੈ।”

 ਇਸ ਦੀ ਬਜਾਇ, ਜਦੋਂ ਅਸੀਂ ਕ੍ਰਿਸਮਸ ਦੇ ਇਤਿਹਾਸ ʼਤੇ ਨਜ਼ਰ ਮਾਰਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਦੀ ਸ਼ੁਰੂਆਤ ਝੂਠੇ ਰੀਤੀ-ਰਿਵਾਜਾਂ ਤੋਂ ਹੋਈ ਸੀ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਉਸ ਤਰੀਕੇ ਨਾਲ ਪਰਮੇਸ਼ੁਰ ਦੀ ਭਗਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਸ ਤੋਂ ਉਹ ਨਾਖ਼ੁਸ਼ ਹੈ, ਤਾਂ ਅਸੀਂ ਉਸ ਨੂੰ ਨਾਰਾਜ਼ ਕਰਦੇ ਹਾਂ।—ਕੂਚ 32:5-7.

ਕ੍ਰਿਸਮਸ ਦੇ ਰੀਤੀ-ਰਿਵਾਜਾਂ ਦੀ ਸ਼ੁਰੂਆਤ

  1.   ਯਿਸੂ ਦਾ ਜਨਮ-ਦਿਨ ਮਨਾਉਣਾ: “ਪਹਿਲੀ ਸਦੀ ਦੇ ਮਸੀਹੀ [ਯਿਸੂ] ਦਾ ਜਨਮ-ਦਿਨ ਨਹੀਂ ਸਨ ਮਨਾਉਂਦੇ ਕਿਉਂਕਿ ਉਹ ਮੰਨਦੇ ਸਨ ਕਿ ਕਿਸੇ ਦਾ ਜਨਮ-ਦਿਨ ਮਨਾਉਣਾ ਝੂਠੇ ਰੀਤੀ-ਰਿਵਾਜਾਂ ਵਿਚ ਹਿੱਸਾ ਲੈਣ ਦੇ ਬਰਾਬਰ ਸੀ।”—The World Book Encyclopedia.

  2.   25 ਦਸੰਬਰ: ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਯਿਸੂ ਦਾ ਜਨਮ ਇਸ ਦਿਨ ਹੋਇਆ ਸੀ। ਚਰਚ ਦੇ ਲੀਡਰਾਂ ਨੇ ਸ਼ਾਇਦ ਇਹ ਤਾਰੀਖ਼ ਇਸ ਕਰਕੇ ਚੁਣੀ ਸੀ ਤਾਂਕਿ ਸਰਦੀਆਂ ਵਿਚ ਮਨਾਏ ਜਾਣ ਵਾਲੇ ਪੁਰਾਣੇ ਜ਼ਮਾਨੇ ਦੇ ਦਿਨ-ਤਿਉਹਾਰਾਂ ਨਾਲ ਮੇਲ ਖਾਵੇ।

  3.   ਤੋਹਫ਼ੇ ਦੇਣ, ਦਾਅਵਤਾਂ ਕਰਨੀਆਂ ਅਤੇ ਨੱਚਣਾ-ਗਾਉਣਾ: ਦ ਐਨਸਾਈਕਲੋਪੀਡੀਆ ਅਮੈਰੀਕਾਨਾ ਦੱਸਦਾ ਹੈ: “ਰੋਮੀ ਲੋਕ ਸੈਟਰਨ ਦੇਵਤੇ ਦਾ ਜਨਮ-ਦਿਨ ਦਸੰਬਰ ਮਹੀਨੇ ਦੇ ਅੱਧ ਵਿਚ ਮਨਾਉਂਦੇ ਹੁੰਦੇ ਸਨ ਅਤੇ ਕ੍ਰਿਸਮਸ ਦੇ ਸਮੇਂ ਤੇ ਰੰਗਰਲੀਆਂ ਦੀਆਂ ਰੀਤਾਂ ਇਸੇ ਤਿਉਹਾਰ ਤੋਂ ਲਈਆਂ ਗਈਆਂ ਹਨ। ਮਿਸਾਲ ਲਈ, ਵੱਡੀਆਂ-ਵੱਡੀਆਂ ਦਾਅਵਤਾਂ ਕਰਨ, ਤੋਹਫ਼ੇ ਦੇਣ ਅਤੇ ਮੋਮਬੱਤੀਆਂ ਜਲਾਉਣ ਵਰਗੀਆਂ ਰੀਤਾਂ ਇਸੇ ਤਿਉਹਾਰ ਤੋਂ ਆਈਆਂ ਹਨ।” ਐਨਸਾਈਕਲੋਪੀਡੀਆ ਬ੍ਰਿਟੈਨਿਕਾ ਦੱਸਦਾ ਹੈ ਕਿ ਸੈਟਰਨ ਦੇਵਤੇ ਦੇ ਜਨਮ-ਦਿਨ ਦੇ ਤਿਉਹਾਰ ਵੇਲੇ “ਸਾਰੇ ਕੰਮ ਤੇ ਕਾਰੋਬਾਰ ਬੰਦ ਹੋ ਜਾਂਦੇ ਸਨ।”

  4.   ਕ੍ਰਿਸਮਸ ਦੀਆਂ ਲਾਈਟਾਂ: ਦ ਐਨਸਾਈਕਲੋਪੀਡੀਆ ਆਫ਼ ਰਿਲੀਜਨ ਅਨੁਸਾਰ ਯੂਰਪ ਦੇ ਲੋਕ ਸਰਦੀਆਂ ਦੀ ਸਭ ਤੋਂ ਵੱਡੀ ਰਾਤ (21 ਦਸੰਬਰ ਦੇ ਨੇੜੇ-ਤੇੜੇ) ਨੂੰ ਮਨਾਉਣ ਅਤੇ ਭੂਤਾਂ-ਪ੍ਰੇਤਾਂ ਨਾਲ ਲੜਨ ਲਈ ਆਪਣੇ ਘਰਾਂ ਨੂੰ “ਲਾਈਟਾਂ ਅਤੇ ਹਰੇ ਪੌਦਿਆਂ ਨਾਲ” ਸਜਾਉਂਦੇ ਸਨ।

  5.   ਮਿਸਲਟੋ, ਹੋਲੀ ਦਰਖ਼ਤ: “ਡਰੂਡਸ ਮੰਨਦੇ ਸਨ ਕਿ ਮਿਸਲਟੋ ਵਿਚ ਖ਼ਾਸ ਕਰਕੇ ਚਮਤਕਾਰੀ ਸ਼ਕਤੀ ਹੁੰਦੀ ਹੈ। ਸਦਾਬਹਾਰ ਹੋਲੀ ਦੀ ਪੂਜਾ ਇਸ ਵਾਅਦੇ ਨਾਲ ਕੀਤੀ ਜਾਂਦੀ ਸੀ ਕਿ ਸੂਰਜ ਵਾਪਸ ਆਵੇਗਾ।”—The Encyclopedia Americana.

  6.   ਕ੍ਰਿਸਮਸ ਦਾ ਦਰਖ਼ਤ: “ਪੁਰਾਣੇ ਜ਼ਮਾਨੇ ਵਿਚ ਭਗਤੀ ਕਰਨ ਵਾਲੇ ਯੂਰਪ ਦੇ ਲੋਕਾਂ ਵਿਚ ਦਰਖ਼ਤਾਂ ਦੀ ਪੂਜਾ ਕਰਨੀ ਆਮ ਸੀ। ਈਸਾਈ ਧਰਮ ਅਪਣਾਉਣ ਤੋਂ ਬਾਅਦ ਵੀ ਲੋਕ ਇਹ ਪੂਜਾ ਕਰਦੇ ਰਹੇ।” ਇਕ ਤਰੀਕਾ ਜਿਸ ਕਰਕੇ ਦਰਖ਼ਤਾਂ ਦੀ ਪੂਜਾ ਹੁੰਦੀ ਰਹੀ, ਉਹ ਹੈ ਕਿ “ਸਰਦੀਆਂ ਦੀਆਂ ਛੁੱਟੀਆਂ ਵੇਲੇ ਯੂਲ ਨਾਂ ਦੇ ਦਰਖ਼ਤ ਨੂੰ ਘਰ ਦੇ ਬਾਹਰ ਜਾਂ ਅੰਦਰ ਰੱਖਿਆ ਜਾਂਦਾ ਸੀ।”—Encyclopædia Britannica.