Skip to content

ਸੈਂਕੜੇ ਭਾਸ਼ਾਵਾਂ ਵਿਚ ਵੀਡੀਓ

ਸੈਂਕੜੇ ਭਾਸ਼ਾਵਾਂ ਵਿਚ ਵੀਡੀਓ

ਯਹੋਵਾਹ ਦੇ ਗਵਾਹ ਅਨੁਵਾਦ ਦੇ ਕੰਮ ਲਈ ਜਾਣੇ ਜਾਂਦੇ ਹਨ। ਨਵੰਬਰ 2014 ਤਕ ਅਸੀਂ 125 ਭਾਸ਼ਾਵਾਂ ਵਿਚ ਬਾਈਬਲ ਅਤੇ 742 ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨ ਅਨੁਵਾਦ ਕੀਤੇ ਹਨ। ਅਸੀਂ ਬਹੁਤ ਸਾਰੇ ਵੀਡੀਓ ਵੀ ਅਨੁਵਾਦ ਕਰਦੇ ਹਾਂ। ਜਨਵਰੀ 2015 ਵਿਚ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਵੀਡੀਓ 398 ਭਾਸ਼ਾਵਾਂ ਵਿਚ ਅਤੇ ਬਾਈਬਲ ਕਿਉਂ ਪੜ੍ਹੀਏ? ਵੀਡੀਓ 596 ਭਾਸ਼ਾਵਾਂ ਵਿਚ ਉਪਲਬਧ ਸੀ। ਅਸੀਂ ਇਹ ਸਾਰਾ ਕੁਝ ਕਿਵੇਂ ਅਤੇ ਕਿਉਂ ਕਰ ਪਾਏ ਹਾਂ?

ਮਾਰਚ 2014 ਵਿਚ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਨੇ ਪੂਰੀ ਦੁਨੀਆਂ ਦੇ ਸ਼ਾਖ਼ਾ ਦਫ਼ਤਰਾਂ ਨੂੰ ਸੇਧ ਦਿੱਤੀ ਕਿ ਉਹ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਉਤਸ਼ਾਹ ਦੇਣ ਲਈ ਅਲੱਗ-ਅਲੱਗ ਵੀਡੀਓ ਦੀ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਆਡੀਓ ਤਿਆਰ ਕਰਨ।

ਇਕ ਵੀਡੀਓ ਦਾ ਅਨੁਵਾਦ ਕਰਨ ਲਈ ਕਈ ਕੰਮ ਕਰਨੇ ਪੈਂਦੇ ਹਨ। ਸਭ ਤੋਂ ਪਹਿਲਾਂ ਅਨੁਵਾਦ ਟੀਮ ਸਕ੍ਰਿਪਟ ਦਾ ਅਨੁਵਾਦ ਕਰਦੀ ਹੈ। ਫਿਰ ਵੀਡੀਓ ਦੀਆਂ ਆਵਾਜ਼ਾਂ ਲਈ ਪਾਤਰ ਚੁਣੇ ਜਾਂਦੇ ਹਨ। ਉਸ ਤੋਂ ਬਾਅਦ ਆਡੀਓ/ਵੀਡੀਓ ਟੀਮਾਂ ਅਨੁਵਾਦ ਕੀਤੀ ਭਾਸ਼ਾ ਵਿਚ ਆਡੀਓ ਰਿਕਾਰਡ ਕਰਦੀਆਂ ਅਤੇ ਇਸ ਦੀ ਕਾਂਟ-ਛਾਂਟ ਕਰਦੀਆਂ ਹਨ। ਇਹ ਭਾਸ਼ਾ ਪਾਤਰਾਂ ਦੀ ਮਾਂ-ਬੋਲੀ ਹੁੰਦੀ ਹੈ। ਨਾਲੇ ਇਹ ਟੀਮਾਂ ਆਨ-ਸਕ੍ਰੀਨ ਟੈਕਸਟ ਵੀ ਤਿਆਰ ਕਰਦੀਆਂ ਹਨ। ਅਖ਼ੀਰ ਵਿਚ ਆਡੀਓ, ਟੈਕਸਟ ਅਤੇ ਵੀਡੀਓ ਨੂੰ ਇਕੱਠਾ ਕਰ ਕੇ ਇਕ ਫਾਈਲ ਬਣਾਈ ਜਾਂਦੀ ਹੈ ਅਤੇ ਇਸ ਨੂੰ ਵੈੱਬਸਾਈਟ ʼਤੇ ਪਾ ਦਿੱਤਾ ਜਾਂਦਾ ਹੈ।

ਕਈ ਸ਼ਾਖ਼ਾ ਦਫ਼ਤਰਾਂ ਕੋਲ ਰਿਕਾਰਡਿੰਗ ਸਟੂਡੀਓ ਦੇ ਨਾਲ-ਨਾਲ ਤਜਰਬੇਕਾਰ ਮੈਂਬਰ ਵੀ ਹਨ ਜੋ ਇਸ ਕੰਮ ਦੇ ਦੇਖ-ਰੇਖ ਕਰਦੇ ਹਨ। ਉਨ੍ਹਾਂ ਭਾਸ਼ਾਵਾਂ ਬਾਰੇ ਕੀ ਜੋ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਅਨੁਵਾਦ ਕੀਤੀਆਂ ਅਤੇ ਬੋਲੀਆਂ ਜਾਂਦੀਆਂ ਹਨ?

ਪੂਰੀ ਦੁਨੀਆਂ ਵਿਚ, ਰਿਕਾਰਡਿੰਗ ਕਰਨ ਵਾਲੇ ਆਪਣੇ ਨਾਲ ਇਸ ਤਰ੍ਹਾਂ ਦੀਆਂ ਮਸ਼ੀਨਾਂ ਲੈ ਕੇ ਜਾਂਦੇ ਹਨ ਜਿਨ੍ਹਾਂ ਨੂੰ ਇਕ ਜਗ੍ਹਾ ਤੋਂ ਦੂਜੀ ਥਾਂ ਲਿਜਾਣਾ ਸੌਖਾ ਹੁੰਦਾ ਹੈ। ਰਿਕਾਰਡਿੰਗ ਕਰਨ ਵਾਲਾ ਇਕ ਮਾਈਕ ਅਤੇ ਇਕ ਲੈਪਟਾਪ ਵਰਤਦਾ ਹੈ ਜਿਸ ਵਿਚ ਆਡੀਓ ਰਿਕਾਰਡਿੰਗ ਸਾਫਟਵੇਅਰ ਹੁੰਦਾ ਹੈ। ਉਹ ਥੋੜ੍ਹੇ ਸਮੇਂ ਲਈ ਕਿਸੇ ਦਫ਼ਤਰ, ਕਿੰਗਡਮ ਹਾਲ ਜਾਂ ਕਿਸੇ ਦੇ ਘਰ ਵਿਚ ਇਕ ਰਿਕਾਰਡਿੰਗ ਸਟੂਡੀਓ ਬਣਾਉਂਦਾ ਹੈ। ਸਥਾਨਕ ਭਾਸ਼ਾ ਬੋਲਣ ਵਾਲਿਆਂ ਨੂੰ ਹੀ ਪਾਤਰਾਂ ਦੀ ਆਵਾਜ਼ ਲਈ, ਕੋਚਾਂ ਅਤੇ ਚੈੱਕਰਾਂ ਵਜੋਂ ਚੁਣਿਆ ਜਾਂਦਾ ਹੈ। ਜਦ ਰਿਕਾਰਡਿੰਗ ਦਾ ਕੰਮ ਪੂਰਾ ਹੋ ਜਾਂਦਾ ਹੈ ਅਤੇ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇਹ ਰਿਕਾਰਡਿੰਗ ਕਰਨ ਵਾਲਾ ਆਪਣਾ ਸਾਰਾ ਸਿਸਟਮ ਸਮੇਟ ਕੇ ਕਿਸੇ ਹੋਰ ਜਗ੍ਹਾ ਚਲਾ ਜਾਂਦਾ ਹੈ।

ਇਹ ਤਰੀਕਾ ਵਰਤਣ ਨਾਲ ਪਹਿਲਾਂ ਨਾਲੋ ਤਿੰਨ ਗੁਣਾਂ ਜ਼ਿਆਦਾ ਭਾਸ਼ਾਵਾਂ ਵਿਚ ਵੀਡੀਓ ਤਿਆਰ ਕੀਤੇ ਗਏ ਹਨ।

ਇਹ ਵੀਡੀਓ ਦੇਖ ਕੇ ਲੋਕਾਂ ਨੇ ਕਮਾਲ ਦੀ ਦਿਲਚਸਪੀ ਦਿਖਾਈ ਹੈ। ਕਈ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੀ ਭਾਸ਼ਾ ਵਿਚ ਸਾਡੇ ਵੀਡੀਓ ਤੋਂ ਇਲਾਵਾ ਕੋਈ ਹੋਰ ਵੀਡੀਓ ਹੈ ਹੀ ਨਹੀਂ।

ਆਸਟ੍ਰੇਲੀਆ ਦੀ ਪੀਤਜਨਤਜਾਤਜਾਰਾ ਭਾਸ਼ਾ ਵਿਚ ਵੀ ਵੀਡੀਓ ਤਿਆਰ ਕੀਤੇ ਗਏ ਹਨ। ਇਸ ਭਾਸ਼ਾ ਨੂੰ 2500 ਤੋਂ ਜ਼ਿਆਦਾ ਲੋਕ ਬੋਲਦੇ ਸਨ। ਇਸ ਭਾਸ਼ਾ ਵਿਚ ਰਿਕਾਰਡਿੰਗ ਉੱਤਰੀ ਇਲਾਕੇ ਦੇ ਐਲਿਸ ਸਪਰਿੰਗਜ਼ ਸ਼ਹਿਰ ਵਿਚ ਕੀਤੀ ਗਈ ਸੀ। ਕੈਲਨ ਟੌਮਸ ਨੇ ਆਡੀਓ ਰਿਕਾਰਡਿੰਗ ਤਿਆਰ ਕਰਨ ਵਿਚ ਮਦਦ ਕੀਤੀ ਸੀ। ਉਸ ਨੇ ਕਿਹਾ: “ਵੀਡੀਓ ਲੋਕਾਂ ਨੂੰ ਬਹੁਤ ਚੰਗੇ ਲੱਗੇ। ਸਥਾਨਕ ਲੋਕਾਂ ਨੇ ਵੀਡੀਓ ਬੜੀ ਦਿਲਚਸਪੀ ਨਾਲ ਦੇਖੇ ਅਤੇ ਵਾਰ-ਵਾਰ ਪੁੱਛਦੇ ਰਹੇ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਹੋਰ ਵੀਡੀਓ ਕਿੱਥੋਂ ਮਿਲ ਸਕਦੇ ਹਨ। ਇਸ ਭਾਸ਼ਾ ਵਿਚ ਬਹੁਤ ਘੱਟ ਪ੍ਰਕਾਸ਼ਨ ਉਪਲਬਧ ਹਨ। ਜਦ ਉਹ ਲੋਕ ਇਹ ਵੀਡੀਓ ਦੇਖਦੇ ਅਤੇ ਸੁਣਦੇ ਹਨ, ਤਾਂ ਉਹ ਹੈਰਾਨ ਰਹਿ ਜਾਂਦੇ ਹਨ!”

ਕੈਮਰੂਨ ਵਿਚ ਦੋ ਗਵਾਹ ਕਿਸ਼ਤੀ ਰਾਹੀਂ ਨਦੀ ਵਿਚ ਸਫ਼ਰ ਕਰ ਰਹੇ ਸਨ। ਉਹ ਪਿਗਮੀ ਪਿੰਡ ਵਿਚ ਰੁਕੇ ਅਤੇ ਉੱਥੇ ਦੇ ਸਰਪੰਚ ਨਾਲ ਗੱਲ ਕੀਤੀ ਜੋ ਕਿ ਉਸੇ ਪਿੰਡ ਦੇ ਸਕੂਲ ਵਿਚ ਅਧਿਆਪਕ ਸੀ। ਗੱਲ ਕਰਨ ʼਤੇ ਗਵਾਹਾਂ ਨੂੰ ਪਤਾ ਲੱਗਾ ਕਿ ਉਹ ਬਾਸਾ ਭਾਸ਼ਾ ਬੋਲ ਰਿਹਾ ਸੀ, ਤਾਂ ਉਨ੍ਹਾਂ ਨੇ ਆਪਣੇ ਟੈਬਲੇਟ ਤੋਂ ਉਸ ਦੀ ਮਾਂ-ਬੋਲੀ ਵਿਚ ਬਾਈਬਲ ਕਿਉਂ ਪੜ੍ਹੀਏ? ਵੀਡੀਓ ਦਿਖਾਇਆ। ਸਰਪੰਚ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਆਪਣੀ ਭਾਸ਼ਾ ਵਿਚ ਕੁਝ ਪ੍ਰਕਾਸ਼ਨ ਮੰਗੇ।

ਇੰਡੋਨੇਸ਼ੀਆ ਦੇ ਇਕ ਪਿੰਡ ਵਿਚ ਇਕ ਧਾਰਮਿਕ ਆਗੂ ਯਹੋਵਾਹ ਦੇ ਗਵਾਹਾਂ ਦਾ ਵਿਰੋਧ ਕਰਦਾ ਸੀ ਅਤੇ ਉਸ ਨੇ ਉਨ੍ਹਾਂ ਸਾਰੇ ਪ੍ਰਕਾਸ਼ਨਾਂ ਨੂੰ ਅੱਗ ਲਾ ਦਿੱਤੀ ਜੋ ਗਵਾਹਾਂ ਨੇ ਉਸ ਦੇ ਇਲਾਕੇ ਵਿਚ ਵੰਡੇ ਸਨ। ਪਿੰਡ ਦੇ ਹੋਰਨਾਂ ਲੋਕਾਂ ਨੇ ਕਿੰਗਡਮ ਹਾਲ ਨੂੰ ਅੱਗ ਲਾਉਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਚਾਰ ਪੁਲਸੀਏ ਯਹੋਵਾਹ ਦੀ ਇਕ ਗਵਾਹ ਦੇ ਘਰ ਗਏ ਅਤੇ ਉਨ੍ਹਾਂ ਨੇ ਉਸ ਤੋਂ ਅਤੇ ਉਸ ਦੇ ਪਰਿਵਾਰ ਤੋਂ ਪੁੱਛ-ਗਿੱਛ ਕੀਤੀ। ਉਹ ਜਾਣਨਾ ਚਾਹੁੰਦੇ ਸਨ ਕਿ ਕਿੰਗਡਮ ਹਾਲ ਵਿਚ ਕੀ ਹੁੰਦਾ ਹੈ, ਇਸ ਲਈ ਉਸ ਭੈਣ ਨੇ ਉਨ੍ਹਾਂ ਨੂੰ ਇੰਡੋਨੇਸ਼ੀਆਈ ਭਾਸ਼ਾ ਵਿਚ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦਾ ਵੀਡੀਓ ਦਿਖਾਇਆ।

ਵੀਡੀਓ ਦੇਖਣ ਤੋਂ ਬਾਅਦ, ਇਕ ਪੁਲਸੀਏ ਨੇ ਕਿਹਾ: “ਹੁਣ ਮੈਂ ਜਾਣ ਗਿਆ ਹਾਂ ਕਿ ਲੋਕਾਂ ਨੂੰ ਤੁਹਾਡੇ ਬਾਰੇ ਗ਼ਲਤਫ਼ਹਿਮੀ ਹੈ ਅਤੇ ਉਹ ਸੱਚ-ਮੁੱਚ ਤੁਹਾਡੇ ਬਾਰੇ ਸੱਚਾਈ ਨਹੀਂ ਜਾਣਦੇ।” ਦੂਜੇ ਪੁਲਸੀਏ ਨੇ ਪੁੱਛਿਆ: “ਕੀ ਮੈਂ ਇਹ ਵੀਡੀਓ ਲੈ ਸਕਦਾ ਹਾਂ ਤਾਂਕਿ ਮੈਂ ਹੋਰਾਂ ਨੂੰ ਵੀ ਦਿਖਾ ਸਕਾਂ? ਇਹ ਵੀਡੀਓ ਤੁਹਾਡੇ ਬਾਰੇ ਸਹੀ ਜਾਣਕਾਰੀ ਦਿੰਦਾ ਹੈ।” ਹੁਣ ਪੁਲਿਸ ਗਵਾਹਾਂ ਬਾਰੇ ਸਹੀ ਨਜ਼ਰੀਆ ਰੱਖਦੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਵੀ ਕਰਦੀ ਹੈ।

ਜੇ ਤੁਸੀਂ ਹਾਲੇ ਤਕ ਇਹ ਵੀਡੀਓ ਨਹੀਂ ਦੇਖੇ ਹਨ, ਤਾਂ ਕਿਉਂ ਨਾ ਇਨ੍ਹਾਂ ਨੂੰ ਆਪਣੀ ਭਾਸ਼ਾ ਵਿਚ ਦੇਖੋ?