Skip to content

Skip to table of contents

ਪਾਠ 9

ਤੁਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਕਿਵੇਂ ਲਿਆ ਸਕਦੇ ਹੋ?

ਤੁਸੀਂ ਆਪਣੇ ਪਰਿਵਾਰ ਵਿਚ ਖ਼ੁਸ਼ੀਆਂ ਕਿਵੇਂ ਲਿਆ ਸਕਦੇ ਹੋ?

1. ਪਰਿਵਾਰ ਦੀ ਖ਼ੁਸ਼ੀ ਲਈ ਕਾਨੂੰਨੀ ਤੌਰ ਤੇ ਵਿਆਹ ਕਰਨਾ ਇੰਨਾ ਜ਼ਰੂਰੀ ਕਿਉਂ ਹੈ?

ਖ਼ੁਸ਼ ਖ਼ਬਰੀ ਖ਼ੁਸ਼ਦਿਲ ਪਰਮੇਸ਼ੁਰ ਯਹੋਵਾਹ ਤੋਂ ਹੈ ਅਤੇ ਉਹ ਚਾਹੁੰਦਾ ਹੈ ਕਿ ਸਾਰੇ ਪਰਿਵਾਰ ਖ਼ੁਸ਼ ਹੋਣ। (1 ਤਿਮੋਥਿਉਸ 1:11) ਉਸ ਨੇ ਹੀ ਪਹਿਲੇ ਜੋੜੇ ਨੂੰ ਵਿਆਹ ਦੇ ਬੰਧਨ ਵਿਚ ਬੰਨ੍ਹਿਆ ਸੀ। ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਲਿਆਉਣ ਲਈ ਕਾਨੂੰਨੀ ਤੌਰ ਤੇ ਵਿਆਹ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਬੱਚਿਆਂ ਦੀ ਪਰਵਰਿਸ਼ ਕਰਨ ਲਈ ਇਕ ਸੁਰੱਖਿਅਤ ਮਾਹੌਲ ਪੈਦਾ ਹੁੰਦਾ ਹੈ। ਮਸੀਹੀਆਂ ਲਈ ਵਿਆਹ ਨੂੰ ਕਾਨੂੰਨੀ ਤੌਰ ਤੇ ਰਜਿਸਟਰ ਕਰਾਉਣ ਦੇ ਸੰਬੰਧ ਵਿਚ ਦੇਸ਼ ਦੇ ਕਾਨੂੰਨਾਂ ਮੁਤਾਬਕ ਚੱਲਣ ਦੀ ਲੋੜ ਹੈ।​ਲੂਕਾ 2:1, 4, 5 ਪੜ੍ਹੋ।

ਪਰਮੇਸ਼ੁਰ ਵਿਆਹ ਦੇ ਬੰਧਨ ਨੂੰ ਕਿਵੇਂ ਵਿਚਾਰਦਾ ਹੈ? ਉਹ ਚਾਹੁੰਦਾ ਹੈ ਕਿ ਜਦ ਤੀਵੀਂ-ਆਦਮੀ ਵਿਚਕਾਰ ਇਹ ਬੰਧਨ ਬੱਝ ਜਾਂਦਾ ਹੈ, ਤਾਂ ਇਹ ਅਟੁੱਟ ਰਹੇ। ਯਹੋਵਾਹ ਚਾਹੁੰਦਾ ਹੈ ਕਿ ਪਤੀ-ਪਤਨੀ ਇਕ-ਦੂਜੇ ਪ੍ਰਤੀ ਵਫ਼ਾਦਾਰ ਰਹਿਣ। (ਇਬਰਾਨੀਆਂ 13:4) ਉਸ ਨੂੰ ਤਲਾਕ ਤੋਂ ਘਿਰਣਾ ਹੈ। (ਮਲਾਕੀ 2:16) ਪਰ ਜੇ ਕਿਸੇ ਮਸੀਹੀ ਦਾ ਜੀਵਨ ਸਾਥੀ ਹਰਾਮਕਾਰੀ ਕਰਦਾ ਹੈ, ਤਾਂ ਪਰਮੇਸ਼ੁਰ ਉਸ ਮਸੀਹੀ ਨੂੰ ਤਲਾਕ ਦੇਣ ਅਤੇ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਦਿੰਦਾ ਹੈ।​ਮੱਤੀ 19:3-6, 9 ਪੜ੍ਹੋ।

2. ਪਤੀ-ਪਤਨੀ ਨੂੰ ਇਕ-ਦੂਜੇ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ?

ਯਹੋਵਾਹ ਪਰਮੇਸ਼ੁਰ ਨੇ ਆਦਮੀ ਤੇ ਔਰਤ ਨੂੰ ਇਕ-ਦੂਜੇ ਦਾ ਸਾਥ ਨਿਭਾਉਣ ਲਈ ਸ੍ਰਿਸ਼ਟ ਕੀਤਾ ਸੀ। (ਉਤਪਤ 2:18) ਪਤੀ ਪਰਿਵਾਰ ਦਾ ਮੁਖੀ ਹੈ, ਇਸ ਲਈ ਉਸ ਨੂੰ ਪਰਿਵਾਰ ਦੇ ਜੀਆਂ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਰਮੇਸ਼ੁਰ ਬਾਰੇ ਵੀ ਸਿਖਾਉਣ ਦੀ ਲੋੜ ਹੈ। ਉਸ ਨੂੰ ਆਪਣੀ ਪਤਨੀ ਨਾਲ ਆਪਣੀ ਜਾਨ ਨਾਲੋਂ ਵੱਧ ਪਿਆਰ ਕਰਨਾ ਚਾਹੀਦਾ ਹੈ। ਪਤੀ-ਪਤਨੀ ਨੂੰ ਇਕ-ਦੂਜੇ ਨਾਲ ਪਿਆਰ ਅਤੇ ਇਕ-ਦੂਜੇ ਦਾ ਆਦਰ ਕਰਨਾ ਚਾਹੀਦਾ ਹੈ। ਵਿਆਹ ਦੋ ਨਾਮੁਕੰਮਲ ਇਨਸਾਨਾਂ ਦਾ ਮੇਲ ਹੈ, ਇਸ ਲਈ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆਉਣ ਲਈ ਇਕ-ਦੂਜੇ ਨੂੰ ਮਾਫ਼ ਕਰਨਾ ਲਾਜ਼ਮੀ ਹੈ।​ਅਫ਼ਸੀਆਂ 4:31, 32; 5:22-25, 33; 1 ਪਤਰਸ 3:7 ਪੜ੍ਹੋ।

3. ਜੇ ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਦੁਖੀ ਹੋ, ਤਾਂ ਕੀ ਤੁਹਾਨੂੰ ਆਪਣੇ ਜੀਵਨ ਸਾਥੀ ਨੂੰ ਛੱਡ ਦੇਣਾ ਚਾਹੀਦਾ ਹੈ?

ਜੇ ਤੁਹਾਨੂੰ ਵਿਆਹੁਤਾ ਜੀਵਨ ਵਿਚ ਮੁਸ਼ਕਲਾਂ ਆ ਰਹੀਆਂ ਹਨ, ਤਾਂ ਤੁਹਾਨੂੰ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਨਾਲ ਪੇਸ਼ ਆਉਣ ਦੀ ਲੋੜ ਹੈ। (1 ਕੁਰਿੰਥੀਆਂ 13:4, 5) ਪਰਮੇਸ਼ੁਰ ਦੇ ਬਚਨ ਵਿਚ ਇਹ ਸਲਾਹ ਨਹੀਂ ਦਿੱਤੀ ਗਈ ਕਿ ਵਿਆਹੁਤਾ ਜੀਵਨ ਵਿਚ ਛੋਟੀਆਂ-ਮੋਟੀਆਂ ਮੁਸ਼ਕਲਾਂ ਆਉਣ ਤੇ ਤੁਸੀਂ ਇਕ-ਦੂਜੇ ਤੋਂ ਅੱਡ ਹੋ ਸਕਦੇ ਹੋ।​1 ਕੁਰਿੰਥੀਆਂ 7:10-13 ਪੜ੍ਹੋ।

4. ਬੱਚਿਓ, ਪਰਮੇਸ਼ੁਰ ਤੁਹਾਡੇ ਲਈ ਕੀ ਚਾਹੁੰਦਾ ਹੈ?

ਯਹੋਵਾਹ ਤੁਹਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। ਉਹ ਤੁਹਾਨੂੰ ਆਪਣੀ ਜਵਾਨੀ ਵਿਚ ਖ਼ੁਸ਼ੀਆਂ ਪਾਉਣ ਲਈ ਸਭ ਤੋਂ ਵਧੀਆ ਸਲਾਹ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਤੁਸੀਂ ਆਪਣੇ ਮਾਤਾ-ਪਿਤਾ ਦੀ ਬੁੱਧ ਅਤੇ ਉਨ੍ਹਾਂ ਦੇ ਤਜਰਬੇ ਤੋਂ ਲਾਭ ਉਠਾਓ। (ਕੁਲੁੱਸੀਆਂ 3:20) ਯਹੋਵਾਹ ਇਹ ਵੀ ਚਾਹੁੰਦਾ ਹੈ ਕਿ ਤੁਸੀਂ ਆਪਣੇ ਸਿਰਜਣਹਾਰ ਅਤੇ ਉਸ ਦੇ ਪੁੱਤਰ ਦਾ ਕਹਿਣਾ ਮੰਨ ਕੇ ਖ਼ੁਸ਼ੀਆਂ ਮਾਣੋ।​ਉਪਦੇਸ਼ਕ ਦੀ ਪੋਥੀ 11:9–12:1; ਮੱਤੀ 19:13-15; 21:15, 16 ਪੜ੍ਹੋ।

5. ਮਾਪਿਓ, ਤੁਸੀਂ ਆਪਣੇ ਬੱਚਿਆਂ ਦੀ ਝੋਲ਼ੀ ਖ਼ੁਸ਼ੀਆਂ ਨਾਲ ਕਿਵੇਂ ਭਰ ਸਕਦੇ ਹੋ?

ਆਪਣੇ ਬੱਚਿਆਂ ਲਈ ਰੋਟੀ, ਕੱਪੜੇ ਤੇ ਮਕਾਨ ਦਾ ਇੰਤਜ਼ਾਮ ਕਰਨ ਲਈ ਤੁਹਾਨੂੰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ। (1 ਤਿਮੋਥਿਉਸ 5:8) ਪਰ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਖ਼ੁਸ਼ੀਆਂ ਪਾਉਣ, ਤਾਂ ਤੁਹਾਨੂੰ ਉਨ੍ਹਾਂ ਦੇ ਦਿਲਾਂ ਵਿਚ ਪਰਮੇਸ਼ੁਰ ਲਈ ਪਿਆਰ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਉਸ ਦੀ ਸਿੱਖਿਆ ਦੇਣੀ ਚਾਹੀਦੀ ਹੈ। (ਅਫ਼ਸੀਆਂ 6:4) ਪਰਮੇਸ਼ੁਰ ਲਈ ਤੁਹਾਡੇ ਪਿਆਰ ਦਾ ਤੁਹਾਡੇ ਬੱਚੇ ਦੇ ਦਿਲ ’ਤੇ ਗਹਿਰਾ ਅਸਰ ਪਵੇਗਾ। ਆਪਣੇ ਬੱਚੇ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖਿਆ ਦੇ ਕੇ ਤੁਸੀਂ ਉਸ ਦੀ ਸੋਚਣੀ ਉੱਤੇ ਚੰਗਾ ਪ੍ਰਭਾਵ ਪਾਓਗੇ।​ਬਿਵਸਥਾ ਸਾਰ 6:4-7; ਕਹਾਉਤਾਂ 22:6 ਪੜ੍ਹੋ।

ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਉਤਸ਼ਾਹ ਦਿੰਦੇ ਹੋ ਅਤੇ ਉਨ੍ਹਾਂ ਦੀ ਤਾਰੀਫ਼ ਕਰਦੇ ਹੋ, ਤਾਂ ਉਨ੍ਹਾਂ ਦਾ ਹੌਸਲਾ ਵਧਦਾ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਤਾੜਨਾ ਅਤੇ ਅਨੁਸ਼ਾਸਨ ਦੀ ਵੀ ਲੋੜ ਹੈ। ਬੱਚਿਆਂ ਨੂੰ ਅਜਿਹੀ ਸਿਖਲਾਈ ਦੇ ਕੇ ਤੁਸੀਂ ਉਨ੍ਹਾਂ ਨੂੰ ਉਸ ਚਾਲ-ਚਲਣ ਤੋਂ ਦੂਰ ਰੱਖੋਗੇ ਜਿਸ ਕਾਰਨ ਉਹ ਆਪਣੀਆਂ ਖ਼ੁਸ਼ੀਆਂ ਗੁਆ ਸਕਦੇ ਹਨ। (ਕਹਾਉਤਾਂ 22:15) ਪਰ ਉਨ੍ਹਾਂ ਨੂੰ ਜ਼ਿਆਦਾ ਸਖ਼ਤੀ ਜਾਂ ਬੇਰਹਿਮੀ ਨਾਲ ਤਾੜਨਾ ਕਦੇ ਨਹੀਂ ਦੇਣੀ ਚਾਹੀਦੀ।​ਕੁਲੁੱਸੀਆਂ 3:21 ਪੜ੍ਹੋ।

ਯਹੋਵਾਹ ਦੇ ਗਵਾਹਾਂ ਨੇ ਕਈ ਕਿਤਾਬਾਂ ਛਾਪੀਆਂ ਹਨ ਜੋ ਖ਼ਾਸ ਕਰਕੇ ਮਾਪਿਆਂ ਤੇ ਬੱਚਿਆਂ ਲਈ ਤਿਆਰ ਕੀਤੀਆਂ ਗਈਆਂ ਹਨ। ਇਹ ਕਿਤਾਬਾਂ ਬਾਈਬਲ ’ਤੇ ਆਧਾਰਿਤ ਹਨ।​ਜ਼ਬੂਰਾਂ ਦੀ ਪੋਥੀ 19:7, 11 ਪੜ੍ਹੋ।