Skip to content

ਬਾਈਬਲ ਬਦਲਦੀ ਹੈ ਜ਼ਿੰਦਗੀਆਂ

“ਹੁਣ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਦੁਨੀਆਂ ਬਦਲਣ ਦੀ ਲੋੜ ਹੈ”

“ਹੁਣ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਦੁਨੀਆਂ ਬਦਲਣ ਦੀ ਲੋੜ ਹੈ”
  • ਜਨਮ: 1966

  • ਦੇਸ਼: ਫਿਨਲੈਂਡ

  • ਅਤੀਤ: ਸਮਾਜ ਸੇਵਕ

ਮੇਰੇ ਅਤੀਤ ਬਾਰੇ ਕੁਝ ਗੱਲਾਂ:

ਬਚਪਨ ਤੋਂ ਹੀ ਮੈਨੂੰ ਪੇੜ-ਪੌਦੇ ਅਤੇ ਹਰਿਆਲੀ ਬਹੁਤ ਪਸੰਦ ਸੀ। ਮੇਰੀ ਪਰਵਰਿਸ਼ ਯੂਵਾਸਕੂਲਾ ਨਾਂ ਦੇ ਇਕ ਸ਼ਹਿਰ ਵਿਚ ਹੋਈ। ਇਸ ਸ਼ਹਿਰ ਦੇ ਆਲੇ-ਦੁਆਲੇ ਕਈ ਜੰਗਲ ਤੇ ਤਲਾਬ ਸਨ। ਮੈਂ ਤੇ ਮੇਰਾ ਪਰਿਵਾਰ ਅਕਸਰ ਉੱਥੇ ਜਾਂਦੇ ਹੁੰਦੇ ਸੀ। ਮੈਨੂੰ ਬਚਪਨ ਤੋਂ ਹੀ ਜਾਨਵਰ ਬਹੁਤ ਪਸੰਦ ਸੀ। ਮੇਰਾ ਮਨ ਕਰਦਾ ਹੁੰਦਾ ਸੀ ਕਿ ਮੈਂ ਹਰ ਕੁੱਤੇ-ਬਿੱਲੀ ਨੂੰ ਜੱਫੀ ਪਾ ਲਵਾਂ। ਜਦ ਮੈਂ ਵੱਡਾ ਹੋਇਆ ਤਾਂ ਮੈਂ ਦੇਖਿਆ ਕਿ ਲੋਕ ਜਾਨਵਰਾਂ ਨਾਲ ਕਿੰਨੀ ਬੇਰਹਿਮੀ ਨਾਲ ਪੇਸ਼ ਆਉਂਦੇ ਹਨ। ਮੈਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ। ਮੈਂ ਇਕ ਇੱਦਾਂ ਦੇ ਸੰਗਠਨ ਨਾਲ ਜੁੜ ਗਿਆ ਜੋ ਜਾਨਵਰਾਂ ਦੀ ਸੁਰੱਖਿਆ ਕਰਦਾ ਸੀ। ਉੱਥੇ ਮੇਰੀ ਮੁਲਾਕਾਤ ਇੱਦਾਂ ਦੇ ਲੋਕਾਂ ਨਾਲ ਹੋਈ ਜਿਨ੍ਹਾਂ ਦੀ ਸੋਚ ਮੇਰੇ ਵਰਗੀ ਸੀ।

ਅਸੀਂ ਜਾਨਵਰਾਂ ਨੂੰ ਬਚਾਉਣ ਲਈ ਬਹੁਤ ਕੁਝ ਕੀਤਾ। ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਸੀ, ਧਰਨੇ ਲਾਉਂਦੇ ਸੀ ਅਤੇ ਇੱਦਾਂ ਦੀਆਂ ਦੁਕਾਨਾਂ ਦਾ ਵਿਰੋਧ ਕਰਦੇ ਸੀ ਜਿੱਥੇ ਜਾਨਵਰਾਂ ਦੇ ਵਾਲ਼ਾਂ ਦੀਆਂ ਬਣੀਆਂ ਚੀਜ਼ਾਂ ਵੇਚੀਆਂ ਜਾਂਦੀਆਂ ਸਨ। ਮੈਂ ਕੁਝ ਜਣਿਆਂ ਨਾਲ ਮਿਲ ਕੇ ਇਕ ਨਵਾਂ ਸੰਗਠਨ ਸ਼ੁਰੂ ਕੀਤਾ। ਕਈ ਵਾਰ ਅਸੀਂ ਕਾਨੂੰਨ ਆਪਣੇ ਹੱਥਾਂ ਵਿਚ ਲੈ ਲੈਂਦੇ ਸੀ ਜਿਸ ਕਰਕੇ ਮੈਨੂੰ ਕਈ ਵਾਰ ਜੇਲ੍ਹ ਜਾਣਾ ਪਿਆ ਅਤੇ ਕੋਟ-ਕਚਹਿਰੀਆਂ ਦੇ ਚੱਕਰ ਵੀ ਕੱਟਣੇ ਪਏ।

ਜਦੋਂ ਮੈਂ ਦੇਖਿਆ ਕਿ ਦੁਨੀਆਂ ਵਿਚ ਹੋਰ ਵੀ ਕਿੰਨੀਆਂ ਸਮੱਸਿਆਵਾਂ ਹਨ, ਤਾਂ ਮੈਂ ਪਰੇਸ਼ਾਨ ਹੋ ਗਿਆ। ਇਸ ਲਈ ਮੈਂ ਕਈ ਸੰਗਠਨਾਂ ਨਾਲ ਜੁੜ ਗਿਆ ਜਿਵੇਂ ਐਮਨਸਟੀ ਇੰਟਰਨੈਸ਼ਨਲ ਅਤੇ ਗ੍ਰੀਨਪੀਸ। ਮੈਂ ਇਨ੍ਹਾਂ ਸੰਗਠਨਾਂ ਦਾ ਸਾਥ ਦੇਣ ਲਈ ਜੀ-ਤੋੜ ਮਿਹਨਤ ਕੀਤੀ। ਮੈਂ ਉਨ੍ਹਾਂ ਲੋਕਾਂ ਦੇ ਹੱਕਾਂ ਲਈ ਲੜਦਾ ਸੀ ਜੋ ਗ਼ਰੀਬ ਸਨ ਜਾਂ ਜਿਨ੍ਹਾਂ ਕੋਲ ਖਾਣ-ਪੀਣ ਲਈ ਕੁਝ ਨਹੀਂ ਸੀ।

ਭਾਵੇਂ ਕਿ ਇਨ੍ਹਾਂ ਸੰਗਠਨਾਂ ਨੇ ਕੁਝ ਛੋਟੀਆਂ-ਮੋਟੀਆਂ ਸਮੱਸਿਆਵਾਂ ਸੁਲਝਾ ਲਈਆਂ ਸਨ, ਪਰ ਦੁਨੀਆਂ ਦੀਆਂ ਵੱਡੀਆਂ ਸਮੱਸਿਆਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਸਨ। ਕਿਸੇ ਨੂੰ ਕਿਸੇ ਦੀ ਪਰਵਾਹ ਨਹੀਂ ਸੀ। ਇੱਦਾਂ ਲੱਗਦਾ ਸੀ ਜਿਵੇਂ ਕਿਸੇ ਦੁਸ਼ਟ ਸ਼ਕਤੀ ਨੇ ਪੂਰੀ ਦੁਨੀਆਂ ’ਤੇ ਕਬਜ਼ਾ ਕੀਤਾ ਹੋਇਆ ਹੈ। ਮੈਂ ਸਮਝ ਗਿਆ ਕਿ ਮੈਂ ਦੁਨੀਆਂ ਨੂੰ ਨਹੀਂ ਬਦਲ ਸਕਦਾ। ਮੈਂ ਆਪਣੇ ਆਪ ਨੂੰ ਬੇਬੱਸ ਮਹਿਸੂਸ ਕੀਤਾ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ:

ਮੈਂ ਬਹੁਤ ਨਿਰਾਸ਼ ਹੋ ਗਿਆ ਸੀ ਇਸ ਲਈ ਮੈਂ ਬਾਈਬਲ ਪੜ੍ਹਨ ਦਾ ਸੋਚਿਆ। ਪਹਿਲਾਂ ਮੈਂ ਯਹੋਵਾਹ ਦੇ ਗਵਾਹਾਂ ਨਾਲ ਥੋੜ੍ਹੇ ਸਮੇਂ ਬਾਈਬਲ ਸਟੱਡੀ ਕੀਤੀ ਸੀ। ਮੈਨੂੰ ਯਾਦ ਹੈ ਕਿ ਉਹ ਲੋਕ ਬਹੁਤ ਚੰਗੇ ਸੀ ਤੇ ਮੇਰੇ ਨਾਲ ਬਹੁਤ ਪਿਆਰ ਨਾਲ ਗੱਲ ਕਰਦੇ ਸੀ। ਪਰ ਉਦੋਂ ਮੈਂ ਬਦਲਣਾ ਨਹੀਂ ਸੀ ਚਾਹੁੰਦਾ। ਪਰ ਹੁਣ ਮੇਰੇ ਹਾਲਾਤ ਕੁਝ ਹੋਰ ਸਨ।

ਮੈਂ ਬਾਈਬਲ ਚੁੱਕੀ ਤੇ ਇਸ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸ ਨੇ ਮੇਰੇ ਜ਼ਖ਼ਮਾਂ ’ਤੇ ਮਲ੍ਹਮ ਦਾ ਕੰਮ ਕੀਤਾ। ਮੈਂ ਦੇਖਿਆ ਕਿ ਬਾਈਬਲ ਵਿਚ ਇਹ ਕਈ ਵਾਰ ਦੱਸਿਆ ਗਿਆ ਹੈ ਕਿ ਸਾਨੂੰ ਜਾਨਵਰਾਂ ਨਾਲ ਬੇਰਹਿਮੀ ਨਾਲ ਪੇਸ਼ ਨਹੀਂ ਆਉਣਾ ਚਾਹੀਦਾ। ਜਿੱਦਾਂ ਕਹਾਉਤਾਂ 12:10 ਵਿਚ ਲਿਖਿਆ ਹੈ: “ਧਰਮੀ ਆਪਣੇ ਪਾਲਤੂ ਜਾਨਵਰਾਂ ਦਾ ਖ਼ਿਆਲ ਰੱਖਦਾ ਹੈ।” ਇਹ ਪੜ੍ਹ ਕੇ ਮੈਨੂੰ ਸਕੂਨ ਮਿਲਿਆ। ਮੈਨੂੰ ਇਹ ਵੀ ਸਮਝ ਆ ਗਈ ਕਿ ਪਰਮੇਸ਼ੁਰ ਸਾਡੇ ’ਤੇ ਦੁੱਖ ਨਹੀਂ ਲਿਆਉਂਦਾ। ਸਗੋਂ ਸਾਡੇ ’ਤੇ ਦੁੱਖ ਇਸ ਕਰਕੇ ਆਉਂਦੇ ਹਨ ਕਿਉਂਕਿ ਅਸੀਂ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਦੇ। ਨਾਲੇ ਮੈਂ ਇਹ ਵੀ ਸਿੱਖਿਆ ਕਿ ਪਰਮੇਸ਼ੁਰ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਧੀਰਜ ਰੱਖਦਾ ਹੈ।—ਜ਼ਬੂਰ 103:8-14.

ਮੈਂ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਨੂੰ ਇਕ ਚਿੱਠੀ ਲਿਖੀ ਅਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਮੰਗਵਾਈ। ਕੁਝ ਸਮੇਂ ਬਾਅਦ ਯਹੋਵਾਹ ਦੇ ਗਵਾਹ ਮੇਰੇ ਘਰ ਆਏ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਬਾਈਬਲ ਸਟੱਡੀ ਕਰਨੀ ਚਾਹੁੰਦਾ। ਮੈਂ ਹਾਂ ਕਹਿ ਦਿੱਤੀ ਤੇ ਫਿਰ ਮੈਂ ਮੀਟਿੰਗਾਂ ’ਤੇ ਵੀ ਜਾਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਬਾਈਬਲ ਦੀ ਸੱਚਾਈ ਨੇ ਮੇਰੇ ਦਿਲ ਵਿਚ ਜੜ੍ਹ ਫੜਨੀ ਸ਼ੁਰੂ ਕਰ ਦਿੱਤੀ।

ਬਾਈਬਲ ਦੀ ਮਦਦ ਨਾਲ ਮੈਂ ਆਪਣੇ ਵਿਚ ਕਈ ਬਦਲਾਅ ਕੀਤੇ। ਮੈਂ ਸਿਗਰਟ ਪੀਣੀ ਅਤੇ ਹੱਦੋਂ ਵੱਧ ਸ਼ਰਾਬ ਪੀਣੀ ਛੱਡ ਦਿੱਤੀ। ਮੈਂ ਆਪਣਾ ਪਹਿਰਾਵਾ ਅਤੇ ਆਪਣੀ ਬੋਲੀ ਵੀ ਸੁਧਾਰ ਲਈ। (ਰੋਮੀਆਂ 13:1) ਮੈਂ ਅਧਿਕਾਰੀਆਂ ਦਾ ਆਦਰ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਮੈਂ ਅਨੈਤਿਕ ਜ਼ਿੰਦਗੀ ਜੀਉਂਦਾ ਸੀ, ਪਰ ਫਿਰ ਮੈਂ ਉਹ ਸਾਰੇ ਕੰਮ ਛੱਡ ਦਿੱਤੇ।

ਮੈਂ ਜਿਨ੍ਹਾਂ ਸੰਗਠਨਾਂ ਨਾਲ ਜੁੜਿਆ ਹੋਇਆ ਸੀ ਉਨ੍ਹਾਂ ਨਾਲੋਂ ਨਾਤਾ ਤੋੜਨਾ ਮੈਨੂੰ ਬਹੁਤ ਔਖਾ ਲੱਗ ਰਿਹਾ ਸੀ। ਮੈਨੂੰ ਲੱਗਦਾ ਸੀ ਕਿ ਇੱਦਾਂ ਕਰ ਕੇ ਮੈਂ ਉਨ੍ਹਾਂ ਨੂੰ ਧੋਖਾ ਦੇ ਰਿਹਾ ਹਾਂ। ਪਰ ਜਦੋਂ ਮੈਂ ਸਿੱਖੀਆਂ ਕਿ ਪਰਮੇਸ਼ੁਰ ਦਾ ਰਾਜ ਹੀ ਦੁਨੀਆਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ, ਤਾਂ ਮੈਂ ਸੋਚਿਆ ਕਿ ਹੁਣ ਮੈਂ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਰਾਜ ਦਾ ਸਾਥ ਦੇਵਾਂਗਾ ਅਤੇ ਦੂਜਿਆਂ ਨੂੰ ਵੀ ਇਸ ਬਾਰੇ ਦੱਸਾਂਗਾ।—ਮੱਤੀ 6:33.

ਅੱਜ ਮੇਰੀ ਜ਼ਿੰਦਗੀ:

ਪਹਿਲਾਂ ਮੈਂ ਸੋਚਦਾ ਸੀ ਕਿ ਦੁਨੀਆਂ ਵਿਚ ਸਿਰਫ਼ ਦੋ ਤਰ੍ਹਾਂ ਦੇ ਲੋਕ ਹਨ, ਚੰਗੇ ਅਤੇ ਮਾੜੇ। ਮੇਰੇ ਹਿਸਾਬ ਨਾਲ ਜਿਹੜੇ ਲੋਕ ਮਾੜੇ ਸੀ ਮੈਂ ਉਨ੍ਹਾਂ ਦਾ ਵਿਰੋਧ ਕਰਦਾ ਹੁੰਦਾ ਸੀ। ਪਰ ਬਾਈਬਲ ਤੋਂ ਮੈਂ ਸਿੱਖਿਆ ਕਿ ਸਾਨੂੰ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਇਸ ਲਈ ਹੁਣ ਮੈਂ ਸਾਰਿਆਂ ਨੂੰ ਪਿਆਰ ਕਰਦਾ ਹਾਂ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਦਾ ਹਾਂ। (ਮੱਤੀ 5:44) ਜਦੋਂ ਉਹ ਇਸ ਰਾਜ ਬਾਰੇ ਸਿੱਖਦੇ ਹਨ, ਤਾਂ ਉਨ੍ਹਾਂ ਨੂੰ ਖ਼ੁਸ਼ੀ, ਮਨ ਦੀ ਸ਼ਾਂਤੀ ਅਤੇ ਚੰਗੇ ਭਵਿੱਖ ਦੀ ਉਮੀਦ ਮਿਲਦੀ ਹੈ।

ਮੈਂ ਸਾਰਾ ਕੁਝ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ ਹੈ। ਇੱਦਾਂ ਕਰਨ ਨਾਲ ਮੈਨੂੰ ਮਨ ਦੀ ਸ਼ਾਂਤੀ ਮਿਲੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਉਹ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਇਨਸਾਨਾਂ ਤੇ ਜਾਨਵਰਾਂ ਨੂੰ ਹਮੇਸ਼ਾ ਦੁੱਖ ਨਹੀਂ ਝੱਲਣ ਦੇਵੇਗਾ ਅਤੇ ਨਾ ਹੀ ਇਸ ਸੋਹਣੀ ਧਰਤੀ ਦਾ ਨਾਸ਼ ਹੋਣ ਦੇਵੇਗਾ। ਉਹ ਆਪਣੇ ਰਾਜ ਰਾਹੀਂ ਧਰਤੀ ’ਤੇ ਹੋਏ ਸਾਰੇ ਨੁਕਸਾਨ ਦੀ ਭਰਪਾਈ ਕਰੇਗਾ। (ਯਸਾਯਾਹ 11:1-9) ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੈਂ ਬਾਈਬਲ ਤੋਂ ਇਹ ਸੱਚਾਈਆਂ ਸਿੱਖੀਆਂ ਅਤੇ ਮੈਨੂੰ ਦੂਜਿਆਂ ਨੂੰ ਵੀ ਇਸ ਬਾਰੇ ਦੱਸ ਕੇ ਖ਼ੁਸ਼ੀ ਹੁੰਦੀ ਹੈ। ਹੁਣ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਦੁਨੀਆਂ ਬਦਲਣ ਦੀ ਲੋੜ ਹੈ।