Skip to content

Skip to table of contents

ਪਾਠ 17

“ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ”

“ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ”

1, 2. (ੳ) ਘਰ ਆਏ ਅਜਨਬੀ ਨੇ ਮਰੀਅਮ ਨੂੰ ਕੀ ਕਿਹਾ? (ਅ) ਮਰੀਅਮ ਦੀ ਜ਼ਿੰਦਗੀ ਵਿਚ ਕਿਹੜਾ ਮੋੜ ਆਇਆ?

ਮਰੀਅਮ ਆਪਣੇ ਘਰ ਆਏ ਇਕ ਅਜਨਬੀ ਨੂੰ ਦੇਖ ਕੇ ਹੱਕੀ-ਬੱਕੀ ਰਹਿ ਜਾਂਦੀ ਹੈ। ਉਹ ਉਸ ਦੇ ਮਾਤਾ-ਪਿਤਾ ਨੂੰ ਨਹੀਂ, ਸਗੋਂ ਮਰੀਅਮ ਨੂੰ ਮਿਲਣ ਆਇਆ ਹੈ! ਮਰੀਅਮ ਨੂੰ ਪੱਕਾ ਪਤਾ ਹੈ ਕਿ ਉਹ ਨਾਸਰਤ ਤੋਂ ਨਹੀਂ ਹੈ ਕਿਉਂਕਿ ਕਸਬੇ ਵਿਚ ਸਾਰੇ ਇਕ-ਦੂਸਰੇ ਨੂੰ ਜਾਣਦੇ ਹਨ। ਪਰ ਉਹ ਬਿਲਕੁਲ ਵੱਖਰਾ ਦਿਸਦਾ ਸੀ। ਉਸ ਨੇ ਮਰੀਅਮ ਨੂੰ ਇਕ ਅਨੋਖੀ ਗੱਲ ਕਹੀ: “ਵਧਾਈ ਹੋਵੇ, ਯਹੋਵਾਹ ਤੇਰੇ ਉੱਤੇ ਮਿਹਰਬਾਨ ਹੈ ਅਤੇ ਤੇਰੇ ਨਾਲ ਹੈ।”​—ਲੂਕਾ 1:26-28 ਪੜ੍ਹੋ।

2 ਇਸ ਤਰ੍ਹਾਂ ਬਾਈਬਲ ਮਰੀਅਮ ਨਾਲ ਸਾਡੀ ਜਾਣ-ਪਛਾਣ ਕਰਵਾਉਂਦੀ ਹੈ। ਮਰੀਅਮ ਗਲੀਲ ਦੇ ਨਾਸਰਤ ਕਸਬੇ ਵਿਚ ਰਹਿੰਦੇ ਹੇਲੀ ਦੀ ਧੀ ਸੀ। ਉਹ ਉਸ ਸਮੇਂ ਜ਼ਿੰਦਗੀ ਦੇ ਅਜਿਹੇ ਮੋੜ ਤੇ ਖੜ੍ਹੀ ਸੀ ਜਦੋਂ ਉਸ ਨੇ ਇਕ ਅਹਿਮ ਫ਼ੈਸਲਾ ਕਰਨਾ ਸੀ। ਉਸ ਵੇਲੇ ਉਸ ਦੀ ਕੁੜਮਾਈ ਯੂਸੁਫ਼ ਨਾਂ ਦੇ ਤਰਖਾਣ ਨਾਲ ਹੋਈ ਸੀ। ਭਾਵੇਂ ਯੂਸੁਫ਼ ਗ਼ਰੀਬ ਸੀ, ਪਰ ਵਫ਼ਾਦਾਰੀ ਨਾਲ ਯਹੋਵਾਹ ਦੀ ਭਗਤੀ ਕਰਦਾ ਸੀ। ਮਰੀਅਮ ਨੂੰ ਪਤਾ ਸੀ ਕਿ ਵਿਆਹ ਤੋਂ ਬਾਅਦ ਉਸ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ। ਉਹ ਯੂਸੁਫ਼ ਨਾਲ ਮਿਲ ਕੇ ਆਪਣਾ ਘਰ-ਬਾਰ ਸੰਭਾਲੇਗੀ ਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰੇਗੀ। ਪਰ ਫਿਰ ਇਕ ਦਿਨ ਅਚਾਨਕ ਹੀ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਜਦੋਂ ਇਕ ਅਜਨਬੀ ਉਸ ਲਈ ਪਰਮੇਸ਼ੁਰ ਦਾ ਸੁਨੇਹਾ ਲੈ ਕੇ ਆਇਆ।

3, 4. ਮਰੀਅਮ ਬਾਰੇ ਜਾਣਨ ਲਈ ਸਾਨੂੰ ਕਿਹੜੀਆਂ ਗੱਲਾਂ ਤੋਂ ਧਿਆਨ ਹਟਾਉਣ ਅਤੇ ਕਿਹੜੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ?

3 ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇ ਕਿ ਬਾਈਬਲ ਵਿਚ ਮਰੀਅਮ ਬਾਰੇ ਇੰਨਾ ਕੁਝ ਨਹੀਂ ਦੱਸਿਆ ਗਿਆ। ਇਸ ਵਿਚ ਉਸ ਦੀ ਪਰਵਰਿਸ਼, ਸ਼ਖ਼ਸੀਅਤ ਅਤੇ ਰੰਗ-ਰੂਪ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ। ਫਿਰ ਵੀ ਪਰਮੇਸ਼ੁਰ ਦੇ ਬਚਨ ਵਿਚ ਉਸ ਬਾਰੇ ਜਿੰਨਾ ਕੁ ਦੱਸਿਆ ਗਿਆ ਹੈ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਦੀ ਇਨਸਾਨ ਸੀ।

4 ਮਰੀਅਮ ਬਾਰੇ ਵੱਖੋ-ਵੱਖਰੇ ਧਰਮਾਂ ਵਿਚ ਵੱਖ-ਵੱਖ ਵਿਚਾਰ ਪਾਏ ਜਾਂਦੇ ਹਨ। ਪਰ ਉਸ ਬਾਰੇ ਸਹੀ ਜਾਣਕਾਰੀ ਲੈਣ ਲਈ ਸਾਨੂੰ ਇਨ੍ਹਾਂ ਵਿਚਾਰਾਂ ਨੂੰ ਨਜ਼ਰਅੰਦਾਜ਼ ਕਰਨ ਦੀ ਲੋੜ ਹੈ। ਆਓ ਆਪਾਂ ਮਰੀਅਮ ਦੀਆਂ ਬਣਾਈਆਂ ਬੇਹਿਸਾਬ ਤਸਵੀਰਾਂ ਤੇ ਬੁੱਤਾਂ ਤੋਂ ਆਪਣਾ ਧਿਆਨ ਹਟਾਈਏ। ਨਾਲੇ ਉਸ ਬਾਰੇ ਫੈਲਾਈਆਂ ਗੁੰਝਲਦਾਰ ਸਿੱਖਿਆਵਾਂ ਤੋਂ ਧਿਆਨ ਹਟਾਉਣਾ ਵੀ ਜ਼ਰੂਰੀ ਹੈ ਜਿਨ੍ਹਾਂ ਮੁਤਾਬਕ ਇਸ ਨਿਮਰ ਔਰਤ ਨੂੰ “ਪਰਮੇਸ਼ੁਰ ਦੀ ਮਾਤਾ” ਤੇ “ਸਵਰਗ ਦੀ ਰਾਣੀ” ਵਰਗੇ ਰੁਤਬੇ ਦਿੱਤੇ ਗਏ ਹਨ। ਇਸ ਦੀ ਬਜਾਇ ਆਓ ਦੇਖੀਏ ਕਿ ਬਾਈਬਲ ਉਸ ਬਾਰੇ ਕੀ ਦੱਸਦੀ ਹੈ। ਬਾਈਬਲ ਸਾਨੂੰ ਉਸ ਦੀ ਪੱਕੀ ਨਿਹਚਾ ਬਾਰੇ ਦੱਸਦੀ ਹੈ ਤੇ ਇਹ ਵੀ ਦੱਸਦੀ ਹੈ ਕਿ ਅਸੀਂ ਉਸ ਦੀ ਨਿਹਚਾ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਦੂਤ ਨਾਲ ਮੁਲਾਕਾਤ

5. (ੳ) ਜਬਰਾਏਲ ਦੀ ਗੱਲ ਦਾ ਮਰੀਅਮ ’ਤੇ ਜੋ ਅਸਰ ਪਿਆ, ਉਸ ਤੋਂ ਅਸੀਂ ਮਰੀਅਮ ਬਾਰੇ ਕੀ ਸਿੱਖਦੇ ਹਾਂ? (ਅ) ਅਸੀਂ ਮਰੀਅਮ ਤੋਂ ਕਿਹੜਾ ਜ਼ਰੂਰੀ ਸਬਕ ਸਿੱਖ ਸਕਦੇ ਹਾਂ?

5 ਸ਼ਾਇਦ ਤੁਹਾਨੂੰ ਪਤਾ ਹੋਣਾ ਕਿ ਮਰੀਅਮ ਨੂੰ ਮਿਲਣ ਆਇਆ ਅਜਨਬੀ ਕੋਈ ਇਨਸਾਨ ਨਹੀਂ, ਸਗੋਂ ਜਬਰਾਏਲ ਦੂਤ ਸੀ। ਜਦੋਂ ਉਸ ਨੇ ਮਰੀਅਮ ਨੂੰ ਕਿਹਾ ਕਿ “ਯਹੋਵਾਹ ਤੇਰੇ ਉੱਤੇ ਮਿਹਰਬਾਨ ਹੈ,” ਤਾਂ ਉਹ “ਬਹੁਤ ਘਬਰਾ ਗਈ” ਅਤੇ ਸੋਚਾਂ ਵਿਚ ਪੈ ਗਈ ਕਿ ਦੂਤ ਨੇ ਇੱਦਾਂ ਕਿਉਂ ਕਿਹਾ। (ਲੂਕਾ 1:29) ਉਸ ਨੇ ਇਨਸਾਨਾਂ ਤੋਂ ਤਾਂ ਕਦੀ ਇਹ ਉਮੀਦ ਨਹੀਂ ਰੱਖੀ ਸੀ। ਪਰ ਜਿਵੇਂ ਦੂਤ ਨੇ ਕਿਹਾ ਸੀ, ਯਹੋਵਾਹ ਨੇ ਉਸ ’ਤੇ ਕਿਰਪਾ ਕੀਤੀ ਸੀ। ਇਹ ਗੱਲ ਮਰੀਅਮ ਲਈ ਬਹੁਤ ਮਾਅਨੇ ਰੱਖਦੀ ਸੀ। ਉਹ ਇੰਨੀ ਨਿਮਰ ਸੀ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਸ ਸਨਮਾਨ ਦੇ ਕਾਬਲ ਸੀ। ਜੇ ਅਸੀਂ ਪਰਮੇਸ਼ੁਰ ਦੀ ਮਿਹਰ ਪਾਉਣੀ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਮਰੀਅਮ ਵਰਗਾ ਰਵੱਈਆ ਰੱਖੀਏ ਅਤੇ ਘਮੰਡ ਨਾਲ ਇਹ ਨਾ ਸੋਚੀਏ ਕਿ ਸਾਡੇ ਉੱਤੇ ਤਾਂ ਪਹਿਲਾਂ ਹੀ ਪਰਮੇਸ਼ੁਰ ਦੀ ਮਿਹਰ ਹੈ। ਪਰਮੇਸ਼ੁਰ ਨੂੰ ਹੰਕਾਰੀਆਂ ਨਾਲ ਨਫ਼ਰਤ ਹੈ, ਪਰ ਉਹ ਹਲੀਮਾਂ ’ਤੇ ਕਿਰਪਾ ਕਰਦਾ ਹੈ।​—ਯਾਕੂ. 4:6.

ਉਹ ਇੰਨੀ ਨਿਮਰ ਸੀ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਪਰਮੇਸ਼ੁਰ ਦੀ ਮਿਹਰ ਦੇ ਕਾਬਲ ਸੀ

6. ਦੂਤ ਮਰੀਅਮ ਨੂੰ ਕਿਹੜਾ ਖ਼ਾਸ ਸਨਮਾਨ ਦੇਣ ਆਇਆ ਸੀ?

6 ਦੂਤ ਉਸ ਨੂੰ ਇਕ ਬਹੁਤ ਹੀ ਵੱਡਾ ਸਨਮਾਨ ਦੇਣ ਆਇਆ ਸੀ, ਇਸ ਲਈ ਮਰੀਅਮ ਨੂੰ ਬਹੁਤ ਜ਼ਿਆਦਾ ਨਿਮਰ ਬਣੇ ਰਹਿਣ ਦੀ ਲੋੜ ਸੀ। ਉਸ ਨੇ ਦੱਸਿਆ ਕਿ ਮਰੀਅਮ ਇਕ ਬੱਚੇ ਨੂੰ ਜਨਮ ਦੇਵੇਗੀ ਜੋ ਸਾਰੇ ਇਨਸਾਨਾਂ ਤੋਂ ਮਹਾਨ ਹੋਵੇਗਾ। ਜਬਰਾਏਲ ਦੂਤ ਨੇ ਕਿਹਾ: “ਯਹੋਵਾਹ ਪਰਮੇਸ਼ੁਰ ਉਸ ਨੂੰ ਉਸ ਦੇ ਪੂਰਵਜ ਦਾਊਦ ਦੀ ਰਾਜ-ਗੱਦੀ ਦੇਵੇਗਾ, ਅਤੇ ਉਹ ਯਾਕੂਬ ਦੇ ਘਰਾਣੇ ਉੱਤੇ ਹਮੇਸ਼ਾ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਕਦੀ ਵੀ ਅੰਤ ਨਹੀਂ ਹੋਵੇਗਾ।” (ਲੂਕਾ 1:32, 33) ਮਰੀਅਮ ਉਸ ਵਾਅਦੇ ਬਾਰੇ ਜਾਣਦੀ ਸੀ ਜੋ ਹਜ਼ਾਰ ਸਾਲ ਪਹਿਲਾਂ ਪਰਮੇਸ਼ੁਰ ਨੇ ਦਾਊਦ ਨਾਲ ਕੀਤਾ ਸੀ। ਇਹ ਵਾਅਦਾ ਸੀ ਕਿ ਦਾਊਦ ਦੇ ਘਰਾਣੇ ਵਿੱਚੋਂ ਇਕ ਜਣਾ ਹਮੇਸ਼ਾ ਲਈ ਰਾਜ ਕਰੇਗਾ। (2 ਸਮੂ. 7:12, 13) ਸੋ ਮਰੀਅਮ ਦੇ ਪੁੱਤਰ ਨੇ ਮਸੀਹ ਬਣਨਾ ਸੀ ਜਿਸ ਨੂੰ ਸਦੀਆਂ ਤੋਂ ਪਰਮੇਸ਼ੁਰ ਦੇ ਲੋਕ ਉਡੀਕ ਰਹੇ ਸਨ!

ਜਬਰਾਏਲ ਦੂਤ ਮਰੀਅਮ ਨੂੰ ਇਕ ਬਹੁਤ ਹੀ ਵੱਡਾ ਸਨਮਾਨ ਦੇਣ ਆਇਆ ਸੀ

7. (ੳ) ਮਰੀਅਮ ਨੇ ਜੋ ਸਵਾਲ ਪੁੱਛਿਆ, ਉਸ ਤੋਂ ਉਸ ਬਾਰੇ ਕੀ ਪਤਾ ਲੱਗਦਾ ਹੈ? (ਅ) ਮਰੀਅਮ ਦੀ ਮਿਸਾਲ ਤੋਂ ਅੱਜ ਨੌਜਵਾਨ ਕੀ ਸਿੱਖ ਸਕਦੇ ਹਨ?

7 ਦੂਤ ਨੇ ਇਹ ਵੀ ਕਿਹਾ ਕਿ ਮਰੀਅਮ ਦਾ ਪੁੱਤਰ “ਅੱਤ ਮਹਾਨ ਦਾ ਪੁੱਤਰ ਕਹਾਵੇਗਾ।” ਪਰ ਇਕ ਔਰਤ ਪਰਮੇਸ਼ੁਰ ਦੇ ਬੇਟੇ ਨੂੰ ਕਿੱਦਾਂ ਜਨਮ ਦੇ ਸਕਦੀ ਸੀ? ਮਰੀਅਮ ਨੇ ਵੀ ਸੋਚਿਆ ਹੋਣਾ ਕਿ ਉਹ ਬੱਚਾ ਕਿਵੇਂ ਪੈਦਾ ਕਰ ਸਕਦੀ ਸੀ ਕਿਉਂਕਿ ਉਸ ਦਾ ਯੂਸੁਫ਼ ਨਾਲ ਅਜੇ ਵਿਆਹ ਨਹੀਂ ਹੋਇਆ ਸੀ, ਸਿਰਫ਼ ਕੁੜਮਾਈ ਹੋਈ ਸੀ। ਇਸ ਕਰਕੇ ਉਸ ਨੇ ਦੂਤ ਨੂੰ ਪੁੱਛਿਆ: “ਇਹ ਕਿਵੇਂ ਹੋ ਸਕਦਾ ਹੈ? ਮੈਂ ਤਾਂ ਅਜੇ ਕੁਆਰੀ ਹਾਂ।” (ਲੂਕਾ 1:34) ਧਿਆਨ ਦਿਓ ਕਿ ਮਰੀਅਮ ਨੇ ਦੂਤ ਨਾਲ ਬਿਨਾਂ ਝਿਜਕੇ ਆਪਣੇ ਕੁਆਰੇਪਣ ਬਾਰੇ ਗੱਲ ਕੀਤੀ। ਉਸ ਨੂੰ ਆਪਣੇ ਕੁਆਰੇਪਣ ਉੱਤੇ ਮਾਣ ਸੀ। ਇਸ ਦੇ ਉਲਟ, ਅੱਜ ਬਹੁਤ ਸਾਰੇ ਨੌਜਵਾਨ ਵਿਆਹ ਤੋਂ ਪਹਿਲਾਂ ਹੀ ਸਰੀਰਕ ਸੰਬੰਧ ਬਣਾਉਣ ਲਈ ਕਾਹਲੇ ਹੁੰਦੇ ਹਨ ਤੇ ਜੋ ਇੱਦਾਂ ਨਹੀਂ ਕਰਦੇ, ਉਨ੍ਹਾਂ ਦਾ ਮਖੌਲ ਉਡਾਇਆ ਜਾਂਦਾ ਹੈ। ਵਾਕਈ, ਦੁਨੀਆਂ ਵਿਚ ਨੈਤਿਕ ਮਿਆਰਾਂ ਦੀ ਕੋਈ ਕਦਰ ਨਹੀਂ। ਪਰ ਯਹੋਵਾਹ ਦੇ ਮਿਆਰ ਅਟੱਲ ਰਹਿੰਦੇ ਹਨ। (ਮਲਾ. 3:6) ਮਰੀਅਮ ਦੇ ਦਿਨਾਂ ਦੀ ਤਰ੍ਹਾਂ ਅੱਜ ਵੀ ਯਹੋਵਾਹ ਉਨ੍ਹਾਂ ਲੋਕਾਂ ਦੀ ਕਦਰ ਕਰਦਾ ਹੈ ਜੋ ਉਸ ਦੇ ਉੱਚੇ-ਸੁੱਚੇ ਅਸੂਲਾਂ ’ਤੇ ਚੱਲਦੇ ਹਨ।​—ਇਬਰਾਨੀਆਂ 13:4 ਪੜ੍ਹੋ।

8. ਨਾਮੁਕੰਮਲ ਮਰੀਅਮ ਇਕ ਮੁਕੰਮਲ ਬੱਚੇ ਨੂੰ ਜਨਮ ਕਿਵੇਂ ਦੇ ਸਕਦੀ ਸੀ?

8 ਭਾਵੇਂ ਕਿ ਮਰੀਅਮ ਯਹੋਵਾਹ ਦੀ ਵਫ਼ਾਦਾਰ ਸੇਵਕ ਸੀ, ਪਰ ਉਹ ਨਾਮੁਕੰਮਲ ਸੀ। ਤਾਂ ਫਿਰ ਉਹ ਪਰਮੇਸ਼ੁਰ ਦੇ ਮੁਕੰਮਲ ਪੁੱਤਰ ਨੂੰ ਜਨਮ ਕਿਵੇਂ ਦੇ ਸਕਦੀ ਸੀ? ਜਬਰਾਏਲ ਨੇ ਸਮਝਾਇਆ: “ਪਵਿੱਤਰ ਸ਼ਕਤੀ ਤੇਰੇ ਉੱਤੇ ਆਵੇਗੀ ਅਤੇ ਅੱਤ ਮਹਾਨ ਦੀ ਤਾਕਤ ਤੇਰੇ ਉੱਤੇ ਛਾਇਆ ਕਰੇਗੀ। ਇਸ ਲਈ ਪੈਦਾ ਹੋਣ ਵਾਲਾ ਬੱਚਾ ਪਵਿੱਤਰ ਹੋਵੇਗਾ ਅਤੇ ਪਰਮੇਸ਼ੁਰ ਦਾ ਪੁੱਤਰ ਕਹਾਵੇਗਾ।” (ਲੂਕਾ 1:35) ਪਵਿੱਤਰ ਦਾ ਮਤਲਬ ਹੈ “ਸਾਫ਼-ਸੁਥਰਾ,” “ਸ਼ੁੱਧ” ਤੇ “ਪਾਕ।” ਬੱਚਿਆਂ ਨੂੰ ਆਪਣੇ ਪਾਪੀ ਮਾਪਿਆਂ ਤੋਂ ਵਿਰਸੇ ਵਿਚ ਪਾਪ ਹੀ ਮਿਲਦਾ ਹੈ। ਪਰ ਮਰੀਅਮ ਦੇ ਮਾਮਲੇ ਵਿਚ ਯਹੋਵਾਹ ਨੇ ਅਨੋਖਾ ਚਮਤਕਾਰ ਕਰਨਾ ਸੀ। ਉਸ ਨੇ ਸਵਰਗੋਂ ਆਪਣੇ ਪੁੱਤਰ ਦਾ ਜੀਵਨ ਮਰੀਅਮ ਦੀ ਕੁੱਖ ਵਿਚ ਪਾ ਕੇ ਆਪਣੀ ਪਵਿੱਤਰ ਸ਼ਕਤੀ ਨਾਲ ਮਰੀਅਮ ’ਤੇ “ਛਾਇਆ” ਕਰਨੀ ਸੀ ਤਾਂਕਿ ਬੱਚੇ ਵਿਚ ਕਿਸੇ ਵੀ ਤਰ੍ਹਾਂ ਦਾ ਪਾਪ ਨਾ ਆਵੇ। ਕੀ ਮਰੀਅਮ ਨੇ ਦੂਤ ਦੀ ਗੱਲ ’ਤੇ ਭਰੋਸਾ ਕੀਤਾ? ਉਸ ਨੇ ਦੂਤ ਦੀ ਗੱਲ ਦਾ ਕੀ ਜਵਾਬ ਦਿੱਤਾ?

ਮਰੀਅਮ ਦਾ ਜਵਾਬ

9. (ੳ) ਮਰੀਅਮ ਦੀ ਕਹਾਣੀ ਉੱਤੇ ਭਰੋਸਾ ਨਾ ਕਰਨ ਵਾਲੇ ਲੋਕ ਕਿਉਂ ਗ਼ਲਤ ਹਨ? (ਅ) ਜਬਰਾਏਲ ਨੇ ਮਰੀਅਮ ਦੀ ਨਿਹਚਾ ਕਿਵੇਂ ਮਜ਼ਬੂਤ ਕੀਤੀ?

9 ਇਸ ਚਮਤਕਾਰ ਉੱਤੇ ਭਰੋਸਾ ਨਾ ਕਰਨ ਵਾਲੇ ਲੋਕਾਂ, ਜਿਨ੍ਹਾਂ ਵਿਚ ਚਰਚਾਂ ਦੇ ਕੁਝ ਵਿਦਵਾਨ ਵੀ ਸ਼ਾਮਲ ਹਨ, ਨੂੰ ਇਹ ਮੰਨਣਾ ਔਖਾ ਲੱਗਦਾ ਹੈ ਕਿ ਇਕ ਕੁਆਰੀ ਕੁੜੀ ਬੱਚੇ ਨੂੰ ਜਨਮ ਕਿਵੇਂ ਦੇ ਸਕਦੀ ਹੈ। ਇੰਨਾ ਗਿਆਨ ਲੈਣ ਦੇ ਬਾਵਜੂਦ ਵੀ ਉਹ ਇਹ ਸੌਖੀ ਜਿਹੀ ਗੱਲ ਨਹੀਂ ਸਮਝ ਸਕਦੇ। ਜਬਰਾਏਲ ਨੇ ਕਿਹਾ ਸੀ: “ਪਰਮੇਸ਼ੁਰ ਦੀ ਕਹੀ ਹਰ ਗੱਲ ਪੂਰੀ ਹੋ ਕੇ ਹੀ ਰਹਿੰਦੀ ਹੈ।” (ਲੂਕਾ 1:37) ਮਰੀਅਮ ਨੇ ਜਬਰਾਏਲ ਦੀ ਗੱਲ ’ਤੇ ਵਿਸ਼ਵਾਸ ਕੀਤਾ ਕਿਉਂਕਿ ਉਸ ਨੂੰ ਪਰਮੇਸ਼ੁਰ ’ਤੇ ਪੱਕੀ ਨਿਹਚਾ ਸੀ। ਪਰ ਉਸ ਨੇ ਦੂਤ ਦੀ ਇਸ ਗੱਲ ’ਤੇ ਅੱਖਾਂ ਮੀਟ ਕੇ ਭਰੋਸਾ ਨਹੀਂ ਕੀਤਾ। ਕਿਸੇ ਵੀ ਸਮਝਦਾਰ ਇਨਸਾਨ ਦੀ ਤਰ੍ਹਾਂ ਮਰੀਅਮ ਨੂੰ ਵੀ ਇਸ ਗੱਲ ’ਤੇ ਨਿਹਚਾ ਕਰਨ ਲਈ ਸਬੂਤ ਦੀ ਲੋੜ ਸੀ। ਜਬਰਾਏਲ ਸਬੂਤ ਦੇਣ ਲਈ ਤਿਆਰ ਸੀ। ਉਸ ਨੇ ਮਰੀਅਮ ਨੂੰ ਉਸ ਦੀ ਬਿਰਧ ਰਿਸ਼ਤੇਦਾਰ ਇਲੀਸਬਤ ਬਾਰੇ ਦੱਸਿਆ ਜੋ ਕਾਫ਼ੀ ਸਮੇਂ ਤੋਂ ਬਾਂਝ ਸੀ। ਪਰ ਯਹੋਵਾਹ ਨੇ ਉਸ ਦੀ ਗੋਦ ਵੀ ਹਰੀ ਕਰ ਦਿੱਤੀ ਸੀ!

10. ਸਾਨੂੰ ਇਹ ਕਿਉਂ ਨਹੀਂ ਸੋਚਣਾ ਚਾਹੀਦਾ ਕਿ ਮਰੀਅਮ ਲਈ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨਾ ਸੌਖਾ ਸੀ?

10 ਮਰੀਅਮ ਹੁਣ ਕੀ ਕਰੇਗੀ? ਉਸ ਨੂੰ ਇਕ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਉਸ ਨੂੰ ਇਸ ਗੱਲ ਦਾ ਸਬੂਤ ਮਿਲ ਗਿਆ ਸੀ ਕਿ ਜਬਰਾਏਲ ਨੇ ਜੋ ਕਿਹਾ ਸੀ, ਯਹੋਵਾਹ ਨੇ ਉੱਦਾਂ ਹੀ ਕਰਨਾ ਸੀ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮਰੀਅਮ ਲਈ ਇਹ ਸਭ ਕੁਝ ਕਰਨਾ ਸੌਖਾ ਸੀ। ਪਹਿਲੀ ਗੱਲ, ਕੀ ਉਸ ਦਾ ਮੰਗੇਤਰ ਯੂਸੁਫ਼ ਉਸ ਨਾਲ ਵਿਆਹ ਕਰਨ ਲਈ ਰਾਜ਼ੀ ਹੋਵੇਗਾ ਜਦ ਉਸ ਦੇ ਗਰਭਵਤੀ ਹੋਣ ਬਾਰੇ ਯੂਸੁਫ਼ ਨੂੰ ਪਤਾ ਲੱਗੇਗਾ? ਇਸ ਤੋਂ ਇਲਾਵਾ, ਉਸ ਨੂੰ ਸ਼ਾਇਦ ਇਸ ਗੱਲ ਦੀ ਵੀ ਚਿੰਤਾ ਸੀ ਕਿ ਉਹ ਇਹ ਭਾਰੀ ਜ਼ਿੰਮੇਵਾਰੀ ਪੂਰੀ ਕਰ ਸਕੇਗੀ ਜਾਂ ਨਹੀਂ। ਉਸ ਦੀ ਕੁੱਖ ਵਿਚ ਪਰਮੇਸ਼ੁਰ ਦੇ ਸਭ ਤੋਂ ਪਿਆਰੇ ਪੁੱਤਰ ਨੇ ਪਲ਼ਣਾ ਸੀ। ਨਾਲੇ ਉਸ ਨੇ ਇਸ ਨੰਨ੍ਹੀ ਜਾਨ ਦੀ ਦੇਖ-ਭਾਲ ਕਰਨੀ ਸੀ ਤੇ ਦੁਸ਼ਟ ਸੰਸਾਰ ਵਿਚ ਉਸ ਦੀ ਰੱਖਿਆ ਕਰਨੀ ਸੀ। ਵਾਕਈ, ਕਿੰਨੀ ਵੱਡੀ ਜ਼ਿੰਮੇਵਾਰੀ!

11, 12. (ੳ) ਪੱਕੀ ਨਿਹਚਾ ਕਰਨ ਵਾਲੇ ਬੰਦੇ ਵੀ ਪਰਮੇਸ਼ੁਰ ਵੱਲੋਂ ਮਿਲੇ ਔਖੇ ਕੰਮ ਕਰਨ ਤੋਂ ਕਿਵੇਂ ਹਿਚਕਿਚਾਏ ਸਨ? (ਅ) ਜਬਰਾਏਲ ਨੂੰ ਦਿੱਤੇ ਜਵਾਬ ਤੋਂ ਮਰੀਅਮ ਬਾਰੇ ਕੀ ਪਤਾ ਲੱਗਦਾ ਹੈ?

11 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪੱਕੀ ਨਿਹਚਾ ਕਰਨ ਵਾਲੇ ਬੰਦੇ ਵੀ ਕਦੇ-ਕਦਾਈਂ ਪਰਮੇਸ਼ੁਰ ਵੱਲੋਂ ਦਿੱਤੇ ਔਖੇ ਕੰਮ ਕਰਨ ਤੋਂ ਹਿਚਕਿਚਾਏ ਸਨ। ਜਦੋਂ ਪਰਮੇਸ਼ੁਰ ਨੇ ਆਪਣੇ ਭਗਤ ਮੂਸਾ ਨੂੰ ਫ਼ਿਰਊਨ ਨਾਲ ਗੱਲ ਕਰਨ ਲਈ ਕਿਹਾ, ਤਾਂ ਮੂਸਾ ਨੇ ਇਸ ਜ਼ਿੰਮੇਵਾਰੀ ਨੂੰ ਸਵੀਕਾਰ ਕਰਨ ਤੋਂ ਹਿਚਕਿਚਾਉਂਦੇ ਹੋਏ ਕਿਹਾ ਸੀ ਕਿ ਉਸ ਨੂੰ ਚੰਗੀ ਤਰ੍ਹਾਂ ਬੋਲਣਾ ਨਹੀਂ ਆਉਂਦਾ। (ਕੂਚ 4:10) ਜਦੋਂ ਪਰਮੇਸ਼ੁਰ ਨੇ ਯਿਰਮਿਯਾਹ ਨੂੰ ਆਪਣੇ ਨਬੀ ਵਜੋਂ ਜ਼ਿੰਮੇਵਾਰੀ ਦਿੱਤੀ ਸੀ, ਤਾਂ ਉਸ ਨੇ ਵੀ ਝਿਜਕਦੇ ਹੋਏ ਕਿਹਾ ਕਿ ਇਸ ਜ਼ਿੰਮੇਵਾਰੀ ਨੂੰ ਚੁੱਕਣ ਲਈ ਉਸ ਦੀ ਉਮਰ ਅਜੇ ਘੱਟ ਸੀ। (ਯਿਰ. 1:6) ਯੂਨਾਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਿਆ ਸੀ। (ਯੂਨਾ. 1:3) ਪਰ ਮਰੀਅਮ ਬਾਰੇ ਕੀ?

12 ਅੱਜ ਸਾਰੇ ਨਿਹਚਾਵਾਨ ਲੋਕਾਂ ਲਈ ਮਰੀਅਮ ਦੇ ਸ਼ਬਦ ਬਹੁਤ ਅਹਿਮੀਅਤ ਰੱਖਦੇ ਹਨ ਜਿਨ੍ਹਾਂ ਤੋਂ ਉਸ ਦੀ ਨਿਮਰਤਾ ਤੇ ਆਗਿਆਕਾਰੀ ਝਲਕਦੀ ਹੈ। ਉਸ ਨੇ ਜਬਰਾਏਲ ਨੂੰ ਕਿਹਾ: “ਦੇਖ, ਮੈਂ ਯਹੋਵਾਹ ਦੀ ਦਾਸੀ ਹਾਂ। ਜਿਵੇਂ ਤੂੰ ਕਿਹਾ ਹੈ, ਮੇਰੇ ਨਾਲ ਉਸੇ ਤਰ੍ਹਾਂ ਹੋਵੇ।” (ਲੂਕਾ 1:38) ਇਕ ਦਾਸੀ ਦੀ ਕੋਈ ਹੈਸੀਅਤ ਨਹੀਂ ਹੁੰਦੀ ਸੀ ਤੇ ਉਸ ਦੀ ਪੂਰੀ ਜ਼ਿੰਦਗੀ ਉਸ ਦੇ ਮਾਲਕ ਦੇ ਹੱਥਾਂ ਵਿਚ ਹੁੰਦੀ ਸੀ। ਮਰੀਅਮ ਨੇ ਵੀ ਆਪਣੀ ਜ਼ਿੰਦਗੀ ਆਪਣੇ ਮਾਲਕ ਯਹੋਵਾਹ ਦੇ ਹੱਥਾਂ ਵਿਚ ਸੌਂਪ ਦਿੱਤੀ। ਉਹ ਜਾਣਦੀ ਸੀ ਕਿ ਉਹ ਯਹੋਵਾਹ ਦੇ ਹੱਥਾਂ ਵਿਚ ਸੁਰੱਖਿਅਤ ਸੀ ਕਿਉਂਕਿ ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਨਾਲ ਵਫ਼ਾਦਾਰੀ ਕਰਦਾ ਹੈ। ਨਾਲੇ ਉਸ ਨੂੰ ਇਹ ਵੀ ਪਤਾ ਸੀ ਕਿ ਜੇ ਉਸ ਨੇ ਆਪਣੀ ਜ਼ਿੰਮੇਵਾਰੀ ਜੀ-ਜਾਨ ਲਾ ਕੇ ਪੂਰੀ ਕੀਤੀ, ਤਾਂ ਯਹੋਵਾਹ ਉਸ ਨੂੰ ਜ਼ਰੂਰ ਬਰਕਤ ਦੇਵੇਗਾ।​—ਜ਼ਬੂ. 18:25.

ਮਰੀਅਮ ਜਾਣਦੀ ਸੀ ਕਿ ਉਹ ਆਪਣੇ ਵਫ਼ਾਦਾਰ ਪਰਮੇਸ਼ੁਰ ਯਹੋਵਾਹ ਦੇ ਹੱਥਾਂ ਵਿਚ ਸੁਰੱਖਿਅਤ ਸੀ

13. ਜੇ ਸਾਨੂੰ ਯਹੋਵਾਹ ਤੋਂ ਮਿਲਿਆ ਕੋਈ ਕੰਮ ਕਰਨਾ ਔਖਾ ਜਾਂ ਨਾਮੁਮਕਿਨ ਲੱਗਦਾ ਹੈ, ਤਾਂ ਮਰੀਅਮ ਦੀ ਮਿਸਾਲ ਸਾਡੀ ਕਿਵੇਂ ਮਦਦ ਕਰ ਸਕਦੀ ਹੈ?

13 ਕਦੇ-ਕਦੇ ਯਹੋਵਾਹ ਸਾਨੂੰ ਕੋਈ ਕੰਮ ਕਰਨ ਲਈ ਕਹਿੰਦਾ ਹੈ ਜੋ ਸ਼ਾਇਦ ਸਾਨੂੰ ਔਖਾ ਜਾਂ ਨਾਮੁਮਕਿਨ ਲੱਗੇ। ਪਰ ਪਰਮੇਸ਼ੁਰ ਦੇ ਬਚਨ ਵਿਚ ਉਸ ’ਤੇ ਭਰੋਸਾ ਰੱਖਣ ਦੇ ਕਈ ਕਾਰਨ ਦਿੱਤੇ ਗਏ ਹਨ ਜਿਨ੍ਹਾਂ ਕਰਕੇ ਅਸੀਂ ਮਰੀਅਮ ਦੀ ਤਰ੍ਹਾਂ ਆਪਣੀ ਜ਼ਿੰਦਗੀ ਯਹੋਵਾਹ ਦੇ ਹੱਥਾਂ ਵਿਚ ਸੌਂਪ ਸਕਦੇ ਹਾਂ। (ਕਹਾ. 3:5, 6) ਕੀ ਅਸੀਂ ਪਰਮੇਸ਼ੁਰ ’ਤੇ ਭਰੋਸਾ ਕਰਾਂਗੇ? ਜੇ ਹਾਂ, ਤਾਂ ਉਹ ਸਾਨੂੰ ਬਰਕਤਾਂ ਦੇਵੇਗਾ ਅਤੇ ਸਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਵੇਗੀ।

ਇਲੀਸਬਤ ਨਾਲ ਮੁਲਾਕਾਤ

14, 15. (ੳ) ਇਲੀਸਬਤ ਨਾਲ ਮੁਲਾਕਾਤ ਮਰੀਅਮ ਲਈ ਬਰਕਤ ਕਿਵੇਂ ਸਾਬਤ ਹੋਈ? (ਅ) ਲੂਕਾ 1:46-55 ਵਿਚ ਦਰਜ ਮਰੀਅਮ ਦੀ ਗੱਲਬਾਤ ਤੋਂ ਉਸ ਬਾਰੇ ਕੀ ਪਤਾ ਲੱਗਦਾ ਹੈ?

14 ਇਲੀਸਬਤ ਬਾਰੇ ਕਹੇ ਜਬਰਾਏਲ ਦੇ ਸ਼ਬਦ ਮਰੀਅਮ ਲਈ ਬਹੁਤ ਮਾਅਨੇ ਰੱਖਦੇ ਸਨ। ਇਲੀਸਬਤ ਤੋਂ ਸਿਵਾਇ ਦੁਨੀਆਂ ਦੀ ਹੋਰ ਕਿਹੜੀ ਔਰਤ ਮਰੀਅਮ ਨੂੰ ਸਮਝ ਸਕਦੀ ਸੀ? ਮਰੀਅਮ ਛੇਤੀ ਨਾਲ ਯਹੂਦਾਹ ਦੇ ਪਹਾੜੀ ਇਲਾਕੇ ਵਿਚ ਇਕ ਸ਼ਹਿਰ ਗਈ ਜਿੱਥੇ ਪੁਜਾਰੀ ਜ਼ਕਰਯਾਹ ਤੇ ਇਲੀਸਬਤ ਰਹਿੰਦੇ ਸਨ। ਉਸ ਦੇ ਘਰ ਤੋਂ ਸ਼ਾਇਦ ਇਹ ਤਿੰਨ ਜਾਂ ਚਾਰ ਦਿਨਾਂ ਦਾ ਸਫ਼ਰ ਸੀ। ਜਿਉਂ ਹੀ ਉਸ ਨੇ ਉਨ੍ਹਾਂ ਦੇ ਘਰ ਪੈਰ ਰੱਖਿਆ, ਤਾਂ ਯਹੋਵਾਹ ਨੇ ਇਕ ਹੋਰ ਸਬੂਤ ਦੇ ਕੇ ਉਸ ਦੀ ਨਿਹਚਾ ਮਜ਼ਬੂਤ ਕੀਤੀ। ਮਰੀਅਮ ਦੀ ਆਵਾਜ਼ ਇਲੀਸਬਤ ਦੇ ਕੰਨਾਂ ਵਿਚ ਪੈਂਦਿਆਂ ਸਾਰ ਹੀ ਉਸ ਦੀ ਕੁੱਖ ਵਿਚ ਬੱਚਾ ਖ਼ੁਸ਼ੀ ਨਾਲ ਉੱਛਲ਼ ਪਿਆ। ਇਲੀਸਬਤ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਭਰ ਗਈ ਤੇ ਮਰੀਅਮ ਨੂੰ “ਮੇਰੇ ਪ੍ਰਭੂ ਦੀ ਮਾਤਾ” ਕਿਹਾ। ਪਰਮੇਸ਼ੁਰ ਨੇ ਇਲੀਸਬਤ ਨੂੰ ਦੱਸਿਆ ਕਿ ਮਰੀਅਮ ਦਾ ਪੁੱਤਰ ਉਸ ਦਾ ਪ੍ਰਭੂ ਤੇ ਮਸੀਹ ਬਣੇਗਾ। ਆਗਿਆਕਾਰੀ ਦਿਖਾਉਣ ਕਰਕੇ ਮਰੀਅਮ ਦੀ ਤਾਰੀਫ਼ ਵਿਚ ਇਲੀਸਬਤ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਇਹ ਸ਼ਬਦ ਕਹੇ: “ਖ਼ੁਸ਼ ਹੈ ਤੂੰ ਕਿਉਂਕਿ ਜੋ ਗੱਲਾਂ ਤੈਨੂੰ ਦੱਸੀਆਂ ਗਈਆਂ ਸਨ, ਤੂੰ ਉਨ੍ਹਾਂ ’ਤੇ ਯਕੀਨ ਕੀਤਾ।” (ਲੂਕਾ 1:39-45) ਜੀ ਹਾਂ, ਯਹੋਵਾਹ ਨੇ ਮਰੀਅਮ ਨੂੰ ਜੋ ਕਿਹਾ, ਉਹ ਪੂਰਾ ਹੋਣਾ ਸੀ!

ਮਰੀਅਮ ਤੇ ਇਲੀਸਬਤ ਦੀ ਦੋਸਤੀ ਦੋਵਾਂ ਲਈ ਇਕ ਬਰਕਤ ਸਾਬਤ ਹੋਈ

15 ਇਲੀਸਬਤ ਦੀ ਗੱਲ ਸੁਣ ਕੇ ਮਰੀਅਮ ਨੇ ਬਹੁਤ ਵਧੀਆ ਸ਼ਬਦ ਕਹੇ। ਉਨ੍ਹਾਂ ਸ਼ਬਦਾਂ ਨੂੰ ਬਾਈਬਲ ਵਿਚ ਸਾਂਭ ਕੇ ਰੱਖਿਆ ਗਿਆ ਹੈ। (ਲੂਕਾ 1:46-55 ਪੜ੍ਹੋ।) ਬਾਈਬਲ ਵਿਚ ਦਰਜ ਉਸ ਦੀ ਇਸ ਲੰਬੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਮਸੀਹ ਦੀ ਮਾਂ ਬਣਨ ਦਾ ਸਨਮਾਨ ਮਿਲਣ ਕਰਕੇ ਉਹ ਯਹੋਵਾਹ ਦੀ ਕਿੰਨੀ ਸ਼ੁਕਰਗੁਜ਼ਾਰ ਸੀ। ਉਸ ਨੇ ਕਿਹਾ ਕਿ ਯਹੋਵਾਹ ਹੰਕਾਰੀਆਂ ਅਤੇ ਸ਼ਕਤੀਸ਼ਾਲੀ ਲੋਕਾਂ ਨੂੰ ਨੀਵਾਂ ਕਰਦਾ ਹੈ ਅਤੇ ਹਲੀਮਾਂ ਤੇ ਗ਼ਰੀਬਾਂ ਦੀ ਸਹਾਇਤਾ ਕਰਦਾ ਹੈ ਜੋ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਨਿਹਚਾ ਕਿੰਨੀ ਪੱਕੀ ਸੀ। ਨਾਲੇ ਇਹ ਵੀ ਕਿ ਉਸ ਕੋਲ ਕਿੰਨਾ ਗਿਆਨ ਸੀ ਕਿਉਂਕਿ ਇਕ ਅੰਦਾਜ਼ੇ ਮੁਤਾਬਕ ਉਸ ਨੇ ਇਬਰਾਨੀ ਲਿਖਤਾਂ ਵਿੱਚੋਂ 20 ਤੋਂ ਜ਼ਿਆਦਾ ਹਵਾਲੇ ਦਿੱਤੇ ਸਨ! *

16, 17. (ੳ) ਸਾਨੂੰ ਕਿਸ ਗੱਲ ਵਿਚ ਮਰੀਅਮ ਤੇ ਉਸ ਦੇ ਪੁੱਤਰ ਦੀ ਰੀਸ ਕਰਨ ਦੀ ਲੋੜ ਹੈ? (ਅ) ਮਰੀਅਮ ਅਤੇ ਇਲੀਸਬਤ ਦੀ ਦੋਸਤੀ ਤੋਂ ਕਿਹੜੀ ਇਕ ਖ਼ਾਸ ਗੱਲ ਪਤਾ ਲੱਗਦੀ ਹੈ?

16 ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮਰੀਅਮ ਪਰਮੇਸ਼ੁਰ ਦੇ ਬਚਨ ਉੱਤੇ ਗਹਿਰਾਈ ਨਾਲ ਸੋਚ-ਵਿਚਾਰ ਕਰਦੀ ਸੀ। ਇਸ ਕਰਕੇ ਉਸ ਨੇ ਨਿਮਰਤਾ ਦਿਖਾਉਂਦੇ ਹੋਏ ਆਪਣੇ ਵਿਚਾਰ ਦੱਸਣ ਦੀ ਬਜਾਇ ਧਰਮ-ਗ੍ਰੰਥ ਵਿੱਚੋਂ ਹਵਾਲੇ ਦਿੱਤੇ। ਉਸ ਦੀ ਕੁੱਖ ਵਿਚ ਪਲ਼ ਰਿਹਾ ਬੱਚਾ ਵੀ ਇਕ ਦਿਨ ਉਸ ਵਾਂਗ ਨਿਮਰਤਾ ਦਿਖਾਉਂਦੇ ਹੋਏ ਕਹੇਗਾ: “ਜੋ ਸਿੱਖਿਆ ਮੈਂ ਦਿੰਦਾ ਹਾਂ ਉਹ ਮੇਰੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਦੀ ਹੈ।” (ਯੂਹੰ. 7:16) ਸਾਨੂੰ ਵੀ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ: ‘ਮੈਂ ਪਰਮੇਸ਼ੁਰ ਦੇ ਬਚਨ ਨੂੰ ਪਹਿਲ ਦਿੰਦਾ ਹਾਂ ਜਾਂ ਫਿਰ ਆਪਣੇ ਵਿਚਾਰਾਂ ਅਤੇ ਸਿੱਖਿਆਵਾਂ ਨੂੰ?’ ਮਰੀਅਮ ਦੀ ਮਿਸਾਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਜਵਾਬ ਕੀ ਹੋਣਾ ਚਾਹੀਦਾ ਹੈ।

17 ਮਰੀਅਮ ਇਲੀਸਬਤ ਨਾਲ ਲਗਭਗ ਤਿੰਨ ਮਹੀਨੇ ਰਹੀ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ ਇਕ-ਦੂਜੇ ਨੂੰ ਬਹੁਤ ਹੌਸਲਾ ਦਿੱਤਾ ਹੋਣਾ। (ਲੂਕਾ 1:56) ਇਨ੍ਹਾਂ ਔਰਤਾਂ ਦੀ ਦੋਸਤੀ ਤੋਂ ਪਤਾ ਲੱਗਦਾ ਹੈ ਕਿ ਚੰਗੇ ਦੋਸਤ ਸਾਡੇ ਲਈ ਬਰਕਤ ਸਾਬਤ ਹੁੰਦੇ ਹਨ। ਜੇ ਅਸੀਂ ਯਹੋਵਾਹ ਨਾਲ ਪਿਆਰ ਕਰਨ ਵਾਲੇ ਲੋਕਾਂ ਨਾਲ ਦੋਸਤੀ ਕਰਾਂਗੇ, ਤਾਂ ਅਸੀਂ ਉਸ ਦੇ ਕਰੀਬ ਜਾਵਾਂਗੇ ਅਤੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ। (ਕਹਾ. 13:20) ਤਿੰਨ ਮਹੀਨਿਆਂ ਬਾਅਦ ਮਰੀਅਮ ਆਪਣੇ ਘਰ ਵਾਪਸ ਚਲੀ ਗਈ। ਜਦ ਯੂਸੁਫ਼ ਨੂੰ ਪਤਾ ਲੱਗਾ ਕਿ ਮਰੀਅਮ ਗਰਭਵਤੀ ਸੀ, ਤਾਂ ਉਸ ਨੇ ਕੀ ਕੀਤਾ?

ਮਰੀਅਮ ਤੇ ਯੂਸੁਫ਼

18. ਮਰੀਅਮ ਨੇ ਯੂਸੁਫ਼ ਨੂੰ ਕੀ ਦੱਸਿਆ ਤੇ ਯੂਸੁਫ਼ ਨੇ ਕਿਹੋ ਜਿਹਾ ਰਵੱਈਆ ਦਿਖਾਇਆ?

18 ਮਰੀਅਮ ਨੇ ਇਸ ਗੱਲ ਦਾ ਇੰਤਜ਼ਾਰ ਨਹੀਂ ਕੀਤਾ ਕਿ ਯੂਸੁਫ਼ ਨੂੰ ਉਸ ਦੇ ਗਰਭਵਤੀ ਹੋਣ ਬਾਰੇ ਆਪਣੇ ਆਪ ਪਤਾ ਲੱਗ ਜਾਵੇਗਾ। ਬਿਨਾਂ ਸ਼ੱਕ ਉਸ ਨੂੰ ਯੂਸੁਫ਼ ਨੂੰ ਦੱਸਣਾ ਪੈਣਾ ਸੀ। ਸਾਰੀ ਗੱਲ ਦੱਸਣ ਤੋਂ ਪਹਿਲਾਂ ਉਸ ਦੇ ਮਨ ਵਿਚ ਕਈ ਤਰ੍ਹਾਂ ਦੇ ਖ਼ਿਆਲ ਆਏ ਹੋਣੇ ਕਿ ਉਸ ਦੀ ਗੱਲ ਸੁਣ ਕੇ ਇਹ ਭਲਾਮਾਣਸ ਤੇ ਧਰਮੀ ਬੰਦਾ ਕੀ ਕਰੇਗਾ। ਪਰ ਉਸ ਨੇ ਯੂਸੁਫ਼ ਨੂੰ ਸਾਰੀ ਗੱਲ ਦੱਸ ਦਿੱਤੀ। ਅਸੀਂ ਸਮਝ ਸਕਦੇ ਹਾਂ ਕਿ ਇਹ ਗੱਲ ਸੁਣ ਕੇ ਉਹ ਬਹੁਤ ਪਰੇਸ਼ਾਨ ਹੋ ਗਿਆ। ਉਹ ਆਪਣੀ ਮੰਗੇਤਰ ’ਤੇ ਯਕੀਨ ਕਰਨਾ ਚਾਹੁੰਦਾ ਸੀ। ਪਰ ਮਰੀਅਮ ਨੇ ਉਸ ਨੂੰ ਜੋ ਕੁਝ ਦੱਸਿਆ, ਉਹ ਪਹਿਲਾਂ ਕਦੇ ਨਹੀਂ ਸੀ ਹੋਇਆ। ਬਾਈਬਲ ਇਹ ਨਹੀਂ ਦੱਸਦੀ ਕਿ ਯੂਸੁਫ਼ ਦੇ ਮਨ ਵਿਚ ਕਿਹੜੇ ਖ਼ਿਆਲ ਆਏ ਜਾਂ ਉਨ੍ਹਾਂ ਦੀ ਆਪਸ ਵਿਚ ਕੀ ਗੱਲਬਾਤ ਹੋਈ। ਪਰ ਇਹ ਜ਼ਰੂਰ ਦੱਸਦੀ ਹੈ ਕਿ ਯੂਸੁਫ਼ ਨੇ ਉਸ ਨੂੰ ਤਲਾਕ ਦੇਣ ਬਾਰੇ ਸੋਚਿਆ। ਉਹ ਇਹ ਨਹੀਂ ਸੀ ਚਾਹੁੰਦਾ ਕਿ ਲੋਕਾਂ ਵਿਚ ਮਰੀਅਮ ਬੇਇੱਜ਼ਤ ਹੋਵੇ ਜਾਂ ਉਸ ਨੂੰ ਕੋਈ ਸਜ਼ਾ ਦਿੱਤੀ ਜਾਵੇ। ਇਸ ਲਈ ਉਸ ਨੇ ਮਰੀਅਮ ਨੂੰ ਚੁੱਪ-ਚਪੀਤੇ ਤਲਾਕ ਦੇਣ ਬਾਰੇ ਸੋਚਿਆ। (ਮੱਤੀ 1:18, 19) ਮਰੀਅਮ ਨੂੰ ਇਹ ਦੇਖ ਕੇ ਬਹੁਤ ਦੁੱਖ ਲੱਗਾ ਹੋਵੇਗਾ ਕਿ ਯੂਸੁਫ਼ ਉਸ ਕਾਰਨ ਦੁਖੀ ਸੀ। ਪਰ ਮਰੀਅਮ ਉਸ ਨਾਲ ਗੁੱਸੇ ਨਹੀਂ ਹੋਈ।

19. ਯਹੋਵਾਹ ਨੇ ਸਹੀ ਫ਼ੈਸਲਾ ਕਰਨ ਵਿਚ ਕਿਵੇਂ ਯੂਸੁਫ਼ ਦੀ ਮਦਦ ਕੀਤੀ?

19 ਯਹੋਵਾਹ ਨੇ ਸਹੀ ਫ਼ੈਸਲਾ ਕਰਨ ਵਿਚ ਯੂਸੁਫ਼ ਦੀ ਮਦਦ ਕੀਤੀ। ਸੁਪਨੇ ਵਿਚ ਪਰਮੇਸ਼ੁਰ ਦੇ ਦੂਤ ਨੇ ਉਸ ਨੂੰ ਕਿਹਾ ਕਿ ਮਰੀਅਮ ਚਮਤਕਾਰੀ ਢੰਗ ਨਾਲ ਗਰਭਵਤੀ ਹੋਈ ਸੀ। ਇਹ ਗੱਲ ਪਤਾ ਲੱਗਣ ’ਤੇ ਯੂਸੁਫ਼ ਨੂੰ ਕਿੰਨੀ ਰਾਹਤ ਮਿਲੀ ਹੋਣੀ! ਯੂਸੁਫ਼ ਨੇ ਵੀ ਮਰੀਅਮ ਦੀ ਤਰ੍ਹਾਂ ਯਹੋਵਾਹ ਦੇ ਕਹਿਣੇ ਅਨੁਸਾਰ ਕੀਤਾ। ਉਸ ਨੇ ਮਰੀਅਮ ਨਾਲ ਵਿਆਹ ਕਰਾ ਲਿਆ ਅਤੇ ਉਹ ਯਹੋਵਾਹ ਦੇ ਪੁੱਤਰ ਦੀ ਦੇਖ-ਭਾਲ ਕਰਨ ਦੀ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੋ ਗਿਆ।​—ਮੱਤੀ 1:20-24.

20, 21. ਅੱਜ ਵਿਆਹੇ ਅਤੇ ਵਿਆਹ ਕਰਨ ਬਾਰੇ ਸੋਚ ਰਹੇ ਲੋਕ ਮਰੀਅਮ ਤੇ ਯੂਸੁਫ਼ ਤੋਂ ਕੀ ਸਿੱਖ ਸਕਦੇ ਹਨ?

20 ਅੱਜ ਵਿਆਹੇ ਅਤੇ ਵਿਆਹ ਕਰਨ ਬਾਰੇ ਸੋਚ ਰਹੇ ਲੋਕ ਵੀ ਇਸ 2,000 ਸਾਲ ਪਹਿਲਾਂ ਰਹਿੰਦੇ ਜੋੜੇ ਤੋਂ ਸਿੱਖ ਸਕਦੇ ਹਨ। ਆਪਣੀ ਪਤਨੀ ਨੂੰ ਮਾਂ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਦੇਖ ਕੇ ਯੂਸੁਫ਼ ਜ਼ਰੂਰ ਖ਼ੁਸ਼ ਹੁੰਦਾ ਹੋਣਾ ਕਿ ਯਹੋਵਾਹ ਦੇ ਦੂਤ ਨੇ ਉਸ ਦੀ ਸਹੀ ਫ਼ੈਸਲਾ ਲੈਣ ਵਿਚ ਮਦਦ ਕੀਤੀ ਸੀ। ਯੂਸੁਫ਼ ਨੇ ਦੇਖਿਆ ਹੋਣਾ ਕਿ ਵੱਡੇ-ਵੱਡੇ ਫ਼ੈਸਲੇ ਕਰਨ ਲੱਗਿਆਂ ਯਹੋਵਾਹ ’ਤੇ ਭਰੋਸਾ ਰੱਖਣਾ ਕਿੰਨਾ ਜ਼ਰੂਰੀ ਹੈ। (ਜ਼ਬੂ. 37:5; ਕਹਾ. 18:13) ਬਿਨਾਂ ਸ਼ੱਕ ਪਰਿਵਾਰ ਦੇ ਸਿਰ ਵਜੋਂ ਉਸ ਨੇ ਸਮਝਦਾਰੀ ਨਾਲ ਫ਼ੈਸਲੇ ਕੀਤੇ ਅਤੇ ਆਪਣੇ ਪਰਿਵਾਰ ਨਾਲ ਪਿਆਰ ਨਾਲ ਪੇਸ਼ ਆਇਆ।

21 ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ ਕਿ ਮਰੀਅਮ ਯੂਸੁਫ਼ ਨਾਲ ਵਿਆਹ ਕਰਨ ਲਈ ਤਿਆਰ ਸੀ? ਭਾਵੇਂ ਕਿ ਯੂਸੁਫ਼ ਨੂੰ ਪਹਿਲਾਂ ਮਰੀਅਮ ਦੀ ਗੱਲ ’ਤੇ ਵਿਸ਼ਵਾਸ ਨਹੀਂ ਹੋਇਆ, ਫਿਰ ਵੀ ਮਰੀਅਮ ਨੇ ਧੀਰਜ ਰੱਖਦੇ ਹੋਏ ਵਿਆਹ ਕਰਾਉਣ ਜਾਂ ਨਾ ਕਰਾਉਣ ਦਾ ਫ਼ੈਸਲਾ ਯੂਸੁਫ਼ ’ਤੇ ਛੱਡ ਦਿੱਤਾ ਕਿਉਂਕਿ ਬਾਅਦ ਵਿਚ ਉਸ ਨੇ ਹੀ ਪਰਿਵਾਰ ਦੇ ਮੁਖੀ ਵਜੋਂ ਫ਼ੈਸਲੇ ਕਰਨੇ ਸਨ। ਅੱਜ ਮਸੀਹੀ ਭੈਣਾਂ ਵੀ ਇਸ ਤੋਂ ਕੁਝ ਸਿੱਖ ਸਕਦੀਆਂ ਹਨ। ਮਰੀਅਮ ਤੇ ਯੂਸੁਫ਼ ਨਾਲ ਜੋ ਕੁਝ ਹੋਇਆ, ਉਸ ਤੋਂ ਉਨ੍ਹਾਂ ਦੋਹਾਂ ਨੇ ਬਿਨਾਂ ਕੁਝ ਲੁਕਾਏ ਖੁੱਲ੍ਹ ਕੇ ਗੱਲ ਕਰਨ ਦੀ ਅਹਿਮੀਅਤ ਨੂੰ ਸਮਝਿਆ।​—⁠ਕਹਾਉਤਾਂ 15:22 ਪੜ੍ਹੋ।

22. ਯੂਸੁਫ਼ ਤੇ ਮਰੀਅਮ ਨੇ ਵਿਆਹੁਤਾ ਜ਼ਿੰਦਗੀ ਦੀ ਕਿਹੜੀ ਨੀਂਹ ਧਰੀ ਸੀ ਅਤੇ ਉਨ੍ਹਾਂ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ?

22 ਮਰੀਅਮ ਤੇ ਯੂਸੁਫ਼ ਯਹੋਵਾਹ ਪਰਮੇਸ਼ੁਰ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਸਨ ਅਤੇ ਮਾਪਿਆਂ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਕੇ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਸਨ। ਇਸ ਤਰ੍ਹਾਂ ਉਨ੍ਹਾਂ ਨੇ ਵਿਆਹੁਤਾ ਜ਼ਿੰਦਗੀ ਦੀ ਚੰਗੀ ਨੀਂਹ ਧਰੀ। ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਣ ਵਾਲੀਆਂ ਸਨ, ਪਰ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰਨਾ ਪੈਣਾ ਸੀ। ਉਨ੍ਹਾਂ ’ਤੇ ਯਿਸੂ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਸੀ ਜਿਸ ਨੇ ਦੁਨੀਆਂ ਦਾ ਸਭ ਤੋਂ ਮਹਾਨ ਮਨੁੱਖ ਬਣਨਾ ਸੀ।

^ ਪੈਰਾ 15 ਮਿਸਾਲ ਲਈ, ਮਰੀਅਮ ਨੇ ਸ਼ਾਇਦ ਵਫ਼ਾਦਾਰ ਹੰਨਾਹ ਦੀਆਂ ਗੱਲਾਂ ਦੁਹਰਾਈਆਂ ਸਨ ਜਿਸ ਨੂੰ ਯਹੋਵਾਹ ਤੋਂ ਇਕ ਬੱਚੇ ਦੀ ਦਾਤ ਮਿਲੀ ਸੀ।—ਪਾਠ 6 ਵਿਚ “ਦੋ ਸ਼ਾਨਦਾਰ ਪ੍ਰਾਰਥਨਾਵਾਂ” ਨਾਂ ਦੀ ਡੱਬੀ ਦੇਖੋ।