Skip to content

Skip to table of contents

ਹਰ ਪਾਸੇ ਇੰਨੀ ਨਫ਼ਰਤ ਕਿਉਂ ਹੈ?

ਹਰ ਪਾਸੇ ਇੰਨੀ ਨਫ਼ਰਤ ਕਿਉਂ ਹੈ?

ਦੁਨੀਆਂ ਭਰ ਵਿਚ ਇੰਨੀ ਨਫ਼ਰਤ ਕਿਉਂ ਫੈਲੀ ਹੋਈ ਹੈ? ਇਸ ਦਾ ਜਵਾਬ ਜਾਣਨ ਲਈ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਨਫ਼ਰਤ ਕੀ ਹੈ, ਲੋਕ ਨਫ਼ਰਤ ਕਿਉਂ ਕਰਦੇ ਹਨ ਅਤੇ ਇਹ ਕਿਵੇਂ ਫੈਲਦੀ ਹੈ।

ਨਫ਼ਰਤ ਕੀ ਹੈ?

ਜਦੋਂ ਇਕ ਵਿਅਕਤੀ ਕਿਸੇ ਨਾਲ ਨਫ਼ਰਤ ਕਰਦਾ ਹੈ, ਤਾਂ ਉਹ ਉਸ ਦਾ ਮੂੰਹ ਵੀ ਨਹੀਂ ਦੇਖਣਾ ਚਾਹੁੰਦਾ ਤੇ ਆਪਣੇ ਦਿਲ ਵਿਚ ਉਸ ਦੇ ਲਈ ਬਹੁਤ ਵੈਰ ਰੱਖਦਾ ਹੈ। ਇਹ ਘਿਰਣਾ ਦੀ ਭਾਵਨਾ ਉਸ ਦੇ ਦਿਲ ਵਿਚ ਬਣੀ ਰਹਿੰਦੀ ਹੈ।

ਲੋਕ ਇਕ-ਦੂਜੇ ਨਾਲ ਨਫ਼ਰਤ ਕਿਉਂ ਕਰਦੇ ਹਨ?

ਨਫ਼ਰਤ ਦੇ ਬਹੁਤ ਸਾਰੇ ਕਾਰਨ ਹਨ। ਲੋਕ ਅਕਸਰ ਦੂਜਿਆਂ ਨਾਲ ਇਸ ਕਰਕੇ ਨਫ਼ਰਤ ਨਹੀਂ ਕਰਦੇ ਕਿ ਉਹ ਕਿਹੋ ਜਿਹੇ ਕੰਮ ਕਰਦੇ ਹਨ, ਸਗੋਂ ਇਸ ਕਰਕੇ ਕਰਦੇ ਹਨ ਕਿ ਉਹ ਕੌਣ ਹਨ ਤੇ ਉਨ੍ਹਾਂ ਦੀ ਪਛਾਣ ਕੀ ਹੈ। ਨਫ਼ਰਤ ਦੇ ਸ਼ਿਕਾਰ ਲੋਕਾਂ ਨੂੰ ਬੁਰੇ, ਖ਼ਤਰਨਾਕ, ਘਟੀਆ ਤੇ ਨੀਵੇਂ ਸਮਝਿਆ ਜਾਂਦਾ ਹੈ। ਨਾਲੇ ਉਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਬਦਲ ਹੀ ਨਹੀਂ ਸਕਦੇ ਤੇ ਉਨ੍ਹਾਂ ਕਰਕੇ ਹੀ ਹਾਲਾਤ ਖ਼ਰਾਬ ਹੁੰਦੇ ਹਨ। ਜਿਹੜੇ ਲੋਕ ਦੂਜਿਆਂ ਨਾਲ ਨਫ਼ਰਤ ਕਰਦੇ ਹਨ, ਉਨ੍ਹਾਂ ਨਾਲ ਸ਼ਾਇਦ ਪਹਿਲਾਂ ਮਾਰ-ਕੁੱਟ ਜਾਂ ਅਨਿਆਂ ਕੀਤਾ ਗਿਆ ਹੋਵੇ। ਇਸ ਕਰਕੇ ਉਨ੍ਹਾਂ ਦੇ ਮਨ ਵਿਚ ਵੀ ਨਫ਼ਰਤ ਨੇ ਜੜ੍ਹ ਫੜ ਲਈ।

ਇਹ ਕਿਵੇਂ ਫੈਲਦੀ ਹੈ?

ਲੋਕ ਦੂਜਿਆਂ ਨੂੰ ਮਿਲੇ ਬਿਨਾਂ ਹੀ ਉਨ੍ਹਾਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਸਕਦੇ ਹਨ। ਮਿਸਾਲ ਲਈ, ਇਕ ਵਿਅਕਤੀ ਸ਼ਾਇਦ ਅਣਜਾਣੇ ਵਿਚ ਹੀ ਦੂਜਿਆਂ ਪ੍ਰਤੀ ਗ਼ਲਤ ਰਾਇ ਕਾਇਮ ਕਰ ਲਵੇ ਕਿਉਂਕਿ ਉਸ ਦੇ ਮਾਪੇ ਜਾਂ ਦੋਸਤ ਉਨ੍ਹਾਂ ਬਾਰੇ ਗ਼ਲਤ ਰਾਇ ਰੱਖਦੇ ਹਨ। ਇਸ ਤਰ੍ਹਾਂ ਇਕ ਵਿਅਕਤੀ ਜਾਂ ਪਰਿਵਾਰ ਤੋਂ ਦੂਜਿਆਂ ਵਿਚ ਸੌਖਿਆਂ ਹੀ ਨਫ਼ਰਤ ਫੈਲਦੀ ਹੈ।

ਸੋ ਅਸੀਂ ਦੇਖਿਆ ਹੈ ਕਿ ਨਫ਼ਰਤ ਕਿੰਨੀ ਆਸਾਨੀ ਨਾਲ ਫੈਲਦੀ ਹੈ ਜਿਸ ਕਰਕੇ ਇਹ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ। ਪਰ ਦੁਨੀਆਂ ਵਿੱਚੋਂ ਨਫ਼ਰਤ ਦਾ ਚੱਕਰ ਤੋੜਨ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਅਸਲ ਵਿਚ ਨਫ਼ਰਤ ਸ਼ੁਰੂ ਕਿੱਥੋਂ ਹੋਈ ਸੀ। ਬਾਈਬਲ ਸਾਨੂੰ ਇਸ ਬਾਰੇ ਦੱਸਦੀ ਹੈ।

ਬਾਈਬਲ ਨਫ਼ਰਤ ਦੀਆਂ ਜੜ੍ਹਾਂ ਬਾਰੇ ਦੱਸਦੀ ਹੈ

ਇਨਸਾਨ ਨੇ ਨਫ਼ਰਤ ਦੀ ਸ਼ੁਰੂਆਤ ਨਹੀਂ ਕੀਤੀ ਸੀ। ਇਸ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਸਵਰਗ ਵਿਚ ਇਕ ਦੂਤ ਨੇ ਰੱਬ ਖ਼ਿਲਾਫ਼ ਬਗਾਵਤ ਕੀਤੀ। ਬਾਈਬਲ ਵਿਚ ਉਸ ਦੂਤ ਨੂੰ ਸ਼ੈਤਾਨ ਕਿਹਾ ਗਿਆ ਹੈ। ਰੱਬ ਖ਼ਿਲਾਫ਼ ਬਗਾਵਤ ਕਰਨ ਕਰਕੇ ਸ਼ੈਤਾਨ “ਕਾਤਲ ਬਣ” ਗਿਆ। “ਝੂਠਾ ਅਤੇ ਝੂਠ ਦਾ ਪਿਉ” ਹੋਣ ਕਰਕੇ ਉਹ ਲਗਾਤਾਰ ਇਨਸਾਨਾਂ ਦੇ ਮਨਾਂ ਵਿਚ ਨਫ਼ਰਤ ਦੀਆਂ ਭਾਵਨਾਵਾਂ ਪੈਦਾ ਕਰਦਾ ਹੈ ਅਤੇ ਹਿੰਸਾ ਕਰਨ ਲਈ ਉਕਸਾਉਂਦਾ ਹੈ। (ਯੂਹੰਨਾ 8:44; 1 ਯੂਹੰਨਾ 3:11, 12) ਬਾਈਬਲ ਕਹਿੰਦੀ ਹੈ ਕਿ ਸ਼ੈਤਾਨ ਦੁਸ਼ਟ, ਗੁੱਸੇਖ਼ੋਰ ਤੇ ਹਿੰਸਕ ਹੈ।​—ਅੱਯੂਬ 2:7; ਪ੍ਰਕਾਸ਼ ਦੀ ਕਿਤਾਬ 12:9, 12, 17.

ਪਾਪੀ ਹੋਣ ਕਰਕੇ ਇਨਸਾਨ ਇਕ-ਦੂਜੇ ਨਾਲ ਨਫ਼ਰਤ ਕਰਦੇ ਹਨ। ਸ਼ੈਤਾਨ ਵਾਂਗ ਬੁਰੇ ਕੰਮ ਕਰ ਕੇ ਪਹਿਲੇ ਆਦਮੀ ਆਦਮ ਨੇ ਵੀ ਪਾਪ ਕੀਤਾ। ਆਦਮ ਦੀ ਔਲਾਦ ਹੋਣ ਕਰਕੇ ਸਾਰੇ ਇਨਸਾਨ ਪਾਪੀ ਹਨ। (ਰੋਮੀਆਂ 5:12) ਆਦਮ ਦੇ ਪਹਿਲੇ ਪੁੱਤਰ ਕਾਇਨ ਨੇ ਨਫ਼ਰਤ ਹੋਣ ਕਰਕੇ ਆਪਣੇ ਭਰਾ ਹਾਬਲ ਦਾ ਕਤਲ ਕਰ ਦਿੱਤਾ। (1 ਯੂਹੰਨਾ 3:12) ਇਹ ਸੱਚ ਹੈ ਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਪਿਆਰ ਅਤੇ ਹਮਦਰਦੀ ਦੀਆਂ ਭਾਵਨਾਵਾਂ ਹਨ, ਪਰ ਪਾਪੀ ਹੋਣ ਕਰਕੇ ਜ਼ਿਆਦਾਤਰ ਲੋਕ ਸੁਆਰਥੀ, ਵੈਰ ਕਰਨ ਵਾਲੇ ਅਤੇ ਘਮੰਡੀ ਹਨ। ਇਨ੍ਹਾਂ ਔਗੁਣਾਂ ਕਰਕੇ ਨਫ਼ਰਤ ਦੀ ਅੱਗ ਬਲ਼ਦੀ ਰਹਿੰਦੀ ਹੈ।​—2 ਤਿਮੋਥਿਉਸ 3:1-5.

ਕੱਟੜ ਮਾਹੌਲ ਵਿਚ ਨਫ਼ਰਤ ਵਧਦੀ-ਫੁੱਲਦੀ ਹੈ। ਦੁਨੀਆਂ ਵਿਚ ਨਫ਼ਰਤ ਦਾ ਮਾਹੌਲ ਫੈਲਾਉਣ ਲਈ ਲੋਕਾਂ ਨੂੰ ਬੇਰਹਿਮ ਤੇ ਹਿੰਸਕ ਬਣਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਇਸ ਲਈ ਲੋਕ ਕੱਟੜ ਬਣਦੇ ਜਾ ਰਹੇ ਹਨ, ਦੂਜਿਆਂ ਨੂੰ ਬਰਦਾਸ਼ਤ ਨਹੀਂ ਕਰਦੇ, ਪੱਖਪਾਤ ਕਰਦੇ ਹਨ, ਇਕ-ਦੂਜੇ ਦੀ ਬੇਇੱਜ਼ਤੀ ਕਰਦੇ ਹਨ, ਡਰਾਉਂਦੇ-ਧਮਕਾਉਂਦੇ ਹਨ ਅਤੇ ਭੰਨ-ਤੋੜ ਕਰਦੇ ਹਨ ਕਿਉਂਕਿ ਸਾਰੀ ਦੁਨੀਆਂ ਉਸ ਦੁਸ਼ਟ ਯਾਨੀ “ਸ਼ੈਤਾਨ ਦੇ ਵੱਸ ਵਿਚ ਹੈ।”​—1 ਯੂਹੰਨਾ 5:19.

ਪਰ ਬਾਈਬਲ ਸਿਰਫ਼ ਨਫ਼ਰਤ ਦੀਆਂ ਜੜ੍ਹਾਂ ਬਾਰੇ ਹੀ ਨਹੀਂ, ਸਗੋਂ ਇਹ ਵੀ ਦੱਸਦੀ ਹੈ ਕਿ ਇਸ ਨੂੰ ਜੜ੍ਹੋਂ ਕਿਵੇਂ ਪੁੱਟਿਆ ਜਾ ਸਕਦਾ ਹੈ।