Skip to content

Skip to table of contents

ਕੀ ਰੱਬ ਨੂੰ ਸਾਡੇ ਨਾਲ ਹਮਦਰਦੀ ਹੈ?

ਕੀ ਰੱਬ ਨੂੰ ਸਾਡੇ ਨਾਲ ਹਮਦਰਦੀ ਹੈ?

ਅਸੀਂ ਸ੍ਰਿਸ਼ਟੀ ਤੋਂ ਕੀ ਸਿੱਖਦੇ ਹਾਂ?

ਹਮਦਰਦੀ ਰੱਖਣ ਦਾ ਮਤਲਬ ਹੈ, “ਕਿਸੇ ਦੇ ਹਾਲਾਤਾਂ ਵਿਚ ਖ਼ੁਦ ਨੂੰ ਰੱਖ ਕੇ ਉਸ ਦੀਆਂ ਭਾਵਨਾਵਾਂ ਤੇ ਹਾਲਾਤਾਂ ਨੂੰ ਸਮਝਣਾ।” ਦਿਮਾਗ਼ ਦੇ ਮਾਹਰ ਡਾਕਟਰ ਰਿੱਕ ਹੈਨਟਨ ਦਾ ਕਹਿਣਾ ਹੈ, “ਜਨਮ ਤੋਂ ਸਾਡੇ ਅੰਦਰ ਹਮਦਰਦੀ ਦਾ ਗੁਣ ਹੁੰਦਾ ਹੈ।”

ਜ਼ਰਾ ਸੋਚੋ: ਸਿਰਫ਼ ਇਨਸਾਨ ਹੀ ਹਮਦਰਦੀ ਕਿਉਂ ਦਿਖਾ ਸਕਦੇ ਹਨ? ਕਿਉਂਕਿ ਬਾਈਬਲ ਦੱਸਦੀ ਹੈ ਕਿ ਰੱਬ ਨੇ ਇਨਸਾਨਾਂ ਨੂੰ ਆਪਣੇ ਸਰੂਪ ’ਤੇ ਬਣਾਇਆ ਹੈ। (ਉਤਪਤ 1:26) ਰੱਬ ਦੇ ਸਰੂਪ ’ਤੇ ਬਣਾਏ ਜਾਣ ਕਰਕੇ ਸਾਡੇ ਵਿਚ ਉਸ ਵਰਗੇ ਗੁਣ ਹਨ ਅਤੇ ਕੁਝ ਹੱਦ ਤਕ ਅਸੀਂ ਉਸ ਵਰਗੇ ਗੁਣ ਦਿਖਾ ਵੀ ਸਕਦੇ ਹਾਂ। ਇਸ ਲਈ ਜਦੋਂ ਅਸੀਂ ਹਮਦਰਦੀ ਹੋਣ ਕਰਕੇ ਲੋਕਾਂ ਦੀ ਮਦਦ ਕਰਦੇ ਹਾਂ, ਤਾਂ ਅਸੀਂ ਆਪਣੇ ਹਮਦਰਦ ਸਿਰਜਣਹਾਰ, ਯਹੋਵਾਹ ਦੀ ਰੀਸ ਕਰਦੇ ਹਾਂ।​—ਕਹਾਉਤਾਂ 14:31.

ਬਾਈਬਲ ਰੱਬ ਦੀ ਹਮਦਰਦੀ ਬਾਰੇ ਕੀ ਸਿਖਾਉਂਦੀ ਹੈ?

ਰੱਬ ਸਾਡੇ ਨਾਲ ਹਮਦਰਦੀ ਕਰਦਾ ਹੈ ਅਤੇ ਸਾਨੂੰ ਦੁਖੀ ਦੇਖ ਕੇ ਉਹ ਦੁਖੀ ਹੁੰਦਾ ਹੈ। ਪੁਰਾਣੇ ਸਮੇਂ ਦੇ ਇਜ਼ਰਾਈਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਬਾਅਦ 40 ਸਾਲਾਂ ਤਕ ਉਜਾੜ ਵਿਚ ਘੁੰਮਣਾ ਪਿਆ। ਉਨ੍ਹਾਂ ਬਾਰੇ ਬਾਈਬਲ ਕਹਿੰਦੀ ਹੈ: “ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ।” (ਯਸਾਯਾਹ 63:9) ਧਿਆਨ ਦਿਓ ਕਿ ਰੱਬ ਨੂੰ ਸਿਰਫ਼ ਉਨ੍ਹਾਂ ਦੇ ਦੁੱਖਾਂ ਬਾਰੇ ਪਤਾ ਹੀ ਨਹੀਂ ਸੀ, ਸਗੋਂ ਉਸ ਨੇ ਉਨ੍ਹਾਂ ਦੇ ਦੁੱਖਾਂ ਨੂੰ ਮਹਿਸੂਸ ਵੀ ਕੀਤਾ। ਰੱਬ ਨੇ ਕਿਹਾ, “ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।” (ਕੂਚ 3:7) ਉਸ ਨੇ ਕਿਹਾ: ‘ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਮੇਰੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ।’ (ਜ਼ਕਰਯਾਹ 2:8) ਜਦੋਂ ਦੂਸਰੇ ਸਾਨੂੰ ਦੁੱਖ ਦਿੰਦੇ ਹਨ, ਤਾਂ ਉਸ ਨੂੰ ਵੀ ਦੁੱਖ ਲੱਗਦਾ ਹੈ।

ਭਾਵੇਂ ਅਸੀਂ ਆਪਣੇ ਆਪ ਨੂੰ ਨਿਕੰਮੇ ਜਾਂ ਰੱਬ ਦੀ ਹਮਦਰਦੀ ਦੇ ਕਾਬਲ ਨਾ ਸਮਝੀਏ, ਪਰ ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ “ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵੱਡਾ ਹੈ ਅਤੇ ਸਭ ਕੁਝ ਜਾਣਦਾ ਹੈ।” (1 ਯੂਹੰਨਾ 3:19, 20) ਰੱਬ ਸਾਨੂੰ ਸਾਡੇ ਨਾਲੋਂ ਬਿਹਤਰ ਜਾਣਦਾ ਹੈ। ਉਹ ਸਾਡੇ ਹਾਲਾਤਾਂ, ਸਾਡੀਆਂ ਸੋਚਾਂ ਤੇ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਸ ਨੂੰ ਸਾਡੇ ਨਾਲ ਹਮਦਰਦੀ ਹੈ।

ਅਸੀਂ ਜਾਣਦੇ ਹਾਂ ਕਿ ਰੱਬ ਦੁਖੀਆਂ ਦੀ ਮਦਦ ਕਰਦਾ ਹੈ, ਇਸ ਲਈ ਅਸੀਂ ਦਿਲਾਸੇ, ਬੁੱਧ ਅਤੇ ਸਹਾਰੇ ਲਈ ਉਸ ’ਤੇ ਆਸ ਰੱਖ ਸਕਦੇ ਹਾਂ

ਬਾਈਬਲ ਸਾਨੂੰ ਤਸੱਲੀ ਦਿੰਦੀ ਹੈ

  • “ਤੂੰ ਪੁਕਾਰੇਂਗਾ ਅਤੇ ਯਹੋਵਾਹ ਉੱਤਰ ਦੇਵੇਗਾ, ਤਦ ਤੂੰ ਦੁਹਾਈ ਦੇਵੇਂਗਾ ਅਤੇ ਉਹ ਆਖੇਗਾ, ਮੈਂ ਹੈਗਾ।”​—ਯਸਾਯਾਹ 58:9.

  • “ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ, ਯਹੋਵਾਹ ਦਾ ਵਾਕ ਹੈ, ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ। ਤਦ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੈਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਂਗਾ।”​—ਯਿਰਮਿਯਾਹ 29:11, 12.

  • “ਤੂੰ ਮੇਰੇ ਹੰਝੂਆਂ ਨੂੰ ਦੇਖ, ਕੀ ਉਹਨਾਂ ਦਾ ਹਿਸਾਬ ਤੇਰੀ ਪੁਸਤਕ ਵਿਚ ਨਹੀਂ ਹੈ?”​—ਭਜਨ 56:8, CL.

ਰੱਬ ਸਾਡੇ ਦੁੱਖ ਸਮਝਦਾ ਤੇ ਸਾਡੇ ਦੁੱਖਾਂ ਵਿਚ ਦੁਖੀ ਹੁੰਦਾ ਹੈ

ਰੱਬ ਸਾਡੇ ਨਾਲ ਹਮਦਰਦੀ ਕਰਦਾ ਹੈ, ਕੀ ਇਹ ਗੱਲ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰ ਸਕਦੀ ਹੈ? ਮਾਰੀਆ ਦੀ ਮਿਸਾਲ ’ਤੇ ਗੌਰ ਕਰੋ:

“ਮੇਰੇ 18 ਸਾਲਾਂ ਦੇ ਮੁੰਡੇ ਨੂੰ ਕੈਂਸਰ ਸੀ। ਕੈਂਸਰ ਹੋਣ ਤੋਂ ਦੋ ਸਾਲਾਂ ਬਾਅਦ ਹੀ ਉਸ ਦੀ ਮੌਤ ਹੋ ਗਈ। ਮੇਰੀ ਤਾਂ ਦੁਨੀਆਂ ਹੀ ਉਜੜ ਗਈ ਸੀ। ਮੈਂ ਯਹੋਵਾਹ ਨਾਲ ਗੁੱਸੇ ਸੀ ਕਿ ਉਸ ਨੇ ਮੇਰੇ ਮੁੰਡੇ ਦੀ ਬੀਮਾਰੀ ਨੂੰ ਠੀਕ ਕਿਉਂ ਨਹੀਂ ਕੀਤਾ।

“ਛੇ ਸਾਲਾਂ ਬਾਅਦ, ਮੈਂ ਮੰਡਲੀ ਦੀ ਇਕ ਭੈਣ ਨੂੰ ਆਪਣੇ ਦਿਲ ਦੀ ਗੱਲ ਦੱਸੀ ਕਿ ਮੈਨੂੰ ਲੱਗਦਾ ਹੈ ਕਿ ਯਹੋਵਾਹ ਮੈਨੂੰ ਪਿਆਰ ਨਹੀਂ ਕਰਦਾ। ਉਹ ਘੰਟਿਆਂ-ਬੱਧੀ ਬਿਨਾਂ ਟੋਕੇ ਮੇਰੀਆਂ ਗੱਲਾਂ ਸੁਣਦੀ ਰਹੀ। ਮੇਰੀ ਗੱਲ ਸੁਣਨ ਤੋਂ ਬਾਅਦ, ਉਸ ਨੇ ਮੈਨੂੰ ਇਕ ਆਇਤ ਪੜ੍ਹਾਈ ਜਿਸ ਦਾ ਮੇਰੇ ਦਿਲ ’ਤੇ ਗਹਿਰਾ ਅਸਰ ਹੋਇਆ। 1 ਯੂਹੰਨਾ 3:19, 20 ਵਿਚ ਦੱਸਿਆ ਹੈ: ‘ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵੱਡਾ ਹੈ ਅਤੇ ਸਭ ਕੁਝ ਜਾਣਦਾ ਹੈ।’ ਉਸ ਨੇ ਦੱਸਿਆ ਕਿ ਯਹੋਵਾਹ ਸਾਡੇ ਦੁੱਖਾਂ ਨੂੰ ਸਮਝਦਾ ਹੈ।

“ਇਸ ਦੇ ਬਾਵਜੂਦ ਮੇਰੇ ਲਈ ਆਪਣੇ ਦਿਲ ਵਿੱਚੋਂ ਗੁੱਸੇ ਦੀਆਂ ਭਾਵਨਾਵਾਂ ਨੂੰ ਕੱਢ ਸੁੱਟਣਾ ਬਹੁਤ ਔਖਾ ਸੀ। ਫਿਰ ਮੈਂ ਜ਼ਬੂਰਾਂ ਦੀ ਪੋਥੀ 94:19 ਪੜ੍ਹਿਆ ਜਿਸ ਵਿਚ ਲਿਖਿਆ ਹੈ: ‘ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ, ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ।’ ਮੈਨੂੰ ਇੱਦਾਂ ਲੱਗਾ ਕਿ ਇਹ ਆਇਤਾਂ ਮੇਰੇ ਲਈ ਹੀ ਲਿਖੀਆਂ ਗਈਆਂ ਹਨ। ਅਖ਼ੀਰ, ਮੈਨੂੰ ਇਹ ਜਾਣ ਕੇ ਬਹੁਤ ਤਸੱਲੀ ਮਿਲੀ ਕਿ ਯਹੋਵਾਹ ਮੇਰੀ ਸੁਣਦਾ ਹੈ ਅਤੇ ਮੈਨੂੰ ਸਮਝਦਾ ਹੈ। ਇਸ ਕਰਕੇ ਮੈਂ ਆਪਣੇ ਦੁੱਖਾਂ ਬਾਰੇ ਉਸ ਨਾਲ ਗੱਲ ਕਰ ਸਕਦੀ ਹਾਂ।”

ਇਹ ਜਾਣ ਕੇ ਕਿੰਨੀ ਤਸੱਲੀ ਮਿਲਦੀ ਹੈ ਕਿ ਰੱਬ ਸਾਨੂੰ ਸਮਝਦਾ ਹੈ ਅਤੇ ਸਾਡੇ ਦੁੱਖਾਂ ਵਿਚ ਦੁਖੀ ਹੁੰਦਾ ਹੈ। ਪਰ ਫਿਰ ਇੰਨੀਆਂ ਦੁੱਖ-ਤਕਲੀਫ਼ਾਂ ਕਿਉਂ ਹਨ? ਕੀ ਗ਼ਲਤੀਆਂ ਦੀ ਸਜ਼ਾ ਦੇਣ ਲਈ ਰੱਬ ਸਾਡੇ ’ਤੇ ਦੁੱਖ-ਤਕਲੀਫ਼ਾਂ ਲਿਆਂਦਾ ਹੈ? ਕੀ ਰੱਬ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰਨ ਲਈ ਕੁਝ ਕਰੇਗਾ? ਇਨ੍ਹਾਂ ਸਵਾਲਾਂ ਬਾਰੇ ਅਗਲੇ ਲੇਖਾਂ ਵਿਚ ਚਰਚਾ ਕੀਤੀ ਜਾਵੇਗੀ।