Skip to content

Skip to table of contents

ਅਧਿਐਨ ਲੇਖ 17

ਗੀਤ 111 ਸਾਡੀ ਖ਼ੁਸ਼ੀ ਦੇ ਕਾਰਨ

ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਭਗਤੀ ਕਰਨੀ ਕਦੇ ਨਾ ਛੱਡੋ

ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਭਗਤੀ ਕਰਨੀ ਕਦੇ ਨਾ ਛੱਡੋ

“ਜੋ ਮੈਂ ਬਣਾ ਰਿਹਾ ਹਾਂ, ਉਸ ਕਰਕੇ ਸਦਾ ਖ਼ੁਸ਼ੀਆਂ ਮਨਾਓ ਅਤੇ ਬਾਗ਼-ਬਾਗ਼ ਹੋਵੋ।”​—ਯਸਾ. 65:18.

ਕੀ ਸਿੱਖਾਂਗੇ?

ਅਸੀਂ ਦੇਖਾਂਗੇ ਕਿ ਯਹੋਵਾਹ ਦੇ ਪਰਿਵਾਰ ਨਾਲ ਮਿਲ ਕੇ ਉਸ ਦੀ ਭਗਤੀ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ ਅਤੇ ਅਸੀਂ ਦੂਜਿਆਂ ਨੂੰ ਇਸ ਪਰਿਵਾਰ ਵੱਲ ਕਿਵੇਂ ਖਿੱਚ ਸਕਦੇ ਹਾਂ।

1. ਅੱਜ ਅਸੀਂ ਕਿਸ ਮਾਹੌਲ ਵਿਚ ਯਹੋਵਾਹ ਦੀ ਭਗਤੀ ਕਰ ਰਹੇ ਹਾਂ ਅਤੇ ਅਸੀਂ ਕੀ ਕਰਨ ਦਾ ਠਾਣਿਆ ਹੋਇਆ ਹੈ?

 ਅੱਜ ਲੱਖਾਂ ਹੀ ਲੋਕ ਮਿਲ ਕੇ ਯਹੋਵਾਹ ਦੀ ਭਗਤੀ ਕਰ ਰਹੇ ਹਨ ਅਤੇ ਚੰਗੇ ਕੰਮ ਕਰਨ ਵਿਚ ਰੁੱਝੇ ਹੋਏ ਹਨ। ਉਹ ਪਰਮੇਸ਼ੁਰ ਦੇ ਸੰਗਠਨ ਦਾ ਹਿੱਸਾ ਹਨ ਜਿੱਥੇ ਏਕਤਾ ਤੇ ਸ਼ਾਂਤੀ ਭਰਿਆ ਮਾਹੌਲ ਹੈ। ਉਨ੍ਹਾਂ ਨੇ ਠਾਣਿਆ ਹੋਇਆ ਹੈ ਕਿ ਉਹ ਕਦੇ ਵੀ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡਣਗੇ। ਉਹ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਲੋਕਾਂ ਦਾ ਯਹੋਵਾਹ ਨਾਲ ਅਤੇ ਆਪਸ ਵਿਚ ਸ਼ਾਂਤੀ ਭਰਿਆ ਰਿਸ਼ਤਾ ਹੋਵੇ।

2. ਪਰਮੇਸ਼ੁਰ ਨੇ ਸਾਨੂੰ ਜਿਸ ਮਾਹੌਲ ਵਿਚ ਰੱਖਿਆ ਹੈ, ਉਹ ਇੰਨੇ ਕਮਾਲ ਦਾ ਕਿਉਂ ਹੈ?

2 ਇਹ ਕਿੰਨੇ ਕਮਾਲ ਦੀ ਗੱਲ ਹੈ ਕਿ ਅੱਜ ਸ਼ੈਤਾਨ ਦੀ ਦੁਨੀਆਂ ਵਿਚ ਜਿੱਥੇ ਲੋਕ ਇਕ-ਦੂਜੇ ਨਾਲ ਨਫ਼ਰਤ ਕਰਦੇ ਹਨ ਅਤੇ ਬਿਲਕੁਲ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਉੱਥੇ ਯਹੋਵਾਹ ਨੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਮਾਹੌਲ ਵਿਚ ਰੱਖਿਆ ਹੈ। (1 ਯੂਹੰ. 5:19; ਪ੍ਰਕਾ. 12:12) ਪਰਮੇਸ਼ੁਰ ਜਾਣਦਾ ਹੈ ਕਿ ਇਸ ਦੁਨੀਆਂ ਦਾ ਸਾਡੇ ʼਤੇ ਬਹੁਤ ਮਾੜਾ ਅਸਰ ਪੈ ਸਕਦਾ ਹੈ। ਇਸ ਲਈ ਉਸ ਨੇ ਸਾਨੂੰ ਸ਼ਾਂਤੀ ਭਰਿਆ ਮਾਹੌਲ ਦਿੱਤਾ ਹੈ ਜਿੱਥੇ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਤੇ ਖ਼ੁਸ਼ੀ ਨਾਲ ਉਸ ਦੀ ਸੇਵਾ ਕਰਦੇ ਹਾਂ। ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਸ ਮਾਹੌਲ ਵਿਚ ਰਹਿਣਾ ਉਸ ਦੀ “ਪਨਾਹ” ਹੇਠ ਜਾਂ “ਸਿੰਜੇ ਹੋਏ ਬਾਗ਼” ਵਿਚ ਰਹਿਣ ਵਾਂਗ ਹੈ। (ਯਸਾ. 4:6; 58:11) ਇਸ ਮਾਹੌਲ ਵਿਚ ਰਹਿਣ ਵਾਲਿਆਂ ʼਤੇ ਯਹੋਵਾਹ ਦੀ ਬਰਕਤ ਹੈ। ਇਸ ਲਈ ਆਖ਼ਰੀ ਦਿਨਾਂ ਵਿਚ ਵੀ ਉਹ ਵਧ-ਫੁੱਲ ਰਹੇ ਹਨ ਅਤੇ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਰ ਰਹੇ ਹਨ।​—ਯਸਾ. 54:14; 2 ਤਿਮੋ. 3:1.

3. ਯਸਾਯਾਹ ਅਧਿਆਇ 65 ਵਿਚ ਲਿਖੀ ਭਵਿੱਖਬਾਣੀ ਪਹਿਲੀ ਵਾਰ ਕਦੋਂ ਤੇ ਕਿੱਦਾਂ ਪੂਰੀ ਹੋਈ?

3 ਯਸਾਯਾਹ ਨਬੀ ਰਾਹੀਂ ਯਹੋਵਾਹ ਨੇ ਦੱਸਿਆ ਸੀ ਕਿ ਇਸ ਮਾਹੌਲ ਵਿਚ ਰਹਿਣ ਵਾਲਿਆਂ ਦੀ ਜ਼ਿੰਦਗੀ ਕਿੱਦਾਂ ਦੀ ਹੋਵੇਗੀ ਤੇ ਉਹ ਕਿਵੇਂ ਮਹਿਸੂਸ ਕਰਨਗੇ। ਯਸਾਯਾਹ ਅਧਿਆਇ 65 ਵਿਚ ਇਸ ਬਾਰੇ ਖੁੱਲ੍ਹ ਕੇ ਦੱਸਿਆ ਗਿਆ ਹੈ। ਇਹ ਭਵਿੱਖਬਾਣੀ ਪਹਿਲੀ ਵਾਰ 537 ਈ.ਪੂ. ਵਿਚ ਪੂਰੀ ਹੋਈ। ਉਸ ਸਮੇਂ ਜਿਨ੍ਹਾਂ ਯਹੂਦੀਆਂ ਨੇ ਤੋਬਾ ਕੀਤੀ ਸੀ, ਉਹ ਬਾਬਲ ਤੋਂ ਆਜ਼ਾਦ ਹੋ ਕੇ ਆਪਣੇ ਦੇਸ਼ ਵਾਪਸ ਆਏ ਸਨ। ਉਸ ਵੇਲੇ ਯਰੂਸ਼ਲਮ ਉਜਾੜ ਪਿਆ ਸੀ, ਪਰ ਯਹੋਵਾਹ ਦੀ ਮਦਦ ਨਾਲ ਉਸ ਦੇ ਲੋਕਾਂ ਨੇ ਇਸ ਨੂੰ ਦੁਬਾਰਾ ਤੋਂ ਸੋਹਣਾ ਬਣਾ ਦਿੱਤਾ। ਨਾਲੇ ਪਰਮੇਸ਼ੁਰ ਦੇ ਮੰਦਰ ਵਿਚ ਫਿਰ ਤੋਂ ਉਸ ਦੀ ਭਗਤੀ ਹੋਣ ਲੱਗੀ।

4. ਯਸਾਯਾਹ ਅਧਿਆਇ 65 ਵਿਚ ਲਿਖੀ ਭਵਿੱਖਬਾਣੀ ਅੱਜ ਸਾਡੇ ਸਮੇਂ ਵਿਚ ਕਿਵੇਂ ਪੂਰੀ ਹੋ ਰਹੀ ਹੈ?

4 ਯਸਾਯਾਹ ਅਧਿਆਇ 65 ਵਿਚ ਲਿਖੀ ਭਵਿੱਖਬਾਣੀ ਦੂਜੀ ਵਾਰ 1919 ਵਿਚ ਪੂਰੀ ਹੋਣੀ ਸ਼ੁਰੂ ਹੋਈ। 1919 ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਮਹਾਂ ਬਾਬਲ ਤੋਂ ਆਜ਼ਾਦ ਕੀਤਾ ਗਿਆ ਅਤੇ ਉਹ ਇਸ ਸੁਰੱਖਿਅਤ ਮਾਹੌਲ ਵਿਚ ਉਸ ਦੀ ਭਗਤੀ ਕਰਨ ਲੱਗੇ। ਉਹ ਦੁਨੀਆਂ ਭਰ ਵਿਚ ਜੋਸ਼ ਨਾਲ ਪ੍ਰਚਾਰ ਕਰਨ ਲੱਗੇ ਤੇ ਕਈ ਮੰਡਲੀਆਂ ਬਣਨ ਲੱਗੀਆਂ। ਹੌਲੀ-ਹੌਲੀ ਹੋਰ ਲੋਕ ਇਸ ਪਰਿਵਾਰ ਦਾ ਹਿੱਸਾ ਬਣਨ ਲੱਗੇ ਅਤੇ ਆਪਣੇ ਵਿਚ ਪਰਮੇਸ਼ੁਰ ਵਰਗੇ ਗੁਣ ਵਧਾਉਣ ਲੱਗੇ। ਇਕ ਸਮੇਂ ʼਤੇ ਜੋ ਲੋਕ ਜਾਨਵਰਾਂ ਵਾਂਗ ਖੂੰਖਾਰ ਸਨ ਅਤੇ ਬੁਰੇ ਤੋਂ ਬੁਰੇ ਕੰਮ ਕਰਦੇ ਸਨ, ਉਹ ‘ਨਵੇਂ ਸੁਭਾਅ ਨੂੰ ਪਹਿਨਣ ਲੱਗੇ ਜੋ ਪਰਮੇਸ਼ੁਰ ਦੀ ਇੱਛਾ ਅਨੁਸਾਰ ਸਿਰਜਿਆ ਗਿਆ ਹੈ।’ (ਅਫ਼. 4:24) ਯਸਾਯਾਹ ਦੀ ਭਵਿੱਖਬਾਣੀ ਦੀਆਂ ਕੁਝ ਗੱਲਾਂ ਅੱਜ ਪੂਰੀਆਂ ਹੋ ਰਹੀਆਂ ਹਨ ਤੇ ਕੁਝ ਗੱਲਾਂ ਭਵਿੱਖ ਵਿਚ ਪੂਰੀਆਂ ਹੋਣਗੀਆਂ। ਹੁਣ ਆਓ ਦੇਖੀਏ ਕਿ ਪਰਮੇਸ਼ੁਰ ਦੇ ਇਸ ਪਰਿਵਾਰ ਵਿਚ ਰਹਿਣ ਦਾ ਅੱਜ ਸਾਨੂੰ ਕੀ ਫ਼ਾਇਦਾ ਹੋ ਰਿਹਾ ਹੈ ਅਤੇ ਸਾਨੂੰ ਇਸ ਨੂੰ ਛੱਡ ਕੇ ਕਿਉਂ ਨਹੀਂ ਜਾਣਾ ਚਾਹੀਦਾ।

ਇਸ ਪਰਿਵਾਰ ਵਿਚ ਰਹਿਣ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲ ਰਹੀਆਂ ਹਨ?

5. ਪਰਮੇਸ਼ੁਰ ਦੇ ਪਰਿਵਾਰ ਵਿਚ ਰਹਿਣ ਕਰਕੇ ਸਾਨੂੰ ਕਿਹੜੀਆਂ ਬਰਕਤਾਂ ਮਿਲ ਰਹੀਆਂ ਹਨ? (ਯਸਾਯਾਹ 65:13)

5 ਉਹ ਤੰਦਰੁਸਤ ਤੇ ਤਰੋ-ਤਾਜ਼ਾ ਰਹਿੰਦੇ ਹਨ। ਯਸਾਯਾਹ ਦੀ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਪਰਮੇਸ਼ੁਰ ਦੇ ਲੋਕ ਅਤੇ ਦੁਨੀਆਂ ਦੇ ਲੋਕ ਜਿਸ ਮਾਹੌਲ ਵਿਚ ਰਹਿਣਗੇ, ਉਸ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਹੋਵੇਗਾ। (ਯਸਾਯਾਹ 65:13 ਪੜ੍ਹੋ।) ਯਹੋਵਾਹ ਆਪਣੇ ਲੋਕਾਂ ਨੂੰ ਭਰਪੂਰ ਭੋਜਨ ਦੇ ਰਿਹਾ ਹੈ ਅਤੇ ਉਹ ਉਨ੍ਹਾਂ ਨੂੰ ਕੋਈ ਵੀ ਕਮੀ ਨਹੀਂ ਹੋਣ ਦਿੰਦਾ। ਉਹ ਸਾਨੂੰ ਪਵਿੱਤਰ ਸ਼ਕਤੀ, ਆਪਣਾ ਬਚਨ ਬਾਈਬਲ ਤੇ ਪ੍ਰਕਾਸ਼ਨ ਦਿੰਦਾ ਹੈ ਤਾਂਕਿ ਅਸੀਂ ‘ਖਾਈਏ, ਪੀਏ ਤੇ ਜਸ਼ਨ ਮਨਾਈਏ।’ (ਪ੍ਰਕਾਸ਼ ਦੀ ਕਿਤਾਬ 22:17 ਵਿਚ ਨੁਕਤਾ ਦੇਖੋ।) ਪਰ ਜਿਹੜੇ ਲੋਕ ਇਸ ਪਰਿਵਾਰ ਦਾ ਹਿੱਸਾ ਨਹੀਂ ਹਨ, ਉਹ ‘ਭੁੱਖੇ, ਪਿਆਸੇ ਤੇ ਸ਼ਰਮਿੰਦੇ ਹੁੰਦੇ ਹਨ’ ਯਾਨੀ ਉਹ ਪਰਮੇਸ਼ੁਰ ਦੇ ਗਿਆਨ ਤੋਂ ਵਾਂਝੇ ਰਹਿੰਦੇ ਹਨ।​—ਆਮੋ. 8:11.

6. ਪਰਮੇਸ਼ੁਰ ਨੇ ਸਾਡੇ ਲਈ ਕਿਹੜੇ ਪ੍ਰਬੰਧ ਕੀਤੇ ਹਨ ਅਤੇ ਅਸੀਂ ਇਸ ਤੋਂ ਕਿਵੇਂ ਫ਼ਾਇਦਾ ਉਠਾ ਸਕਦੇ ਹਾਂ? (ਯੋਏਲ 2:21-24)

6 ਯੋਏਲ ਨੇ ਆਪਣੀ ਭਵਿੱਖਬਾਣੀ ਵਿਚ ਦੱਸਿਆ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਅਨਾਜ, ਦਾਖਰਸ ਅਤੇ ਜ਼ੈਤੂਨ ਦੇ ਤੇਲ ਵਰਗੀਆਂ ਚੀਜ਼ਾਂ ਬਹੁਤਾਤ ਵਿਚ ਦੇਵੇਗਾ। ਇਸ ਦਾ ਮਤਲਬ ਹੈ ਕਿ ਉਹ ਆਪਣੇ ਲੋਕਾਂ ਲਈ ਇੱਦਾਂ ਦੇ ਪ੍ਰਬੰਧ ਕਰੇਗਾ ਜਿਨ੍ਹਾਂ ਨਾਲ ਉਨ੍ਹਾਂ ਦੀ ਨਿਹਚਾ ਮਜ਼ਬੂਤ ਬਣੀ ਰਹੇਗੀ। (ਯੋਏ. 2:21-24) ਅੱਜ ਯਹੋਵਾਹ ਇਹ ਕਿੱਦਾਂ ਕਰ ਰਿਹਾ ਹੈ? ਉਹ ਆਪਣੇ ਲੋਕਾਂ ਨੂੰ ਬਾਈਬਲ, ਬਾਈਬਲ-ਆਧਾਰਿਤ ਪ੍ਰਕਾਸ਼ਨ, ਸਾਡੀ ਵੈੱਬਸਾਈਟ, ਸਾਡੀਆਂ ਸਭਾਵਾਂ ਅਤੇ ਸੰਮੇਲਨਾਂ ਰਾਹੀਂ ਬਹੁਤ ਸਾਰੀਆਂ ਗੱਲਾਂ ਸਿਖਾ ਰਿਹਾ ਹੈ। ਅਸੀਂ ਹਰ ਰੋਜ਼ ਇਨ੍ਹਾਂ ਪ੍ਰਬੰਧਾਂ ਤੋਂ ਫ਼ਾਇਦਾ ਉਠਾ ਸਕਦੇ ਹਾਂ। ਨਤੀਜੇ ਵਜੋਂ, ਅਸੀਂ ਤੰਦਰੁਸਤ ਅਤੇ ਤਰੋ-ਤਾਜ਼ਾ ਰਹਾਂਗੇ।

7. ਸਾਡਾ “ਦਿਲ ਖ਼ੁਸ਼” ਕਿਉਂ ਹੈ? (ਯਸਾਯਾਹ 65:14)

7 ਉਹ ਖ਼ੁਸ਼ ਤੇ ਸੰਤੁਸ਼ਟ ਰਹਿੰਦੇ ਹਨ। ਪਰਮੇਸ਼ੁਰ ਦੇ ਲੋਕਾਂ ਦਾ ਦਿਲ ਇੰਨਾ ਅਹਿਸਾਨ ਨਾਲ ਭਰ ਜਾਂਦਾ ਹੈ ਕਿ ਉਹ ਉਸ ਦੇ ‘ਉੱਚੀ-ਉੱਚੀ ਜੈਕਾਰੇ ਲਾਉਂਦੇ ਹਨ।’ (ਯਸਾਯਾਹ 65:14 ਪੜ੍ਹੋ।) ਯਹੋਵਾਹ ਨੇ ਸਾਨੂੰ ਸੱਚਾਈ ਸਿਖਾਈ ਹੈ ਜਿਸ ਕਰਕੇ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਉਸ ਨੇ ਆਪਣੇ ਬਚਨ ਵਿਚ ਇੱਦਾਂ ਦੇ ਵਾਅਦੇ ਕੀਤੇ ਹਨ ਜਿਨ੍ਹਾਂ ਤੋਂ ਸਾਨੂੰ ਦਿਲਾਸਾ ਮਿਲਦਾ ਹੈ। ਇੰਨਾ ਹੀ ਨਹੀਂ, ਉਸ ਨੇ ਰਿਹਾਈ ਦੀ ਕੀਮਤ ਦੇ ਆਧਾਰ ʼਤੇ ਸਾਨੂੰ ਪੱਕੀ ਉਮੀਦ ਵੀ ਦਿੱਤੀ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਸਾਡਾ “ਦਿਲ ਖ਼ੁਸ਼” ਹੈ। ਨਾਲੇ ਜਦੋਂ ਅਸੀਂ ਇਨ੍ਹਾਂ ਬਾਰੇ ਭੈਣਾਂ-ਭਰਾਵਾਂ ਨਾਲ ਗੱਲਾਂ ਕਰਦੇ ਹਾਂ, ਤਾਂ ਸਾਡੀ ਖ਼ੁਸ਼ੀ ਦੁਗਣੀ ਹੋ ਜਾਂਦੀ ਹੈ।​—ਜ਼ਬੂ. 34:8; 133:1-3.

8. ਕਿਹੜੀਆਂ ਦੋ ਗੱਲਾਂ ਇਸ ਪਰਿਵਾਰ ਦੀ ਖੂਬਸੂਰਤੀ ਨੂੰ ਵਧਾਉਂਦੀਆਂ ਹਨ?

8 ਯਹੋਵਾਹ ਦੇ ਲੋਕਾਂ ਵਿਚ ਪਿਆਰ ਤੇ ਏਕਤਾ ਹੋਣ ਕਰਕੇ ਇਸ ਪਰਿਵਾਰ ਦੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ। ਇਸ “ਏਕਤਾ ਦੇ ਬੰਧਨ” ਤੋਂ ਪਤਾ ਲੱਗਦਾ ਹੈ ਕਿ ਅਸੀਂ ਨਵੀਂ ਦੁਨੀਆਂ ਵਿਚ ਕਿਵੇਂ ਮਿਲ-ਜੁਲ ਕੇ ਰਹਾਂਗੇ। ਉਸ ਸਮੇਂ ਸਾਡੇ ਵਿਚ ਹੋਰ ਵੀ ਪਿਆਰ ਤੇ ਏਕਤਾ ਹੋਵੇਗੀ। (ਕੁਲੁ. 3:14) ਇਕ ਭੈਣ ਦੱਸਦੀ ਹੈ ਕਿ ਜਦੋਂ ਉਹ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਨੂੰ ਮਿਲੀ, ਤਾਂ ਉਸ ਨੂੰ ਕਿੱਦਾਂ ਲੱਗਾ। ਉਹ ਕਹਿੰਦੀ ਹੈ: “ਨਾ ਤਾਂ ਮੇਰੀ ਜ਼ਿੰਦਗੀ ਵਿਚ ਤੇ ਨਾ ਹੀ ਮੇਰੇ ਪਰਿਵਾਰ ਵਿਚ ਖ਼ੁਸ਼ੀ ਨਾਂ ਦੀ ਕੋਈ ਚੀਜ਼ ਸੀ। ਪਿਆਰ ਹੁੰਦਾ ਕੀ ਹੈ, ਇਹ ਮੈਂ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਵਿਚ ਦੇਖਿਆ।” ਸਾਡੇ ਵਿਚ ਇਹ ਜੋ ਮਾਹੌਲ ਹੈ, ਉਹ ਬਹੁਤ ਕਮਾਲ ਦਾ ਹੈ। ਜੇ ਕੋਈ ਵਿਅਕਤੀ ਸੱਚ-ਮੁੱਚ ਖ਼ੁਸ਼ ਤੇ ਸੰਤੁਸ਼ਟ ਰਹਿਣਾ ਚਾਹੁੰਦਾ ਹੈ, ਤਾਂ ਉਸ ਨੂੰ ਖ਼ੁਦ ਪਰਮੇਸ਼ੁਰ ਦੇ ਪਰਿਵਾਰ ਵਿਚ ਸ਼ਾਮਲ ਹੋਣਾ ਪੈਣਾ ਅਤੇ ਇਸ ਨੂੰ ਅਜ਼ਮਾਉਣਾ ਪੈਣਾ। ਦੁਨੀਆਂ ਦੇ ਲੋਕ ਚਾਹੇ ਸਾਡੇ ਬਾਰੇ ਜੋ ਮਰਜ਼ੀ ਕਹਿਣ, ਪਰ ਸਾਡੇ ਉੱਤੇ ਯਹੋਵਾਹ ਦੀ ਮਿਹਰ ਹੈ। ਨਾਲੇ ਯਹੋਵਾਹ ਅਤੇ ਉਸ ਦੇ ਲੋਕਾਂ ਵਿਚ ਸਾਡਾ ਚੰਗਾ ਨਾਂ ਹੈ। ਇਸੇ ਕਰਕੇ ਯਹੋਵਾਹ ਨੇ ਕਿਹਾ ਕਿ “ਉਹ ਆਪਣੇ ਸੇਵਕਾਂ ਨੂੰ ਕਿਸੇ ਹੋਰ ਨਾਂ ਤੋਂ ਬੁਲਾਵੇਗਾ।”​—ਯਸਾ. 65:15.

9. ਯਸਾਯਾਹ 65:16, 17 ਵਿਚ ਸਾਡੇ ਨਾਲ ਕੀ ਵਾਅਦਾ ਕੀਤਾ ਗਿਆ ਹੈ?

9 ਉਹ ਚੈਨ ਤੇ ਸਕੂਨ ਨਾਲ ਜੀਉਂਦੇ ਹਨ। ਯਸਾਯਾਹ 65:14 ਵਿਚ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਇਸ ਪਰਿਵਾਰ ਦਾ ਹਿੱਸਾ ਨਾ ਬਣਨ ਦਾ ਫ਼ੈਸਲਾ ਕਰਦੇ ਹਨ, ਉਹ ‘ਦੁਖੀ ਦਿਲ ਕਰਕੇ ਚਿਲਾਉਣਗੇ ਅਤੇ ਟੁੱਟੇ ਹੋਏ ਮਨ ਕਰਕੇ ਰੋਣ-ਕੁਰਲਾਉਣਗੇ।’ ਪਰ ਅੱਜ ਇੱਦਾਂ ਦੀਆਂ ਕਈ ਚੀਜ਼ਾਂ ਹਨ ਜਿਨ੍ਹਾਂ ਕਰਕੇ ਪਰਮੇਸ਼ੁਰ ਦੇ ਲੋਕ ਵੀ ਦੁਖੀ ਤੇ ਨਿਰਾਸ਼ ਹੋ ਜਾਂਦੇ ਹਨ। ਉਨ੍ਹਾਂ ਚੀਜ਼ਾਂ ਦਾ ਕੀ ਹੋਵੇਗਾ? ਯਸਾਯਾਹ ਨੇ ਲਿਖਿਆ ਕਿ ਉਹ ‘ਭੁਲਾਈਆਂ ਜਾਣਗੀਆਂ ਅਤੇ ਪਰਮੇਸ਼ੁਰ ਦੀਆਂ ਅੱਖਾਂ ਤੋਂ ਲੁਕਾਈਆਂ ਜਾਣਗੀਆਂ।’ (ਯਸਾਯਾਹ 65:16, 17 ਪੜ੍ਹੋ।) ਜੀ ਹਾਂ, ਯਹੋਵਾਹ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਤੇ ਦੁੱਖਾਂ ਨੂੰ ਖ਼ਤਮ ਕਰ ਦੇਵੇਗਾ। ਨਾਲੇ ਜੋ ਬੁਰੀਆਂ ਯਾਦਾਂ ਸਾਨੂੰ ਸਤਾਉਂਦੀਆਂ ਹਨ, ਉਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਮਿਟਾ ਦੇਵੇਗਾ।

10. ਤੁਹਾਨੂੰ ਕਿਉਂ ਲੱਗਦਾ ਹੈ ਕਿ ਸਭਾਵਾਂ ʼਤੇ ਜਾਣਾ ਇਕ ਬਹੁਤ ਵੱਡੀ ਬਰਕਤ ਹੈ? (ਤਸਵੀਰ ਵੀ ਦੇਖੋ।)

10 ਨਵੀਂ ਦੁਨੀਆਂ ਵਿਚ ਤਾਂ ਅਸੀਂ ਚੈਨ ਨਾਲ ਜੀਵਾਂਗੇ ਹੀ, ਪਰ ਅੱਜ ਵੀ ਅਸੀਂ ਸਕੂਨ ਤੇ ਤਾਜ਼ਗੀ ਪਾ ਸਕਦੇ ਹਾਂ। ਕਿਵੇਂ? ਸਭਾਵਾਂ ʼਤੇ ਜਾ ਕੇ। ਜਦੋਂ ਅਸੀਂ ਸਭਾਵਾਂ ʼਤੇ ਜਾਂਦੇ ਹਾਂ, ਤਾਂ ਅਸੀਂ ਇਸ ਦੁਸ਼ਟ ਦੁਨੀਆਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਭੁੱਲ ਜਾਂਦੇ ਹਾਂ। ਇਸ ਤੋਂ ਇਲਾਵਾ, ਜਦੋਂ ਅਸੀਂ ਪਿਆਰ, ਖ਼ੁਸ਼ੀ, ਸ਼ਾਂਤੀ, ਦਇਆ ਅਤੇ ਨਰਮਾਈ ਵਰਗੇ ਪਵਿੱਤਰ ਸ਼ਕਤੀ ਦੇ ਗੁਣ ਜ਼ਾਹਰ ਕਰਦੇ ਹਾਂ, ਤਾਂ ਅਸੀਂ ਇਸ ਪਰਿਵਾਰ ਵਿਚ ਚੈਨ ਤੇ ਸ਼ਾਂਤੀ ਦਾ ਮਾਹੌਲ ਬਣਾਈ ਰੱਖਦੇ ਹਾਂ। (ਗਲਾ. 5:22, 23) ਸੱਚ-ਮੁੱਚ, ਸਾਡੇ ਲਈ ਇਹ ਕਿੰਨੀ ਵੱਡੀ ਬਰਕਤ ਹੈ ਕਿ ਅਸੀਂ ਪਰਮੇਸ਼ੁਰ ਦੇ ਸੰਗਠਨ ਦਾ ਹਿੱਸਾ ਹਾਂ! ਜਿਹੜੇ ਲੋਕ ਇਸ ਸੰਗਠਨ ਦਾ ਹਿੱਸਾ ਬਣੇ ਰਹਿਣਗੇ, ਉਨ੍ਹਾਂ ਨੂੰ ‘ਨਵੇਂ ਆਕਾਸ਼ ਤੇ ਨਵੀਂ ਧਰਤੀ’ ਨੂੰ ਦੇਖਣ ਦਾ ਵੀ ਮੌਕਾ ਮਿਲੇਗਾ ਜਿਸ ਦਾ ਵਾਅਦਾ ਪਰਮੇਸ਼ੁਰ ਨੇ ਕੀਤਾ ਹੈ।

ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਹੋਣਾ ਕਿੰਨੀ ਵੱਡੀ ਬਰਕਤ ਹੈ! (ਪੈਰਾ 10 ਦੇਖੋ) b


11. ਯਹੋਵਾਹ ਨੇ ਸਾਡੇ ਲਈ ਜਿਸ ਪਰਿਵਾਰ ਦੀ ਸ਼ੁਰੂਆਤ ਕੀਤੀ ਹੈ, ਉਸ ਬਾਰੇ ਜਾਣ ਕੇ ਸਾਨੂੰ ਕਿੱਦਾਂ ਲੱਗਦਾ ਹੈ? (ਯਸਾਯਾਹ 65:18, 19)

11 ਉਹ ਅਹਿਸਾਨਮੰਦ ਹਨ ਤੇ ਖ਼ੁਸ਼ੀਆਂ ਮਨਾਉਂਦੇ ਹਨ। ਯਸਾਯਾਹ ਨੇ ਅੱਗੇ ਦੱਸਿਆ ਕਿ ਸਾਨੂੰ ‘ਖ਼ੁਸ਼ੀਆਂ ਮਨਾਉਣੀਆਂ ਅਤੇ ਬਾਗ਼-ਬਾਗ਼ ਹੋਣਾ’ ਚਾਹੀਦਾ ਹੈ। ਪਰ ਕਿਉਂ? ਕਿਉਂਕਿ ਪਰਮੇਸ਼ੁਰ ਨੇ ਸਾਡੇ ਇਸ ਪਰਿਵਾਰ ਦੀ ਸ਼ੁਰੂਆਤ ਕੀਤੀ ਹੈ। (ਯਸਾਯਾਹ 65:18, 19 ਪੜ੍ਹੋ।) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਦੀ ਵੀ ਮਦਦ ਕਰੀਏ ਤਾਂਕਿ ਉਹ ਦੁਨੀਆਂ ਦੇ ਸੰਗਠਨਾਂ ਨੂੰ ਛੱਡ ਕੇ ਇਸ ਪਰਿਵਾਰ ਦਾ ਹਿੱਸਾ ਬਣ ਜਾਣ। ਉੱਦਾਂ ਵੀ ਦੁਨੀਆਂ ਦੇ ਸੰਗਠਨ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਬਾਰੇ ਕੁਝ ਨਹੀਂ ਸਿਖਾਉਂਦੇ। ਦੂਜੇ ਪਾਸੇ, ਸੱਚਾਈ ਜਾਣਨ ਕਰਕੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ। ਇਸ ਗੱਲ ਲਈ ਅਸੀਂ ਬਹੁਤ ਅਹਿਸਾਨਮੰਦ ਹਾਂ ਅਤੇ ਸਾਡਾ ਦਿਲ ਕਰਦਾ ਹੈ ਕਿ ਅਸੀਂ ਦੂਜਿਆਂ ਨੂੰ ਵੀ ਇਸ ਬਾਰੇ ਦੱਸੀਏ।​—ਯਿਰ. 31:12.

12. ਯਸਾਯਾਹ 65:20-24 ਵਿਚ ਦਰਜ ਵਾਅਦਿਆਂ ਬਾਰੇ ਜਾਣ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ ਤੇ ਕਿਉਂ?

12 ਪਰਮੇਸ਼ੁਰ ਦੇ ਪਰਿਵਾਰ ਵਿਚ ਰਹਿਣ ਵਾਲੇ ਲੋਕ ਇਸ ਗੱਲ ਲਈ ਵੀ ਅਹਿਸਾਨਮੰਦ ਹਨ ਕਿ ਉਨ੍ਹਾਂ ਕੋਲ ਹਮੇਸ਼ਾ ਲਈ ਜੀਉਣ ਦੀ ਉਮੀਦ ਹੈ। ਜ਼ਰਾ ਸੋਚੋ, ਨਵੀਂ ਦੁਨੀਆਂ ਵਿਚ ਸਾਡੀ ਜ਼ਿੰਦਗੀ ਕਿੱਦਾਂ ਦੀ ਹੋਵੇਗੀ ਅਤੇ ਅਸੀਂ ਉੱਥੇ ਕੀ-ਕੀ ਕਰਾਂਗੇ! ਬਾਈਬਲ ਵਿਚ ਲਿਖਿਆ ਹੈ: “ਫਿਰ ਅਜਿਹਾ ਕੋਈ ਬੱਚਾ ਨਹੀਂ ਹੋਵੇਗਾ ਜੋ ਬੱਸ ਥੋੜ੍ਹੇ ਦਿਨਾਂ ਲਈ ਜੀਵੇ, ਨਾ ਅਜਿਹਾ ਬਜ਼ੁਰਗ ਹੋਵੇਗਾ ਜੋ ਆਪਣੀ ਪੂਰੀ ਉਮਰ ਨਾ ਭੋਗੇ।” ਅਸੀਂ ‘ਘਰ ਬਣਾਵਾਂਗੇ ਅਤੇ ਉਨ੍ਹਾਂ ਵਿਚ ਵੱਸਾਂਗੇ, ਅੰਗੂਰੀ ਬਾਗ਼ ਲਾਵਾਂਗੇ ਅਤੇ ਉਨ੍ਹਾਂ ਦਾ ਫਲ ਖਾਵਾਂਗੇ।’ ਅਸੀਂ ‘ਵਿਅਰਥ ਮਿਹਨਤ ਨਹੀਂ ਕਰਾਂਗੇ’ ਕਿਉਂਕਿ ਸਾਡੇ ਉੱਤੇ “ਯਹੋਵਾਹ ਦੀ ਬਰਕਤ” ਹੋਵੇਗੀ। ਯਹੋਵਾਹ ਨੇ ਸਾਨੂੰ ਇੱਦਾਂ ਦੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ ਜਿਸ ਤੋਂ ਸਾਨੂੰ ਖ਼ੁਸ਼ੀ ਮਿਲੇਗੀ। ਸਾਡੇ “ਪੁਕਾਰਨ ਤੋਂ ਪਹਿਲਾਂ ਹੀ” ਉਹ ਸਾਡੀ ਸੁਣ ਲਵੇਗਾ ਅਤੇ ਸਾਡੀਆਂ ਲੋੜਾਂ ਪੂਰੀਆਂ ਕਰੇਗਾ। ਇੰਨਾ ਹੀ ਨਹੀਂ, ਉਹ ‘ਸਾਰੇ ਜੀਉਂਦੇ ਪ੍ਰਾਣੀਆਂ ਦੀ ਇੱਛਾ ਪੂਰੀ ਕਰੇਗਾ।’​—ਯਸਾ. 65:20-24; ਜ਼ਬੂ. 145:16.

13. ਕਈਆਂ ਨੇ ਆਪਣੇ ਅੰਦਰ ਕਿਹੜੇ ਬਦਲਾਅ ਕੀਤੇ ਹਨ ਤਾਂਕਿ ਉਹ ਯਹੋਵਾਹ ਦੀ ਸੇਵਾ ਕਰ ਸਕਣ? (ਯਸਾਯਾਹ 65:25)

13 ਉਹ ਸ਼ਾਂਤੀ ਨਾਲ ਜੀਉਂਦੇ ਹਨ ਤੇ ਸੁਰੱਖਿਅਤ ਮਹਿਸੂਸ ਕਰਦੇ ਹਨ। ਕਈ ਭੈਣਾਂ-ਭਰਾਵਾਂ ਦਾ ਸੁਭਾਅ ਪਹਿਲਾਂ ਜਾਨਵਰਾਂ ਵਰਗਾ ਸੀ, ਪਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਹ ਆਪਣੇ ਅੰਦਰ ਵੱਡੇ-ਵੱਡੇ ਬਦਲਾਅ ਕਰ ਸਕੇ ਹਨ। (ਯਸਾਯਾਹ 65:25 ਪੜ੍ਹੋ।) ਉਨ੍ਹਾਂ ਨੇ ਆਪਣੀਆਂ ਬੁਰੀਆਂ ਇੱਛਾਵਾਂ ʼਤੇ ਕਾਬੂ ਕੀਤਾ ਅਤੇ ਆਪਣੇ ਚਾਲ-ਚਲਣ ਨੂੰ ਸੁਧਾਰਿਆ। (ਰੋਮੀ. 12:2; ਅਫ਼. 4:22-24) ਇਹ ਸੱਚ ਹੈ ਕਿ ਸਾਰੇ ਯਹੋਵਾਹ ਦੇ ਗਵਾਹ ਨਾਮੁਕੰਮਲ ਹਨ, ਇਸ ਲਈ ਉਨ੍ਹਾਂ ਤੋਂ ਗ਼ਲਤੀਆਂ ਹੁੰਦੀਆਂ ਰਹਿਣਗੀਆਂ। ਪਰ ਯਹੋਵਾਹ ਨੇ “ਹਰ ਤਰ੍ਹਾਂ ਦੇ ਲੋਕਾਂ” ਨੂੰ ਇਕਮੁੱਠ ਕੀਤਾ ਹੈ ਜੋ ਉਸ ਨੂੰ ਅਤੇ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਇਸ ਕਰਕੇ ਉਨ੍ਹਾਂ ਵਿਚ ਏਕਤਾ ਤੇ ਸ਼ਾਂਤੀ ਹੈ। (ਤੀਤੁ. 2:11) ਇਹ ਇਕ ਅਜਿਹਾ ਚਮਤਕਾਰ ਹੈ ਜੋ ਸਿਰਫ਼ ਪਰਮੇਸ਼ੁਰ ਹੀ ਕਰ ਸਕਦਾ ਹੈ!

14. ਯਸਾਯਾਹ 65:25 ਵਿਚ ਲਿਖੀ ਗੱਲ ਇਕ ਭਰਾ ʼਤੇ ਕਿਵੇਂ ਸੱਚ ਸਾਬਤ ਹੋਈ?

14 ਕੀ ਇਕ ਵਿਅਕਤੀ ਸੱਚ-ਮੁੱਚ ਆਪਣਾ ਸੁਭਾਅ ਬਦਲ ਸਕਦਾ ਹੈ? ਇਕ ਭਰਾ ਦੇ ਤਜਰਬੇ ʼਤੇ ਗੌਰ ਕਰੋ। 20 ਸਾਲਾਂ ਦੀ ਉਮਰ ਤਕ ਉਹ ਕਈ ਵਾਰ ਜੇਲ੍ਹ ਜਾ ਚੁੱਕਾ ਸੀ। ਉਹ ਬਹੁਤ ਲੜਾਈਆਂ ਕਰਦਾ ਸੀ ਤੇ ਅਨੈਤਿਕ ਕੰਮ ਕਰਦਾ ਸੀ। ਉਸ ਨੂੰ ਗੱਡੀ ਚੋਰੀ ਕਰਨ, ਘਰਾਂ ਵਿਚ ਚੋਰੀ ਕਰਨ ਅਤੇ ਹੋਰ ਵੱਡੇ-ਵੱਡੇ ਅਪਰਾਧਾਂ ਕਰਕੇ ਜੇਲ੍ਹ ਹੋਈ ਸੀ। ਉਹ ਹਰ ਵੇਲੇ ਲੜਨ ਲਈ ਤਿਆਰ ਰਹਿੰਦਾ ਸੀ। ਪਰ ਜਦੋਂ ਉਸ ਨੇ ਪਹਿਲੀ ਵਾਰ ਬਾਈਬਲ ਤੋਂ ਸੱਚਾਈ ਸਿੱਖੀ ਤੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣਾ ਸ਼ੁਰੂ ਕੀਤਾ, ਤਾਂ ਉੱਥੇ ਦਾ ਮਾਹੌਲ ਉਸ ਨੂੰ ਬਹੁਤ ਚੰਗਾ ਲੱਗਾ ਅਤੇ ਇਹ ਉਸ ਦੇ ਦਿਲ ਨੂੰ ਛੂਹ ਗਿਆ। ਉਹ ਸਮਝ ਗਿਆ ਕਿ ਜੇ ਉਹ ਸੱਚ-ਮੁੱਚ ਖ਼ੁਸ਼ ਰਹਿਣਾ ਚਾਹੁੰਦਾ ਹੈ, ਤਾਂ ਉਸ ਨੂੰ ਯਹੋਵਾਹ ਦੀ ਭਗਤੀ ਕਰਨ ਦੀ ਲੋੜ ਹੈ ਤੇ ਉਸ ਦੀਆਂ ਹਿਦਾਇਤਾਂ ਮੰਨਣ ਦੀ ਲੋੜ ਹੈ। ਬਪਤਿਸਮਾ ਲੈਣ ਤੋਂ ਬਾਅਦ ਉਹ ਅਕਸਰ ਸੋਚਦਾ ਸੀ ਕਿ ਉਸ ਨਾਲ ਬਿਲਕੁਲ ਉਵੇਂ ਹੋਇਆ ਜਿਵੇਂ ਯਸਾਯਾਹ 65:25 ਵਿਚ ਲਿਖਿਆ ਹੈ। ਉਸ ਦਾ ਸੁਭਾਅ ਪਹਿਲਾਂ ਇਕ ਬਘਿਆੜ ਵਾਂਗ ਖੂੰਖਾਰ ਸੀ, ਪਰ ਹੁਣ ਉਸ ਦਾ ਸੁਭਾਅ ਇਕ ਮੇਮਣੇ ਵਾਂਗ ਕੋਮਲ ਹੈ।

15. ਅਸੀਂ ਕਿਉਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਪਰਿਵਾਰ ਦਾ ਹਿੱਸਾ ਬਣਨ ਅਤੇ ਅਸੀਂ ਕਿੱਦਾਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ?

15 ਯਸਾਯਾਹ 65:13 ਦੇ ਸ਼ੁਰੂ ਵਿਚ ਲਿਖਿਆ ਹੈ: “ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ” ਅਤੇ ਆਇਤ 25 ਦੇ ਅਖ਼ੀਰ ਵਿਚ ਲਿਖਿਆ ਹੈ: “ਯਹੋਵਾਹ ਕਹਿੰਦਾ ਹੈ।” ਯਹੋਵਾਹ ਦੀ ਕਹੀ ਹਰ ਗੱਲ ਹਮੇਸ਼ਾ ਪੂਰੀ ਹੁੰਦੀ ਹੈ। (ਯਸਾ. 55:10, 11) ਯਹੋਵਾਹ ਨੇ ਸਾਨੂੰ ਇਕ ਇੱਦਾਂ ਦਾ ਪਰਿਵਾਰ ਦੇਣ ਦਾ ਵਾਅਦਾ ਕੀਤਾ ਸੀ ਜਿਸ ਵਿਚ ਅਸੀਂ ਸੁਰੱਖਿਅਤ ਮਹਿਸੂਸ ਕਰਾਂਗੇ ਤੇ ਅੱਜ ਅਸੀਂ ਇੱਦਾਂ ਦੇ ਹੀ ਮਾਹੌਲ ਵਿਚ ਰਹਿ ਰਹੇ ਹਾਂ। ਇਸ ਵਿਚ ਸਾਨੂੰ ਸੱਚੀ ਸ਼ਾਂਤੀ ਮਿਲਦੀ ਹੈ। ਇਹ ਪਰਿਵਾਰ ਰੇਗਿਸਤਾਨ ਵਰਗੀ ਦੁਨੀਆਂ ਵਿਚ ਇਕ ਹਰੇ-ਭਰੇ ਬਾਗ਼ ਵਾਂਗ ਹੈ। (ਜ਼ਬੂ. 72:7) ਇਸ ਲਈ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਇਸ ਪਰਿਵਾਰ ਦਾ ਹਿੱਸਾ ਬਣਨ ਵਿਚ ਮਦਦ ਕਰਨੀ ਚਾਹੁੰਦੇ ਹਾਂ। ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਜ਼ੋਰਾਂ-ਸ਼ੋਰਾਂ ਨਾਲ ਚੇਲੇ ਬਣਾਉਣ ਦਾ ਕੰਮ ਕਰ ਕੇ। ​—ਮੱਤੀ 28:19, 20.

ਲੋਕਾਂ ਨੂੰ ਯਹੋਵਾਹ ਦੇ ਪਰਿਵਾਰ ਵੱਲ ਕਿਵੇਂ ਖਿੱਚੀਏ?

16. ਲੋਕ ਯਹੋਵਾਹ ਦੇ ਪਰਿਵਾਰ ਵੱਲ ਕਿਵੇਂ ਖਿੱਚੇ ਚਲੇ ਆਉਂਦੇ ਹਨ?

16 ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਯਹੋਵਾਹ ਦੇ ਇਸ ਪਰਿਵਾਰ ਨੂੰ ਹੋਰ ਵੀ ਖ਼ੂਬਸੂਰਤ ਬਣਾਈਏ ਤਾਂਕਿ ਲੋਕ ਇਸ ਵੱਲ ਖਿੱਚੇ ਚਲੇ ਆਉਣ। ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਯਹੋਵਾਹ ਦੀ ਰੀਸ ਕਰ ਕੇ। ਯਹੋਵਾਹ ਕਿਸੇ ਨੂੰ ਵੀ ਜ਼ਬਰਦਸਤੀ ਆਪਣੇ ਸੰਗਠਨ ਵਿਚ ਨਹੀਂ ਲਿਆਉਂਦਾ, ਸਗੋਂ ਉਹ ਪਿਆਰ ਨਾਲ ਲੋਕਾਂ ਨੂੰ ‘ਆਪਣੇ ਵੱਲ ਖਿੱਚਦਾ ਹੈ।’ (ਯੂਹੰ. 6:44; ਯਿਰ. 31:3) ਜਦੋਂ ਨੇਕਦਿਲ ਲੋਕ ਇਹ ਸਿੱਖਦੇ ਹਨ ਕਿ ਯਹੋਵਾਹ ਇਕ ਪਿਆਰ ਕਰਨ ਵਾਲਾ ਪਿਤਾ ਹੈ ਅਤੇ ਉਸ ਵਿਚ ਹੋਰ ਵੀ ਕਈ ਖ਼ੂਬੀਆਂ ਹਨ, ਤਾਂ ਉਹ ਖ਼ੁਦ-ਬਖ਼ੁਦ ਉਸ ਵੱਲ ਖਿੱਚੇ ਚਲੇ ਆਉਂਦੇ ਹਨ। ਅਸੀਂ ਆਪਣੇ ਗੁਣਾਂ ਤੇ ਚੰਗੇ ਚਾਲ-ਚਲਣ ਨਾਲ ਲੋਕਾਂ ਨੂੰ ਯਹੋਵਾਹ ਦੇ ਇਸ ਪਰਿਵਾਰ ਵੱਲ ਕਿਵੇਂ ਖਿੱਚ ਸਕਦੇ ਹਾਂ?

17. ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਪਰਿਵਾਰ ਵੱਲ ਕਿਵੇਂ ਖਿੱਚ ਸਕਦੇ ਹਾਂ?

17 ਲੋਕਾਂ ਨੂੰ ਪਰਮੇਸ਼ੁਰ ਦੇ ਇਸ ਪਰਿਵਾਰ ਵੱਲ ਖਿੱਚਣ ਦਾ ਇਕ ਤਰੀਕਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਕਰੀਏ ਤੇ ਉਨ੍ਹਾਂ ਦੇ ਭਲੇ ਲਈ ਕੰਮ ਕਰੀਏ। ਜਦੋਂ ਨਵੇਂ ਲੋਕ ਸਾਡੀਆਂ ਸਭਾਵਾਂ ʼਤੇ ਆਉਂਦੇ ਹਨ, ਤਾਂ ਅਸੀਂ ਚਾਹੁੰਦੇ ਹਾਂ ਕਿ ਉਹ ਉਨ੍ਹਾਂ ਲੋਕਾਂ ਵਾਂਗ ਮਹਿਸੂਸ ਕਰਨ ਜੋ ਸ਼ਾਇਦ ਪਹਿਲੀ ਵਾਰ ਕੁਰਿੰਥੁਸ ਦੀ ਮੰਡਲੀ ਵਿਚ ਆਏ ਸਨ। ਉਨ੍ਹਾਂ ਨੇ ਕਿਹਾ ਸੀ ਕਿ “ਪਰਮੇਸ਼ੁਰ ਵਾਕਈ ਤੁਹਾਡੇ ਨਾਲ ਹੈ।” (1 ਕੁਰਿੰ. 14:24, 25; ਜ਼ਕ. 8:23) ਇਸ ਲਈ ਆਓ ਅਸੀਂ ਬਾਈਬਲ ਦੀ ਇਸ ਸਲਾਹ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰੀਏ ਕਿ “ਇਕ-ਦੂਜੇ ਨਾਲ ਸ਼ਾਂਤੀ ਬਣਾ ਕੇ ਰੱਖੋ।” (1 ਥੱਸ. 5:13) ਇੱਦਾਂ ਕਰ ਕੇ ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਪਰਿਵਾਰ ਵੱਲ ਖਿੱਚ ਸਕਾਂਗੇ।

18. ਕੀ ਦੇਖ ਕੇ ਲੋਕ ਸਾਡੇ ਸੰਗਠਨ ਵੱਲ ਖਿੱਚੇ ਚਲੇ ਆਉਣਗੇ?

18 ਸਾਨੂੰ ਆਪਣੇ ਭੈਣਾਂ-ਭਰਾਵਾਂ ਪ੍ਰਤੀ ਪਰਮੇਸ਼ੁਰ ਵਰਗਾ ਨਜ਼ਰੀਆ ਰੱਖਣਾ ਚਾਹੀਦਾ ਹੈ। ਯਹੋਵਾਹ ਵਾਂਗ ਸਾਨੂੰ ਵੀ ਉਨ੍ਹਾਂ ਦੇ ਗੁਣਾਂ ʼਤੇ ਧਿਆਨ ਦੇਣਾ ਚਾਹੀਦਾ ਹੈ, ਨਾ ਕਿ ਕਮੀਆਂ ʼਤੇ ਜੋ ਉਨ੍ਹਾਂ ਵਿਚ ਹਮੇਸ਼ਾ ਨਹੀਂ ਰਹਿਣਗੀਆਂ। ਇਸ ਤੋਂ ਇਲਾਵਾ, ਜੇ ਅਸੀਂ ਹਮੇਸ਼ਾ ‘ਇਕ-ਦੂਜੇ ਨਾਲ ਦਇਆ ਤੇ ਹਮਦਰਦੀ ਨਾਲ ਪੇਸ਼ ਆਵਾਂਗੇ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰਾਂਗੇ,’ ਤਾਂ ਕਿਸੇ ਨਾਲ ਅਣਬਣ ਹੋਣ ʼਤੇ ਵੀ ਅਸੀਂ ਪਿਆਰ ਨਾਲ ਮਸਲਾ ਸੁਲਝਾ ਲਵਾਂਗੇ। (ਅਫ਼. 4:32) ਸਾਡਾ ਇਹ ਰਵੱਈਆ ਦੇਖ ਕੇ ਲੋਕ ਪਰਮੇਸ਼ੁਰ ਦੇ ਪਰਿਵਾਰ ਵੱਲ ਖਿੱਚੇ ਚਲੇ ਆਉਣਗੇ ਕਿਉਂਕਿ ਉਹ ਵੀ ਚਾਹੁੰਦੇ ਹਨ ਕਿ ਲੋਕ ਉਨ੍ਹਾਂ ਨਾਲ ਵੀ ਇੱਦਾਂ ਹੀ ਪੇਸ਼ ਆਉਣ। a

ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਬਣੇ ਰਹੋ

19. (ੳ) ਪਰਮੇਸ਼ੁਰ ਦੇ ਪਰਿਵਾਰ ਵਿਚ ਵਾਪਸ ਆਉਣ ਤੋਂ ਬਾਅਦ ਕੁਝ ਲੋਕਾਂ ਨੇ ਕੀ ਕਿਹਾ? (“ ਉਹ ਚਲੇ ਗਏ ਸਨ, ਪਰ ਹੁਣ ਵਾਪਸ ਆ ਗਏ ਹਨ” ਨਾਂ ਦੀ ਡੱਬੀ ਦੇਖੋ।) (ਅ) ਤੁਸੀਂ ਕੀ ਕਰਨ ਦਾ ਠਾਣਿਆ ਹੈ? (ਤਸਵੀਰ ਵੀ ਦੇਖੋ।)

19 ਯਹੋਵਾਹ ਨੇ ਸਾਨੂੰ ਜੋ ਪਰਿਵਾਰ ਦਿੱਤਾ ਹੈ, ਅਸੀਂ ਉਸ ਲਈ ਬਹੁਤ ਅਹਿਸਾਨਮੰਦ ਹਾਂ। ਇਹ ਦਿਨ-ਬਦਿਨ ਹੋਰ ਵੀ ਖ਼ੂਬਸੂਰਤ ਹੁੰਦਾ ਜਾ ਰਿਹਾ ਹੈ ਅਤੇ ਇਸ ਵਿਚ ਹੋਰ ਵੀ ਲੋਕ ਆ ਕੇ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ। ਸਾਨੂੰ ਹਮੇਸ਼ਾ ਯਹੋਵਾਹ ਦਾ ਅਹਿਸਾਨ ਮੰਨਣਾ ਚਾਹੀਦਾ ਹੈ ਕਿ ਉਸ ਨੇ ਸਾਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਹੈ। ਜੇ ਕੋਈ ਆਪਣੀ ਜ਼ਿੰਦਗੀ ਵਿਚ ਖ਼ੁਸ਼ੀ ਤੇ ਤਾਜ਼ਗੀ ਪਾਉਣੀ ਚਾਹੁੰਦਾ ਹੈ, ਚੈਨ ਨਾਲ ਜੀਉਣਾ ਚਾਹੁੰਦਾ ਹੈ ਤੇ ਸੁਰੱਖਿਅਤ ਰਹਿਣਾ ਚਾਹੁੰਦਾ ਹੈ, ਤਾਂ ਉਸ ਨੂੰ ਇਸ ਪਰਿਵਾਰ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਠਾਣ ਲੈਣਾ ਚਾਹੀਦਾ ਹੈ ਕਿ ਉਹ ਇਸ ਨੂੰ ਛੱਡ ਕੇ ਕਦੀ ਨਹੀਂ ਜਾਵੇਗਾ। ਪਰ ਸਾਨੂੰ ਸ਼ੈਤਾਨ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਸਾਨੂੰ ਬਹਿਕਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਕਿ ਅਸੀਂ ਕਿਸੇ ਤਰ੍ਹਾਂ ਇਸ ਪਰਿਵਾਰ ਨੂੰ ਛੱਡ ਕੇ ਚਲੇ ਜਾਈਏ। ਸਾਨੂੰ ਕਿਸੇ ਵੀ ਹਾਲ ਵਿਚ ਸ਼ੈਤਾਨ ਦੇ ਬਹਿਕਾਵੇ ਵਿਚ ਨਹੀਂ ਆਉਣਾ ਚਾਹੀਦਾ। (1 ਪਤ. 5:8; ਪ੍ਰਕਾ. 12:9) ਆਓ ਅਸੀਂ ਇਸ ਪਰਿਵਾਰ ਨੂੰ ਖ਼ੂਬਸੂਰਤ ਬਣਾਈ ਰੱਖਣ, ਸ਼ੁੱਧ ਬਣਾਈ ਰੱਖਣ ਅਤੇ ਸਾਰਿਆਂ ਨਾਲ ਸ਼ਾਂਤੀ ਨਾਲ ਰਹਿਣ ਦੀ ਪੂਰੀ ਕੋਸ਼ਿਸ਼ ਕਰੀਏ।

ਜਿਹੜੇ ਅੱਜ ਸ਼ਾਂਤ ਤੇ ਸੁਰੱਖਿਅਤ ਮਾਹੌਲ ਵਿਚ ਰਹਿੰਦੇ ਹਨ, ਉਹ ਭਵਿੱਖ ਵਿਚ ਨਵੀਂ ਦੁਨੀਆਂ ਦਾ ਵੀ ਆਨੰਦ ਮਾਣਨਗੇ (ਪੈਰਾ 19 ਦੇਖੋ)


ਤੁਸੀਂ ਕੀ ਜਵਾਬ ਦਿਓਗੇ?

  • ਅੱਜ ਅਸੀਂ ਕਿਸ ਮਾਹੌਲ ਵਿਚ ਯਹੋਵਾਹ ਦੀ ਭਗਤੀ ਕਰ ਰਹੇ ਹਾਂ?

  • ਪਰਮੇਸ਼ੁਰ ਦੇ ਪਰਿਵਾਰ ਵਿਚ ਰਹਿਣ ਕਰਕੇ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

  • ਅਸੀਂ ਹੋਰ ਲੋਕਾਂ ਨੂੰ ਇਸ ਪਰਿਵਾਰ ਵੱਲ ਕਿਵੇਂ ਖਿੱਚ ਸਕਦੇ ਹਾਂ?

ਗੀਤ 144 ਇਨਾਮ ʼਤੇ ਨਜ਼ਰ ਰੱਖੋ!

a ਯਹੋਵਾਹ ਦੇ ਪਰਿਵਾਰ ਵਿਚ ਰਹਿਣ ਕਰਕੇ ਇਕ ਭੈਣ ਨੂੰ ਕਿਹੜੀਆਂ ਬਰਕਤਾਂ ਮਿਲੀਆਂ? ਇਹ ਜਾਣਨ ਲਈ jw.org/pa ʼਤੇ ਸਾਲਾਂ ਬਾਅਦ, ਫਿਰ ਮੁਲਾਕਾਤ​—ਏਲੀਨਾ ਜ਼ਿਟਨੀਕੋਵਾ: ਮੇਰਾ ਸੁਪਨਾ ਪੂਰਾ ਹੋ ਗਿਆ ਨਾਂ ਦੀ ਵੀਡੀਓ ਦੇਖੋ।

b ਤਸਵੀਰ ਬਾਰੇ ਜਾਣਕਾਰੀ: ਸਭਾ ਵਿਚ ਬਹੁਤ ਸਾਰੇ ਭੈਣ-ਭਰਾ ਇਕ-ਦੂਜੇ ਦੀ ਸੰਗਤ ਤੋਂ ਫ਼ਾਇਦਾ ਲੈ ਰਹੇ ਹਨ ਜਦ ਕਿ ਇਕ ਭਰਾ ਇਕੱਲਾ ਬੈਠਾ ਹੋਇਆ ਹੈ।