Skip to content

Skip to table of contents

ਬਰਨੇਟ, ਸਿਮੋਨ, ਐੱਸਟਨ ਅਤੇ ਕੇਲਬ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ​—⁠ਸ਼ਾਂਤ ਮਹਾਂਸਾਗਰ ਦੇ ਟਾਪੂ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ​—⁠ਸ਼ਾਂਤ ਮਹਾਂਸਾਗਰ ਦੇ ਟਾਪੂ

35 ਕੁ ਸਾਲਾਂ ਦੀ ਭੈਣ ਰੇਨੀ ਆਸਟ੍ਰੇਲੀਆ ਵਿਚ ਵੱਡੀ ਹੋਈ। ਉਸ ਦਾ ਪਰਿਵਾਰ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦਾ ਸੀ। ਉਹ ਦੱਸਦੀ ਹੈ: “ਅਸੀਂ ਬਹੁਤ ਵਾਰ ਉਨ੍ਹਾਂ ਇਲਾਕਿਆਂ ਵਿਚ ਰਹਿਣ ਗਏ ਜਿੱਥੇ ਰਾਜ ਦੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਮੰਮੀ-ਡੈਡੀ ਯਹੋਵਾਹ ਦੀ ਸੇਵਾ ਵਿਚ ਕੀਤੇ ਜਾਣ ਵਾਲੇ ਹਰ ਕੰਮ ਨੂੰ ਮਜ਼ੇਦਾਰ ਬਣਾਉਂਦੇ ਸਨ। ਸਾਨੂੰ ਵੀ ਯਹੋਵਾਹ ਦੀ ਸੇਵਾ ਕਰ ਕੇ ਬਹੁਤ ਮਜ਼ਾ ਆਉਂਦਾ ਸੀ। ਜਦੋਂ ਮੇਰੇ ਆਪਣੇ ਦੋ ਬੱਚੇ ਹੋਏ, ਤਾਂ ਮੈਂ ਉਨ੍ਹਾਂ ਦੀ ਉੱਦਾਂ ਪਰਵਰਿਸ਼ ਕਰਨੀ ਚਾਹੁੰਦੀ ਸੀ, ਜਿੱਦਾਂ ਮੇਰੀ ਪਰਵਰਿਸ਼ ਹੋਈ ਸੀ।”

ਰੇਨੀ ਦਾ ਪਤੀ ਸ਼ੇਨ, ਜੋ 38-39 ਕੁ ਸਾਲਾਂ ਦਾ ਹੈ, ਵੀ ਆਪਣੇ ਬੱਚਿਆਂ ਲਈ ਇਹੀ ਚਾਹੁੰਦਾ ਸੀ। ਉਹ ਦੱਸਦਾ ਹੈ: “ਸਾਡੇ ਦੂਜੇ ਮੁੰਡੇ ਦੇ ਜਨਮ ਤੋਂ ਬਾਅਦ ਅਸੀਂ ਪਹਿਰਾਬੁਰਜ ਵਿਚ ਇਕ ਪਰਿਵਾਰ ਬਾਰੇ ਪੜ੍ਹਿਆ। ਇਹ ਪਰਿਵਾਰ ਸ਼ਾਂਤ ਮਹਾਂਸਾਗਰ ਦੇ ਦੱਖਣ-ਪੱਛਮ ਵਿਚ ਆਪਣੀ ਕਿਸ਼ਤੀ ਰਾਹੀਂ ਟੋਂਗਾ ਦੇ ਟਾਪੂਆਂ ’ਤੇ ਪ੍ਰਚਾਰ ਕਰਨ ਗਿਆ। * ਉਸ ਲੇਖ ਨੇ ਸਾਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਬ੍ਰਾਂਚ ਆਫ਼ਿਸਾਂ ਨੂੰ ਇਹ ਪੁੱਛਣ ਲਈ ਪ੍ਰੇਰਿਆ ਕਿ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਕਿੱਥੇ ਹੈ। * ਸਾਨੂੰ ਹੈਰਾਨੀ ਹੋਈ ਜਦੋਂ ਉਨ੍ਹਾਂ ਨੇ ਸਾਨੂੰ ਟੋਂਗਾ ਜਾਣ ਲਈ ਕਿਹਾ ਜਿਸ ਬਾਰੇ ਅਸੀਂ ਪੜ੍ਹਿਆ ਸੀ।”

ਜੇਕਬ, ਰੇਨੀ, ਸਕਾਈ ਅਤੇ ਸ਼ੇਨ

ਸ਼ੇਨ, ਰੇਨੀ ਅਤੇ ਉਨ੍ਹਾਂ ਦੇ ਬੱਚੇ, ਜੇਕਬ ਅਤੇ ਸਕਾਈ, ਟੋਂਗਾ ਵਿਚ ਲਗਭਗ ਇਕ ਸਾਲ ਰਹੇ, ਪਰ ਲਗਾਤਾਰ ਹੋ ਰਹੇ ਦੰਗਿਆਂ ਕਰਕੇ ਉਨ੍ਹਾਂ ਨੂੰ ਆਸਟ੍ਰੇਲੀਆ ਵਾਪਸ ਮੁੜਨਾ ਪਿਆ। ਪਰ ਉਨ੍ਹਾਂ ਨੇ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਆਪਣਾ ਜੋਸ਼ ਬਰਕਰਾਰ ਰੱਖਿਆ। ਉਹ 2011 ਵਿਚ ਸ਼ਾਂਤ ਮਹਾਂਸਾਗਰ ਦੇ ਇਕ ਛੋਟੇ ਜਿਹੇ ਟਾਪੂ ਨੋਰਫ਼ੋਕ ਦੀਪ ਨੂੰ ਚਲੇ ਗਏ ਜੋ ਆਸਟ੍ਰੇਲੀਆ ਦੇ ਪੂਰਬ ਤੋਂ ਲਗਭਗ 1,500 ਕਿਲੋਮੀਟਰ (900 ਮੀਲ) ਦੀ ਦੂਰੀ ’ਤੇ ਹੈ। ਕੀ ਉਨ੍ਹਾਂ ਨੂੰ ਉੱਥੇ ਜਾਣ ਦਾ ਕੋਈ ਫ਼ਾਇਦਾ ਹੋਇਆ? ਹੁਣ 14 ਸਾਲ ਦਾ ਜੇਕਬ ਕਹਿੰਦਾ ਹੈ: “ਯਹੋਵਾਹ ਨੇ ਸਿਰਫ਼ ਸਾਡਾ ਖ਼ਿਆਲ ਹੀ ਨਹੀਂ ਰੱਖਿਆ, ਸਗੋਂ ਸਾਨੂੰ ਪ੍ਰਚਾਰ ਵਿਚ ਵੀ ਖ਼ੁਸ਼ੀ ਦਿੱਤੀ।”

ਇਕ ਪਰਿਵਾਰ ਵਜੋਂ ਵਧ-ਚੜ੍ਹ ਕੇ ਸੇਵਾ ਕਰਨੀ

ਸ਼ੇਨ, ਰੇਨੀ ਅਤੇ ਉਨ੍ਹਾਂ ਦੇ ਬੱਚਿਆਂ ਵਾਂਗ ਹੋਰ ਬਹੁਤ ਸਾਰੇ ਪਰਿਵਾਰਾਂ ਨੇ ਉਨ੍ਹਾਂ ਥਾਵਾਂ ’ਤੇ ਜਾ ਕੇ ਖ਼ੁਸ਼ੀ-ਖ਼ੁਸ਼ੀ ਸੇਵਾ ਕੀਤੀ ਹੈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਕਿਸ ਗੱਲ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਲਈ ਪ੍ਰੇਰਿਤ ਕੀਤਾ?

“ਜ਼ਿਆਦਾਤਰ ਲੋਕ ਸੱਚਾਈ ਬਾਰੇ ਜਾਣਨਾ ਚਾਹੁੰਦੇ ਸਨ ਅਤੇ ਅਸੀਂ ਉਨ੍ਹਾਂ ਨੂੰ ਸਟੱਡੀ ਕਰਾਉਣ ਲਈ ਤਿਆਰ ਸੀ।”—ਬਰਨੇਟ

35 ਕੁ ਸਾਲਾਂ ਦੇ ਬਰਨੇਟ ਅਤੇ ਸਿਮੋਨ ਆਪਣੇ ਦੋ ਮੁੰਡਿਆਂ ਐੱਸਟਨ ਅਤੇ ਕੇਲਬ, ਜੋ ਹੁਣ 12 ਅਤੇ 9 ਸਾਲਾਂ ਦੇ ਹਨ, ਨਾਲ ਕੁਈਨਜ਼ਲੈਂਡ, ਆਸਟ੍ਰੇਲੀਆ ਦੇ ਇਕ ਦੂਰ ਦੇ ਇਲਾਕੇ ਬਾਰਕਟਾਊਨ ਚਲੇ ਗਏ। ਬਰਨੇਟ ਦੱਸਦਾ ਹੈ: “ਯਹੋਵਾਹ ਦੇ ਗਵਾਹ ਉੱਥੇ ਹਰ ਤਿੰਨ ਜਾਂ ਚਾਰ ਸਾਲ ਬਾਅਦ ਪ੍ਰਚਾਰ ਕਰਦੇ ਹੁੰਦੇ ਸਨ। ਉੱਥੇ ਦੇ ਜ਼ਿਆਦਾਤਰ ਲੋਕ ਸੱਚਾਈ ਬਾਰੇ ਜਾਣਨਾ ਚਾਹੁੰਦੇ ਸਨ ਅਤੇ ਅਸੀਂ ਉਨ੍ਹਾਂ ਨੂੰ ਸਟੱਡੀ ਕਰਾਉਣ ਲਈ ਤਿਆਰ ਸੀ।”

ਜਿਮ, ਜੈੱਕ, ਮਾਰਕ ਅਤੇ ਕੈਰਨ

51-52 ਕੁ ਸਾਲਾਂ ਦੇ ਮਾਰਕ ਅਤੇ ਕੈਰਨ ਨੇ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਨੇੜੇ ਦੀਆਂ ਕਾਫ਼ੀ ਮੰਡਲੀਆਂ ਵਿਚ ਸੇਵਾ ਕੀਤੀ। ਇੱਥੇ ਸੇਵਾ ਕਰਨ ਤੋਂ ਬਾਅਦ ਉਹ ਅਤੇ ਉਨ੍ਹਾਂ ਦੇ ਤਿੰਨ ਬੱਚੇ, ਜੈਸਿਕਾ, ਜਿਮ ਅਤੇ ਜੈੱਕ, ਨਲਨਬਾਈ ਕਸਬੇ ਵਿਚ ਚਲੇ ਗਏ। ਇਹ ਆਸਟ੍ਰੇਲੀਆ ਦੇ ਉੱਤਰ ਵਿਚ ਪੈਂਦਾ ਦੂਰ-ਦੁਰਾਡਾ ਕਸਬਾ ਹੈ ਜਿੱਥੇ ਖਾਣ ਵਿਚ ਕੰਮ ਕਰਨ ਵਾਲੇ ਲੋਕ ਰਹਿੰਦੇ ਹਨ। ਮਾਰਕ ਦੱਸਦਾ ਹੈ: “ਮੈਂ ਲੋਕਾਂ ਨੂੰ ਪਿਆਰ ਕਰਦਾ ਹਾਂ, ਇਸ ਕਰਕੇ ਮੈਂ ਉਸ ਇਲਾਕੇ ਵਿਚ ਜਾ ਕੇ ਸੇਵਾ ਕਰਨੀ ਚਾਹੁੰਦਾ ਸੀ ਜਿੱਥੇ ਮੰਡਲੀ ਅਤੇ ਪ੍ਰਚਾਰ ਵਿਚ ਜ਼ਿਆਦਾ ਕੰਮ ਕਰਨ ਨੂੰ ਹੋਵੇ।” ਪਰ ਕੈਰਨ ਉੱਥੇ ਜਾਣ ਤੋਂ ਡਰਦੀ ਸੀ। ਕੈਰਨ ਦੱਸਦੀ ਹੈ: “ਮਾਰਕ ਅਤੇ ਹੋਰ ਭੈਣਾਂ-ਭਰਾਵਾਂ ਦੀ ਹੱਲਾਸ਼ੇਰੀ ਮਿਲਣ ਤੋਂ ਬਾਅਦ ਮੈਂ ਉੱਥੇ ਜਾਣ ਲਈ ਤਿਆਰ ਹੋ ਗਈ। ਹੁਣ ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਸਹੀ ਫ਼ੈਸਲਾ ਲਿਆ।”

ਬੈਂਜਾਮਿਨ, ਜੇਡ, ਬਰੀਆ ਅਤੇ ਕੈਰੋਲਿਨ

2011 ਵਿਚ ਬੈਂਜਾਮਿਨ ਅਤੇ ਕੈਰੋਲਿਨ ਆਪਣੀਆਂ ਦੋ ਨੰਨ੍ਹੀਆਂ-ਮੁੰਨੀਆਂ ਕੁੜੀਆਂ, ਜੇਡ ਅਤੇ ਬਰੀਆ, ਨਾਲ ਕੁਈਨਜ਼ਲੈਂਡ, ਆਸਟ੍ਰੇਲੀਆ ਛੱਡ ਕੇ ਟਿਮੋਰ-ਲੇਸਤ ਵਾਪਸ ਚਲੇ ਗਏ। ਇੰਡੋਨੇਸ਼ੀਆਈ ਦੇ ਟਾਪੂਆਂ ਵਿਚ ਇਕ ਟਾਪੂ ਟਿਮੋਰ ਹੈ ਜਿਸ ਵਿਚ ਟਿਮੋਰ-ਲੇਸਤ ਇਕ ਛੋਟਾ ਜਿਹਾ ਦੇਸ਼ ਹੈ। ਬੈਂਜਾਮਿਨ ਦੱਸਦਾ ਹੈ: “ਮੈਂ ਤੇ ਕੈਰੋਲਿਨ ਪਹਿਲਾਂ ਟਿਮੋਰ-ਲੇਸਤ ਵਿਚ ਸਪੈਸ਼ਲ ਪਾਇਨੀਅਰਿੰਗ ਕਰਦੇ ਸੀ। ਇੱਥੇ ਬਹੁਤ ਸਾਰੇ ਲੋਕ ਸਾਡੀ ਗੱਲ ਸੁਣਦੇ ਸਨ ਅਤੇ ਭੈਣ-ਭਰਾ ਵੀ ਸਾਡੀ ਬਹੁਤ ਮਦਦ ਕਰਦੇ ਸਨ। ਇੱਥੋਂ ਜਾਣ ਲੱਗੇ ਸਾਨੂੰ ਬਹੁਤ ਦੁੱਖ ਲੱਗਾ। ਪਰ ਅਸੀਂ ਵਾਪਸ ਆਉਣ ਦਾ ਪੱਕਾ ਇਰਾਦਾ ਕੀਤਾ ਸੀ। ਨਿਆਣੇ ਹੋਣ ਤੋਂ ਬਾਅਦ ਵੀ ਅਸੀਂ ਇੱਥੇ ਵਾਪਸ ਆਉਣ ਦਾ ਇਰਾਦਾ ਨਹੀਂ ਛੱਡਿਆ ਸੀ।” ਕੈਰੋਲਿਨ ਦੱਸਦੀ ਹੈ: “ਅਸੀਂ ਚਾਹੁੰਦੇ ਸੀ ਕਿ ਸਾਡੇ ਬੱਚੇ ਮਿਸ਼ਨਰੀਆਂ, ਬੈਥਲ ਵਿਚ ਸੇਵਾ ਕਰਨ ਵਾਲਿਆਂ ਤੇ ਸਪੈਸ਼ਲ ਪਾਇਨੀਅਰਾਂ ਨਾਲ ਸਮਾਂ ਬਿਤਾਉਣ ਤਾਂਕਿ ਉਹ ਵੀ ਪਰਮੇਸ਼ੁਰ ਦੀ ਸੇਵਾ ਕਰਨ ਦਾ ਮਜ਼ਾ ਲੈਣ।”

ਹੋਰ ਜਗ੍ਹਾ ਜਾਣ ਲਈ ਤਿਆਰੀ

ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ: “ਜੇ ਤੁਸੀਂ ਬੁਰਜ ਬਣਾਉਣ ਲੱਗੇ ਹੋ, ਤਾਂ ਕੀ ਤੁਸੀਂ ਪਹਿਲਾਂ ਬੈਠ ਕੇ ਪੂਰਾ ਹਿਸਾਬ ਨਹੀਂ ਲਾਓਗੇ?” (ਲੂਕਾ 14:28) ਇਸੇ ਤਰ੍ਹਾਂ ਜਦੋਂ ਕੋਈ ਪਰਿਵਾਰ ਕਿਸੇ ਹੋਰ ਜਗ੍ਹਾ ਜਾ ਕੇ ਸੇਵਾ ਕਰਨ ਬਾਰੇ ਸੋਚਦਾ ਹੈ, ਤਾਂ ਕਿੰਨਾ ਜ਼ਰੂਰੀ ਹੈ ਕਿ ਉਹ ਪਹਿਲਾਂ ਤੋਂ ਹੀ ਚੰਗੀ ਤਿਆਰੀ ਕਰੇ। ਪਰਿਵਾਰ ਕਿਨ੍ਹਾਂ ਗੱਲਾਂ ’ਤੇ ਧਿਆਨ ਦੇ ਸਕਦਾ ਹੈ?

ਨਿਹਚਾ: ਬੈਂਜਾਮਿਨ ਕਹਿੰਦਾ ਹੈ, “ਦੂਜਿਆਂ ’ਤੇ ਬੋਝ ਬਣਨ ਦੀ ਬਜਾਇ ਅਸੀਂ ਉਨ੍ਹਾਂ ਦੀ ਸੇਵਾ ਕਰਨੀ ਚਾਹੁੰਦੇ ਸੀ। ਇਸ ਲਈ ਹੋਰ ਜਗ੍ਹਾ ਜਾਣ ਤੋਂ ਪਹਿਲਾਂ ਅਸੀਂ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕੀਤਾ। ਨਾਲੇ ਅਸੀਂ ਪ੍ਰਚਾਰ ਵਿਚ ਹੋਰ ਜ਼ਿਆਦਾ ਸਮਾਂ ਲਾਉਣ ਦੇ ਨਾਲ-ਨਾਲ ਮੰਡਲੀ ਦੇ ਹੋਰ ਕੰਮ ਵੀ ਕਰਨ ਲੱਗ ਪਏ।”

ਜੇਕਬ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਹੈ, ਦੱਸਦਾ ਹੈ: “ਨੋਰਫ਼ੋਕ ਦੀਪ ਆਉਣ ਤੋਂ ਪਹਿਲਾਂ ਅਸੀਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਵਿੱਚੋਂ ਉਨ੍ਹਾਂ ਪਰਿਵਾਰਾਂ ਬਾਰੇ ਪੜ੍ਹਿਆ ਜਿਨ੍ਹਾਂ ਨੇ ਉਸ ਜਗ੍ਹਾ ਜਾ ਕੇ ਸੇਵਾ ਕੀਤੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਅਸੀਂ ਇਸ ਬਾਰੇ ਵੀ ਗੱਲ ਕੀਤੀ ਕਿ ਉਨ੍ਹਾਂ ’ਤੇ ਕਿਹੜੀਆਂ ਚੁਣੌਤੀਆਂ ਆਈਆਂ ਅਤੇ ਯਹੋਵਾਹ ਨੇ ਕਿਸ ਤਰੀਕੇ ਨਾਲ ਉਨ੍ਹਾਂ ਦੀ ਹਿਫਾਜ਼ਤ ਕੀਤੀ।” ਉਸ ਦੀ 11 ਸਾਲ ਦੀ ਭੈਣ ਸਕਾਈ ਕਹਿੰਦੀ ਹੈ: “ਮੈਂ ਇਕੱਲਿਆਂ ਅਤੇ ਮੰਮੀ-ਡੈਡੀ ਜੀ ਨਾਲ ਬਹੁਤ ਪ੍ਰਾਰਥਨਾਵਾਂ ਕੀਤੀਆਂ।”

ਜਜ਼ਬਾਤ: ਰੇਨੀ ਦੱਸਦੀ ਹੈ, “ਸਾਡੇ ਰਿਸ਼ਤੇਦਾਰ ਤੇ ਦੋਸਤ ਸਾਡੇ ਘਰ ਦੇ ਨੇੜੇ-ਤੇੜੇ ਰਹਿੰਦੇ ਸਨ ਅਤੇ ਸਾਡਾ ਘਰ ਬਹੁਤ ਹੀ ਵਧੀਆ ਜਗ੍ਹਾ ’ਤੇ ਸੀ। ਇਸ ਕਰਕੇ ਸਾਡੇ ਲਈ ਇੱਥੋਂ ਜਾਣਾ ਔਖਾ ਸੀ। ਪਰ ਜਿਹੜੀਆਂ ਚੀਜ਼ਾਂ ਮੈਂ ਪਿੱਛੇ ਛੱਡ ਕੇ ਜਾ ਰਹੀ ਸੀ, ਉਨ੍ਹਾਂ ਬਾਰੇ ਸੋਚਣ ਦੀ ਬਜਾਇ ਮੈਂ ਇਸ ਗੱਲ ’ਤੇ ਧਿਆਨ ਲਾਇਆ ਕਿ ਕਿਸੇ ਹੋਰ ਜਗ੍ਹਾ ਜਾਣ ਨਾਲ ਮੇਰੇ ਪਰਿਵਾਰ ਨੂੰ ਕੀ ਫ਼ਾਇਦਾ ਹੋਵੇਗਾ।”

ਰਹਿਣ-ਸਹਿਣ: ਬਹੁਤ ਸਾਰੇ ਪਰਿਵਾਰ ਕਿਸੇ ਨਵੀਂ ਜਗ੍ਹਾ ਜਾਣ ਤੋਂ ਪਹਿਲਾਂ ਉਸ ਜਗ੍ਹਾ ਬਾਰੇ ਜਾਣਕਾਰੀ ਲੈਂਦੇ ਹਨ। ਮਾਰਕ ਦੱਸਦਾ ਹੈ: “ਜਿੰਨੀ ਜਾਣਕਾਰੀ ਅਸੀਂ ਨਲਨਬਾਈ ਬਾਰੇ ਲੈ ਸਕਦੇ ਸੀ, ਅਸੀਂ ਲਈ। ਉੱਥੇ ਦੇ ਭੈਣ-ਭਰਾ ਸਾਡੀ ਮਦਦ ਲਈ ਸਾਨੂੰ ਉਸ ਕਸਬੇ ਦੀ ਅਖ਼ਬਾਰ ਘੱਲਦੇ ਸਨ ਜਿਸ ਤੋਂ ਸਾਨੂੰ ਉੱਥੇ ਦੇ ਲੋਕਾਂ ਅਤੇ ਉਨ੍ਹਾਂ ਦੇ ਰਹਿਣ-ਸਹਿਣ ਬਾਰੇ ਪਤਾ ਲੱਗਾ।”

ਨੋਰਫ਼ੋਕ ਦੀਪ ’ਤੇ ਜਾਣ ਵਾਲੇ ਸ਼ੇਨ ਨੇ ਇਹ ਵੀ ਕਿਹਾ: “ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਮੈਂ ਮਸੀਹ ਵਰਗੇ ਗੁਣ ਦਿਖਾਵਾਂ। ਮੈਨੂੰ ਇਸ ਗੱਲ ਦਾ ਯਕੀਨ ਸੀ ਕਿ ਜੇ ਮੈਂ ਚੰਗਾ, ਨਿਮਰ, ਈਮਾਨਦਾਰ ਅਤੇ ਮਿਹਨਤੀ ਬਣਾਂ, ਤਾਂ ਮੈਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਾ ਕੇ ਰਹਿ ਸਕਦਾ ਹਾਂ।”

ਚੁਣੌਤੀਆਂ ਦਾ ਸਾਮ੍ਹਣਾ ਕਰਨਾ

ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ ਉਸ ਜਗ੍ਹਾ ਜਾ ਕੇ ਸੇਵਾ ਕਰਨ ਵਾਲਿਆਂ ਨੇ ਦੱਸਿਆ ਕਿ ਅਚਾਨਕ ਆਈਆਂ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਹਾਲਾਤਾਂ ਮੁਤਾਬਕ ਢਲ਼ਣਾ ਅਤੇ ਵਧੀਆ ਰਵੱਈਆ ਰੱਖਣਾ ਜ਼ਰੂਰੀ ਹੈ। ਆਓ ਆਪਾਂ ਕੁਝ ਮਿਸਾਲਾਂ ’ਤੇ ਗੌਰ ਕਰੀਏ:

ਨੋਰਫ਼ੋਕ ਦੀਪ ਵਿਚ ਰਹਿਣ ਵਾਲੀ ਰੇਨੀ ਦੱਸਦੀ ਹੈ: “ਮੈਂ ਅਲੱਗ-ਅਲੱਗ ਤਰੀਕਿਆਂ ਨਾਲ ਕੰਮ ਕਰਨੇ ਸਿੱਖੇ। ਮਿਸਾਲ ਲਈ, ਜਦੋਂ ਉੱਥੇ ਸਮੁੰਦਰ ਵਿਚ ਤੂਫ਼ਾਨ ਆਉਂਦਾ ਸੀ, ਤਾਂ ਕਿਸ਼ਤੀਆਂ ਬੰਦਰਗਾਹਾਂ ’ਤੇ ਨਹੀਂ ਆ ਸਕਦੀਆਂ ਸਨ ਜਿਸ ਕਰਕੇ ਖਾਣ-ਪੀਣ ਦਾ ਸਮਾਨ ਘੱਟ ਜਾਂਦਾ ਸੀ ਅਤੇ ਮਹਿੰਗਾ ਮਿਲਦਾ ਸੀ। ਇਸ ਲਈ ਖਾਣਾ ਤਿਆਰ ਕਰਦਿਆਂ ਮੈਂ ਸਮਝਦਾਰੀ ਨਾਲ ਚੀਜ਼ਾਂ ਦੀ ਵਰਤੋਂ ਕਰਨੀ ਸਿੱਖੀ।” ਉਸ ਦਾ ਪਤੀ ਸ਼ੇਨ ਦੱਸਦਾ ਹੈ: “ਅਸੀਂ ਹਫ਼ਤੇ ਲਈ ਰੱਖੇ ਪੈਸਿਆਂ ਨਾਲ ਹੀ ਗੁਜ਼ਾਰਾ ਕਰਦੇ ਸੀ।

ਉਨ੍ਹਾਂ ਦਾ ਮੁੰਡਾ ਜੇਕਬ ਇਕ ਵੱਖਰੀ ਚੁਣੌਤੀ ਬਾਰੇ ਦੱਸਦਾ ਹੈ: “ਸਾਡੀ ਨਵੀਂ ਮੰਡਲੀ ਵਿਚ ਸਾਡੇ ਤੋਂ ਇਲਾਵਾ ਹੋਰ ਸੱਤ ਜਣੇ ਸਨ। ਉਹ ਵੀ ਸਾਰੇ ਮੇਰੇ ਤੋਂ ਵੱਡੇ ਸਨ। ਇਸ ਲਈ ਮੇਰੇ ਹਾਣ ਦਾ ਮੇਰਾ ਕੋਈ ਦੋਸਤ ਨਹੀਂ ਸੀ। ਪਰ ਜਦੋਂ ਮੈਂ ਇਨ੍ਹਾਂ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕੀਤਾ, ਤਾਂ ਇਹ ਜਲਦੀ ਹੀ ਮੇਰੇ ਦੋਸਤ ਬਣ ਗਏ।”

ਜਿਮ, ਜੋ ਹੁਣ 21 ਸਾਲਾਂ ਦਾ ਹੈ, ਨੇ ਵੀ ਇਸੇ ਤਰ੍ਹਾਂ ਦੇ ਹਾਲਾਤ ਦਾ ਸਾਮ੍ਹਣਾ ਕੀਤਾ। ਉਹ ਦੱਸਦਾ ਹੈ: “ਨਲਨਬਾਈ ਤੋਂ ਸਭ ਤੋਂ ਨੇੜਲੀ ਮੰਡਲੀ 725 ਕਿਲੋਮੀਟਰ (450 ਮੀਲ) ਤੋਂ ਜ਼ਿਆਦਾ ਦੂਰ ਹੈ। ਇਸ ਲਈ ਅਸੀਂ ਸੰਮੇਲਨਾਂ ਅਤੇ ਵੱਡੇ ਸੰਮੇਲਨਾਂ ਤੋਂ ਵੱਧ ਤੋਂ ਵੱਧ ਫ਼ਾਇਦਾ ਲੈਂਦੇ ਹਾਂ। ਅਸੀਂ ਉੱਥੇ ਪਹਿਲਾਂ ਪਹੁੰਚਦੇ ਹਾਂ ਤਾਂਕਿ ਅਸੀਂ ਭੈਣਾਂ-ਭਰਾਵਾਂ ਦੀ ਸੰਗਤੀ ਦਾ ਆਨੰਦ ਮਾਣ ਸਕੀਏ। ਪੂਰੇ ਸਾਲ ਵਿਚ ਇਹ ਮੌਕੇ ਸਾਡੇ ਲਈ ਸਭ ਤੋਂ ਖ਼ਾਸ ਹੁੰਦੇ ਹਨ।”

“ਮੈਨੂੰ ਬਹੁਤ ਖ਼ੁਸ਼ੀ ਹੈ ਕਿ ਅਸੀਂ ਇੱਥੇ ਆਏ”

ਬਾਈਬਲ ਦੱਸਦੀ ਹੈ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ।” (ਕਹਾ. 10:22) ਪੂਰੀ ਦੁਨੀਆਂ ਵਿਚ ਜਿਹੜੇ ਅਣਗਿਣਤ ਭੈਣ-ਭਰਾ ਉਸ ਇਲਾਕੇ ਵਿਚ ਪ੍ਰਚਾਰ ਕਰਨ ਗਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉਨ੍ਹਾਂ ਨੇ ਇਸ ਹਵਾਲੇ ਨੂੰ ਆਪਣੇ ’ਤੇ ਸੱਚ ਹੁੰਦਿਆਂ ਦੇਖਿਆ।

ਮਾਰਕ ਦੱਸਦਾ ਹੈ: “ਸਾਨੂੰ ਹੋਰ ਜਗ੍ਹਾ ਜਾ ਕੇ ਸੇਵਾ ਕਰਨ ਦੀ ਸਭ ਤੋਂ ਵੱਡੀ ਬਰਕਤ ਇਹ ਮਿਲੀ ਕਿ ਇਸ ਦਾ ਸਾਡੇ ਬੱਚਿਆਂ ’ਤੇ ਚੰਗਾ ਅਸਰ ਪਿਆ। ਸਾਡੇ ਵੱਡੇ ਦੋ ਨਿਆਣਿਆਂ ਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ ਕਰਕੇ ਉਹ ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ। ਇਸ ਤਰ੍ਹਾਂ ਦਾ ਭਰੋਸਾ ਖ਼ਰੀਦਿਆ ਨਹੀਂ ਜਾ ਸਕਦਾ।”

ਸ਼ੇਨ ਦੱਸਦਾ ਹੈ: “ਆਪਣੀ ਪਤਨੀ ਅਤੇ ਬੱਚਿਆਂ ਨਾਲ ਮੇਰਾ ਪਿਆਰ ਹੋਰ ਵੀ ਗੂੜ੍ਹਾ ਹੋਇਆ ਹੈ। ਜਦੋਂ ਮੈਂ ਉਨ੍ਹਾਂ ਦੇ ਮੂੰਹੋਂ ਸੁਣਦਾ ਹਾਂ ਕਿ ਯਹੋਵਾਹ ਨੇ ਉਨ੍ਹਾਂ ਲਈ ਕੀ-ਕੀ ਕੀਤਾ ਹੈ, ਤਾਂ ਮੈਨੂੰ ਦਿਲੋਂ ਖ਼ੁਸ਼ੀ ਹੁੰਦੀ ਹੈ।” ਉਸ ਦੇ ਮੁੰਡੇ ਜੇਕਬ ਨੂੰ ਵੀ ਇੱਦਾਂ ਹੀ ਲੱਗਦਾ ਹੈ: “ਇੱਥੇ ਯਹੋਵਾਹ ਦੀ ਸੇਵਾ ਕਰ ਕੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਮੈਨੂੰ ਬਹੁਤ ਖ਼ੁਸ਼ੀ ਹੈ ਕਿ ਅਸੀਂ ਇੱਥੇ ਆਏ।”

^ ਪੈਰਾ 3 2012 ਵਿਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਬ੍ਰਾਂਚ ਆਫ਼ਿਸਾਂ ਨੂੰ ਰਲ਼ਾ ਕੇ ਇਕ ਆਸਟ੍ਰਾਲੇਸ਼ੀਆ ਬ੍ਰਾਂਚ ਆਫ਼ਿਸ ਬਣਾ ਦਿੱਤਾ।