Skip to content

Skip to table of contents

ਮੁੱਖ ਪੰਨੇ ਤੋਂ

ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ

ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ

ਬਿਹਤਰ ਜ਼ਿੰਦਗੀ ਦੀ ਤਲਾਸ਼ ਵਿਚ

ਜੋਰਜ ਬੇਬੱਸ ਸੀ ਕਿਉਂਕਿ ਉਹ ਆਪਣੇ ਪਰਿਵਾਰ ਦਾ ਢਿੱਡ ਨਹੀਂ ਸੀ ਭਰ ਸਕਦਾ। ਨਾਲੇ ਗੁਆਂਢ ਦੇ ਲੋਕ ਬੀਮਾਰ ਹੋਈ ਜਾਂਦੇ ਸਨ ਅਤੇ ਕੁਝ ਭੁੱਖ ਨਾਲ ਤੜਫ਼ਦੇ ਲੱਗਦੇ ਸਨ। ਪਰ ਜੋਰਜ ਨੂੰ ਪਤਾ ਸੀ ਕਿ ਦੱਖਣ ਵੱਲ ਨੇੜਲੇ ਦੇਸ਼ ਵਿਚ ਹਾਲਾਤ ਬਿਹਤਰ ਸਨ। ਉਸ ਨੇ ਸੋਚਿਆ: ‘ਮੈਂ ਵਿਦੇਸ਼ ਜਾ ਕੇ ਨੌਕਰੀ ਕਰਾਂਗਾ ਤੇ ਆਪਣੇ ਪਰਿਵਾਰ ਨੂੰ ਸੱਦ ਲਵਾਂਗਾ।’

ਪਟਰਿਸ਼ਾ ਵੀ ਵਿਦੇਸ਼ ਵਿਚ ਬਿਹਤਰੀਨ ਜ਼ਿੰਦਗੀ ਦੇ ਸੁਪਨੇ ਲੈਣ ਲੱਗੀ। ਉਸ ਕੋਲ ਨਾ ਤਾਂ ਕੋਈ ਨੌਕਰੀ ਸੀ ਅਤੇ ਨਾ ਹੀ ਉਸ ਨੂੰ ਆਪਣੇ ਹਾਲਾਤ ਸੁਧਰਨ ਦੀ ਕੋਈ ਉਮੀਦ ਸੀ। ਪਟਰਿਸ਼ਾ ਤੇ ਉਸ ਦੇ ਬੁਆਏ-ਫ੍ਰੈਂਡ ਨੇ ਸਪੇਨ ਪਹੁੰਚਣ ਲਈ ਨਾਈਜੀਰੀਆ ਤੋਂ ਅਲਜੀਰੀਆ ਜਾਣ ਦਾ ਫ਼ੈਸਲਾ ਕੀਤਾ। ਪਰ ਉਹ ਇਸ ਗੱਲ ਤੋਂ ਅਣਜਾਣ ਸਨ ਕਿ ਸਹਾਰਾ ਰੇਗਿਸਤਾਨ ਦਾ ਸਫ਼ਰ ਕਿੰਨਾ ਔਖਾ ਹੋਣਾ ਸੀ। ਪਟਰਿਸ਼ਾ ਦੱਸਦੀ ਹੈ: “ਮੈਂ ਮਾਂ ਬਣਨ ਵਾਲੀ ਸੀ ਅਤੇ ਮੈਂ ਠਾਣ ਲਿਆ ਸੀ ਕਿ ਮੈਂ ਆਪਣੇ ਬੱਚੇ ਨੂੰ ਵਧੀਆ ਜ਼ਿੰਦਗੀ ਦੇਵਾਂਗੀ।”

ਰੇਚਲ ਯੂਰਪ ਵਿਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਚਾਹੁੰਦੀ ਸੀ। ਫ਼ਿਲਪੀਨ ਵਿਚ ਉਸ ਦੀ ਨੌਕਰੀ ਛੁੱਟ ਗਈ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਯਕੀਨ ਦਿਵਾਇਆ ਕਿ ਵਿਦੇਸ਼ਾਂ ਵਿਚ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਵਾਲੀਆਂ ਦੀ ਬੇਹੱਦ ਲੋੜ ਹੈ। ਸੋ ਉਸ ਨੇ ਉਧਾਰ ਪੈਸੇ ਲੈ ਕੇ ਜਹਾਜ਼ ਦੀ ਟਿਕਟ ਲਈ ਅਤੇ ਆਪਣੇ ਪਤੀ ਤੇ ਧੀ ਨੂੰ ਅਲਵਿਦਾ ਕਹਿੰਦਿਆਂ ਵਾਅਦਾ ਕੀਤਾ: “ਅਸੀਂ ਜ਼ਿਆਦਾ ਦੇਰ ਲਈ ਜੁਦਾ ਨਹੀਂ ਰਹਾਂਗੇ।”

ਅੰਦਾਜ਼ਾ ਲਾਇਆ ਗਿਆ ਹੈ ਕਿ ਹਾਲ ਦੇ ਦਹਾਕਿਆਂ ਵਿਚ ਜੋਰਜ, ਪਟਰਿਸ਼ਾ ਅਤੇ ਰੇਚਲ ਵਰਗੇ 20 ਕਰੋੜ ਤੋਂ ਜ਼ਿਆਦਾ ਲੋਕ ਵਿਦੇਸ਼ ਗਏ ਹਨ। ਭਾਵੇਂ ਕਿ ਕਈ ਯੁੱਧਾਂ, ਕੁਦਰਤੀ ਆਫ਼ਤਾਂ ਜਾਂ ਅਤਿਆਚਾਰ ਕਰਕੇ ਵਿਦੇਸ਼ ਗਏ ਹਨ, ਪਰ ਜ਼ਿਆਦਾਤਰ ਲੋਕ ਪੈਸੇ ਕਮਾਉਣ ਲਈ ਵਿਦੇਸ਼ ਗਏ ਹਨ। ਇਨ੍ਹਾਂ ਪਰਵਾਸੀਆਂ ਨੂੰ ਨਵੇਂ ਦੇਸ਼ ਵਿਚ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੈ? ਕੀ ਸਾਰਿਆਂ ਨੂੰ ਬਿਹਤਰ ਜ਼ਿੰਦਗੀ ਮਿਲ ਜਾਂਦੀ ਹੈ? ਬੱਚਿਆਂ ਉੱਤੇ ਕੀ ਅਸਰ ਪੈਂਦਾ ਹੈ ਜਦੋਂ ਉਨ੍ਹਾਂ ਦਾ ਇਕ ਮਾਪਾ ਪੈਸੇ ਕਮਾਉਣ ਲਈ ਵਿਦੇਸ਼ ਜਾਂਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਅੱਗੇ ਦੇਖੋ।

ਔਖਾ ਸਫ਼ਰ ਅਤੇ ਗੁਜ਼ਰ-ਬਸਰ

ਵਿਦੇਸ਼ ਜਾਣ ਦੀ ਪਹਿਲੀ ਚੁਣੌਤੀ ਸਫ਼ਰ ਹੁੰਦਾ ਹੈ। ਪਹਿਲੇ ਲੇਖ ਵਿਚ ਜ਼ਿਕਰ ਕੀਤੇ ਜੋਰਜ ਨੇ ਸੈਂਕੜੇ ਕਿਲੋਮੀਟਰ ਸਫ਼ਰ ਬਹੁਤ ਥੋੜ੍ਹੇ ਖਾਣੇ ਨਾਲ ਕੀਤਾ ਸੀ। ਉਹ ਯਾਦ ਕਰਦਾ ਹੈ: “ਸਫ਼ਰ ਬਹੁਤ ਮੁਸ਼ਕਲਾਂ ਭਰਿਆ ਸੀ।” ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਤਾਂ ਆਪਣੀ ਮੰਜ਼ਲ ਤਕ ਵੀ ਨਹੀਂ ਪਹੁੰਚ ਪਾਉਂਦੇ।

ਪਟਰਿਸ਼ਾ ਦੀ ਮੰਜ਼ਲ ਸਪੇਨ ਸੀ। ਉਸ ਨੇ ਟਰੱਕ ਵਿਚ ਸਹਾਰਾ ਰੇਗਿਸਤਾਨ ਪਾਰ ਕੀਤਾ। ਉਹ ਦੱਸਦੀ ਹੈ: “ਨਾਈਜੀਰੀਆ ਤੋਂ ਅਲਜੀਰੀਆ ਪਹੁੰਚਣ ਲਈ ਇਕ ਹਫ਼ਤਾ ਲੱਗ ਗਿਆ ਅਤੇ 25 ਲੋਕਾਂ ਨਾਲ ਟਰੱਕ ਤੁੰਨਿਆ ਹੋਇਆ ਸੀ। ਰਸਤੇ ਵਿਚ ਅਸੀਂ ਬਹੁਤ ਸਾਰੀਆਂ ਲਾਸ਼ਾਂ ਦੇਖੀਆਂ ਅਤੇ ਅਜਿਹੇ ਲੋਕ ਵੀ ਜੋ ਮੌਤ ਦੀ ਉਡੀਕ ਵਿਚ ਮਾਰੇ-ਮਾਰੇ ਘੁੰਮ-ਫਿਰ ਰਹੇ ਸਨ। ਕਈ ਡਰਾਈਵਰ ਇੰਨੇ ਬੇਰਹਿਮ ਹੁੰਦੇ ਹਨ ਕਿ ਉਹ ਲੋਕਾਂ ਨੂੰ ਰਸਤੇ ਵਿਚ ਹੀ ਟਰੱਕ ਵਿੱਚੋਂ ਲਾਹ ਦਿੰਦੇ।”

ਜੋਰਜ ਅਤੇ ਪਟਰਿਸ਼ਾ ਦੇ ਉਲਟ ਰੇਚਲ ਜਹਾਜ਼ ਵਿਚ ਯੂਰਪ ਪਹੁੰਚ ਗਈ ਜਿੱਥੇ ਉਸ ਨੂੰ ਕਿਸੇ ਦੇ ਘਰ ਵਿਚ ਕੰਮ ਮਿਲ ਗਿਆ। ਪਰ ਉਸ ਨੇ ਇਹ ਕਦੇ ਵੀ ਨਹੀਂ ਸੋਚਿਆ ਕਿ ਉਸ ਨੂੰ ਆਪਣੀ ਦੋ ਸਾਲਾਂ ਦੀ ਨੰਨ੍ਹੀ ਬੱਚੀ ਦੀ ਯਾਦ ਕਿੰਨੀ ਸਤਾਵੇਗੀ। ਉਹ ਯਾਦ ਕਰਦੀ ਹੈ: “ਜਦੋਂ ਵੀ ਮੈਂ ਕਿਸੇ ਮਾਂ ਨੂੰ ਆਪਣੇ ਬੱਚੇ ਨਾਲ ਦੇਖਦੀ ਸੀ, ਤਾਂ ਮੇਰਾ ਕਲੇਜਾ ਚੀਰਿਆ ਜਾਂਦਾ ਸੀ।”

ਜੋਰਜ ਲਈ ਵਿਦੇਸ਼ ਦੇ ਰਹਿਣ-ਸਹਿਣ ਮੁਤਾਬਕ ਜੀਣਾ ਇੰਨਾ ਸੌਖਾ ਨਹੀਂ ਸੀ। ਕਈ ਮਹੀਨੇ ਬੀਤਣ ਤੋਂ ਬਾਅਦ ਹੀ ਉਹ ਘਰ ਪੈਸੇ ਭੇਜ ਸਕਿਆ। ਉਹ ਦੱਸਦਾ ਹੈ: “ਤਨਹਾਈ ਅਤੇ ਮਾਯੂਸੀ ਕਰਕੇ ਮੈਂ ਕਈ ਰਾਤਾਂ ਰੋ-ਰੋ ਕੇ ਕੱਟੀਆਂ।”

ਅਲਜੀਰੀਆ ਵਿਚ ਕਈ ਮਹੀਨੇ ਕੱਟਣ ਤੋਂ ਬਾਅਦ ਪਟਰਿਸ਼ਾ ਮੋਰਾਕੋ ਦੀ ਸਰਹੱਦ ’ਤੇ ਪਹੁੰਚ ਗਈ। ਉਹ ਕਹਿੰਦੀ ਹੈ: “ਉੱਥੇ ਮੈਂ ਆਪਣੀ ਬੱਚੀ ਨੂੰ ਜਨਮ ਦਿੱਤਾ। ਮੈਨੂੰ ਦੇਹ ਵਪਾਰ ਕਰਨ ਵਾਲਿਆਂ ਤੋਂ ਲੁਕਣਾ ਪਿਆ ਜੋ ਜ਼ਬਰਦਸਤੀ ਵਿਦੇਸ਼ੀ ਤੀਵੀਆਂ ਨੂੰ ਇਸ ਧੰਦੇ ਲਈ ਅਗਵਾ ਕਰ ਲੈਂਦੇ ਹਨ। ਆਖ਼ਰ ਮੈਂ ਸਪੇਨ ਜਾਣ ਲਈ ਸਮੁੰਦਰ ਪਾਰ ਕਰਨ ਵਾਸਤੇ ਪੈਸੇ ਇਕੱਠੇ ਕਰ ਲਏ। ਉੱਥੇ ਜਾਣ ਵਾਲੀ ਕਿਸ਼ਤੀ ਟੁੱਟੀ-ਫੁੱਟੀ ਸੀ ਅਤੇ ਇਸ ਵਿਚ ਜਿੰਨੀਆਂ ਸਵਾਰੀਆਂ ਸਨ, ਉੱਨੇ ਜਣਿਆਂ ਲਈ ਇਹ ਨਹੀਂ ਸੀ ਬਣਾਈ ਗਈ। ਸਾਨੂੰ ਆਪਣੀਆਂ ਜੁੱਤੀਆਂ ਨਾਲ ਬੇੜੀ ਵਿੱਚੋਂ ਪਾਣੀ ਕੱਢਣਾ ਪਿਆ! ਜਦੋਂ ਅਸੀਂ ਸਪੇਨ ਪਹੁੰਚੇ, ਤਾਂ ਮੈਂ ਇੰਨੀ ਕਮਜ਼ੋਰ ਹੋ ਗਈ ਸੀ ਕਿ ਬੇੜੀ ਵਿੱਚੋਂ ਨਿਕਲ ਕੇ ਸਮੁੰਦਰ ਕੰਢੇ ਤੁਰਨ ਲਈ ਮੇਰੇ ਵਿਚ ਤਾਕਤ ਵੀ ਨਹੀਂ ਸੀ।”

ਦੂਜੇ ਦੇਸ਼ ਵਿਚ ਵਸਣ ਬਾਰੇ ਸੋਚਣ ਵਾਲੇ ਲੋਕਾਂ ਨੂੰ ਗੰਭੀਰਤਾ ਨਾਲ ਖ਼ਤਰਿਆਂ ਬਾਰੇ ਸੋਚਣਾ ਚਾਹੀਦਾ ਹੈ ਨਾ ਕਿ ਸਿਰਫ਼ ਸਫ਼ਰ ਬਾਰੇ। ਉਨ੍ਹਾਂ ਨੂੰ ਵਿਦੇਸ਼ੀ ਭਾਸ਼ਾ, ਨਵੇਂ ਸਭਿਆਚਾਰ, ਖ਼ਰਚੇ ਅਤੇ ਉਸ ਦੇਸ਼ ਦੇ ਨਾਗਰਿਕ ਬਣਨ ਲਈ ਕਾਨੂੰਨੀ ਤੌਰ ਤੇ ਆਉਂਦੀਆਂ ਮੁਸ਼ਕਲਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਜਿਹੜੇ ਗ਼ੈਰ-ਕਾਨੂੰਨੀ ਢੰਗ ਨਾਲ ਜਾਂਦੇ ਹਨ, ਉਨ੍ਹਾਂ ਨੂੰ ਪੱਕੀ ਨੌਕਰੀ, ਵਧੀਆ ਘਰ, ਚੰਗੀ ਪੜ੍ਹਾਈ ਜਾਂ ਸਿਹਤ ਸਹੂਲਤਾਂ ਨਹੀਂ ਮਿਲਦੀਆਂ। ਉਨ੍ਹਾਂ ਨੂੰ ਬੈਂਕ ਖਾਤਾ ਖੋਲ੍ਹਣ ਜਾਂ ਡਰਾਈਵਿੰਗ ਲਸੰਸ ਲੈਣ ਵਿਚ ਮੁਸ਼ਕਲ ਆ ਸਕਦੀ ਹੈ। ਕਾਗਜ਼-ਪੱਤਰਾਂ ਬਿਨਾਂ ਰਹਿ ਰਹੇ ਲੋਕਾਂ ਦਾ ਜ਼ਿਆਦਾਤਰ ਸ਼ੋਸ਼ਣ ਕੀਤਾ ਜਾਂਦਾ ਹੈ, ਖ਼ਾਸ ਕਰ ਕੇ ਉਨ੍ਹਾਂ ਨੂੰ ਘੱਟ ਪੈਸੇ ਦੇ ਕੇ ਮਜ਼ਦੂਰੀ ਕਰਾਈ ਜਾਂਦੀ ਹੈ।

ਇਕ ਹੋਰ ਸੋਚਣ ਵਾਲੀ ਗੱਲ ਹੈ ਪੈਸਾ। ਅਸੀਂ ਪੈਸੇ ’ਤੇ ਕਿੰਨਾ ਕੁ ਭਰੋਸਾ ਰੱਖ ਸਕਦੇ ਹਾਂ? ਬਾਈਬਲ ਇਹ ਚੰਗੀ ਸਲਾਹ ਦਿੰਦੀ ਹੈ: ‘ਤੂੰ ਧਨ ਇਕੱਠਾ ਕਰਨ ਲਈ ਲੋੜ ਤੋਂ ਅਧਿਕ ਕੋਸ਼ਿਸ਼ ਨਾ ਕਰਨਾ, ਕਿਉਂਕਿ ਤੇਰਾ ਧਨ ਅੱਖ ਦੇ ਇਕ ਝਮਕਾਰੇ ਨਾਲ ਤੇਰੇ ਤੋਂ ਦੂਰ, ਇਸ ਤਰ੍ਹਾਂ ਜਾ ਸਕਦਾ ਹੈ, ਜਿਸ ਤਰ੍ਹਾਂ ਉਸ ਨੂੰ ਖੰਭ ਲੱਗ ਗਏ ਹੋਣ ਅਤੇ ਉਕਾਬ ਦੀ ਤਰ੍ਹਾਂ ਉਤਾਂਹ ਉੱਠ ਗਿਆ ਹੈ।’ (ਕਹਾਉਤਾਂ 23:4, 5, CL) ਇਹ ਵੀ ਯਾਦ ਰੱਖੋ ਕਿ ਜਿਨ੍ਹਾਂ ਚੀਜ਼ਾਂ ਦੀ ਸਾਨੂੰ ਸਭ ਤੋਂ ਜ਼ਿਆਦਾ ਲੋੜ ਹੈ, ਉਨ੍ਹਾਂ ਨੂੰ ਪੈਸਾ ਨਹੀਂ ਖ਼ਰੀਦ ਸਕਦਾ ਜਿਵੇਂ ਪਿਆਰ, ਸੁਰੱਖਿਆ ਅਤੇ ਪਰਿਵਾਰਕ ਏਕਤਾ। ਕਿੰਨੇ ਦੁੱਖ ਦੀ ਗੱਲ ਹੈ ਜਦੋਂ ਮਾਤਾ-ਪਿਤਾ ਆਪਸੀ ਪਿਆਰ ਜਾਂ ਬੱਚਿਆਂ ਲਈ ‘ਮੋਹ’ ਨਾਲੋਂ ਜ਼ਿਆਦਾ ਪੈਸਿਆਂ ਨੂੰ ਅਹਿਮੀਅਤ ਦਿੰਦੇ ਹਨ!—2 ਤਿਮੋਥਿਉਸ 3:1-3.

ਇਨਸਾਨ ਹੋਣ ਦੇ ਨਾਤੇ ਸਾਨੂੰ ਪਰਮੇਸ਼ੁਰ ਦੀ ਅਗਵਾਈ ਦੀ ਵੀ ਲੋੜ ਹੈ। (ਮੱਤੀ 5:3) ਜ਼ਿੰਮੇਵਾਰ ਮਾਪੇ ਪੂਰੀ ਵਾਹ ਲਾ ਕੇ ਆਪਣੇ ਬੱਚਿਆਂ ਨੂੰ ਪਰਮੇਸ਼ੁਰ, ਉਸ ਦੇ ਮਕਸਦ ਅਤੇ ਮਿਆਰਾਂ ਬਾਰੇ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਜ਼ਿੰਮੇਵਾਰੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤੀ ਹੈ।—ਅਫ਼ਸੀਆਂ 6:4.

ਪੈਸਿਆਂ ਨਾਲੋਂ ਜ਼ਿਆਦਾ ਪਿਆਰਾ ਹੈ ਪਰਿਵਾਰ

ਹਰ ਪਰਵਾਸੀ ਦੀ ਕਹਾਣੀ ਸ਼ਾਇਦ ਅਲੱਗ-ਅਲੱਗ ਹੋਵੇ, ਪਰ ਉਨ੍ਹਾਂ ਦੀਆਂ ਕੁਝ ਗੱਲਾਂ ਮਿਲਦੀਆਂ-ਜੁਲਦੀਆਂ ਹਨ ਜਿਵੇਂ ਅਸੀਂ ਇਸ ਲੇਖ ਲੜੀ ਵਿਚ ਜ਼ਿਕਰ ਕੀਤੇ ਜੋਰਜ, ਰੇਚਲ ਅਤੇ ਪਟਰਿਸ਼ਾ ਦੇ ਤਜਰਬਿਆਂ ਤੋਂ ਦੇਖ ਸਕਦੇ ਹਾਂ। ਪਰਿਵਾਰ ’ਤੇ ਬੁਰਾ ਅਸਰ ਪੈਂਦਾ ਹੈ ਜਦੋਂ ਮਾਤਾ ਜਾਂ ਪਿਤਾ, ਪਤਨੀ ਜਾਂ ਪਤੀ ਆਪਣੇ ਪਰਿਵਾਰ ਨੂੰ ਛੱਡ ਕੇ ਜਾਂਦਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁੜ ਇਕੱਠੇ ਹੋਣ ਵਿਚ ਕਈ ਸਾਲ ਲੱਗ ਜਾਂਦੇ ਹਨ। ਜੋਰਜ ਤੇ ਉਸ ਦੇ ਪਰਿਵਾਰ ਨੂੰ ਮੁੜ ਇਕੱਠੇ ਹੋਣ ਵਿਚ ਚਾਰ ਤੋਂ ਜ਼ਿਆਦਾ ਸਾਲ ਲੱਗ ਗਏ।

ਰੇਚਲ ਆਪਣੀ ਧੀ ਨੂੰ ਲੈ ਜਾਣ ਵਾਸਤੇ ਆਖ਼ਰ ਫ਼ਿਲਪੀਨ ਵਾਪਸ ਗਈ। ਉਹ ਆਪਣੀ ਬੇਟੀ ਤੋਂ ਤਕਰੀਬਨ ਪੰਜ ਸਾਲ ਦੂਰ ਰਹੀ। ਪਟਰਿਸ਼ਾ ਜਦੋਂ ਸਪੇਨ ਪਹੁੰਚੀ, ਉਸ ਦੇ ਹੱਥਾਂ ਵਿਚ ਉਸ ਦੀ ਨੰਨ੍ਹੀ ਧੀ ਸੀ। ਉਹ ਕਹਿੰਦੀ ਹੈ: “ਮੇਰੀ ਬੇਟੀ ਮੇਰੇ ਲਈ ਸਭ ਕੁਝ ਹੈ, ਸੋ ਮੈਂ ਉਸ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨ ਦੀ ਕੋਸ਼ਿਸ਼ ਕਰਦੀ ਹਾਂ।”

ਕਈ ਲੋਕ ਤਨਹਾਈ, ਪੈਸਿਆਂ ਦੀ ਤੰਗੀ ਅਤੇ ਆਪਣੇ ਪਰਿਵਾਰ ਤੋਂ ਲੰਬੇ ਸਮੇਂ ਲਈ ਜੁਦਾ ਰਹਿਣ ਦੇ ਬਾਵਜੂਦ ਸਾਲਾਂ ਤਾਈਂ ਵਿਦੇਸ਼ ਵਿਚ ਹੀ ਰਹਿੰਦੇ ਹਨ। ਉਹ ਬਹੁਤ ਸਾਰਾ ਪੈਸਾ ਲਾ ਕੇ ਵਿਦੇਸ਼ ਜਾਂਦੇ ਹਨ, ਇਸ ਲਈ ਜਦੋਂ ਉਹ ਸਫ਼ਲ ਨਹੀਂ ਹੁੰਦੇ, ਤਾਂ ਬਦਨਾਮੀ ਦੇ ਡਰੋਂ ਘਰ ਆਉਣ ਲਈ ਉਨ੍ਹਾਂ ਵਿਚ ਹਿੰਮਤ ਨਹੀਂ ਹੁੰਦੀ।

ਪਰ ਫ਼ਿਲਪੀਨ ਦੇ ਐਲਨ ਨੇ ਵਾਪਸ ਆਉਣ ਦੀ ਹਿੰਮਤ ਕੀਤੀ। ਉਸ ਨੂੰ ਸਪੇਨ ਵਿਚ ਚੰਗੀ ਨੌਕਰੀ ਮਿਲ ਗਈ ਸੀ, ਪਰ 18 ਮਹੀਨਿਆਂ ਬਾਅਦ ਉਹ ਆਪਣੇ ਵਤਨ ਵਾਪਸ ਚਲਾ ਗਿਆ। ਉਹ ਦੱਸਦਾ ਹੈ: “ਮੈਨੂੰ ਆਪਣੀ ਪਤਨੀ ਅਤੇ ਛੋਟੀ ਬੱਚੀ ਦੀ ਬਹੁਤ ਯਾਦ ਆਉਂਦੀ ਸੀ। ਮੈਂ ਫ਼ੈਸਲਾ ਕੀਤਾ ਕਿ ਮੈਂ ਉਦੋਂ ਹੀ ਵਿਦੇਸ਼ ਜਾ ਕੇ ਕੰਮ ਕਰਾਂਗਾ ਜੇ ਮੇਰਾ ਪਰਿਵਾਰ ਵੀ ਮੇਰੇ ਨਾਲ ਆਵੇ। ਅਤੇ ਅਖ਼ੀਰ ਅਸੀਂ ਸਾਰੇ ਜਣੇ ਚਲੇ ਗਏ। ਪਰਿਵਾਰ ਮੇਰੇ ਲਈ ਪੈਸਿਆਂ ਨਾਲੋਂ ਜ਼ਿਆਦਾ ਪਿਆਰਾ ਹੈ।”

ਪੈਸੇ ਨਾਲੋਂ ਇਕ ਹੋਰ ਚੀਜ਼ ਵੀ ਪਿਆਰੀ ਹੈ ਜਿਸ ਬਾਰੇ ਪਟਰਿਸ਼ਾ ਨੇ ਜਾਣਿਆ। ਜਦੋਂ ਉਹ ਸਪੇਨ ਗਈ, ਤਾਂ ਉਹ ਆਪਣੇ ਨਾਲ ਬਾਈਬਲ ਦਾ “ਨਵਾਂ ਨੇਮ” ਲੈ ਗਈ ਜੋ ਮੱਤੀ ਤੋਂ ਪ੍ਰਕਾਸ਼ ਦੀ ਕਿਤਾਬ ਹੈ। ਉਹ ਕਹਿੰਦੀ ਹੈ: “ਮੈਂ ਇਸ ਬਾਈਬਲ ਨੂੰ ਇਕ ਤਵੀਤ ਵਾਂਗ ਸਮਝਦੀ ਸੀ। ਫਿਰ ਮੈਂ ਇਕ ਔਰਤ ਨੂੰ ਮਿਲੀ ਜੋ ਯਹੋਵਾਹ ਦੀ ਗਵਾਹ ਸੀ। ਮੈਂ ਪਹਿਲਾਂ ਇਸ ਧਰਮ ਦੇ ਲੋਕਾਂ ਨਾਲ ਗੱਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ ਰੱਖਦੀ। ਸੋ ਇਸ ਗਵਾਹ ਦੇ ਵਿਸ਼ਵਾਸਾਂ ਨੂੰ ਗ਼ਲਤ ਸਾਬਤ ਕਰਨ ਲਈ ਮੈਂ ਉਸ ਨੂੰ ਬਹੁਤ ਸਾਰੇ ਸਵਾਲ ਪੁੱਛੇ। ਪਰ ਉਸ ਨੇ ਹਰ ਸਵਾਲ ਦਾ ਜਵਾਬ ਬਾਈਬਲ ਤੋਂ ਦੇ ਕੇ ਆਪਣੇ ਵਿਸ਼ਵਾਸਾਂ ਬਾਰੇ ਚੰਗੀ ਤਰ੍ਹਾਂ ਸਮਝਾਇਆ।”

ਪਟਰਿਸ਼ਾ ਨੇ ਸਿੱਖਿਆ ਕਿ ਬੇਹੱਦ ਖ਼ੁਸ਼ੀ ਅਤੇ ਭਵਿੱਖ ਲਈ ਪੱਕੀ ਉਮੀਦ ਇਸ ਗੱਲ ’ਤੇ ਨਿਰਭਰ ਨਹੀਂ ਕਰਦੀ ਕਿ ਤੁਸੀਂ ਕਿੱਥੇ ਰਹਿੰਦੇ ਹੋ ਜਾਂ ਤੁਹਾਡੇ ਕੋਲ ਕਿੰਨੇ ਪੈਸੇ ਹਨ, ਬਲਕਿ ਪਰਮੇਸ਼ੁਰ ਅਤੇ ਸਾਡੇ ਲਈ ਉਸ ਦੇ ਮਕਸਦ ਬਾਰੇ ਜਾਣਨ ਉੱਤੇ ਨਿਰਭਰ ਕਰਦੀ ਹੈ। (ਯੂਹੰਨਾ 17:3) ਹੋਰ ਗੱਲਾਂ ਦੇ ਨਾਲ-ਨਾਲ ਪਟਰਿਸ਼ਾ ਨੇ ਸਿੱਖਿਆ ਕਿ ਸੱਚੇ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ। (ਜ਼ਬੂਰਾਂ ਦੀ ਪੋਥੀ 83:18) ਉਸ ਨੇ ਬਾਈਬਲ ਵਿੱਚੋਂ ਇਹ ਵੀ ਪੜ੍ਹਿਆ ਕਿ ਪਰਮੇਸ਼ੁਰ ਆਪਣੇ ਰਾਜ, ਜਿਸ ਦਾ ਰਾਜਾ ਯਿਸੂ ਮਸੀਹ ਹੈ, ਦੇ ਜ਼ਰੀਏ ਬਹੁਤ ਜਲਦੀ ਸਾਰੀ ਗ਼ਰੀਬੀ ਨੂੰ ਖ਼ਤਮ ਕਰ ਦੇਵੇਗਾ। (ਦਾਨੀਏਲ 7:13, 14) ਜ਼ਬੂਰਾਂ ਦੀ ਪੋਥੀ 72:12, 14 ਵਿਚ ਲਿਖਿਆ ਹੈ: “[ਯਿਸੂ] ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ।”

ਕਿਉਂ ਨਾ ਤੁਸੀਂ ਵੀ ਸਮਾਂ ਕੱਢ ਕੇ ਬਾਈਬਲ ਦੀ ਜਾਂਚ ਕਰੋ? ਪਰਮੇਸ਼ੁਰੀ ਬੁੱਧ ਨਾਲ ਭਰੀ ਇਹ ਕਿਤਾਬ ਤੁਹਾਨੂੰ ਆਪਣੀ ਜ਼ਿੰਦਗੀ ਵਿਚ ਜ਼ਰੂਰੀ ਗੱਲਾਂ ਨੂੰ ਪਹਿਲ ਦੇਣ, ਚੰਗੇ ਫ਼ੈਸਲੇ ਕਰਨ ਅਤੇ ਕਿਸੇ ਵੀ ਮੁਸ਼ਕਲ ਨੂੰ ਖ਼ੁਸ਼ੀ ਤੇ ਉਮੀਦ ਨਾਲ ਸਹਿਣ ਵਿਚ ਮਦਦ ਕਰੇਗੀ।—ਕਹਾਉਤਾਂ 2:6-9, 20, 21. (g13 02-E)