Skip to content

Skip to table of contents

ਮੁੱਖ ਪੰਨੇ ਤੋਂ

ਤੁਸੀਂ ਜ਼ਿੰਮੇਵਾਰ ਪਿਤਾ ਕਿਵੇਂ ਬਣ ਸਕਦੇ ਹੋ

ਤੁਸੀਂ ਜ਼ਿੰਮੇਵਾਰ ਪਿਤਾ ਕਿਵੇਂ ਬਣ ਸਕਦੇ ਹੋ

ਦੱਖਣੀ ਅਫ਼ਰੀਕਾ ਵਿਚ ਰਹਿੰਦੇ ਮਾਈਕਲ ਨੇ ਪੁੱਛਿਆ: * “ਮੈਂ ਆਪਣੇ ਮੁੰਡੇ ਦੀ ਹੋਰ ਮਦਦ ਕਿਵੇਂ ਕਰ ਸਕਦਾ ਸੀ?” ਮਾਈਕਲ ਨੇ ਜ਼ਿੰਮੇਵਾਰ ਪਿਤਾ ਬਣਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਆਪਣੇ ਵਿਗੜੇ ਹੋਏ 19 ਸਾਲਾਂ ਦੇ ਮੁੰਡੇ ਬਾਰੇ ਸੋਚਦਾ ਹੈ, ਤਾਂ ਉਹ ਆਪਣੇ ਆਪ ਨੂੰ ਪੁੱਛਦਾ ਹੈ, ‘ਮੇਰੇ ਪਿਆਰ ਤੇ ਪਰਵਰਿਸ਼ ਵਿਚ ਕਿਹੜੀ ਕਮੀ ਰਹਿ ਗਈ ਸੀ?’

ਦੂਜੇ ਪਾਸੇ, ਸਪੇਨ ਵਿਚ ਰਹਿੰਦੇ ਟੈਰੀ ਦਾ ਮੁੰਡਾ ਲਾਇਕ ਨਿਕਲਿਆ। ਸ਼ਾਇਦ ਦੇਖਣ ਵਾਲਿਆਂ ਨੂੰ ਲੱਗੇ ਕਿ ਟੈਰੀ ਮਾਈਕਲ ਨਾਲੋਂ ਚੰਗਾ ਪਿਤਾ ਸਾਬਤ ਹੋਇਆ। ਟੈਰੀ ਦਾ ਪੁੱਤਰ ਐਂਡਰੂ ਕਹਿੰਦਾ ਹੈ: “ਮੈਨੂੰ ਯਾਦ ਹੈ ਕਿ ਜਦ ਮੈਂ ਛੋਟਾ ਸੀ ਮੇਰੇ ਡੈਡੀ ਮੈਨੂੰ ਕਹਾਣੀ ਪੜ੍ਹ ਕੇ ਸੁਣਾਉਂਦੇ ਸਨ, ਮੇਰੇ ਨਾਲ ਖੇਡਦੇ ਸਨ ਤੇ ਮੈਨੂੰ ਘੁਮਾਉਣ ਲੈ ਕੇ ਜਾਂਦੇ ਸਨ। ਅਸੀਂ ਕਾਫ਼ੀ ਸਮਾਂ ਇਕੱਠੇ ਗੁਜ਼ਾਰਦੇ ਸੀ। ਉਨ੍ਹਾਂ ਨੇ ਮੈਨੂੰ ਖੇਡ-ਖੇਡ ਵਿਚ ਬਹੁਤ ਕੁਝ ਸਿਖਾਇਆ।”

ਇਹ ਗੱਲ ਸੱਚ ਹੈ ਕਿ ਜ਼ਿੰਮੇਵਾਰ ਪਿਤਾ ਬਣਨਾ ਸੌਖਾ ਨਹੀਂ ਹੈ। ਪਰ ਬਾਈਬਲ ਦੇ ਵਧੀਆ ਅਸੂਲ ਇੱਦਾਂ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਬਹੁਤ ਸਾਰੇ ਪਿਤਾ ਮੰਨਦੇ ਹਨ ਕਿ ਬਾਈਬਲ ਦੀ ਸਲਾਹ ਮੰਨਣ ਨਾਲ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫ਼ਾਇਦਾ ਹੋਇਆ ਹੈ। ਆਓ ਆਪਾਂ ਬਾਈਬਲ ਦੇ ਕੁਝ ਅਸੂਲਾਂ ’ਤੇ ਗੌਰ ਕਰੀਏ।

1. ਆਪਣੇ ਪਰਿਵਾਰ ਲਈ ਸਮਾਂ ਕੱਢੋ

ਇਕ ਪਿਤਾ ਵਜੋਂ ਤੁਸੀਂ ਕਿਵੇਂ ਦਿਖਾਉਂਦੇ ਹੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ? ਬਿਨਾਂ ਸ਼ੱਕ ਤੁਸੀਂ ਆਪਣੇ ਬੱਚਿਆਂ ਦੀਆਂ ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਹੱਡ-ਤੋੜ ਮਿਹਨਤ ਕਰਦੇ ਹੋ। ਜੇ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਨਾ ਕਰਦੇ ਹੁੰਦੇ, ਤਾਂ ਤੁਸੀਂ ਇਹ ਸਭ ਕੁਝ ਨਾ ਕਰਦੇ। ਪਰ ਜੇ ਤੁਸੀਂ ਆਪਣੇ ਬੱਚਿਆਂ ਨਾਲ ਸਮਾਂ ਨਹੀਂ ਗੁਜ਼ਾਰਦੇ, ਤਾਂ ਉਹ ਸ਼ਾਇਦ ਕਹਿਣ ਕਿ ਤੁਸੀਂ ਉਨ੍ਹਾਂ ਨਾਲੋਂ ਆਪਣੇ ਕੰਮ ਅਤੇ ਦੋਸਤਾਂ ਦੀ ਜ਼ਿਆਦਾ ਪਰਵਾਹ ਕਰਦੇ ਹੋ ਤੇ ਤੁਸੀਂ ਆਪਣੇ ਹੀ ਸ਼ੌਕ ਪੂਰੇ ਕਰਨੇ ਚਾਹੁੰਦੇ ਹੋ।

ਇਕ ਪਿਤਾ ਨੂੰ ਆਪਣੇ ਬੱਚੇ ਨਾਲ ਕਦੋਂ ਤੋਂ ਸਮਾਂ ਗੁਜ਼ਾਰਨਾ ਸ਼ੁਰੂ ਕਰਨਾ ਚਾਹੀਦਾ ਹੈ? ਇਕ ਮਾਂ ਆਪਣੇ ਬੱਚੇ ਨਾਲ ਉਦੋਂ ਹੀ ਰਿਸ਼ਤਾ ਜੋੜਨਾ ਸ਼ੁਰੂ ਕਰ ਦਿੰਦੀ ਹੈ ਜਦੋਂ ਉਹ ਅਜੇ ਕੁੱਖ ਵਿਚ ਹੀ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਗਰਭ-ਧਾਰਣ ਤੋਂ ਕੁਝ 16 ਹਫ਼ਤਿਆਂ ਬਾਅਦ ਅਣਜੰਮਿਆ ਬੱਚਾ ਸੁਣਨ ਲੱਗ ਪੈਂਦਾ ਹੈ। ਇਸ ਸਮੇਂ ਤੋਂ ਪਿਤਾ ਵੀ ਆਪਣੇ ਅਣਜੰਮੇ ਬੱਚੇ ਨਾਲ ਇਕ ਖ਼ਾਸ ਰਿਸ਼ਤਾ ਜੋੜ ਸਕਦਾ ਹੈ। ਉਹ ਬੱਚੇ ਦੇ ਦਿਲ ਦੀ ਧੜਕਣ ਸੁਣ ਸਕਦਾ ਹੈ ਤੇ ਉਸ ਨੂੰ ਠੁੱਡਾ ਮਾਰਦਾ ਮਹਿਸੂਸ ਕਰ ਸਕਦਾ ਹੈ। ਨਾਲੇ ਪਿਤਾ ਆਪਣੇ ਬੱਚੇ ਨਾਲ ਗੱਲਾਂ ਕਰ ਸਕਦਾ ਹੈ ਤੇ ਉਸ ਨੂੰ ਗਾ ਕੇ ਸੁਣਾ ਸਕਦਾ ਹੈ।

ਬਾਈਬਲ ਦਾ ਅਸੂਲ: ਪੁਰਾਣੇ ਜ਼ਮਾਨੇ ਵਿਚ ਬੱਚਿਆਂ ਨੂੰ ਸਿੱਖਿਆ ਦੇਣੀ ਮੁੱਖ ਜ਼ਿੰਮੇਵਾਰੀ ਆਦਮੀਆਂ ਦੀ ਸੀ। ਪਿਤਾਵਾਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਸੀ ਕਿ ਉਹ ਆਪਣੇ ਬੱਚਿਆਂ ਨਾਲ ਬਾਕਾਇਦਾ ਸਮਾਂ ਗੁਜ਼ਾਰਨ। ਬਾਈਬਲ ਵਿਚ ਬਿਵਸਥਾ ਸਾਰ 6:6, 7 ਵਿਚ ਲਿਖਿਆ ਗਿਆ ਹੈ: “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।”

2. ਬੱਚਿਆਂ ਦੀਆਂ ਗੱਲਾਂ ਧਿਆਨ ਨਾਲ ਸੁਣੋ

ਬਿਨਾਂ ਝਿੜਕਾਂ ਮਾਰੇ ਸ਼ਾਂਤੀ ਨਾਲ ਗੱਲ ਸੁਣੋ

ਆਪਣੇ ਬੱਚਿਆਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਨ ਲਈ ਤੁਹਾਨੂੰ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨ ਦੀ ਲੋੜ ਹੈ। ਉਨ੍ਹਾਂ ਦੀ ਗੱਲ ਸੁਣ ਕੇ ਗੁੱਸੇ ਵਿਚ ਭੜਕੋ ਨਾ।

ਜੇ ਤੁਹਾਡੇ ਬੱਚਿਆਂ ਨੂੰ ਪਤਾ ਹੈ ਕਿ ਤੁਸੀਂ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਝਿੜਕਾਂ ਮਾਰਨ ਲੱਗ ਪਓਗੇ, ਤਾਂ ਉਹ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਨਹੀਂ ਕਰਨਗੇ। ਪਰ ਜੇ ਤੁਸੀਂ ਸ਼ਾਂਤੀ ਨਾਲ ਉਨ੍ਹਾਂ ਦੀ ਗੱਲ ਸੁਣੋਗੇ, ਤਾਂ ਤੁਸੀਂ ਦਿਖਾਓਗੇ ਕਿ ਤੁਹਾਨੂੰ ਉਨ੍ਹਾਂ ਵਿਚ ਦਿਲਚਸਪੀ ਹੈ। ਫਿਰ ਉਹ ਵੀ ਦਿਲ ਖੋਲ੍ਹ ਕੇ ਤੁਹਾਡੇ ਨਾਲ ਗੱਲ ਕਰਨਗੇ।

ਬਾਈਬਲ ਦਾ ਅਸੂਲ: ਬਾਈਬਲ ਵਿਚ ਪਾਈ ਜਾਂਦੀ ਬੁੱਧ ਸਾਡੀ ਜ਼ਿੰਦਗੀ ਵਿਚ ਬਹੁਤ ਫ਼ਾਇਦੇਮੰਦ ਸਾਬਤ ਹੁੰਦੀ ਹੈ। ਮਿਸਾਲ ਲਈ, ਬਾਈਬਲ ਵਿਚ ਲਿਖਿਆ ਹੈ: “ਹਰ ਕੋਈ ਸੁਣਨ ਲਈ ਤਿਆਰ ਰਹੇ, ਬੋਲਣ ਵਿਚ ਕਾਹਲੀ ਨਾ ਕਰੇ ਅਤੇ ਜਲਦੀ ਗੁੱਸਾ ਨਾ ਕਰੇ।” (ਯਾਕੂਬ 1:19) ਜਿਹੜੇ ਪਿਤਾ ਬਾਈਬਲ ਦਾ ਇਹ ਅਸੂਲ ਲਾਗੂ ਕਰਦੇ ਹਨ, ਉਨ੍ਹਾਂ ਦੇ ਬੱਚੇ ਖੁੱਲ੍ਹ ਕੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ।

3. ਪਿਆਰ ਨਾਲ ਤਾੜੋ ਤੇ ਸ਼ਾਬਾਸ਼ੀ ਦਿਓ

ਭਾਵੇਂ ਤੁਸੀਂ ਗੁੱਸੇ ਵਿਚ ਹੋ, ਫਿਰ ਵੀ ਤੁਹਾਨੂੰ ਬੱਚੇ ਨੂੰ ਪਿਆਰ ਨਾਲ ਤਾੜਨਾ ਦੇਣੀ ਚਾਹੀਦੀ ਹੈ। ਤਾੜਨਾ ਦੇਣ ਵਿਚ ਆਪਣੇ ਬੱਚੇ ਨੂੰ ਸਲਾਹ ਦੇਣੀ, ਸੁਧਾਰਨਾ, ਸਿੱਖਿਆ ਦੇਣੀ ਤੇ ਲੋੜ ਪੈਣ ਤੇ ਉਸ ਨੂੰ ਡਾਂਟਣਾ ਵੀ ਸ਼ਾਮਲ ਹੈ। ਇਸ ਨਾਲ ਬੱਚੇ ਨੂੰ ਉਮਰ ਭਰ ਫ਼ਾਇਦਾ ਹੋਵੇਗਾ।

ਇਸ ਤੋਂ ਇਲਾਵਾ, ਤਾੜਨਾ ਦਾ ਅਸਰ ਉਦੋਂ ਜ਼ਿਆਦਾ ਹੁੰਦਾ ਹੈ ਜਦੋਂ ਪਿਤਾ ਬਾਕਾਇਦਾ ਆਪਣੇ ਬੱਚੇ ਨੂੰ ਸ਼ਾਬਾਸ਼ੀ ਦਿੰਦਾ ਹੈ। ਇਕ ਪੁਰਾਣੀ ਕਹਾਵਤ ਹੈ: “ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।” (ਕਹਾਉਤਾਂ 25:11) ਸ਼ਾਬਾਸ਼ੀ ਦੇਣ ਨਾਲ ਬੱਚੇ ਵਿਚ ਚੰਗੇ ਗੁਣ ਪੈਦਾ ਹੁੰਦੇ ਹਨ। ਨਾਲੇ ਜਦੋਂ ਮਾਪੇ ਬੱਚੇ ਵੱਲ ਧਿਆਨ ਦਿੰਦੇ ਹਨ ਤੇ ਉਸ ਦੀ ਕਦਰ ਕਰਦੇ ਹਨ, ਤਾਂ ਉਸ ਦਾ ਭਰੋਸਾ ਵਧਦਾ ਹੈ। ਇਕ ਪਿਤਾ ਨੂੰ ਆਪਣੇ ਬੱਚੇ ਦੀ ਪ੍ਰਸ਼ੰਸਾ ਕਰਨ ਦੇ ਮੌਕੇ ਲੱਭਣੇ ਚਾਹੀਦੇ ਹਨ। ਇਸ ਤਰ੍ਹਾਂ ਉਹ ਬੱਚੇ ਦੀ ਹਿੰਮਤ ਨੂੰ ਖੰਭ ਦਿੰਦਾ ਹੈ ਤਾਂਕਿ ਉਹ ਸਹੀ ਕੰਮ ਕਰਨੇ ਨਾ ਛੱਡੇ।

ਬਾਈਬਲ ਦਾ ਅਸੂਲ: “ਪਿਤਾਓ, ਆਪਣੇ ਬੱਚਿਆਂ ਨੂੰ ਨਾ ਖਿਝਾਓ ਤਾਂਕਿ ਉਹ ਦਿਲ ਨਾ ਹਾਰ ਬੈਠਣ।”​ਕੁਲੁੱਸੀਆਂ 3:21.

4. ਪਤਨੀ ਨਾਲ ਪਿਆਰ ਕਰੋ ਤੇ ਉਸ ਦੀ ਇੱਜ਼ਤ ਕਰੋ

ਇਕ ਪਿਤਾ ਜਿਸ ਤਰੀਕੇ ਨਾਲ ਆਪਣੀ ਪਤਨੀ ਨਾਲ ਪੇਸ਼ ਆਉਂਦਾ ਹੈ, ਉਸ ਦਾ ਅਸਰ ਬੱਚਿਆਂ ’ਤੇ ਪੈਂਦਾ ਹੈ। ਬੱਚਿਆਂ ਦੇ ਵਿਕਾਸ ਸੰਬੰਧੀ ਮਾਹਰਾਂ ਨੇ ਕਿਹਾ: “ਸਭ ਤੋਂ ਵਧੀਆ ਗੱਲ ਜੋ ਇਕ ਪਿਤਾ ਆਪਣੇ ਬੱਚਿਆਂ ਲਈ ਕਰ ਸਕਦਾ ਹੈ, ਉਹ ਹੈ ਉਨ੍ਹਾਂ ਦੀ ਮਾਂ ਦੀ ਇੱਜ਼ਤ। . . . ਜਿਹੜੇ ਮਾਤਾ-ਪਿਤਾ ਆਪਣੇ ਬੱਚਿਆਂ ਦੇ ਸਾਮ੍ਹਣੇ ਇਕ-ਦੂਜੇ ਦਾ ਆਦਰ-ਮਾਣ ਕਰਦੇ ਹਨ, ਉਨ੍ਹਾਂ ਦੇ ਬੱਚੇ ਖ਼ੁਸ਼ ਰਹਿੰਦੇ ਹਨ ਤੇ ਉਨ੍ਹਾਂ ਨੂੰ ਆਪਣੇ ਮਾਪਿਆਂ ਦੇ ਪਿਆਰ ਦਾ ਅਹਿਸਾਸ ਹੁੰਦਾ ਹੈ।”​—ਬੱਚਿਆਂ ਦੇ ਸਹੀ ਵਿਕਾਸ ਲਈ ਪਿਤਾਵਾਂ ਦੀ ਅਹਿਮੀਅਤ (ਅੰਗ੍ਰੇਜ਼ੀ)। *

ਬਾਈਬਲ ਦਾ ਅਸੂਲ: ‘ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ। ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਨਾਲ ਪਿਆਰ ਕਰਦੇ ਹੋ।’​—ਅਫ਼ਸੀਆਂ 5:25, 33.

5. ਪਰਮੇਸ਼ੁਰ ਦੀ ਸਲਾਹ ’ਤੇ ਚੱਲੋ

ਪਰਮੇਸ਼ੁਰ ਨਾਲ ਦਿਲੋਂ ਪਿਆਰ ਕਰਨ ਵਾਲੇ ਪਿਤਾ ਆਪਣੇ ਬੱਚਿਆਂ ਨੂੰ ਸਭ ਤੋਂ ਅਨਮੋਲ ਵਿਰਾਸਤ ਦੇ ਸਕਦੇ ਹਨ। ਉਹ ਹੈ ਬੱਚਿਆਂ ਦਾ ਆਪਣੇ ਸਵਰਗੀ ਪਿਤਾ ਨਾਲ ਰਿਸ਼ਤਾ।

ਐਨਟੋਨਿਓ ਇਕ ਯਹੋਵਾਹ ਦਾ ਗਵਾਹ ਹੈ। ਉਸ ਨੇ ਕਈ ਦਹਾਕੇ ਆਪਣੇ ਛੇ ਬੱਚਿਆਂ ਨੂੰ ਪਾਲਣ ਲਈ ਸਖ਼ਤ ਮਿਹਨਤ ਕੀਤੀ। ਉਸ ਦੀ ਇਕ ਬੇਟੀ ਨੇ ਉਸ ਨੂੰ ਚਿੱਠੀ ਲਿਖੀ: “ਪਿਆਰੇ ਡੈਡੀ ਜੀ, ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਆਪਣੇ ਆਪ ਨਾਲ, ਯਹੋਵਾਹ ਨਾਲ ਤੇ ਆਪਣੇ ਗੁਆਂਢੀਆਂ ਨਾਲ ਪਿਆਰ ਕਰਨਾ ਸਿਖਾਇਆ। ਇਸ ਕਰਕੇ ਮੈਂ ਇਕ ਚੰਗੀ ਇਨਸਾਨ ਬਣ ਸਕੀ ਹਾਂ। ਤੁਸੀਂ ਮੈਨੂੰ ਦਿਖਾਇਆ ਕਿ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ ਤੇ ਤੁਹਾਨੂੰ ਮੇਰਾ ਬਹੁਤ ਫ਼ਿਕਰ ਹੈ। ਡੈਡੀ ਜੀ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੱਤੀ ਤੇ ਆਪਣੇ ਬੱਚਿਆਂ ਨੂੰ ਉਸ ਵੱਲੋਂ ਬਰਕਤ ਸਮਝਿਆ।”

ਬਾਈਬਲ ਦਾ ਅਸੂਲ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ। ਅਤੇ ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ।”​—ਬਿਵਸਥਾ ਸਾਰ 6:5, 6.

ਇਹ ਗੱਲ ਤਾਂ ਸੱਚ ਹੈ ਕਿ ਸਿਰਫ਼ ਇਨ੍ਹਾਂ ਪੰਜ ਸੁਝਾਵਾਂ ਨੂੰ ਲਾਗੂ ਕਰਨ ਨਾਲ ਤੁਸੀਂ ਜ਼ਿੰਮੇਵਾਰ ਪਿਤਾ ਨਹੀਂ ਬਣ ਸਕਦੇ। ਨਾਲੇ ਇਹ ਵੀ ਸੱਚ ਹੈ ਕਿ ਭਾਵੇਂ ਤੁਸੀਂ ਲੱਖ ਕੋਸ਼ਿਸ਼ਾਂ ਕਰੋ, ਫਿਰ ਵੀ ਤੁਹਾਡੇ ਕੋਲੋਂ ਗ਼ਲਤੀਆਂ ਹੋ ਜਾਣਗੀਆਂ। ਪਰ ਜੇ ਤੁਸੀਂ ਇਨ੍ਹਾਂ ਅਸੂਲਾਂ ਨੂੰ ਲਾਗੂ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਪਿਆਰ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰੋਗੇ, ਤਾਂ ਤੁਸੀਂ ਜ਼ਰੂਰ ਜ਼ਿੰਮੇਵਾਰ ਪਿਤਾ ਬਣ ਸਕਦੇ ਹੋ। * (g13 03-E)

^ ਪੇਰਗ੍ਰੈਫ 3 ਇਸ ਲੇਖ ਵਿਚ ਕੁਝ ਨਾਂ ਬਦਲੇ ਗਏ ਹਨ।

^ ਪੇਰਗ੍ਰੈਫ 19 ਭਾਵੇਂ ਪਤੀ-ਪਤਨੀ ਦਾ ਤਲਾਕ ਹੋ ਚੁੱਕਾ ਹੋਵੇ, ਫਿਰ ਵੀ ਪਤੀ ਨੂੰ ਬੱਚਿਆਂ ਦੀ ਮਾਂ ਦਾ ਇੱਜ਼ਤ-ਮਾਣ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਬੱਚਿਆਂ ਦਾ ਆਪਣੀ ਮਾਂ ਨਾਲ ਵਧੀਆ ਰਿਸ਼ਤਾ ਹੋਵੇਗਾ।

^ ਪੇਰਗ੍ਰੈਫ 25 ਪਰਿਵਾਰਕ ਜ਼ਿੰਦਗੀ ਬਾਰੇ ਹੋਰ ਜਾਣਨ ਲਈ ਪਰਿਵਾਰਕ ਖ਼ੁਸ਼ੀ ਦਾ ਰਾਜ਼ ਨਾਂ ਦੀ ਕਿਤਾਬ ਦੇਖੋ। ਇਹ ਕਿਤਾਬ ਤੁਸੀਂ ਸਾਡੀ ਵੈੱਬਸਾਈਟ ’ਤੇ ਪੜ੍ਹ ਸਕਦੇ ਹੋ: www.mr1310.com