Skip to content

Skip to table of contents

ਬਾਈਬਲ ਕੀ ਕਹਿੰਦੀ ਹੈ

ਸੋਚ-ਵਿਚਾਰ

ਸੋਚ-ਵਿਚਾਰ

ਸੋਚ-ਵਿਚਾਰ ਕਰਨ ਦਾ ਕੀ ਮਤਲਬ ਹੈ?

“ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ, ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ।”​—ਜ਼ਬੂਰਾਂ ਦੀ ਪੋਥੀ 77:12.

ਲੋਕੀ ਕੀ ਕਹਿੰਦੇ ਹਨ

ਖ਼ੁਸ਼ ਤੇ ਸੰਤੁਸ਼ਟ ਰਹਿਣ ਲਈ ਸਾਨੂੰ ਗੱਲਾਂ ’ਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਸੋਚ-ਵਿਚਾਰ ਕਰਨ ਦੇ ਬਹੁਤ ਸਾਰੇ ਤਰੀਕੇ ਹਨ ਅਤੇ ਇਸ ਵਿੱਚੋਂ ਕਈਆਂ ਦੀ ਸ਼ੁਰੂਆਤ ਪੂਰਬ ਦੇ ਪੁਰਾਣੇ ਧਰਮਾਂ ਤੋਂ ਹੋਈ ਹੈ। ਇਸ ਵਿਸ਼ੇ ਬਾਰੇ ਇਕ ਲਿਖਾਰੀ ਜੇ.ਕ੍ਰਿਸ਼ਨਾਮੂਰਤੀ ਕਹਿੰਦਾ ਹੈ: “ਗੱਲਾਂ ਨੂੰ ਸਾਫ਼ ਤਰੀਕੇ ਨਾਲ ਸਮਝਣ ਲਈ ਦਿਮਾਗ਼ ਨੂੰ ਖਾਲੀ ਕਰਨਾ ਬਹੁਤ ਜ਼ਰੂਰੀ ਹੈ।” ਕਈ ਲੋਕ ਉਸ ਦੀ ਇਸ ਗੱਲ ਨਾਲ ਸਹਿਮਤ ਹਨ ਕਿ ਕੁਝ ਸ਼ਬਦਾਂ ਜਾਂ ਤਸਵੀਰਾਂ ਉੱਤੇ ਧਿਆਨ ਲਾਉਂਦੇ ਹੋਏ ਆਪਣਾ ਦਿਮਾਗ਼ ਖਾਲੀ ਕਰ ਦਿਓ। ਇੱਦਾਂ ਤੁਹਾਨੂੰ ਮਨ ਦੀ ਸ਼ਾਂਤੀ ਮਿਲੇਗੀ ਅਤੇ ਤੁਹਾਨੂੰ ਚੀਜ਼ਾਂ ਸਹੀ-ਸਹੀ ਦਿੱਸਣਗੀਆਂ।

ਬਾਈਬਲ ਕੀ ਕਹਿੰਦੀ ਹੈ

ਬਾਈਬਲ ਸਾਨੂੰ ਆਪਣਾ ਮਨ ਖਾਲੀ ਕਰਨ ਜਾਂ ਇਕ ਮੰਤਰ ਵਾਂਗ ਕੁਝ ਸ਼ਬਦਾਂ ਨੂੰ ਜਪਣ ਲਈ ਨਹੀਂ ਕਹਿੰਦੀ। ਇਸ ਦੀ ਬਜਾਇ, ਬਾਈਬਲ ਸਾਨੂੰ ਉਕਸਾਉਂਦੀ ਹੈ ਕਿ ਅਸੀਂ ਚੰਗੀਆਂ ਗੱਲਾਂ ਨਾਲ ਯਾਨੀ ਰੱਬ ਦੇ ਗੁਣਾਂ, ਉਸ ਦੇ ਅਸੂਲਾਂ ਅਤੇ ਉਸ ਦੀਆਂ ਬਣਾਈਆਂ ਚੀਜ਼ਾਂ ਉੱਤੇ ਸੋਚ-ਵਿਚਾਰ ਕਰੀਏ। (1 ਤਿਮੋਥਿਉਸ 4:15) ਰੱਬ ਦੇ ਇਕ ਵਫ਼ਾਦਾਰ ਭਗਤ ਨੇ ਕਿਹਾ: “ਮੈਂ ਤੇਰੀਆਂ ਸਾਰੀਆਂ ਕਰਨੀਆਂ ਦਾ ਵਿਚਾਰ ਕਰਦਾ ਹਾਂ, ਮੈਂ ਤੇਰੇ ਹੱਥਾਂ ਦੇ ਕੰਮਾਂ ਦਾ ਧਿਆਨ ਕਰਦਾ ਹਾਂ।” (ਜ਼ਬੂਰਾਂ ਦੀ ਪੋਥੀ 143:5) ਉਸ ਨੇ ਇਹ ਵੀ ਕਿਹਾ: “ਜਿਸ ਵੇਲੇ ਮੈਂ ਆਪਣੇ ਵਿਛਾਉਣੇ ਉੱਤੇ ਤੈਨੂੰ ਯਾਦ ਕਰਦਾ ਹਾਂ, ਅਤੇ ਰਾਤ ਦੇ ਪਹਿਰਾਂ ਵਿੱਚ ਤੇਰਾ ਧਿਆਨ ਕਰਦਾ ਹਾਂ।”​—ਜ਼ਬੂਰਾਂ ਦੀ ਪੋਥੀ 63:6.

ਚੰਗੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਦਾ ਕੀ ਫ਼ਾਇਦਾ ਹੈ?

“ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।”​—ਕਹਾਉਤਾਂ 15:28.

ਬਾਈਬਲ ਕੀ ਕਹਿੰਦੀ ਹੈ

ਚੰਗੀਆਂ ਗੱਲਾਂ ’ਤੇ ਸੋਚ-ਵਿਚਾਰ ਕਰਨ ਨਾਲ ਸਾਡਾ ਸੁਭਾਅ ਨਿਖਰਦਾ ਹੈ, ਅਸੀਂ ਆਪਣੇ ਜਜ਼ਬਾਤਾਂ ’ਤੇ ਕੰਟ੍ਰੋਲ ਕਰਨਾ ਸਿੱਖਦੇ ਹਾਂ ਅਤੇ ਸਾਨੂੰ ਸਹੀ ਕੰਮ ਕਰਨ ਦੀ ਤਾਕਤ ਮਿਲਦੀ ਹੈ। ਇੱਦਾਂ ਕਰਨ ਨਾਲ ਅਸੀਂ ਸੋਚ-ਸਮਝ ਕੇ ਬੋਲਦੇ ਹਾਂ ਅਤੇ ਸਾਡਾ ਚਾਲ-ਚਲਣ ਸੁਧਰਦਾ ਹੈ। (ਕਹਾਉਤਾਂ 16:23) ਇਸ ਤਰ੍ਹਾਂ ਦਾ ਸੋਚ-ਵਿਚਾਰ ਕਰਨ ਨਾਲ ਅਸੀਂ ਖ਼ੁਸ਼ ਰਹਿੰਦੇ ਹਾਂ। ਰੱਬ ਦੇ ਗੁਣਾਂ ਅਤੇ ਕੰਮਾਂ ਉੱਤੇ ਸੋਚ-ਵਿਚਾਰ ਕਰਨ ਵਾਲੇ ਵਿਅਕਤੀ ਬਾਰੇ ਜ਼ਬੂਰਾਂ ਦੀ ਪੋਥੀ 1:3 ਵਿਚ ਲਿਖਿਆ ਹੈ: “ਉਹ ਤਾਂ ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ।”

ਸੋਚ-ਵਿਚਾਰ ਕਰਨ ਨਾਲ ਸਾਡੀ ਸਮਝ ਵਧਦੀ ਹੈ ਅਤੇ ਸਾਨੂੰ ਗੱਲਾਂ ਯਾਦ ਰਹਿੰਦੀਆਂ ਹਨ। ਮਿਸਾਲ ਲਈ, ਜਦ ਅਸੀਂ ਸ੍ਰਿਸ਼ਟੀ ਦੇ ਕਿਸੇ ਪਹਿਲੂ ਜਾਂ ਬਾਈਬਲ ਦੇ ਕਿਸੇ ਵਿਸ਼ੇ ਦੀ ਸਟੱਡੀ ਕਰਦੇ ਹਾਂ, ਤਾਂ ਅਸੀਂ ਬਹੁਤ ਸਾਰੀਆਂ ਦਿਲਚਸਪ ਗੱਲਾਂ ਸਿੱਖਦੇ ਹਾਂ। ਪਰ ਜਦ ਅਸੀਂ ਗੱਲਾਂ ’ਤੇ ਸੋਚ-ਵਿਚਾਰ ਕਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਉਹ ਗੱਲਾਂ ਆਪਸ ਵਿਚ ਕਿਵੇਂ ਇਕ-ਦੂਜੇ ਨਾਲ ਜੁੜੀਆਂ ਹੋਈਆਂ ਹਨ ਅਤੇ ਪਹਿਲਾਂ ਲਈ ਗਈ ਜਾਣਕਾਰੀ ਨਾਲ ਕਿਵੇਂ ਮੇਲ ਖਾਂਦੀਆਂ ਹਨ। ਇਸ ਲਈ ਜਿੱਦਾਂ ਇਕ ਮਿਸਤਰੀ ਇੱਟਾਂ ਜੋੜ ਕੇ ਇਕ ਸੋਹਣੀ ਬਿਲਡਿੰਗ ਬਣਾਉਂਦਾ ਹੈ, ਉੱਦਾਂ ਸੋਚ-ਵਿਚਾਰ ਕਰਨ ਨਾਲ ਅਸੀਂ ਇਕ-ਇਕ ਗੱਲ ਨੂੰ ਆਪਸ ਵਿਚ ਜੋੜ ਕੇ ਆਪਣੇ ਮਨਾਂ ਵਿਚ ਬਿਠਾ ਸਕਦੇ ਹਾਂ।

ਅਸੀਂ ਧਿਆਨ ਕਿਉਂ ਰੱਖੀਏ ਕਿ ਅਸੀਂ ਕੀ ਸੋਚਦੇ ਹਾਂ?

“ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?”​—ਯਿਰਮਿਯਾਹ 17:9.

ਬਾਈਬਲ ਕੀ ਕਹਿੰਦੀ ਹੈ

‘ਕਿਉਂਕਿ ਇਨਸਾਨ ਦੇ ਅੰਦਰੋਂ ਯਾਨੀ ਦਿਲ ਵਿੱਚੋਂ ਭੈੜੀ ਸੋਚ ਨਿਕਲਦੀ ਹੈ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਲੋਕ ਹਰਾਮਕਾਰੀਆਂ, ਚੋਰੀਆਂ ਤੇ ਕਤਲ ਕਰਦੇ ਹਨ, ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਦੇ ਹਨ, ਲੋਭ ਅਤੇ ਦੁਸ਼ਟ ਕੰਮ ਕਰਦੇ ਹਨ, ਮੱਕਾਰੀਆਂ ਨਾਲ ਭਰੇ ਹੋਏ ਹਨ, ਬੇਸ਼ਰਮ ਹੋ ਕੇ ਗ਼ਲਤ ਕੰਮ ਕਰਦੇ ਹਨ, ਈਰਖਾ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ ਤੇ ਮੂਰਖਪੁਣਾ ਕਰਦੇ ਹਨ।’ (ਮਰਕੁਸ 7:21, 22) ਜੀ ਹਾਂ, ਜਿੱਦਾਂ ਅਸੀਂ ਅੱਗ ਨੂੰ ਕਾਬੂ ਵਿਚ ਰੱਖਦੇ ਹਾਂ ਉੱਦਾਂ ਸਾਨੂੰ ਆਪਣੇ ਮਨ ਦੇ ਵਿਚਾਰਾਂ ਨੂੰ ਕੰਟ੍ਰੋਲ ਕਰਨਾ ਚਾਹੀਦਾ ਹੈ! ਨਹੀਂ ਤਾਂ ਗ਼ਲਤ ਇੱਛਾਵਾਂ ਸਾਡੇ ਦਿਲ ਵਿਚ ਪਲ਼ਦੀਆਂ ਰਹਿਣਗੀਆਂ ਅਤੇ ਅਸੀਂ ਬੇਕਾਬੂ ਹੋ ਕੇ ਗ਼ਲਤ ਕੰਮ ਕਰ ਬੈਠਾਂਗੇ।​—ਯਾਕੂਬ 1:14, 15.

ਇਸੇ ਲਈ ਬਾਈਬਲ ਸਾਨੂੰ ਕਹਿੰਦੀ ਹੈ ਕਿ ਅਸੀਂ ‘ਸੱਚੀਆਂ, ਸਹੀ, ਸਾਫ਼-ਸੁਥਰੀਆਂ, ਪਿਆਰ ਪੈਦਾ ਕਰਨ ਵਾਲੀਆਂ, ਚੰਗੀਆਂ, ਸ਼ੁੱਧ ਅਤੇ ਸ਼ੋਭਾ ਦੇ ਲਾਇਕ’ ਗੱਲਾਂ ਉੱਤੇ ਸੋਚ-ਵਿਚਾਰ ਕਰੀਏ। (ਫ਼ਿਲਿੱਪੀਆਂ 4:8, 9) ਜਦ ਅਸੀਂ ਆਪਣੇ ਮਨ ਵਿਚ ਸਹੀ ਗੱਲਾਂ ਬਿਠਾਉਂਦੇ ਹਾਂ, ਤਾਂ ਸਾਡੇ ਸੋਹਣੇ ਗੁਣ ਝਲਕਣਗੇ, ਅਸੀਂ ਸਲੀਕੇ ਨਾਲ ਗੱਲ ਕਰਾਂਗੇ ਅਤੇ ਦੂਜਿਆਂ ਨਾਲ ਪਿਆਰ ਦੇ ਰਿਸ਼ਤੇ ਕਾਇਮ ਕਰਾਂਗੇ।​—ਕੁਲੁੱਸੀਆਂ 4:6. ▪ (g14 05-E)