Skip to content

Skip to table of contents

ਪ੍ਰਾਚੀਨ ਠੀਕਰੀਆਂ ਬਾਈਬਲ ਦੀਆਂ ਗੱਲਾਂ ਦੀ ਪੁਸ਼ਟੀ ਕਰਦੀਆਂ ਹਨ

ਪ੍ਰਾਚੀਨ ਠੀਕਰੀਆਂ ਬਾਈਬਲ ਦੀਆਂ ਗੱਲਾਂ ਦੀ ਪੁਸ਼ਟੀ ਕਰਦੀਆਂ ਹਨ

ਪ੍ਰਾਚੀਨ ਠੀਕਰੀਆਂ ਬਾਈਬਲ ਦੀਆਂ ਗੱਲਾਂ ਦੀ ਪੁਸ਼ਟੀ ਕਰਦੀਆਂ ਹਨ

ਬਾਈਬਲ ਪਰਮੇਸ਼ੁਰ ਦਾ ਬਚਨ ਹੈ। (2 ਤਿਮੋਥਿਉਸ 3:16) ਇਸ ਵਿਚ ਪ੍ਰਾਚੀਨ ਜ਼ਮਾਨੇ ਦੇ ਲੋਕਾਂ, ਥਾਵਾਂ, ਧਾਰਮਿਕ ਸੋਚ ਅਤੇ ਰਾਜਨੀਤਿਕ ਮਾਹੌਲ ਬਾਰੇ ਜੋ ਵੀ ਲਿਖਿਆ ਗਿਆ ਹੈ, ਉਹ ਬਿਲਕੁਲ ਸਹੀ ਹੈ। ਇਸ ਵਿਚ ਦੱਸੀਆਂ ਗੱਲਾਂ ਨੂੰ ਸਹੀ ਸਾਬਤ ਕਰਨ ਲਈ ਪੁਰਾਤੱਤਵੀ ਖੋਜਾਂ ਦੀ ਲੋੜ ਨਹੀਂ ਹੈ। ਫਿਰ ਵੀ ਇਨ੍ਹਾਂ ਖੋਜਾਂ ਦੀ ਮਦਦ ਨਾਲ ਬਾਈਬਲ ਵਿਚ ਦਰਜ ਗੱਲਾਂ ਦੀ ਪੁਸ਼ਟੀ ਹੁੰਦੀ ਹੈ ਜਾਂ ਫਿਰ ਇਨ੍ਹਾਂ ਬਾਰੇ ਸਾਡੀ ਸਮਝ ਵਧਦੀ ਹੈ।

ਪੁਰਾਤੱਤਵ-ਵਿਗਿਆਨੀਆਂ ਨੂੰ ਪ੍ਰਾਚੀਨ ਸ਼ਹਿਰਾਂ ਵਿੱਚੋਂ ਜੋ ਚੀਜ਼ਾਂ ਸਭ ਤੋਂ ਜ਼ਿਆਦਾ ਮਿਲੀਆਂ ਹਨ, ਉਹ ਹਨ ਮਿੱਟੀ ਦੇ ਭਾਂਡਿਆਂ ਦੀਆਂ ਠੀਕਰੀਆਂ। ਮਿਸਰ, ਮੇਸੋਪੋਟੇਮੀਆ ਤੇ ਪ੍ਰਾਚੀਨ ਮੱਧ ਪੂਰਬ ਦੇ ਹੋਰ ਕਈ ਹਿੱਸਿਆਂ ਵਿਚ ਲਿਖਣ ਲਈ ਠੀਕਰੀਆਂ ਇਸਤੇਮਾਲ ਕੀਤੀਆਂ ਜਾਂਦੀਆਂ ਸਨ। ਜਿਵੇਂ ਅੱਜ ਅਸੀਂ ਪੇਪਰਾਂ ਜਾਂ ਕਾਪੀਆਂ ਉੱਤੇ ਠੇਕੇ, ਹਿਸਾਬ-ਕਿਤਾਬ, ਖ਼ਰੀਦੋ-ਫ਼ਰੋਖਤ ਸੰਬੰਧੀ ਰਿਕਾਰਡ ਰੱਖਦੇ ਹਾਂ, ਉਸੇ ਤਰ੍ਹਾਂ ਉਨ੍ਹਾਂ ਦਿਨਾਂ ਵਿਚ ਇਹ ਰਿਕਾਰਡ ਠੀਕਰੀਆਂ ਉੱਤੇ ਰੱਖੇ ਜਾਂਦੇ ਸਨ। ਲਿਖਣ ਲਈ ਸਿਆਹੀ ਵਰਤੀ ਜਾਂਦੀ ਸੀ ਤੇ ਕਈ ਵਾਰ ਠੀਕਰੀ ਉੱਤੇ ਇੱਕੋ ਸ਼ਬਦ ਜਾਂ ਫਿਰ ਕਈ-ਕਈ ਲਾਈਨਾਂ ਲਿਖੀਆਂ ਜਾਂਦੀਆਂ ਸਨ।

ਪੁਰਾਤੱਤਵ-ਵਿਗਿਆਨੀਆਂ ਨੂੰ ਇਸਰਾਏਲ ਵਿਚ ਪੁਰਾਣੇ ਜ਼ਮਾਨੇ ਦੀਆਂ ਬਹੁਤ ਸਾਰੀਆਂ ਠੀਕਰੀਆਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਸੱਤਵੀਂ ਤੇ ਅੱਠਵੀਂ ਸਦੀ ਈਸਵੀ ਪੂਰਵ ਦੀਆਂ ਠੀਕਰੀਆਂ ਦੇ ਤਿੰਨ ਸੰਗ੍ਰਹਿ ਖ਼ਾਸ ਤੌਰ ਤੇ ਮਹੱਤਵਪੂਰਣ ਹਨ ਕਿਉਂਕਿ ਇਹ ਬਾਈਬਲ ਵਿਚ ਦਰਜ ਇਤਿਹਾਸ ਸੰਬੰਧੀ ਕਈ ਗੱਲਾਂ ਦੀ ਪੁਸ਼ਟੀ ਕਰਦੇ ਹਨ। ਇਹ ਸੰਗ੍ਰਹਿ ਹਨ ਸਾਮਰਿਯਾ ਸ਼ਹਿਰ ਵਿੱਚੋਂ ਮਿਲੀਆਂ ਠੀਕਰੀਆਂ, ਅਰਾਦ ਸ਼ਹਿਰ ਵਿੱਚੋਂ ਮਿਲੀਆਂ ਠੀਕਰੀਆਂ ਤੇ ਲਾਕੀਸ਼ ਸ਼ਹਿਰ ਵਿੱਚੋਂ ਮਿਲੀਆਂ ਠੀਕਰੀਆਂ। ਆਓ ਆਪਾਂ ਦੇਖੀਏ ਕਿ ਇਨ੍ਹਾਂ ਵਿਚ ਕਿਹੜੀ ਜਾਣਕਾਰੀ ਦਿੱਤੀ ਗਈ ਹੈ।

ਸਾਮਰਿਯਾ ਵਿੱਚੋਂ ਮਿਲੀਆਂ ਠੀਕਰੀਆਂ

ਸਾਮਰਿਯਾ ਇਸਰਾਏਲ ਦੇ ਦਸ-ਗੋਤੀ ਉੱਤਰੀ ਰਾਜ ਦੀ ਰਾਜਧਾਨੀ ਸੀ ਜਿਸ ਨੂੰ ਅੱਸ਼ੂਰੀਆਂ ਨੇ 740 ਈ. ਪੂ. ਵਿਚ ਨਾਸ਼ ਕਰ ਦਿੱਤਾ ਸੀ। ਸਾਮਰਿਯਾ ਸ਼ਹਿਰ ਦੇ ਵਸਾਏ ਜਾਣ ਬਾਰੇ 1 ਰਾਜਿਆਂ 16:23, 24 ਵਿਚ ਦੱਸਿਆ ਗਿਆ ਹੈ: “ਯਹੂਦਾਹ ਦੇ ਪਾਤਸ਼ਾਹ ਆਸਾ ਦੇ ਇਕੱਤੀਵੇਂ ਵਰਹੇ [947 ਈ. ਪੂ.] ਵਿੱਚ ਆਮਰੀ ਇਸਰਾਏਲ ਉੱਤੇ ਰਾਜ ਕਰਨ ਲੱਗਾ . . . ਉਸ ਨੇ ਸਾਮਰਿਯਾ ਦੇ ਪਰਬਤ ਨੂੰ ਸ਼ਮਰ ਨਾਮੇ ਮਨੁੱਖ ਤੋਂ ਦੋ ਤੋੜੇ ਚਾਂਦੀ ਦੇ ਕੇ ਮੁੱਲ ਲਿਆ ਅਤੇ ਉਸ ਪਰਬਤ ਉੱਤੇ ਇੱਕ ਸ਼ਹਿਰ ਬਣਾਇਆ ਜਿਹ ਦਾ ਨਾਉਂ ਸ਼ਮਰ ਦੇ ਨਾਉਂ ਉੱਤੇ . . . ਸਾਮਰਿਯਾ ਰੱਖਿਆ।” ਰੋਮੀ ਰਾਜ ਦੌਰਾਨ ਇਹ ਸ਼ਹਿਰ ਆਬਾਦ ਸੀ। ਉਦੋਂ ਇਸ ਦਾ ਨਾਂ ਬਦਲ ਕੇ ਸਬੈਸਟੀ ਰੱਖਿਆ ਗਿਆ। ਅਖ਼ੀਰ ਛੇਵੀਂ ਸਦੀ ਈਸਵੀ ਵਿਚ ਸਾਮਰਿਯਾ ਦਾ ਖੁਰਾ-ਖੋਜ ਮਿੱਟ ਗਿਆ।

ਸੰਨ 1910 ਵਿਚ ਪ੍ਰਾਚੀਨ ਸਾਮਰਿਯਾ ਸ਼ਹਿਰ ਦੀ ਖੁਦਾਈ ਕਰਨ ਤੇ ਪੁਰਾਤੱਤਵ-ਵਿਗਿਆਨੀਆਂ ਨੂੰ ਠੀਕਰੀਆਂ ਦਾ ਭੰਡਾਰ ਮਿਲਿਆ ਜੋ ਕਿ ਅੱਠਵੀਂ ਸਦੀ ਈ. ਪੂ. ਦੀਆਂ ਹਨ। ਇਨ੍ਹਾਂ ਉੱਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਸਾਮਰਿਯਾ ਵਿਚ ਆਏ ਤੇਲ ਤੇ ਮੈ ਸੰਬੰਧੀ ਦੱਸਿਆ ਗਿਆ ਹੈ। ਪ੍ਰਾਚੀਨ ਲਿਖਤਾਂ ਬਾਰੇ ਇਕ ਕਿਤਾਬ ਕਹਿੰਦੀ ਹੈ: ‘1910 ਵਿਚ ਮਿਲੀਆਂ 63 ਠੀਕਰੀਆਂ ਪ੍ਰਾਚੀਨ ਇਸਰਾਏਲ ਸੰਬੰਧੀ ਲਿਖਤੀ ਰਿਕਾਰਡ ਦਾ ਬਹੁਤ ਹੀ ਮਹੱਤਵਪੂਰਣ ਸੰਗ੍ਰਹਿ ਹੈ। ਇਨ੍ਹਾਂ ਵਿਚ ਤੇਲ ਤੇ ਮੈ ਦੀ ਢੋ-ਢੁਆਈ ਸੰਬੰਧੀ ਦਿੱਤੀ ਗਈ ਜਾਣਕਾਰੀ ਇੰਨੀ ਮਹੱਤਵਪੂਰਣ ਨਹੀਂ ਹੈ ਜਿੰਨੀ ਕਿ ਇਨ੍ਹਾਂ ਵਿਚ ਦੱਸੇ ਗਏ ਇਸਰਾਏਲੀ ਲੋਕਾਂ ਦੇ, ਟੱਬਰਾਂ ਦੇ ਤੇ ਥਾਵਾਂ ਦੇ ਨਾਂ ਮਹੱਤਵਪੂਰਣ ਹਨ।’ ਇਹ ਨਾਂ ਬਾਈਬਲ ਦੇ ਰਿਕਾਰਡ ਦੀ ਪੁਸ਼ਟੀ ਕਿਵੇਂ ਕਰਦੇ ਹਨ?

ਜਦੋਂ ਇਸਰਾਏਲੀਆਂ ਨੇ ਵਾਅਦਾ ਕੀਤੇ ਹੋਏ ਦੇਸ਼ ਨੂੰ ਜਿੱਤ ਕੇ 12 ਗੋਤਾਂ ਵਿਚ ਵੰਡ ਲਿਆ, ਤਾਂ ਸਾਮਰਿਯਾ ਦਾ ਇਲਾਕਾ ਮਨੱਸ਼ਹ ਦੇ ਗੋਤ ਨੂੰ ਮਿਲਿਆ। ਯਹੋਸ਼ੁਆ 17:1-6 ਮੁਤਾਬਕ ਇਸ ਇਲਾਕੇ ਦੀ ਜ਼ਮੀਨ ਮਨੱਸ਼ਹ ਦੇ ਪੋਤੇ ਗਿਲਆਦ ਦੇ ਵੰਸ਼ ਦੇ ਦਸ ਟੱਬਰਾਂ ਨੂੰ ਦਿੱਤੀ ਗਈ ਸੀ। ਪੰਜ ਟੱਬਰ ਗਿਲਆਦ ਦੇ ਪੰਜ ਪੁੱਤਰਾਂ ਦੇ ਸਨ ਜਿਨ੍ਹਾਂ ਦੇ ਨਾਂ ਸਨ: ਅਬੀ ਅਜ਼ਰ, ਹੇਲਕ, ਅਸਰੀਏਲ, ਸ਼ਕਮ ਅਤੇ ਸ਼ਮੀਦਾ। ਛੇਵੇਂ ਪੁੱਤਰ ਹੇਫ਼ਰ ਦਾ ਕੋਈ ਪੋਤਾ ਨਹੀਂ ਸੀ, ਸਿਰਫ਼ ਪੰਜ ਪੋਤੀਆਂ ਸਨ ਜਿਨ੍ਹਾਂ ਦੇ ਨਾਂ ਸਨ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ। ਸਾਰੀਆਂ ਪੋਤੀਆਂ ਨੂੰ ਸਾਮਰਿਯਾ ਦੇ ਇਲਾਕੇ ਵਿੱਚੋਂ ਜ਼ਮੀਨ ਦਿੱਤੀ ਗਈ।—ਗਿਣਤੀ 27:1-7.

ਸਾਮਰਿਯਾ ਦੀਆਂ ਠੀਕਰੀਆਂ ਉੱਤੇ ਇਨ੍ਹਾਂ ਟੱਬਰਾਂ ਵਿੱਚੋਂ ਸੱਤਾਂ ਦੇ ਨਾਂ ਹਨ—ਗਿਲਆਦ ਦੇ ਪੰਜੇ ਪੁੱਤਰਾਂ ਦੇ ਨਾਂ ਅਤੇ ਹੇਫ਼ਰ ਦੀਆਂ ਦੋ ਪੋਤੀਆਂ ਹਾਗਲਾਹ ਤੇ ਨੋਆਹ ਦੇ ਨਾਂ। ਇਕ ਕਿਤਾਬ ਕਹਿੰਦੀ ਹੈ: “ਸਾਮਰਿਯਾ ਦੀਆਂ ਠੀਕਰੀਆਂ ਉੱਤੇ ਦਰਜ ਟੱਬਰਾਂ ਦੇ ਨਾਵਾਂ ਦੀ ਸੂਚੀ ਬਾਈਬਲ ਦੀ ਇਸ ਗੱਲ ਨੂੰ ਸਹੀ ਸਾਬਤ ਕਰਦੀ ਹੈ ਕਿ ਇਹ ਇਲਾਕਾ ਮਨੱਸ਼ਹ ਦੇ ਟੱਬਰਾਂ ਦੀ ਮਲਕੀਅਤ ਸੀ।”—ਐੱਨ. ਆਈ. ਵੀ. ਆਰਕਿਓਲੋਜੀਕਲ ਸਟੱਡੀ ਬਾਈਬਲ।

ਇਹ ਠੀਕਰੀਆਂ ਬਾਈਬਲ ਵਿਚ ਦੱਸੀ ਇਸਰਾਏਲੀਆਂ ਦੀ ਧਾਰਮਿਕ ਸੋਚ ਦੀ ਵੀ ਪੁਸ਼ਟੀ ਕਰਦੀਆਂ ਹਨ। ਜਦੋਂ ਇਹ ਠੀਕਰੀਆਂ ਲਿਖੀਆਂ ਗਈਆਂ ਸਨ, ਉਸ ਵੇਲੇ ਇਸਰਾਏਲੀ ਯਹੋਵਾਹ ਦੀ ਭਗਤੀ ਕਰਨ ਦੇ ਨਾਲ-ਨਾਲ ਕਨਾਨੀ ਦੇਵਤੇ ਬਆਲ ਦੀ ਵੀ ਪੂਜਾ ਕਰਦੇ ਸਨ। ਅੱਠਵੀਂ ਸਦੀ ਈ. ਪੂ. ਵਿਚ ਲਿਖੀ ਗਈ ਹੋਸ਼ੇਆ ਦੀ ਕਿਤਾਬ ਵਿਚ ਉਸ ਸਮੇਂ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਜਦੋਂ ਇਸਰਾਏਲੀ ਪਸ਼ਚਾਤਾਪ ਕਰ ਕੇ ਯਹੋਵਾਹ ਨੂੰ “ਮੇਰਾ ਬਆਲ” [ਭਾਵ “ਮੇਰਾ ਸੁਆਮੀ”] ਕਹਿਣ ਦੀ ਬਜਾਇ “ਮੇਰਾ ਪਤੀ” ਕਹਿਣਗੇ। (ਹੋਸ਼ੇਆ 2:16, 17) ਇਨ੍ਹਾਂ ਠੀਕਰੀਆਂ ਉੱਤੇ ਕਈ ਬੰਦਿਆਂ ਦੇ ਨਾਂ ਹਨ ਜਿਨ੍ਹਾਂ ਦੇ ਮਤਲਬ ਹਨ “ਬਆਲ ਮੇਰਾ ਪਿਤਾ ਹੈ,” “ਬਆਲ ਗਾਉਂਦਾ ਹੈ,” “ਬਆਲ ਬਲਵਾਨ ਹੈ,” “ਬਆਲ ਯਾਦ ਕਰਦਾ ਹੈ।” ਇਨ੍ਹਾਂ ਠੀਕਰੀਆਂ ਉੱਤੇ ਪਾਏ ਜਾਂਦੇ ਹਰ ਅਠਾਰਾਂ ਨਾਵਾਂ ਵਿੱਚੋਂ ਗਿਆਰਾਂ ਨਾਵਾਂ ਵਿਚ ਯਹੋਵਾਹ ਨਾਂ ਵਰਤਿਆ ਗਿਆ ਹੈ ਤੇ ਸੱਤ ਨਾਵਾਂ ਵਿਚ ਬਆਲ ਨਾਂ ਵਰਤਿਆ ਗਿਆ ਹੈ।

ਅਰਾਦ ਸ਼ਹਿਰ ਵਿੱਚੋਂ ਮਿਲੀਆਂ ਠੀਕਰੀਆਂ

ਅਰਾਦ ਨਾਂ ਦਾ ਪ੍ਰਾਚੀਨ ਸ਼ਹਿਰ ਯਰੂਸ਼ਲਮ ਤੋਂ ਦੱਖਣ ਵੱਲ ਨਗੇਬ ਨਾਂ ਦੇ ਇਲਾਕੇ ਵਿਚ ਸੀ। ਅਰਾਦ ਸ਼ਹਿਰ ਦੀ ਖੁਦਾਈ ਕਰਨ ਤੇ ਇਸਰਾਏਲੀਆਂ ਦੇ ਛੇ ਕਿਲੇ ਮਿਲੇ ਹਨ ਜੋ ਸੁਲੇਮਾਨ ਦੇ ਰਾਜ (1037-998 ਈ. ਪੂ.) ਤੋਂ ਲੈ ਕੇ 607 ਈ. ਪੂ. ਵਿਚ ਬਾਬਲੀਆਂ ਦੁਆਰਾ ਯਰੂਸ਼ਲਮ ਦੀ ਤਬਾਹੀ ਦੇ ਸਮੇਂ ਦੌਰਾਨ ਬਣਾਏ ਗਏ ਸਨ। ਅਰਾਦ ਵਿੱਚੋਂ ਹੀ ਪੁਰਾਤੱਤਵ-ਵਿਗਿਆਨੀਆਂ ਨੂੰ ਬਾਈਬਲ ਸਮਿਆਂ ਦੀਆਂ ਠੀਕਰੀਆਂ ਦਾ ਸਭ ਤੋਂ ਵੱਡਾ ਭੰਡਾਰ ਮਿਲਿਆ। ਇਨ੍ਹਾਂ ਵਿਚ 200 ਤੋਂ ਵਧ ਵਸਤਾਂ ਮਿਲੀਆਂ ਹਨ ਜਿਨ੍ਹਾਂ ਉੱਤੇ ਇਬਰਾਨੀ, ਅਰਾਮੀ ਤੇ ਹੋਰ ਭਾਸ਼ਾਵਾਂ ਵਿਚ ਜਾਣਕਾਰੀ ਲਿਖੀ ਗਈ ਹੈ।

ਅਰਾਦ ਸ਼ਹਿਰ ਵਿੱਚੋਂ ਮਿਲੀਆਂ ਕੁਝ ਠੀਕਰੀਆਂ ਬਾਈਬਲ ਵਿਚ ਦਰਜ ਪੁਜਾਰੀ ਵਰਗ ਸੰਬੰਧੀ ਜਾਣਕਾਰੀ ਦੀ ਪੁਸ਼ਟੀ ਕਰਦੀਆਂ ਹਨ। ਉਦਾਹਰਣ ਲਈ, ਇਕ ਠੀਕਰੀ ‘ਕੋਰਹ ਦੇ ਪੁੱਤ੍ਰਾਂ’ ਦਾ ਜ਼ਿਕਰ ਕਰਦੀ ਹੈ ਜਿਨ੍ਹਾਂ ਬਾਰੇ ਕੂਚ 6:24 ਅਤੇ ਗਿਣਤੀ 26:11 ਵਿਚ ਗੱਲ ਕੀਤੀ ਗਈ ਹੈ। ਜ਼ਬੂਰ 42, 44-49, 84, 85, 87 ਤੇ 88 ਦੇ ਸਿਰਲੇਖ ਸਾਫ਼-ਸਾਫ਼ ਦੱਸਦੇ ਹਨ ਕਿ ਇਹ ਜ਼ਬੂਰ ‘ਕੋਰਹ ਦੇ ਪੁੱਤ੍ਰਾਂ’ ਨੇ ਲਿਖੇ ਸਨ। ਇਨ੍ਹਾਂ ਠੀਕਰੀਆਂ ਵਿਚ ਹੋਰ ਜਿਨ੍ਹਾਂ ਪੁਜਾਰੀ ਵਰਗ ਦਾ ਜ਼ਿਕਰ ਕੀਤਾ ਗਿਆ ਹੈ ਉਹ ਹਨ ਪਸ਼ਹੂਰ ਤੇ ਮਰੇਮੋਥ ਦੇ ਪਰਿਵਾਰ।—1 ਇਤਹਾਸ 9:12; ਅਜ਼ਰਾ 8:33.

ਇਕ ਹੋਰ ਉਦਾਹਰਣ ਉੱਤੇ ਗੌਰ ਕਰੋ। ਬਾਬਲੀਆਂ ਦੁਆਰਾ ਯਰੂਸ਼ਲਮ ਦੇ ਨਾਸ਼ ਤੋਂ ਕੁਝ ਸਮਾਂ ਪਹਿਲਾਂ ਹੀ ਬਣਾਏ ਗਏ ਕਿਲੇ ਦੇ ਖੰਡਰਾਂ ਵਿਚ ਪੁਰਾਤੱਤਵ-ਵਿਗਿਆਨੀਆਂ ਨੂੰ ਇਕ ਠੀਕਰੀ ਮਿਲੀ ਹੈ ਜਿਸ ਉੱਤੇ ਕਿਲੇ ਦੇ ਸੈਨਾਪਤੀ ਲਈ ਸੰਦੇਸ਼ ਲਿਖਿਆ ਹੈ। ਇਕ ਕਿਤਾਬ ਮੁਤਾਬਕ ਇਸ ਠੀਕਰੀ ਉੱਤੇ ਇਸ ਤਰ੍ਹਾਂ ਲਿਖਿਆ ਹੈ: “ਮੇਰੇ ਸੁਆਮੀ ਇਲੀਆਸਿਬ। ਤੁਹਾਡੇ ਉੱਤੇ ਯਾਹਵੇਹ [ਯਹੋਵਾਹ] ਦੀ ਕਿਰਪਾ-ਦ੍ਰਿਸ਼ਟੀ ਰਹੇ। . . . ਜਿਸ ਮਾਮਲੇ ਸੰਬੰਧੀ ਤੁਸੀਂ ਹੁਕਮ ਦਿੱਤੇ ਸਨ, ਹੁਣ ਸਭ ਠੀਕ-ਠਾਕ ਹੈ: ਉਹ ਯਾਹਵੇਹ ਦੇ ਮੰਦਰ ਵਿਚ ਰਹਿ ਰਿਹਾ ਹੈ।” (ਦ ਕਾਨਟੈਕਸਟ ਆਫ ਸਕ੍ਰਿਪਚਰ) ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਜਿਸ ਮੰਦਰ ਦਾ ਇੱਥੇ ਜ਼ਿਕਰ ਕੀਤਾ ਗਿਆ ਹੈ, ਉਹ ਯਰੂਸ਼ਲਮ ਦਾ ਮੰਦਰ ਸੀ ਜਿਸ ਨੂੰ ਰਾਜਾ ਸੁਲੇਮਾਨ ਨੇ ਬਣਵਾਇਆ ਸੀ।

ਲਾਕੀਸ਼ ਵਿੱਚੋਂ ਮਿਲੀਆਂ ਠੀਕਰੀਆਂ

ਪ੍ਰਾਚੀਨ ਕਿਲਾਬੰਦ ਲਾਕੀਸ਼ ਸ਼ਹਿਰ ਯਰੂਸ਼ਲਮ ਤੋਂ ਦੱਖਣ-ਪੱਛਮ ਵੱਲ 43 ਕਿਲੋਮੀਟਰ (27 ਮੀਲ) ਦੂਰ ਸੀ। 1930 ਵਿਚ ਇਸ ਸ਼ਹਿਰ ਦੀ ਖੁਦਾਈ ਕਰਨ ਤੇ ਬਹੁਤ ਸਾਰੀਆਂ ਠੀਕਰੀਆਂ ਮਿਲੀਆਂ ਅਤੇ ਇਨ੍ਹਾਂ ਵਿੱਚੋਂ ਘੱਟੋ-ਘੱਟ 12 ਠੀਕਰੀਆਂ ਚਿੱਠੀਆਂ ਹਨ। ਇਹ ਚਿੱਠੀਆਂ “ਉਸ ਵੇਲੇ ਯਹੂਦਾਹ ਵਿਚ ਫੈਲੀ ਗੜਬੜੀ ਤੇ ਰਾਜਨੀਤਿਕ ਮਾਹੌਲ ਉੱਤੇ ਚਾਨਣਾ ਪਾਉਂਦੀਆਂ ਹਨ ਜਦੋਂ [ਬਾਬਲ ਦੇ ਰਾਜੇ] ਨਬੂਕਦਨੱਸਰ ਦੁਆਰਾ ਯਹੂਦਾਹ ਉੱਤੇ ਕੀਤੇ ਜਾਣ ਵਾਲੇ ਹਮਲੇ ਦਾ ਮੁਕਾਬਲਾ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਇਸ ਕਰਕੇ ਇਹ ਚਿੱਠੀਆਂ ਬਹੁਤ ਮਹੱਤਵਪੂਰਣ ਹਨ।”

ਲਾਕੀਸ਼ ਵਿਚ ਸੈਨਾਪਤੀ ਅਤੇ ਉਸ ਦੇ ਇਕ ਫ਼ੌਜੀ ਦੁਆਰਾ ਇਕ-ਦੂਜੇ ਨੂੰ ਲਿਖੀਆਂ ਚਿੱਠੀਆਂ ਸਭ ਤੋਂ ਮਹੱਤਵਪੂਰਣ ਹਨ। ਇਨ੍ਹਾਂ ਚਿੱਠੀਆਂ ਵਿਚ ਉਸੇ ਤਰ੍ਹਾਂ ਦੀ ਭਾਸ਼ਾ ਵਰਤੀ ਗਈ ਹੈ ਜਿਸ ਤਰ੍ਹਾਂ ਦੀ ਭਾਸ਼ਾ ਉਸ ਸਮੇਂ ਦੇ ਨਬੀ ਯਿਰਮਿਯਾਹ ਨੇ ਆਪਣੀਆਂ ਪੋਥੀਆਂ ਵਿਚ ਵਰਤੀ ਸੀ। ਧਿਆਨ ਦਿਓ ਕਿ ਇਨ੍ਹਾਂ ਵਿੱਚੋਂ ਦੋ ਚਿੱਠੀਆਂ ਕਿਵੇਂ ਉਸ ਸਮੇਂ ਬਾਰੇ ਬਾਈਬਲ ਦੇ ਰਿਕਾਰਡ ਦੀ ਪੁਸ਼ਟੀ ਕਰਦੀਆਂ ਹਨ।

ਯਿਰਮਿਯਾਹ 34:7 ਵਿਚ ਯਿਰਮਿਯਾਹ ਨਬੀ ਨੇ ਉਸ ਸਮੇਂ ਬਾਰੇ ਦੱਸਿਆ “ਜਦ ਬਾਬਲ ਦੇ ਪਾਤਸ਼ਾਹ ਦੀ ਫੌਜ ਯਰੂਸ਼ਲਮ ਦੇ ਵਿਰੁੱਧ ਅਤੇ ਯਹੂਦਾਹ ਦੇ ਸਾਰੇ ਬਚੇ ਹੋਏ ਸ਼ਹਿਰਾਂ ਦੇ ਵਿਰੁੱਧ ਅਤੇ ਲਾਕੀਸ਼ ਅਤੇ ਅਜ਼ੇਕਾਹ ਨਾਲ ਲੜਦੀ ਸੀ, ਕਿਉਂ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਏਹੋ ਹੀ ਗੜ੍ਹ ਵਾਲੇ ਸ਼ਹਿਰ ਸਨ ਜਿਹੜੇ ਬਚ ਰਹੇ ਸਨ।” ਲਾਕੀਸ਼ ਵਿੱਚੋਂ ਮਿਲੀ ਇਕ ਚਿੱਠੀ ਵਿਚ ਵੀ ਇਨ੍ਹਾਂ ਘਟਨਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਵਿਚ ਲਿਖਿਆ ਹੈ: “ਅਸੀਂ ਲਾਕੀਸ਼ ਦੇ (ਅਗਨ)-ਨਿਸ਼ਾਨ ਲਈ ਦੇਖ ਰਹੇ ਹਾਂ . . . , ਕਿਉਂਕਿ ਸਾਨੂੰ ਅਜ਼ੇਕਾਹ ਦਿਖਾਈ ਨਹੀਂ ਦੇ ਰਿਹਾ।” ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਇਨ੍ਹਾਂ ਸ਼ਬਦਾਂ ਮੁਤਾਬਕ ਅਜ਼ੇਕਾਹ ਨੂੰ ਬਾਬਲੀਆਂ ਨੇ ਤਬਾਹ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਲਾਕੀਸ਼ ਦੀ ਵਾਰੀ ਸੀ। ਇਸ ਚਿੱਠੀ ਵਿਚ ਅਗਨ ਨਿਸ਼ਾਨ ਦਾ ਜ਼ਿਕਰ ਕੀਤਾ ਗਿਆ ਹੈ। ਯਿਰਮਿਯਾਹ ਨਬੀ ਨੇ ਜਦੋਂ ਇਬਰਾਨੀ ਭਾਸ਼ਾ ਵਿਚ ਆਪਣੀ ਪੋਥੀ ਲਿਖੀ ਸੀ, ਉਸ ਵੇਲੇ ਉਸ ਨੇ ਅਗਨ ਨਿਸ਼ਾਨ ਦਾ ਜ਼ਿਕਰ ਕੀਤਾ ਸੀ।—ਯਿਰਮਿਯਾਹ 6:1.

ਮੰਨਿਆ ਜਾਂਦਾ ਹੈ ਕਿ ਇਕ ਹੋਰ ਚਿੱਠੀ ਯਿਰਮਿਯਾਹ ਤੇ ਹਿਜ਼ਕੀਏਲ ਨਬੀਆਂ ਦੀ ਗੱਲ ਦੀ ਪੁਸ਼ਟੀ ਕਰਦੀ ਹੈ। ਯਿਰਮਿਯਾਹ ਤੇ ਹਿਜ਼ਕੀਏਲ ਨੇ ਯਹੂਦਾਹ ਦੇ ਰਾਜੇ ਦੁਆਰਾ ਬਾਬਲੀਆਂ ਖ਼ਿਲਾਫ਼ ਬਗਾਵਤ ਦੌਰਾਨ ਮਿਸਰ ਤੋਂ ਮਦਦ ਪ੍ਰਾਪਤ ਕਰਨ ਦੇ ਜਤਨਾਂ ਬਾਰੇ ਦੱਸਿਆ। (ਯਿਰਮਿਯਾਹ 37:5-8; 46:25, 26; ਹਿਜ਼ਕੀਏਲ 17:15-17) ਇਸ ਚਿੱਠੀ ਵਿਚ ਦੱਸਿਆ ਗਿਆ ਹੈ: “ਹੁਣ ਤੁਹਾਡੇ ਦਾਸ ਨੂੰ ਇਹ ਜਾਣਕਾਰੀ ਮਿਲੀ ਹੈ: ਅਲਨਾਥਾਨ ਦਾ ਪੁੱਤਰ ਜਰਨੈਲ ਕੋਨਯਾਹੂ ਮਿਸਰ ਜਾਣ ਲਈ ਦੱਖਣ ਵੱਲ ਤੁਰ ਪਿਆ ਹੈ।” ਵਿਦਵਾਨ ਮੰਨਦੇ ਹਨ ਕਿ ਜਰਨੈਲ ਕੋਨਯਾਹੂ ਮਿਸਰ ਤੋਂ ਫ਼ੌਜੀ ਸਹਾਇਤਾ ਪ੍ਰਾਪਤ ਕਰਨ ਲਈ ਗਿਆ ਸੀ।

ਲਾਕੀਸ਼ ਦੀਆਂ ਠੀਕਰੀਆਂ ਵਿਚ ਕਈ ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਯਿਰਮਿਯਾਹ ਦੀ ਪੋਥੀ ਵਿਚ ਵੀ ਪਾਏ ਜਾਂਦੇ ਹਨ। ਇਹ ਹਨ ਨੇਰੀਯਾਹ, ਯਅਜ਼ਨਯਾਹ, ਗਮਰਯਾਹ, ਅਲਨਾਥਾਨ ਤੇ ਹੋਸ਼ਆਯਾਹ। (ਯਿਰਮਿਯਾਹ 32:12; 35:3; 36:10, 12; 42:1) ਇਹ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਨਾਂ ਉਨ੍ਹਾਂ ਵਿਅਕਤੀਆਂ ਦੇ ਹੀ ਹਨ ਜਿਨ੍ਹਾਂ ਦਾ ਜ਼ਿਕਰ ਯਿਰਮਿਯਾਹ ਨੇ ਕੀਤਾ ਸੀ। ਪਰ ਇਹ ਸਮਾਨਤਾ ਧਿਆਨ ਦੇਣ ਯੋਗ ਹੈ ਕਿਉਂਕਿ ਜਿਸ ਸਮੇਂ ਇਹ ਠੀਕਰੀਆਂ ਲਿਖੀਆਂ ਗਈਆਂ ਸਨ, ਯਿਰਮਿਯਾਹ ਵੀ ਉਸ ਸਮੇਂ ਦੌਰਾਨ ਰਹਿ ਰਿਹਾ ਸੀ।

ਤਿੰਨਾਂ ਸੰਗ੍ਰਹਿਆਂ ਵਿਚ ਇਕ ਮਿਲਦੀ-ਜੁਲਦੀ ਗੱਲ

ਸਾਮਰਿਯਾ, ਅਰਾਦ ਤੇ ਲਾਕੀਸ਼ ਸ਼ਹਿਰਾਂ ਵਿੱਚੋਂ ਮਿਲੀਆਂ ਠੀਕਰੀਆਂ ਦੇ ਸੰਗ੍ਰਹਿ ਬਾਈਬਲ ਦੀਆਂ ਕਈ ਗੱਲਾਂ ਦੀ ਪੁਸ਼ਟੀ ਕਰਦੇ ਹਨ। ਇਨ੍ਹਾਂ ਵਿਚ ਉਸ ਸਮੇਂ ਦੇ ਘਰਾਣਿਆਂ ਦੇ ਨਾਂ, ਥਾਵਾਂ ਦੇ ਨਾਂ ਅਤੇ ਧਾਰਮਿਕ ਤੇ ਰਾਜਨੀਤਿਕ ਮਾਹੌਲ ਦਾ ਜ਼ਿਕਰ ਕੀਤਾ ਗਿਆ ਹੈ। ਪਰ ਇਨ੍ਹਾਂ ਸਾਰਿਆਂ ਵਿਚ ਇਕ ਮਿਲਦੀ-ਜੁਲਦੀ ਗੱਲ ਹੈ।

ਅਰਾਦ ਤੇ ਲਾਕੀਸ਼ ਵਿੱਚੋਂ ਮਿਲੀਆਂ ਠੀਕਰੀਆਂ ਵਿਚ “ਯਹੋਵਾਹ ਤੁਹਾਨੂੰ ਸ਼ਾਂਤੀ ਬਖ਼ਸ਼ੇ” ਸ਼ਬਦ ਪਾਏ ਜਾਂਦੇ ਹਨ। ਲਾਕੀਸ਼ ਤੋਂ ਮਿਲੇ ਸੱਤ ਸੰਦੇਸ਼ਾਂ ਵਿਚ ਪਰਮੇਸ਼ੁਰ ਦਾ ਨਾਂ ਕੁੱਲ 11 ਵਾਰ ਆਇਆ। ਇਸ ਤੋਂ ਇਲਾਵਾ, ਤਿੰਨਾਂ ਸੰਗ੍ਰਹਿਆਂ ਵਿਚ ਬਹੁਤ ਸਾਰੇ ਇਬਰਾਨੀ ਨਾਵਾਂ ਵਿਚ ਯਹੋਵਾਹ ਦੇ ਨਾਂ ਦਾ ਛੋਟਾ ਰੂਪ ਵਰਤਿਆ ਗਿਆ ਹੈ। ਸੋ ਇਨ੍ਹਾਂ ਠੀਕਰੀਆਂ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਇਸਰਾਏਲੀ ਪਰਮੇਸ਼ੁਰ ਦਾ ਨਾਂ ਆਮ ਵਰਤਦੇ ਸਨ।

[ਸਫ਼ਾ 13 ਉੱਤੇ ਤਸਵੀਰ]

ਅਰਾਦ ਦੇ ਖੰਡਰਾਂ ਵਿੱਚੋਂ ਮਿਲੀ ਇਕ ਠੀਕਰੀ ਜਿਸ ਉੱਤੇ ਇਲੀਆਸਿਬ ਦੇ ਲਈ ਸੰਦੇਸ਼ ਹੈ

[ਕ੍ਰੈਡਿਟ ਲਾਈਨ]

Photograph © Israel Museum, Jerusalem; courtesy of Israel Antiquities Authority

[ਸਫ਼ਾ 14 ਉੱਤੇ ਤਸਵੀਰ]

ਲਾਕੀਸ਼ ਵਿੱਚੋਂ ਮਿਲੀ ਚਿੱਠੀ ਜਿਸ ਵਿਚ ਪਰਮੇਸ਼ੁਰ ਦਾ ਨਾਂ ਹੈ

[ਕ੍ਰੈਡਿਟ ਲਾਈਨ]

Photograph taken by courtesy of the British Museum