Skip to content

Skip to table of contents

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਬਾਈਬਲ ਬਦਲਦੀ ਹੈ ਜ਼ਿੰਦਗੀਆਂ

ਜਿਸ ਆਦਮੀ ਦੀ ਜ਼ਿੰਦਗੀ ਵਿਚ ਮੋਟਰ ਸਾਈਕਲ, ਡ੍ਰੱਗਜ਼ ਤੇ ਖੇਡਾਂ ਸਭ ਕੁਝ ਸਨ ਉਸ ਨੇ ਰੱਬ ਦੀ ਸੇਵਾ ਨੂੰ ਪਹਿਲ ਦੇਣੀ ਕਿਉਂ ਚੁਣਿਆ? ਇਕ ਜੁਆਰੀ ਨੇ ਜੂਆ ਖੇਡਣ ਦੀ ਆਦਤ ਛੱਡ ਕੇ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਲਈ ਈਮਾਨਦਾਰੀ ਨਾਲ ਕੰਮ ਕਿਉਂ ਕਰਨਾ ਸ਼ੁਰੂ ਕੀਤਾ? ਛੋਟੀ ਉਮਰ ਤੋਂ ਯਹੋਵਾਹ ਦੀ ਗਵਾਹ ਵਜੋਂ ਪਾਲੀ ਗਈ ਇਕ ਕੁੜੀ ਨੇ ਰੱਬ ਦਾ ਰਾਹ ਛੱਡ ਕੇ ਦੁਬਾਰਾ ਰੱਬ ਦਾ ਲੜ ਫੜਨ ਦਾ ਫ਼ੈਸਲਾ ਕਿਉਂ ਕੀਤਾ? ਆਓ ਦੇਖੀਏ ਕਿ ਉਨ੍ਹਾਂ ਦਾ ਕੀ ਕਹਿਣਾ ਹੈ।

ਜਾਣ-ਪਛਾਣ

ਨਾਂ: ਟੇਰੈਂਸ ਜੇ. ਓਬ੍ਰਾਈਅਨ

ਉਮਰ: 57

ਦੇਸ਼: ਆਸਟ੍ਰੇਲੀਆ

ਮੈਂ ਡ੍ਰੱਗਜ਼ ਲੈਂਦਾ ਹੁੰਦਾ ਸੀ ਅਤੇ ਮੋਟਰ ਸਾਈਕਲ ਚਲਾਉਣੇ ਮੇਰੀ ਜ਼ਿੰਦਗੀ ਸਨ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੈਂ ਆਪਣਾ ਬਚਪਨ ਬਰਿਜ਼ਬੇਨ ਨਾਂ ਦੇ ਰੌਣਕ ਭਰੇ ਸ਼ਹਿਰ ਵਿਚ ਗੁਜ਼ਾਰਿਆ ਜੋ ਕੁਈਨਜ਼ਲੈਂਡ ਦੀ ਰਾਜਧਾਨੀ ਹੈ। ਮੇਰਾ ਪਰਿਵਾਰ ਕੈਥੋਲਿਕ ਧਰਮ ਨੂੰ ਮੰਨਦਾ ਸੀ, ਪਰ ਜਦੋਂ ਮੈਂ ਅੱਠਾਂ ਸਾਲਾਂ ਦਾ ਹੋਇਆ, ਤਾਂ ਅਸੀਂ ਚਰਚ ਜਾਣਾ ਛੱਡ ਦਿੱਤਾ ਅਤੇ ਧਰਮ ਬਾਰੇ ਕਦੇ ਗੱਲ ਹੀ ਨਹੀਂ ਕੀਤੀ। ਜਦ ਮੈਂ ਦਸਾਂ ਸਾਲਾਂ ਦਾ ਹੋਇਆ, ਤਾਂ ਅਸੀਂ ਆਸਟ੍ਰੇਲੀਆ ਦੇ ਗੋਲਡ ਕੋਸਟ ਇਲਾਕੇ ਵਿਚ ਰਹਿਣ ਚਲੇ ਗਏ। ਅਸੀਂ ਸਮੁੰਦਰ ਦੇ ਕਿਨਾਰੇ ਰਹਿੰਦੇ ਸੀ ਅਤੇ ਮੈਂ ਆਪਣਾ ਸਾਰਾ ਸਮਾਂ ਸਮੁੰਦਰ ਵਿਚ ਤੈਰਨ ਅਤੇ ਸਰਫਿੰਗ ਕਰਨ ਵਿਚ ਲਾਉਂਦਾ ਸੀ।

ਫਿਰ ਵੀ ਮੇਰਾ ਬਚਪਨ ਉਦਾਸੀ ਵਿਚ ਗੁਜ਼ਰਿਆ। ਜਦ ਮੈਂ ਅੱਠਾਂ ਸਾਲਾਂ ਦਾ ਸੀ ਮੇਰਾ ਪਿਤਾ ਸਾਨੂੰ ਛੱਡ ਕੇ ਚਲਾ ਗਿਆ। ਮੇਰੀ ਮਾਂ ਨੇ ਦੂਜਾ ਵਿਆਹ ਕਰਾਇਆ ਤੇ ਸਾਡੇ ਘਰ ਵਿਚ ਬਹੁਤ ਸ਼ਰਾਬ ਪੀਤੀ ਜਾਂਦੀ ਸੀ ਅਤੇ ਲੜਾਈ-ਝਗੜੇ ਹੁੰਦੇ ਸਨ। ਮੈਨੂੰ ਯਾਦ ਹੈ ਕਿ ਇਕ ਰਾਤ ਮੇਰੇ ਮਾਪੇ ਬਹੁਤ ਲੜੇ। ਮੈਂ ਆਪਣੇ ਕਮਰੇ ਵਿਚ ਬੈਠਾ ਸੀ ਅਤੇ ਮੈਂ ਕਸਮ ਖਾਧੀ ਕਿ ਜੇ ਮੈਂ ਕਦੀ ਵਿਆਹ ਕੀਤਾ, ਤਾਂ ਮੈਂ ਆਪਣੀ ਘਰਵਾਲੀ ਨਾਲ ਕਦੇ ਨਹੀਂ ਲੜਾਂਗਾ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਸਾਡਾ ਪਰਿਵਾਰ, ਜਿਸ ਵਿਚ ਛੇ ਬੱਚੇ, ਮਾਂ ਅਤੇ ਮਤਰੇਆ ਪਿਤਾ ਸਨ, ਸਾਰੇ ਇਕ-ਦੂਜੇ ਦੇ ਕਰੀਬ ਸਨ।

ਜਵਾਨੀ ਵਿਚ ਮੇਰੇ ਕਈ ਯਾਰ-ਦੋਸਤ ਆਪਣੀ ਮਨ-ਮਰਜ਼ੀ ਕਰਦੇ ਸਨ ਤੇ ਕਿਸੇ ਦੀ ਨਹੀਂ ਸੀ ਸੁਣਦੇ। ਉਹ ਭੰਗ ਅਤੇ ਤਮਾਖੂ ਦੇ ਸੂਟੇ ਲਾਉਂਦੇ, ਡ੍ਰੱਗਜ਼ ਲੈਂਦੇ ਤੇ ਸ਼ਰਾਬ ਵੀ ਬਹੁਤ ਪੀਂਦੇ ਸਨ। ਮੈਂ ਵੀ ਉਨ੍ਹਾਂ ਨਾਲ ਇਹੋ ਜਿਹੇ ਕੰਮ ਕਰਦਾ ਹੁੰਦਾ ਸੀ। ਮੈਨੂੰ ਮੋਟਰ ਸਾਈਕਲ ਚਲਾਉਣ ਦਾ ਵੀ ਬਹੁਤ ਸ਼ੌਕ ਸੀ। ਭਾਵੇਂ ਮੇਰੇ ਦੋ-ਤਿੰਨ ਐਕਸੀਡੈਂਟ ਵੀ ਹੋਏ, ਫਿਰ ਵੀ ਮੈਂ ਮੋਟਰ ਸਾਈਕਲ ਚਲਾਉਣੀ ਨਹੀਂ ਛੱਡੀ ਅਤੇ ਮੈਂ ਆਪਣੀ ਮੋਟਰ ਸਾਈਕਲ ’ਤੇ ਪੂਰੇ ਆਸਟ੍ਰੇਲੀਆ ਦਾ ਸਫ਼ਰ ਕਰਨ ਦਾ ਫ਼ੈਸਲਾ ਕੀਤਾ।

ਭਾਵੇਂ ਮੈਨੂੰ ਆਪਣੇ ਸ਼ੌਕ ਪੂਰੇ ਕਰਨ ਦੀ ਖੁੱਲ੍ਹ ਸੀ, ਫਿਰ ਵੀ ਦੁਨੀਆਂ ਦੀ ਹਾਲਤ ਬਾਰੇ ਸੋਚ ਕੇ ਮੈਂ ਨਿਰਾਸ਼ ਹੋ ਜਾਂਦਾ ਸੀ ਅਤੇ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਲੋਕਾਂ ਨੂੰ ਇਕ-ਦੂਜੇ ਦੀ ਪਰਵਾਹ ਕਿਉਂ ਨਹੀਂ ਸੀ। ਮੈਂ ਰੱਬ ਦੀ ਤਲਾਸ਼ ਕਰ ਰਿਹਾ ਸੀ ਅਤੇ ਮੈਂ ਜਾਣਨਾ ਚਾਹੁੰਦੀ ਸੀ ਕਿ ਦੁਨੀਆਂ ਇੰਨੀ ਖ਼ਰਾਬ ਕਿਉਂ ਹੈ। ਜਦ ਮੈਂ ਦੋ ਕੈਥੋਲਿਕ ਪਾਦਰੀਆਂ ਨਾਲ ਇਸ ਬਾਰੇ ਗੱਲ ਕੀਤੀ, ਤਾਂ ਮੈਨੂੰ ਆਪਣੇ ਸਵਾਲਾਂ ਦਾ ਕੋਈ ਜਵਾਬ ਨਹੀਂ ਮਿਲਿਆ। ਫਿਰ ਮੈਂ ਕਈ ਪ੍ਰੋਟੈਸਟੈਂਟ ਪਾਦਰੀਆਂ ਦੇ ਨਾਲ ਵੀ ਗੱਲ ਕੀਤੀ, ਪਰ ਉਹ ਵੀ ਮੇਰੇ ਸਵਾਲਾਂ ਦਾ ਜਵਾਬ ਨਾ ਦੇ ਸਕੇ। ਫਿਰ ਇਕ ਦੋਸਤ ਨੇ ਮੈਨੂੰ ਐਡੀ ਨਾਲ ਮਿਲਾਇਆ ਜੋ ਯਹੋਵਾਹ ਦਾ ਗਵਾਹ ਸੀ। ਮੈਂ ਉਸ ਨੂੰ ਚਾਰ ਵਾਰ ਮਿਲਿਆ ਅਤੇ ਹਰ ਵਾਰ ਉਸ ਨੇ ਬਾਈਬਲ ਤੋਂ ਮੇਰੇ ਸਵਾਲਾਂ ਦੇ ਜਵਾਬ ਦਿੱਤੇ। ਸਾਡੀ ਪਹਿਲੀ ਮੁਲਾਕਾਤ ਤੋਂ ਬਾਅਦ ਹੀ ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਇਸੇ ਗਿਆਨ ਦੀ ਤਲਾਸ਼ ਸੀ। ਪਰ ਉਸ ਵੇਲੇ ਮੈਨੂੰ ਨਹੀਂ ਲੱਗਾ ਕਿ ਮੈਨੂੰ ਆਪਣੇ ਤੌਰ-ਤਰੀਕੇ ਬਦਲਣ ਦੀ ਕੋਈ ਲੋੜ ਸੀ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ: ਆਸਟ੍ਰੇਲੀਆ ਦਾ ਸਫ਼ਰ ਕਰਦੇ ਵਕਤ ਮੈਂ ਇਕ ਹੋਰ ਗਵਾਹ ਨੂੰ ਵੀ ਮਿਲਿਆ ਤੇ ਉਸ ਨਾਲ ਵੀ ਮੈਂ ਕਈ ਗੱਲਾਂ-ਬਾਤਾਂ ਕੀਤੀਆਂ। ਪਰ ਜਦ ਮੈਂ ਕੁਈਨਜ਼ਲੈਂਡ ਵਾਪਸ ਆਇਆ, ਤਾਂ ਛੇ ਮਹੀਨਿਆਂ ਤਕ ਮੈਂ ਗਵਾਹਾਂ ਨੂੰ ਨਹੀਂ ਮਿਲਿਆ।

ਫਿਰ ਇਕ ਦਿਨ ਜਦ ਮੈਂ ਕੰਮ ਤੋਂ ਘਰ ਆ ਰਿਹਾ ਸੀ ਮੈਂ ਸੂਟ-ਬੂਟ ਪਹਿਨੇ ਬ੍ਰੀਫ-ਕੇਸ ਫੜੇ ਦੋ ਆਦਮੀਆਂ ਨੂੰ ਦੇਖਿਆ। ਮੈਂ ਸੋਚਿਆ ਇਹ ਜ਼ਰੂਰ ਯਹੋਵਾਹ ਦੇ ਗਵਾਹ ਹੋਣਗੇ ਅਤੇ ਜਦ ਮੈਂ ਉਨ੍ਹਾਂ ਨੂੰ ਪੁੱਛਿਆ ਮੇਰੀ ਗੱਲ ਠੀਕ ਨਿਕਲੀ। ਮੈਂ ਕਿਹਾ ਕਿ ਮੈਂ ਬਾਈਬਲ ਸਟੱਡੀ ਕਰਨੀ ਚਾਹੁੰਦਾ ਹਾਂ। ਮੈਂ ਗਵਾਹਾਂ ਦੀਆਂ ਮੀਟਿੰਗਾਂ ਵਿਚ ਵੀ ਜਾਣ ਲੱਗ ਪਿਆ ਅਤੇ 1973 ਵਿਚ ਸਿਡਨੀ ਵਿਚ ਹੋਏ ਇਕ ਵੱਡੇ ਸੰਮੇਲਨ ਨੂੰ ਵੀ ਗਿਆ। ਜਦ ਮੇਰੇ ਪਰਿਵਾਰ ਨੂੰ, ਖ਼ਾਸ ਕਰਕੇ ਮੇਰੀ ਮਾਂ ਨੂੰ, ਪਤਾ ਲੱਗਾ ਕਿ ਮੈਂ ਕੀ ਕਰ ਰਿਹਾ ਸੀ, ਤਾਂ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ। ਇਸ ਲਈ ਮੈਂ ਗਵਾਹਾਂ ਨੂੰ ਮਿਲਣਾ ਛੱਡ ਦਿੱਤਾ। ਫਿਰ ਇਕ ਸਾਲ ਲਈ ਮੈਂ ਆਪਣਾ ਇਕ ਹੋਰ ਸ਼ੌਕ ਪੂਰਾ ਕੀਤਾ ਯਾਨੀ ਕ੍ਰਿਕਟ ਖੇਡਣ ਵਿਚ ਰੁੱਝ ਗਿਆ।

ਅਖ਼ੀਰ ਵਿਚ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਉਦੋਂ ਹੀ ਸਕੂਨ ਮਿਲਦਾ ਸੀ ਜਦੋਂ ਮੈਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਦਾ ਸੀ। ਮੈਂ ਉਨ੍ਹਾਂ ਨੂੰ ਦੁਬਾਰਾ ਮਿਲਿਆ ਅਤੇ ਫਿਰ ਤੋਂ ਮੀਟਿੰਗਾਂ ਵਿਚ ਜਾਣ ਲੱਗਾ। ਮੈਂ ਉਨ੍ਹਾਂ ਦੋਸਤਾਂ ਨੂੰ ਵੀ ਮਿਲਣਾ ਬੰਦ ਕੀਤਾ ਜੋ ਡ੍ਰੱਗਜ਼ ਲੈਂਦੇ ਸਨ।

ਮੇਰੀ ਜ਼ਿੰਦਗੀ ਵਿਚ ਨਵਾਂ ਮੋੜ ਉਦੋਂ ਆਇਆ ਜਦ ਮੈਂ ਬਾਈਬਲ ਵਿੱਚੋਂ ਅੱਯੂਬ ਦੀ ਕਹਾਣੀ ਪੜ੍ਹੀ। ਬਿਲ ਨਾਂ ਦਾ ਬਜ਼ੁਰਗ ਗਵਾਹ ਮੇਰੇ ਨਾਲ ਬਾਈਬਲ ਸਟੱਡੀ ਕਰ ਰਿਹਾ ਸੀ। ਇਕ ਵਾਰ ਅਸੀਂ ਅੱਯੂਬ ਬਾਰੇ ਪੜ੍ਹ ਰਹੇ ਸੀ ਜਿਸ ਉੱਤੇ ਸ਼ਤਾਨ ਨੇ ਝੂਠਾ ਇਲਜ਼ਾਮ ਲਗਾਇਆ ਕਿ ਉਹ ਸੱਚੇ ਦਿਲੋਂ ਯਹੋਵਾਹ ਦੀ ਸੇਵਾ ਨਹੀਂ ਕਰ ਰਿਹਾ। ਬਿਲ ਨੇ ਮੈਨੂੰ ਪੁੱਛਿਆ: “ਸ਼ਤਾਨ ਨੇ ਹੋਰ ਕਿਨ੍ਹਾਂ ਉੱਤੇ ਇਹ ਇਲਜ਼ਾਮ ਲਾਇਆ ਹੈ?” (ਅੱਯੂਬ 2:3-5) ਮੈਂ ਬਾਈਬਲ ਵਿੱਚੋਂ ਕਈਆਂ ਦੇ ਨਾਂ ਦੱਸੇ ਅਤੇ ਬਿਲ ਨੇ ਬੜੇ ਧੀਰਜ ਨਾਲ ਕਿਹਾ, “ਹਾਂ, ਹਾਂ, ਠੀਕ ਹੈ।” ਫਿਰ ਉਸ ਨੇ ਅੱਖ ਨਾਲ ਅੱਖ ਮਿਲਾ ਕੇ ਮੈਨੂੰ ਕਿਹਾ, “ਸ਼ਤਾਨ ਤੇਰੇ ਬਾਰੇ ਵੀ ਇਹੀ ਕਹਿ ਰਿਹਾ ਹੈ!” ਮੇਰੀ ਹੈਰਾਨੀ ਦੀ ਹੱਦ ਨਾ ਰਹੀ! ਇਹ ਗੱਲ ਸਿੱਖਣ ਤੋਂ ਪਹਿਲਾਂ ਮੈਨੂੰ ਪਤਾ ਸੀ ਕਿ ਜੋ ਮੈਂ ਬਾਈਬਲ ਵਿੱਚੋਂ ਸਿੱਖ ਰਿਹਾ ਸੀ ਉਹ ਸੱਚ ਸੀ। ਪਰ ਹੁਣ ਮੈਨੂੰ ਸਮਝ ਆਈ ਕਿ ਮੈਨੂੰ ਇਨ੍ਹਾਂ ਗੱਲਾਂ ਉੱਤੇ ਅਮਲ ਕਰਨ ਦੀ ਵੀ ਲੋੜ ਸੀ। ਚਾਰ ਮਹੀਨੇ ਬਾਅਦ ਮੈਂ ਬਪਤਿਸਮਾ ਲਿਆ।

ਅੱਜ ਮੇਰੀ ਜ਼ਿੰਦਗੀ: ਮੈਨੂੰ ਇਹ ਸੋਚ ਕੇ ਕਾਂਬਾ ਛਿੜ ਜਾਂਦਾ ਹੈ ਕਿ ਮੇਰੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਜੇ ਮੈਂ ਬਾਈਬਲ ਦੀ ਸਿੱਖਿਆ ’ਤੇ ਨਾ ਚੱਲਦਾ। ਮੈਨੂੰ ਲੱਗਦਾ ਹੈ ਕਿ ਮੈਂ ਅੱਜ ਜ਼ਿੰਦਾ ਨਾ ਹੁੰਦਾ। ਡ੍ਰੱਗਜ਼ ਜਾਂ ਸ਼ਰਾਬ ਨੇ ਮੇਰੇ ਕਈ ਪੁਰਾਣੇ ਦੋਸਤਾਂ ਦੀ ਜਾਨ ਲੈ ਲਈ। ਉਨ੍ਹਾਂ ਦੇ ਘਰਾਂ ਵਿਚ ਵੀ ਬਹੁਤ ਮੁਸ਼ਕਲਾਂ ਰਹੀਆਂ। ਮੇਰੇ ਖ਼ਿਆਲ ਵਿਚ ਮੇਰੀ ਜ਼ਿੰਦਗੀ ਵੀ ਉਨ੍ਹਾਂ ਵਰਗੀ ਹੀ ਹੋਣੀ ਸੀ।

ਹੁਣ ਮੇਰਾ ਵਿਆਹ ਮਾਰਗਰਟ ਨਾਲ ਹੋ ਚੁੱਕਾ ਹੈ ਜੋ ਬਚਪਨ ਤੋਂ ਯਹੋਵਾਹ ਦੀ ਗਵਾਹ ਹੈ। ਅਸੀਂ ਦੋਵੇਂ ਆਸਟ੍ਰੇਲੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਹੇ ਹਾਂ। ਆਪਣੇ ਪਰਿਵਾਰ ਵਿੱਚੋਂ ਮੈਂ ਇਕੱਲਾ ਹੀ ਯਹੋਵਾਹ ਦਾ ਗਵਾਹ ਹਾਂ। ਪਰ ਸਾਲਾਂ ਦੌਰਾਨ ਮੈਂ ਅਤੇ ਮਾਰਗਰਟ ਨੇ ਕਈਆਂ ਦੇ ਨਾਲ ਬਾਈਬਲ ਸਟੱਡੀ ਕੀਤੀ ਹੈ ਜਿਨ੍ਹਾਂ ਨੇ ਮੇਰੇ ਵਾਂਗ ਆਪਣੀ ਜ਼ਿੰਦਗੀ ਵਿਚ ਬਹੁਤ ਤਬਦੀਲੀਆਂ ਲਿਆਂਦੀਆਂ ਹਨ। ਨਾਲੇ ਅਸੀਂ ਕਈ ਚੰਗੇ ਦੋਸਤ ਬਣਾਏ ਹਨ। ਮਾਰਗਰਟ ਨੇ ਉਹ ਵਾਅਦਾ ਨਿਭਾਉਣ ਵਿਚ ਮੇਰੀ ਮਦਦ ਕੀਤੀ ਹੈ ਜੋ ਮੈਂ 40 ਸਾਲ ਪਹਿਲਾਂ ਕੀਤਾ ਸੀ। ਸਾਡੇ ਵਿਆਹ ਨੂੰ 25 ਤੋਂ ਜ਼ਿਆਦਾ ਸਾਲ ਹੋ ਗਏ ਹਨ ਅਤੇ ਅਸੀਂ ਬਹੁਤ ਖ਼ੁਸ਼ ਹਾਂ। ਭਾਵੇਂ ਅਸੀਂ ਹਰ ਗੱਲ ਵਿਚ ਸਹਿਮਤ ਨਹੀਂ ਹੁੰਦੇ, ਪਰ ਬਾਈਬਲ ਦੇ ਸਦਕਾ ਅਸੀਂ ਅੱਜ ਤਕ ਕਦੇ ਲੜਾਈ ਨਹੀਂ ਕੀਤੀ!

ਜਾਣ-ਪਛਾਣ

ਨਾਂ: ਮਾਸਾਹੀਰੋ ਓਕਾਬਾਯਾਸ਼ੀ

ਉਮਰ: 39

ਦੇਸ਼: ਜਪਾਨ

ਮੈਂ ਗੁਜ਼ਾਰਾ ਤੋਰਨ ਲਈ ਜੂਆ ਖੇਡਦਾ ਹੁੰਦਾ ਸੀ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੈਂ ਈਵਾਕੁਰਾ ਵਿਚ ਵੱਡਾ ਹੋਇਆ ਸੀ ਜੋ ਰੇਲ-ਗੱਡੀ ਵਿਚ ਨਗੋਆ ਸ਼ਹਿਰ ਤੋਂ ਅੱਧਾ ਕੁ ਘੰਟਾ ਦੂਰ ਹੈ। ਮੇਰੇ ਮਾਪੇ ਬਹੁਤ ਚੰਗੇ ਸਨ, ਪਰ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਮੇਰਾ ਬਾਪ ਜਪਾਨ ਦੇ ਮਾਫੀਆ ਦਾ ਇਕ ਗੁੰਡਾ ਸੀ ਜੋ ਲੋਕਾਂ ਤੋਂ ਪੈਸੇ ਠੱਗ ਕੇ ਸਾਡੇ ਪਰਿਵਾਰ ਦੇ ਪੰਜ ਜੀਆਂ ਦੀ ਦੇਖ-ਭਾਲ ਕਰਦਾ ਸੀ। ਉਹ ਹਰ ਰੋਜ਼ ਬਹੁਤ ਸ਼ਰਾਬ ਪੀਂਦਾ ਹੁੰਦਾ ਸੀ ਅਤੇ ਜਦ ਮੈਂ 20 ਸਾਲਾਂ ਦਾ ਹੋਇਆ, ਤਾਂ ਉਹ ਜਿਗਰ ਦੀ ਬੀਮਾਰੀ ਕਰਕੇ ਗੁਜ਼ਰ ਗਿਆ।

ਮੇਰਾ ਪਿਤਾ ਕੋਰੀਆ ਦੇਸ਼ ਤੋਂ ਸੀ ਜਿਸ ਕਰਕੇ ਲੋਕੀ ਸਾਡੇ ਨਾਲ ਊਚ-ਨੀਚ ਕਰਦੇ ਸਨ। ਇਸ ਕਰਕੇ ਤੇ ਹੋਰਨਾਂ ਮੁਸ਼ਕਲਾਂ ਕਰਕੇ ਮੈਨੂੰ ਜਵਾਨੀ ਵਿਚ ਕੋਈ ਖ਼ੁਸ਼ੀ ਨਹੀਂ ਮਿਲੀ। ਮੈਂ ਸਕੂਲ ਵਿਚ ਦਾਖ਼ਲ ਹੋਇਆ, ਪਰ ਮੈਂ ਕਲਾਸਾਂ ਵਿਚ ਕਦੇ-ਕਦੇ ਹੀ ਜਾਂਦਾ ਸੀ ਅਤੇ ਇਕ ਸਾਲ ਬਾਅਦ ਮੈਂ ਸਕੂਲ ਛੱਡ ਦਿੱਤਾ। ਮੇਰੇ ਲਈ ਕੰਮ ਲੱਭਣਾ ਬਹੁਤ ਔਖਾ ਸੀ ਕਿਉਂਕਿ ਇਕ ਤਾਂ ਮੈਂ ਕੋਰੀਅਨ ਸੀ ਅਤੇ ਦੂਜਾ ਮੇਰਾ ਪੁਲਸ ਰਿਕਾਰਡ ਸੀ। ਅਖ਼ੀਰ ਵਿਚ ਮੈਨੂੰ ਨੌਕਰੀ ਲੱਭ ਗਈ, ਪਰ ਗੋਡਿਆਂ ’ਤੇ ਸੱਟ ਲੱਗਣ ਕਰਕੇ ਮੈਂ ਮਜ਼ਦੂਰੀ ਨਹੀਂ ਕਰ ਸਕਿਆ।

ਮੈਂ ਪਾਚਿੰਕੋ ਖੇਡ ਕੇ ਆਪਣਾ ਗੁਜ਼ਾਰਾ ਤੋਰਨ ਲੱਗ ਪਿਆ ਜੋ ਇਕ ਕਿਸਮ ਦੀ ਜੂਏਬਾਜ਼ੀ ਹੈ। ਉਸ ਸਮੇਂ ਮੈਂ ਇਕ ਕੁੜੀ ਨਾਲ ਰਹਿੰਦਾ ਸੀ ਜੋ ਚਾਹੁੰਦੀ ਸੀ ਕਿ ਮੈਂ ਕੋਈ ਚੱਜ ਦਾ ਕੰਮ ਲੱਭ ਕੇ ਉਸ ਨਾਲ ਵਿਆਹ ਕਰਾ ਲਵਾਂ। ਪਰ ਮੈਂ ਜੂਆ ਖੇਡ ਕੇ ਬਹੁਤ ਪੈਸੇ ਬਣਾ ਰਿਹਾ ਸੀ ਅਤੇ ਮੈਂ ਆਪਣੀ ਜ਼ਿੰਦਗੀ ਬਦਲਣੀ ਨਹੀਂ ਚਾਹੁੰਦਾ ਸੀ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ: ਇਕ ਦਿਨ ਯਹੋਵਾਹ ਦੇ ਗਵਾਹ ਸਾਡੇ ਘਰ ਆਏ ਅਤੇ ਉਨ੍ਹਾਂ ਨੇ ਮੈਨੂੰ ਇਕ ਕਿਤਾਬ ਦਿੱਤੀ ਜਿਸ ਦਾ ਵਿਸ਼ਾ ਸੀ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਵਿਕਾਸਵਾਦ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ)। ਮੈਂ ਇਸ ਸਵਾਲ ਬਾਰੇ ਪਹਿਲਾਂ ਕਦੇ ਸੋਚਿਆ ਨਹੀਂ ਸੀ। ਪਰ ਇਹ ਕਿਤਾਬ ਪੜ੍ਹਨ ਤੋਂ ਬਾਅਦ ਮੈਂ ਬਾਈਬਲ ਬਾਰੇ ਹੋਰ ਸਿੱਖਣ ਲਈ ਰਾਜ਼ੀ ਹੋਇਆ। ਮੇਰੇ ਮਨ ਵਿਚ ਇਹ ਵੀ ਸਵਾਲ ਹਮੇਸ਼ਾ ਹੁੰਦਾ ਸੀ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ। ਬਾਈਬਲ ਨੇ ਇਸ ਸਵਾਲ ਅਤੇ ਹੋਰ ਵਿਸ਼ਿਆਂ ਬਾਰੇ ਸਾਫ਼-ਸਾਫ਼ ਜਵਾਬ ਦਿੱਤੇ ਅਤੇ ਮੈਨੂੰ ਇੱਦਾਂ ਲੱਗਾ ਕਿ ਮੇਰੀਆਂ ਅੱਖਾਂ ਖੁੱਲ੍ਹ ਗਈਆਂ।

ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਬਾਈਬਲ ਦੀ ਸਿੱਖਿਆ ਲਾਗੂ ਕਰਨ ਦੀ ਲੋੜ ਸੀ। ਸੋ ਮੈਂ ਆਪਣਾ ਵਿਆਹ ਰਜਿਸਟਰ ਕਰਵਾ ਲਿਆ, ਸਿਗਰਟ ਪੀਣੀ ਛੱਡ ਦਿੱਤੀ, ਆਪਣੇ ਲੰਬੇ, ਕੱਕੇ ਰੰਗੇ ਹੋਏ ਵਾਲ ਕਟਵਾ ਲਏ ਅਤੇ ਆਪਣਾ ਹੁਲੀਆ ਸਵਾਰ ਲਿਆ। ਸਭ ਤੋਂ ਵੱਡੀ ਗੱਲ ਇਹ ਸੀ ਕਿ ਮੈਂ ਜੂਆ ਖੇਡਣਾ ਬੰਦ ਕਰ ਦਿੱਤਾ।

ਇਹ ਸਾਰੀਆਂ ਤਬਦੀਲੀਆਂ ਕਰਨੀਆਂ ਸੌਖੀਆਂ ਨਹੀਂ ਸਨ। ਮਿਸਾਲ ਲਈ, ਮੈਂ ਆਪਣੀ ਤਾਕਤ ਨਾਲ ਸਿਗਰਟਾਂ ਪੀਣੀਆਂ ਨਹੀਂ ਛੱਡ ਸਕਿਆ। ਪਰ ਯਹੋਵਾਹ ਪਰਮੇਸ਼ੁਰ ਅੱਗੇ ਮਿੰਨਤਾਂ ਕਰ ਕੇ ਤੇ ਉਸ ਦਾ ਸਹਾਰਾ ਲੈ ਕੇ ਮੈਂ ਇਹ ਆਦਤ ਛੱਡ ਸਕਿਆ। ਜੂਆ ਛੱਡਣ ਤੋਂ ਬਾਅਦ ਮੇਰੀ ਪਹਿਲੀ ਨੌਕਰੀ ਬਹੁਤ ਮੁਸ਼ਕਲ ਸੀ। ਕੰਮ ਨਾ ਸਿਰਫ਼ ਬਹੁਤ ਔਖਾ ਤੇ ਟੈਨਸ਼ਨ ਭਰਿਆ ਸੀ, ਪਰ ਜਿੰਨੇ ਪੈਸੇ ਮੈਨੂੰ ਪਾਚਿੰਕੋ ਖੇਡ ਕੇ ਮਿਲਦੇ ਸਨ ਹੁਣ ਮੈਂ ਉਸ ਨਾਲੋਂ ਅੱਧੇ ਪੈਸੇ ਹੀ ਕਮਾਉਂਦਾ ਸੀ। ਉਸ ਸਮੇਂ ਮੈਨੂੰ ਫ਼ਿਲਿੱਪੀਆਂ 4:6, 7 ਤੋਂ ਬਹੁਤ ਹੌਸਲਾ ਮਿਲਿਆ ਜਿੱਥੇ ਲਿਖਿਆ ਹੈ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।” ਮੈਂ ਕਈ ਵਾਰ ਇਨ੍ਹਾਂ ਗੱਲਾਂ ਦੀ ਸੱਚਾਈ ਦੇਖੀ ਹੈ।

ਅੱਜ ਮੇਰੀ ਜ਼ਿੰਦਗੀ: ਜਦ ਮੈਂ ਪਹਿਲਾਂ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗਾ, ਤਾਂ ਮੇਰੀ ਪਤਨੀ ਇਸ ਤੋਂ ਖ਼ੁਸ਼ ਨਹੀਂ ਸੀ। ਪਰ ਜਦ ਉਸ ਨੇ ਮੇਰੇ ਤੌਰ-ਤਰੀਕਿਆਂ ਵਿਚ ਵੱਡੀਆਂ ਤਬਦੀਲੀਆਂ ਦੇਖੀਆਂ, ਤਾਂ ਉਹ ਵੀ ਮੇਰੇ ਨਾਲ ਸਟੱਡੀ ਕਰਨ ਅਤੇ ਮੀਟਿੰਗਾਂ ਵਿਚ ਜਾਣ ਲੱਗ ਪਈ। ਹੁਣ ਅਸੀਂ ਦੋਵੇਂ ਯਹੋਵਾਹ ਦੇ ਗਵਾਹ ਹਾਂ। ਇਕੱਠਿਆਂ ਪਰਮੇਸ਼ੁਰ ਦੀ ਸੇਵਾ ਕਰਨੀ ਕਿੰਨੀ ਵੱਡੀ ਬਰਕਤ ਹੈ!

ਬਾਈਬਲ ਸਟੱਡੀ ਕਰਨ ਤੋਂ ਪਹਿਲਾਂ ਮੈਂ ਸੋਚਦਾ ਹੁੰਦਾ ਸੀ ਕਿ ਮੈਂ ਖ਼ੁਸ਼ ਹਾਂ। ਪਰ ਹੁਣ ਮੈਂ ਸਮਝਦਾ ਹਾਂ ਕਿ ਸੱਚੀ ਖ਼ੁਸ਼ੀ ਕਿੱਥੋਂ ਮਿਲਦੀ ਹੈ। ਬਾਈਬਲ ਦੇ ਅਸੂਲਾਂ ਮੁਤਾਬਕ ਚੱਲਣਾ ਸੌਖਾ ਨਹੀਂ ਹੈ, ਪਰ ਮੈਨੂੰ ਕੋਈ ਸ਼ੱਕ ਨਹੀਂ ਕਿ ਅਸੀਂ ਜ਼ਿੰਦਗੀ ਦਾ ਸਭ ਤੋਂ ਵਧੀਆ ਰਾਹ ਚੁਣਿਆ ਹੈ।

ਜਾਣ-ਪਛਾਣ

ਨਾਂ: ਇਲਿਜ਼ਬਥ ਜੇਨ ਸਕੋਫੀਲਡ

ਉਮਰ: 35

ਦੇਸ਼: ਯੂਨਾਇਟਿਡ ਕਿੰਗਡਮ

ਮੈਂ ਜ਼ਿੰਦਗੀ ਦਾ ਮਜ਼ਾ ਲੈਣ ਲਈ ਜੀਉਂਦੀ ਸੀ

ਮੇਰੇ ਅਤੀਤ ਬਾਰੇ ਕੁਝ ਗੱਲਾਂ: ਮੈਂ ਸਕਾਟਲੈਂਡ ਵਿਚ ਗਲਾਸਗੋ ਸ਼ਹਿਰ ਲਾਗੇ ਹਾਰਡਗੇਟ ਨਗਰ ਵਿਚ ਵੱਡੀ ਹੋਈ ਸੀ। ਮੇਰੀ ਮਾਂ ਯਹੋਵਾਹ ਦੀ ਗਵਾਹ ਬਣ ਗਈ ਸੀ ਤੇ ਜਦ ਮੈਂ ਸੱਤਾਂ ਸਾਲਾਂ ਦੀ ਹੋਈ, ਤਾਂ ਉਹ ਮੈਨੂੰ ਵੀ ਬਾਈਬਲ ਦੀ ਸਿੱਖਿਆ ਦੇਣ ਲੱਗ ਪਈ। ਪਰ 17 ਸਾਲਾਂ ਦੀ ਉਮਰ ਤੇ ਮੈਂ ਆਪਣੇ ਦੋਸਤ-ਮਿੱਤਰਾਂ ਨਾਲ ਘੁੰਮਣਾ-ਫਿਰਨਾ ਜ਼ਿਆਦਾ ਪਸੰਦ ਕਰਦੀ ਸੀ। ਅਸੀਂ ਸਾਰੇ ਇਕੱਠੇ ਨਾਈਟ ਕਲੱਬਾਂ ਨੂੰ ਜਾਂਦੇ, ਰਾਕ ਮਿਊਜ਼ਿਕ ਸੁਣਦੇ ਅਤੇ ਸ਼ਰਾਬ ਪੀਂਦੇ ਹੁੰਦੇ ਸੀ। ਮੈਨੂੰ ਬਾਈਬਲ ਵਿਚ ਕੋਈ ਦਿਲਚਸਪੀ ਨਹੀਂ ਸੀ। ਮੈਂ ਤਾਂ ਸਿਰਫ਼ ਜ਼ਿੰਦਗੀ ਦਾ ਮਜ਼ਾ ਲੈਣਾ ਚਾਹੁੰਦੀ ਸੀ। ਪਰ ਜਦ ਮੈਂ 21 ਸਾਲਾਂ ਦੀ ਹੋਈ, ਤਾਂ ਇਹ ਸਭ ਕੁਝ ਬਦਲ ਗਿਆ।

ਉਦੋਂ ਮੈਂ ਉੱਤਰੀ ਆਇਰਲੈਂਡ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਈ। ਜਦ ਮੈਂ ਉੱਥੇ ਸੀ, ਤਾਂ ਮੈਂ ਪ੍ਰੋਟੈਸਟੈਂਟ ਧਰਮ ਦੇ ਲੋਕਾਂ ਨੂੰ ਜਲੂਸ ਕੱਢਦਿਆਂ ਦੇਖਿਆ। ਉਸ ਸਮੇਂ ਕੈਥੋਲਿਕ ਤੇ ਪ੍ਰੋਟੈਸਟੈਂਟ ਧਰਮ ਦੇ ਲੋਕਾਂ ਵਿਚਕਾਰ ਨਫ਼ਰਤ ਅਤੇ ਕੱਟੜਤਾ ਦੇਖ ਕੇ ਮੈਂ ਹੈਰਾਨ ਰਹਿ ਗਈ। ਅਸਲ ਵਿਚ ਮੇਰੇ ਹੋਸ਼ ਟਿਕਾਣੇ ਆ ਗਏ। ਮੈਨੂੰ ਉਹ ਗੱਲਾਂ ਯਾਦ ਆਈਆਂ ਜਿਹੜੀਆਂ ਮੇਰੀ ਮਾਂ ਨੇ ਮੈਨੂੰ ਬਾਈਬਲ ਤੋਂ ਸਿਖਾਈਆਂ ਸਨ। ਮੈਨੂੰ ਪਤਾ ਸੀ ਕਿ ਪਰਮੇਸ਼ੁਰ ਉਨ੍ਹਾਂ ਨੂੰ ਕਬੂਲ ਨਹੀਂ ਕਰਦਾ ਜਿਹੜੇ ਉਸ ਦੇ ਅਸੂਲਾਂ ਉੱਤੇ ਨਹੀਂ ਚੱਲਦੇ। ਫਿਰ ਮੈਂ ਸੋਚਿਆ ਕਿ ਮੈਂ ਵੀ ਆਪਣੇ ਹੀ ਕੰਮਾਂ ਵਿਚ ਰੁੱਝੀ ਹੋਈ ਹਾਂ ਤੇ ਪਰਮੇਸ਼ੁਰ ਦੇ ਅਸੂਲਾਂ ਉੱਤੇ ਨਹੀਂ ਚੱਲ ਰਹੀ। ਮੈਂ ਠਾਣ ਲਿਆ ਕਿ ਸਕਾਟਲੈਂਡ ਵਾਪਸ ਜਾ ਕੇ ਮੈਂ ਬਾਈਬਲ ਦੀ ਸਿੱਖਿਆ ਦੀ ਚੰਗੀ ਤਰ੍ਹਾਂ ਜਾਂਚ ਕਰਾਂਗੀ।

ਮੇਰੀ ਜ਼ਿੰਦਗੀ ’ਤੇ ਬਾਈਬਲ ਦਾ ਅਸਰ: ਜਦ ਮੈਂ ਹਾਰਡਗੇਟ ਵਿਚ ਯਹੋਵਾਹ ਦੇ ਗਵਾਹਾਂ ਦੀ ਮੀਟਿੰਗ ਵਿਚ ਪਹਿਲੀ ਵਾਰ ਵਾਪਸ ਗਈ, ਤਾਂ ਮੈਂ ਪਰੇਸ਼ਾਨ ਤੇ ਘਬਰਾਈ ਹੋਈ ਸੀ। ਪਰ ਸਾਰਿਆਂ ਨੇ ਮੇਰਾ ਸੁਆਗਤ ਕੀਤਾ। ਜਿੱਦਾਂ-ਜਿੱਦਾਂ ਮੈਂ ਬਾਈਬਲ ਵਿੱਚੋਂ ਗੱਲਾਂ ਲਾਗੂ ਕਰਨ ਲੱਗੀ, ਤਾਂ ਕਲੀਸਿਯਾ ਦੀ ਇਕ ਭੈਣ ਨੇ ਪਿਆਰ ਨਾਲ ਮੇਰਾ ਖ਼ਿਆਲ ਰੱਖਿਆ ਤੇ ਕਲੀਸਿਯਾ ਦਾ ਹਿੱਸਾ ਬਣਨ ਵਿਚ ਮੇਰੀ ਬਹੁਤ ਮਦਦ ਕੀਤੀ। ਮੇਰੇ ਪੁਰਾਣੇ ਦੋਸਤ ਨਾਈਟ ਕਲੱਬਾਂ ਨੂੰ ਜਾਣ ਲਈ ਮੈਨੂੰ ਬੁਲਾਉਂਦੇ ਰਹੇ, ਪਰ ਮੈਂ ਨਾਂਹ ਕੀਤੀ ਅਰ ਦੱਸਿਆ ਕਿ ਮੈਂ ਬਾਈਬਲ ਦੇ ਅਸੂਲਾਂ ਮੁਤਾਬਕ ਜੀਣਾ ਚਾਹੁੰਦੀ ਸੀ। ਅਖ਼ੀਰ ਵਿਚ ਉਨ੍ਹਾਂ ਨੇ ਮੇਰਾ ਪਿੱਛਾ ਛੱਡ ਦਿੱਤਾ।

ਪਹਿਲਾਂ ਮੈਂ ਸੋਚਦੀ ਸੀ ਕਿ ਬਾਈਬਲ ਸਿਰਫ਼ ਕਾਇਦੇ-ਕਾਨੂੰਨਾਂ ਵਾਲੀ ਕਿਤਾਬ ਹੈ। ਪਰ ਹੁਣ ਮੇਰੀ ਸੋਚ ਬਦਲ ਗਈ। ਮੈਂ ਦੇਖਣ ਲੱਗੀ ਕਿ ਜਿਨ੍ਹਾਂ ਲੋਕਾਂ ਬਾਰੇ ਬਾਈਬਲ ਸਾਨੂੰ ਦੱਸਦੀ ਹੈ ਉਹ ਮੇਰੇ ਵਰਗੇ ਹੀ ਸਨ। ਉਨ੍ਹਾਂ ਦੇ ਮੇਰੇ ਵਰਗੇ ਜਜ਼ਬਾਤ ਤੇ ਕਮੀਆਂ-ਕਮਜ਼ੋਰੀਆਂ ਸਨ। ਉਨ੍ਹਾਂ ਨੇ ਵੀ ਗ਼ਲਤੀਆਂ ਕੀਤੀਆਂ ਸਨ, ਪਰ ਯਹੋਵਾਹ ਪਰਮੇਸ਼ੁਰ ਨੇ ਉਨ੍ਹਾਂ ਨੂੰ ਮਾਫ਼ ਕੀਤਾ ਕਿਉਂਕਿ ਉਨ੍ਹਾਂ ਨੇ ਦਿਲੋਂ ਤੋਬਾ ਕੀਤੀ। ਮੈਨੂੰ ਵੀ ਯਕੀਨ ਹੋਇਆ ਕਿ ਭਾਵੇਂ ਮੈਂ ਜਵਾਨੀ ਵਿਚ ਪਰਮੇਸ਼ੁਰ ਤੋਂ ਆਪਣਾ ਮੂੰਹ ਮੋੜ ਲਿਆ ਸੀ, ਪਰ ਉਹ ਮੈਨੂੰ ਮਾਫ਼ ਕਰ ਦੇਵੇਗਾ ਤੇ ਮੇਰੀਆਂ ਗ਼ਲਤੀਆਂ ਭੁੱਲ ਜਾਵੇਗਾ ਜੇ ਮੈਂ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਾਂ।

ਮੇਰੀ ਮਾਂ ਦੀ ਮਿਸਾਲ ਤੋਂ ਵੀ ਮੈਨੂੰ ਬਹੁਤ ਹੌਸਲਾ ਮਿਲਿਆ। ਭਾਵੇਂ ਮੈਂ ਪਰਮੇਸ਼ੁਰ ਦੀ ਸੇਵਾ ਕਰਨੀ ਛੱਡ ਦਿੱਤੀ ਸੀ, ਪਰ ਉਸ ਨੇ ਪਰਮੇਸ਼ੁਰ ਦਾ ਲੜ ਕਦੇ ਨਹੀਂ ਛੱਡਿਆ। ਉਹ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੀ ਰਹੀ ਤੇ ਉਸ ਦੀ ਮਿਸਾਲ ਤੋਂ ਮੈਨੂੰ ਪਤਾ ਲੱਗਾ ਕਿ ਯਹੋਵਾਹ ਦੀ ਸੇਵਾ ਕਰਨ ਨਾਲ ਮੈਨੂੰ ਵੀ ਬਰਕਤਾਂ ਮਿਲਣਗੀਆਂ। ਜਦ ਮੈਂ ਛੋਟੀ ਹੁੰਦੀ ਸੀ ਅਤੇ ਆਪਣੀ ਮਾਂ ਨਾਲ ਘਰ-ਘਰ ਪ੍ਰਚਾਰ ਕਰਨ ਜਾਂਦੀ ਸੀ, ਤਾਂ ਮੈਨੂੰ ਚੰਗਾ ਨਹੀਂ ਸੀ ਲੱਗਦਾ। ਘੰਟਿਆਂ-ਬੱਧੀ ਪ੍ਰਚਾਰ ਕਰਨਾ ਤਾਂ ਦੂਰ ਦੀ ਗੱਲ ਸੀ! ਪਰ ਹੁਣ ਮੈਂ ਦੇਖਣਾ ਚਾਹੁੰਦੀ ਸੀ ਕਿ ਮੱਤੀ 6:31-33 ਵਿਚ ਯਿਸੂ ਦੀ ਗੱਲ ਸੱਚ ਹੈ ਕਿ ਨਹੀਂ। ਉਸ ਨੇ ਕਿਹਾ: “ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ? ਯਾ ਕੀ ਪੀਵਾਂਗੇ? ਯਾ ਕੀ ਪਹਿਨਾਂਗੇ? . . . ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ। ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” ਇਸ ਤੋਂ ਥੋੜ੍ਹੀ ਦੇਰ ਬਾਅਦ ਮੈਂ ਬਪਤਿਸਮਾ ਲਿਆ ਅਤੇ ਆਪਣੀ ਫੁੱਲ-ਟਾਈਮ ਨੌਕਰੀ ਛੱਡ ਕੇ ਪਾਰਟ-ਟਾਈਮ ਨੌਕਰੀ ਲੱਭ ਲਈ ਤਾਂਕਿ ਮੈਂ ਫੁੱਲ-ਟਾਈਮ ਪ੍ਰਚਾਰਕ ਬਣ ਸਕਾਂ।

ਅੱਜ ਮੇਰੀ ਜ਼ਿੰਦਗੀ: ਜਦ ਮੈਂ ਛੋਟੀ ਸੀ ਅਤੇ ਸਿਰਫ਼ ਜ਼ਿੰਦਗੀ ਦਾ ਮਜ਼ਾ ਲੈਣ ਲਈ ਜੀਉਂਦੀ ਸੀ, ਤਾਂ ਮੇਰੀ ਜ਼ਿੰਦਗੀ ਖਾਲੀ-ਖਾਲੀ ਲੱਗਦੀ ਸੀ। ਪਰ ਹੁਣ ਮੈਂ ਯਹੋਵਾਹ ਦੀ ਸੇਵਾ ਵਿਚ ਰੁੱਝੀ ਰਹਿੰਦੀ ਹਾਂ ਅਤੇ ਮੈਂ ਬਹੁਤ ਖ਼ੁਸ਼ ਹਾਂ। ਮੇਰਾ ਵਿਆਹ ਵੀ ਹੋ ਗਿਆ ਅਤੇ ਮੈਂ ਹੁਣ ਆਪਣੇ ਪਤੀ ਨਾਲ ਹਰ ਹਫ਼ਤੇ ਯਹੋਵਾਹ ਦੇ ਗਵਾਹਾਂ ਦੀਆਂ ਵੱਖੋ-ਵੱਖਰੀਆਂ ਕਲੀਸਿਯਾਵਾਂ ਨੂੰ ਜਾ ਕੇ ਭੈਣਾਂ-ਭਰਾਵਾਂ ਦੀ ਮਦਦ ਕਰਦੀ ਹਾਂ। ਮੇਰੇ ਖ਼ਿਆਲ ਵਿਚ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਹੈ! ਮੈਂ ਰੱਬ ਦਾ ਸ਼ੁਕਰ ਕਰਦੀ ਹਾਂ ਕਿ ਉਸ ਨੇ ਮੈਨੂੰ ਨਵੇਂ ਸਿਰਿਓਂ ਉਸ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। (w09-E 11/01)

[ਸਫ਼ਾ 29 ਉੱਤੇ ਸੁਰਖੀ]

“ਸਾਡੀ ਪਹਿਲੀ ਮੁਲਾਕਾਤ ਤੋਂ ਬਾਅਦ ਹੀ ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਇਸੇ ਗਿਆਨ ਦੀ ਤਲਾਸ਼ ਸੀ। ਪਰ ਉਸ ਵੇਲੇ ਮੈਨੂੰ ਨਹੀਂ ਲੱਗਾ ਕਿ ਮੈਨੂੰ ਆਪਣੇ ਤੌਰ-ਤਰੀਕੇ ਬਦਲਣ ਦੀ ਕੋਈ ਲੋੜ ਸੀ”

[ਸਫ਼ਾ 31 ਉੱਤੇ ਸੁਰਖੀ]

“ਮੈਂ ਆਪਣੀ ਤਾਕਤ ਨਾਲ ਸਿਗਰਟਾਂ ਪੀਣੀਆਂ ਨਹੀਂ ਛੱਡ ਸਕਿਆ। ਪਰ ਯਹੋਵਾਹ ਪਰਮੇਸ਼ੁਰ ਅੱਗੇ ਮਿੰਨਤਾਂ ਕਰ ਕੇ ਤੇ ਉਸ ਦਾ ਸਹਾਰਾ ਲੈ ਕੇ ਮੈਂ ਇਹ ਆਦਤ ਛੱਡ ਸਕਿਆ”

[ਸਫ਼ਾ 32 ਉੱਤੇ ਸੁਰਖੀ]

“ਪਹਿਲਾਂ ਮੈਂ ਸੋਚਦੀ ਸੀ ਕਿ ਬਾਈਬਲ ਸਿਰਫ਼ ਕਾਇਦੇ-ਕਾਨੂੰਨਾਂ ਵਾਲੀ ਕਿਤਾਬ ਹੈ। ਪਰ ਹੁਣ ਮੇਰੀ ਸੋਚ ਬਦਲ ਗਈ। ਮੈਂ ਦੇਖਣ ਲੱਗੀ ਕਿ ਜਿਨ੍ਹਾਂ ਲੋਕਾਂ ਬਾਰੇ ਬਾਈਬਲ ਸਾਨੂੰ ਦੱਸਦੀ ਹੈ ਉਹ ਮੇਰੇ ਵਰਗੇ ਹੀ ਸਨ। ਉਨ੍ਹਾਂ ਦੇ ਮੇਰੇ ਵਰਗੇ ਜਜ਼ਬਾਤ ਤੇ ਕਮੀਆਂ-ਕਮਜ਼ੋਰੀਆਂ ਸਨ”