Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਨਵੇਂ-ਨਵੇਂ ਵਿਆਹ ਦੀਆਂ ਮੁਸ਼ਕਲਾਂ ਪਾਰ ਕਰਨੀਆਂ

ਨਵੇਂ-ਨਵੇਂ ਵਿਆਹ ਦੀਆਂ ਮੁਸ਼ਕਲਾਂ ਪਾਰ ਕਰਨੀਆਂ

ਪਤੀ: “ਮੈਨੂੰ ਹੈਰਾਨੀ ਹੁੰਦੀ ਹੈ ਕਿ ਮੇਰੇ ਤੇ ਮੇਰੀ ਪਤਨੀ ਵਿਚ ਕਿੰਨਾ ਫ਼ਰਕ ਹੈ! ਮਿਸਾਲ ਵਜੋਂ, ਮੈਂ ਸਵੇਰੇ ਜਲਦੀ ਉੱਠਦਾ ਹਾਂ, ਪਰ ਉਹ ਰਾਤ ਨੂੰ ਦੇਰ ਨਾਲ ਸੋਂਦੀ ਹੈ। ਉਹ ਦੇ ਮੂਡ ਨੂੰ ਸਮਝਣਾ ਤਾਂ ਮੇਰੇ ਵੱਸ ਤੋਂ ਬਾਹਰ ਹੈ! ਇਸ ਤੋਂ ਇਲਾਵਾ ਮੈਂ ਜਦੋਂ ਖਾਣਾ ਬਣਾਉਂਦਾ ਹਾਂ, ਤਾਂ ਹਰ ਵੇਲੇ ਉਹ ਮੇਰੇ ਵਿਚ ਨੁਕਸਾਂ ਕੱਢਦੀ ਹੈ, ਖ਼ਾਸਕਰ ਜਦ ਮੈਂ ਆਪਣੇ ਹੱਥ ਭਾਂਡੇ ਸਾਫ਼ ਕਰਨ ਵਾਲੇ ਕੱਪੜੇ ਨਾਲ ਪੂੰਝਦਾ ਹਾਂ।”

ਪਤਨੀ: “ਮੇਰੇ ਪਤੀ ਜ਼ਿਆਦਾਤਰ ਚੁੱਪ ਰਹਿੰਦੇ ਹਨ। ਪਰ ਮੇਰਾ ਪਰਿਵਾਰ ਚੁੱਪ ਰਹਿਣ ਵਾਲਾ ਨਹੀਂ। ਅਸੀਂ ਸਾਰੇ ਬਹੁਤ ਗੱਲਾਂ ਕਰਦੇ ਹਾਂ, ਰੋਟੀ ਖਾਣ ਵੇਲੇ ਵੀ। ਜਦ ਮੇਰੇ ਪਤੀ ਖਾਣਾ ਬਣਾਉਂਦੇ ਹਨ, ਤਾਂ ਉਹ ਭਾਂਡੇ ਸਾਫ਼ ਕਰਨ ਵਾਲੇ ਕੱਪੜੇ ਨਾਲ ਹੀ ਹੱਥ ਪੂੰਝ ਲੈਂਦੇ ਹਨ। ਇਸ ਤੋਂ ਮੈਨੂੰ ਬੜੀ ਖਿੱਝ ਆਉਂਦੀ ਹੈ! ਆਦਮੀਆਂ ਨੂੰ ਸਮਝਣਾ ਇੰਨਾ ਔਖਾ ਕਿਉਂ ਹੈ? ਲੋਕੀਂ ਵਿਆਹ ਤੋਂ ਬਾਅਦ ਇਕ-ਦੂਜੇ ਨਾਲ ਕਿੱਦਾਂ ਖ਼ੁਸ਼ ਰਹਿੰਦੇ ਹਨ?”

ਜੇ ਤੁਹਾਡਾ ਨਵਾਂ-ਨਵਾਂ ਵਿਆਹ ਹੋਇਆ ਹੈ, ਤਾਂ ਕੀ ਤੁਸੀਂ ਵੀ ਅਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਰਹੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਾਥੀ ਵਿਚ ਅਚਾਨਕ ਕਈ ਕਮੀਆਂ ਤੇ ਆਦਤਾਂ ਆ ਗਈਆਂ ਹਨ ਜੋ ਵਿਆਹ ਤੋਂ ਪਹਿਲਾਂ ਨਹੀਂ ਸਨ? ਬਾਈਬਲ ਕਹਿੰਦੀ ਹੈ: “ਜਿਹੜੇ ਮਨੁੱਖ ਵਿਆਹ ਕਰਵਾਉਂਦੇ ਹਨ ਉਨ੍ਹਾਂ ਨੂੰ ਜੀਵਨ ਵਿਚ ਮੁਸ਼ਕਲਾਂ ਪੇਸ਼ ਆਉਣਗੀਆਂ।” ਪਰ ਤੁਸੀਂ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਿਵੇਂ ਲੱਭ ਸਕਦੇ ਹੋ?—1 ਕੁਰਿੰਥੀਆਂ 7:28, ERV.

ਪਹਿਲੀ ਗੱਲ, ਇਹ ਨਾ ਸੋਚੋ ਕਿ ਜੀਵਨ ਭਰ ਸਾਥ ਨਿਭਾਉਣ ਦੀਆਂ ਕਸਮਾਂ ਖਾਣ ਨਾਲ ਹੀ ਤੁਹਾਡੀ ਵਿਆਹੁਤਾ ਜ਼ਿੰਦਗੀ ਵਧੀਆ ਹੋ ਜਾਵੇਗੀ। ਕੁਆਰੇ ਹੁੰਦੇ ਹੋਏ ਤੁਸੀਂ ਸ਼ਾਇਦ ਦੂਜਿਆਂ ਤੇ ਆਪਣੇ ਹੋਣ ਵਾਲੇ ਸਾਥੀ ਨਾਲ ਤਮੀਜ਼ ਨਾਲ ਪੇਸ਼ ਆਉਣਾ ਸਿੱਖਿਆ ਸੀ। ਪਰ ਵਿਆਹ ਕਰਾਉਣ ਤੋਂ ਬਾਅਦ ਤੁਹਾਨੂੰ ਸਲੀਕੇ ਨਾਲ ਪੇਸ਼ ਆਉਣਾ ਸਿੱਖਦੇ ਰਹਿਣਾ ਪਵੇਗਾ। ਸ਼ਾਇਦ ਤੁਹਾਡੇ ਤੋਂ ਗ਼ਲਤੀਆਂ ਵੀ ਹੋਣ। ਪਰ ਹਿੰਮਤ ਨਾ ਹਾਰੋ, ਤੁਸੀਂ ਆਪਣੇ ਵਿਆਹ ਵਿਚ ਕਾਮਯਾਬ ਹੋ ਸਕਦੇ ਹੋ!

ਕਿਸੇ ਵੀ ਕੰਮ ਵਿਚ ਕਾਮਯਾਬ ਹੋਣ ਲਈ ਜ਼ਰੂਰੀ ਹੈ ਕਿ ਅਸੀਂ ਉਸ ਬਾਰੇ ਕਿਸੇ ਮਾਹਰ ਵਿਅਕਤੀ ਤੋਂ ਸਲਾਹ ਲਈਏ ਤੇ ਫਿਰ ਉਸ ਮੁਤਾਬਕ ਚੱਲੀਏ। ਵਿਆਹੁਤਾ ਜ਼ਿੰਦਗੀ ਨੂੰ ਕਾਮਯਾਬ ਬਣਾਉਣ ਦੀ ਸਲਾਹ ਦੇਣ ਵਾਲਾ ਸਭ ਤੋਂ ਵੱਡਾ ਮਾਹਰ ਯਹੋਵਾਹ ਪਰਮੇਸ਼ੁਰ ਹੈ। ਆਖ਼ਰ ਉਸ ਨੇ ਹੀ ਸਾਨੂੰ ਵਿਆਹ ਕਰਾਉਣ ਦੀ ਇੱਛਾ ਨਾਲ ਬਣਾਇਆ ਹੈ। (ਉਤਪਤ 2:22-24) ਗੌਰ ਕਰੋ ਕਿ ਉਸ ਦੇ ਬਚਨ ਬਾਈਬਲ ਵਿਚ ਮੁਸ਼ਕਲਾਂ ਨੂੰ ਪਾਰ ਕਰਨ ਦੀ ਸਭ ਤੋਂ ਵਧੀਆ ਸਲਾਹ ਦਿੱਤੀ ਗਈ ਹੈ। ਇਸ ਦੀਆਂ ਨਸੀਹਤਾਂ ਤੁਹਾਡੇ ਵਿਆਹ ਦੇ ਪਹਿਲੇ ਸਾਲ ਨੂੰ ਹੀ ਨਹੀਂ, ਸਗੋਂ ਉਮਰ ਭਰ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਰ ਸਕਦੀਆਂ ਹਨ।

ਨਸੀਹਤ 1. ਦੋਵੇਂ ਮਿਲ ਕੇ ਸਲਾਹ-ਮਸ਼ਵਰਾ ਕਰਨਾ ਸਿੱਖੋ

ਮੁਸ਼ਕਲਾਂ ਕੀ ਹਨ? ਜਪਾਨ ਵਿਚ ਰਹਿਣ ਵਾਲਾ ਕੀਜੀ, * ਕਈ ਵਾਰ ਭੁੱਲ ਜਾਂਦਾ ਸੀ ਕਿ ਉਸ ਦੇ ਫ਼ੈਸਲਿਆਂ ਦਾ ਅਸਰ ਉਸ ਦੀ ਪਤਨੀ ’ਤੇ ਵੀ ਪੈਂਦਾ ਸੀ। ਉਹ ਕਹਿੰਦਾ ਹੈ: “ਜਦ ਲੋਕ ਸਾਨੂੰ ਆਪਣੇ ਘਰ ਬੁਲਾਉਂਦੇ ਸਨ, ਤਾਂ ਮੈਂ ਆਪਣੀ ਪਤਨੀ ਨੂੰ ਬਿਨਾਂ ਪੁੱਛੇ ਹੀ ਹਾਂ ਕਰ ਦਿੰਦਾ ਸੀ। ਬਾਅਦ ਵਿਚ ਮੈਨੂੰ ਪਤਾ ਲੱਗਦਾ ਸੀ ਕਿ ਉਸ ਲਈ ਜਾਣਾ ਔਖਾ ਸੀ।” ਆਸਟ੍ਰੇਲੀਆ ਦਾ ਰਹਿਣ ਵਾਲਾ ਐਲਨ ਕਹਿੰਦਾ ਹੈ: “ਮੈਂ ਮਰਦ ਹਾਂ, ਇਸ ਲਈ ਮੈਂ ਘਰਵਾਲੀ ਦੀ ਸਲਾਹ ਲੈਣੀ ਜ਼ਰੂਰੀ ਨਹੀਂ ਸਮਝਦਾ ਸੀ।” ਉਸ ਦੇ ਪਿਛੋਕੜ ਕਰਕੇ ਇਹ ਉਸ ਲਈ ਵੱਡੀ ਮੁਸ਼ਕਲ ਸੀ। ਇੰਗਲੈਂਡ ਤੋਂ ਡਾਇਐਨ ਦੀ ਵੀ ਹਾਲਤ ਇਹੋ ਜਿਹੀ ਸੀ। ਉਹ ਸਮਝਾਉਂਦੀ ਹੈ: “ਮੈਂ ਹਮੇਸ਼ਾ ਆਪਣੇ ਪਰਿਵਾਰ ਤੋਂ ਸਲਾਹ ਲੈਂਦੀ ਸੀ। ਇਸ ਲਈ ਪਹਿਲਾਂ-ਪਹਿਲਾਂ ਆਪਣੇ ਪਤੀ ਨਾਲ ਸਲਾਹ-ਮਸ਼ਵਰਾ ਕਰਨ ਦੀ ਬਜਾਇ ਮੈਂ ਕੋਈ ਵੀ ਫ਼ੈਸਲਾ ਕਰਨ ਲਈ ਉਨ੍ਹਾਂ ਕੋਲ ਹੀ ਜਾਂਦੀ ਸੀ।”

 

ਹੱਲ ਕੀ ਹੈ? ਯਾਦ ਰੱਖੋ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਪਤੀ-ਪਤਨੀ “ਇੱਕ ਸਰੀਰ” ਹਨ। (ਮੱਤੀ 19:3-6) ਉਸ ਦੀਆਂ ਨਜ਼ਰਾਂ ਵਿਚ ਸਾਰੇ ਰਿਸ਼ਤਿਆਂ ਤੋਂ ਵੱਧ ਕੇ ਪਤੀ-ਪਤਨੀ ਦਾ ਰਿਸ਼ਤਾ ਸਭ ਤੋਂ ਅਹਿਮੀਅਤ ਰੱਖਦਾ ਹੈ। ਇਸ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਵਾਸਤੇ ਜ਼ਰੂਰੀ ਹੈ ਕਿ ਦੋਵੇਂ ਜਣੇ ਆਪਸ ਵਿਚ ਖੁੱਲ੍ਹ ਕੇ ਗੱਲਬਾਤ ਕਰਨ।

 

ਯਹੋਵਾਹ ਪਰਮੇਸ਼ੁਰ ਨੇ ਜਿਸ ਤਰੀਕੇ ਨਾਲ ਅਬਰਾਹਾਮ ਨਾਲ ਗੱਲ ਕੀਤੀ, ਉਸ ਤੋਂ ਪਤੀ-ਪਤਨੀ ਬਹੁਤ ਕੁਝ ਸਿੱਖ ਸਕਦੇ ਹਨ। ਮਿਸਾਲ ਵਜੋਂ, ਉਤਪਤ 18:17-33 ਪੜ੍ਹ ਕੇ ਦੇਖੋ। ਧਿਆਨ ਦਿਓ ਕਿ ਪਰਮੇਸ਼ੁਰ ਨੇ ਤਿੰਨ ਤਰੀਕਿਆਂ ਨਾਲ ਅਬਰਾਹਾਮ ਦਾ ਆਦਰ ਕੀਤਾ। (1) ਯਹੋਵਾਹ ਨੇ ਸਮਝਾਇਆ ਕਿ ਉਹ ਕੀ ਕਰਨ ਵਾਲਾ ਸੀ। (2) ਉਸ ਨੇ ਅਬਰਾਹਾਮ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ। (3) ਜਿੱਥੋਂ ਤਕ ਹੋ ਸਕਿਆ, ਯਹੋਵਾਹ ਨੇ ਅਬਰਾਹਾਮ ਦੀਆਂ ਗੱਲਾਂ ਮੁਤਾਬਕ ਆਪਣੇ ਫ਼ੈਸਲੇ ਨੂੰ ਬਦਲਿਆ। ਤੁਸੀਂ ਆਪਣੇ ਸਾਥੀ ਨਾਲ ਗੱਲ ਕਰਦੇ ਸਮੇਂ ਯਹੋਵਾਹ ਦੀ ਰੀਸ ਕਿਵੇਂ ਕਰ ਸਕਦੇ ਹੋ?

ਸੁਝਾਅ: ਅਜਿਹੀ ਗੱਲਬਾਤ ਕਰਦੇ ਸਮੇਂ ਜਿਸ ਦਾ ਤੁਹਾਡੇ ਸਾਥੀ ’ਤੇ ਅਸਰ ਪਵੇਗਾ (1) ਸਮਝਾਓ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਪਰ ਆਖ਼ਰੀ ਫ਼ੈਸਲਾ ਸੁਣਾਉਣ ਦੀ ਬਜਾਇ ਸਿਰਫ਼ ਆਪਣੀ ਰਾਇ ਦਿਓ; (2) ਆਪਣੇ ਸਾਥੀ ਨੂੰ ਉਸ ਦੇ ਵਿਚਾਰ ਪੁੱਛੋ ਅਤੇ ਯਾਦ ਰੱਖੋ ਕਿ ਉਸ ਦੇ ਵਿਚਾਰ ਤੁਹਾਡੇ ਨਾਲੋਂ ਵੱਖਰੇ ਹੋ ਸਕਦੇ ਹਨ; ਅਤੇ (3) ਆਪਣੀ ਹੀ ਗੱਲ ’ਤੇ ਨਾ ਅੜੇ ਰਹੋ, ਪਰ ਜਿੱਥੇ ਹੋ ਸਕੇ ਆਪਣੇ ਸਾਥੀ ਦੀ ਪਸੰਦ ਨੂੰ ਪਹਿਲ ਦਿਓ।

ਨਸੀਹਤ 2. ਤਮੀਜ਼ ਨਾਲ ਪੇਸ਼ ਆਉਣਾ ਸਿੱਖੋ

ਮੁਸ਼ਕਲ ਕੀ ਹੈ? ਹੋ ਸਕਦਾ ਹੈ ਕਿ ਤੁਸੀਂ ਅਜਿਹੇ ਪਰਿਵਾਰ ਜਾਂ ਸਭਿਆਚਾਰ ਤੋਂ ਹੋ ਜਿੱਥੇ ਲੋਕ ਬਿਨਾਂ ਡਰੇ ਆਪਣੀ ਰਾਇ ਦਿੰਦੇ ਹਨ ਅਤੇ ਸ਼ਾਇਦ ਮੂੰਹਫਟ ਹਨ। ਮਿਸਾਲ ਲਈ, ਲੀਅਮ, ਜੋ ਯੂਰਪ ਵਿਚ ਰਹਿੰਦਾ ਹੈ, ਕਹਿੰਦਾ ਹੈ: “ਸਾਡੇ ਦੇਸ਼ ਵਿਚ ਲੋਕ ਮੂੰਹ ’ਤੇ ਗੱਲ ਕਹਿ ਦਿੰਦੇ ਹਨ। ਮੇਰੀ ਵੀ ਇਹੀ ਆਦਤ ਸੀ ਤੇ ਕਈ ਵਾਰ ਮੇਰੀ ਪਤਨੀ ਨੂੰ ਠੇਸ ਪਹੁੰਚਦੀ ਸੀ। ਮੈਨੂੰ ਨਰਮਾਈ ਨਾਲ ਆਪਣੀ ਗੱਲ ਕਹਿਣੀ ਸਿੱਖਣੀ ਪਈ ਸੀ।”

 

ਹੱਲ ਕੀ ਹੈ? ਇਹ ਨਾ ਸੋਚੋ ਕਿ ਤੁਸੀਂ ਆਪਣੇ ਸਾਥੀ ਨਾਲ ਉਸ ਤਰ੍ਹਾਂ ਗੱਲ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਡਾ ਪਰਿਵਾਰ ਤੁਹਾਡੇ ਨਾਲ ਬੋਲਦਾ ਹੈ। (ਫ਼ਿਲਿੱਪੀਆਂ 2:3, 4) ਪੌਲੁਸ ਰਸੂਲ ਨੇ ਜਿਹੜੀ ਸਲਾਹ ਇਕ ਮਿਸ਼ਨਰੀ ਨੂੰ ਦਿੱਤੀ ਸੀ, ਉਹੀ ਸਲਾਹ ਨਵੇਂ ਵਿਆਹੇ ਜੋੜਿਆਂ ਦੇ ਕੰਮ ਆ ਸਕਦੀ ਹੈ। ਉਸ ਨੇ ਲਿਖਿਆ: “ਇਹ ਜੋਗ ਨਹੀਂ ਹੈ ਜੋ ਪ੍ਰਭੁ ਦਾ ਦਾਸ ਝਗੜਾ ਕਰੇ ਸਗੋਂ ਸਭਨਾਂ ਨਾਲ ਅਸੀਲ . . . ਹੋਵੇ।” ਯੂਨਾਨੀ ਭਾਸ਼ਾ ਵਿਚ ਜਿਸ ਸ਼ਬਦ ਦਾ ਤਰਜਮਾ “ਅਸੀਲ” ਕੀਤਾ ਗਿਆ ਹੈ ਉਸ ਦਾ ਮਤਲਬ ਸੋਚ-ਸਮਝ ਕੇ ਤੇ ਤਮੀਜ਼ ਨਾਲ ਬੋਲਣਾ ਵੀ ਹੋ ਸਕਦਾ ਹੈ। (2 ਤਿਮੋਥਿਉਸ 2:24) ਤਾਂ ਫਿਰ ਬੋਲਣ ਤੋਂ ਪਹਿਲਾਂ ਕਿਸੇ ਗੱਲ ਨੂੰ ਧਿਆਨ ਨਾਲ ਸੋਚ-ਸਮਝ ਕੇ ਕਹਿਣਾ ਚਾਹੀਦਾ ਹੈ ਅਤੇ ਉਹ ਵੀ ਬਿਨਾਂ ਕਿਸੇ ਨੂੰ ਠੇਸ ਪਹੁੰਚਾਏ।

 

ਸੁਝਾਅ:ਦੋਂ ਤੁਸੀਂ ਆਪਣੇ ਸਾਥੀ ਨਾਲ ਗੁੱਸੇ ਹੁੰਦੇ ਹੋ, ਤਾਂ ਕਲਪਨਾ ਕਰੋ ਕਿ ਉਸ ਨਾਲ ਗੱਲ ਕਰਨ ਦੀ ਬਜਾਇ ਤੁਸੀਂ ਕਿਸੇ ਚੰਗੇ ਦੋਸਤ ਜਾਂ ਆਪਣੇ ਬਾਸ ਨਾਲ ਗੱਲ ਕਰ ਰਹੇ ਹੋ। ਕੀ ਤੁਸੀਂ ਉਨ੍ਹਾਂ ਨਾਲ ਰੁੱਖੇ ਢੰਗ ਤੇ ਕੌੜੇ ਸ਼ਬਦਾਂ ਨਾਲ ਪੇਸ਼ ਆਓਗੇ? ਫਿਰ ਸੋਚੋ ਕਿ ਤੁਹਾਨੂੰ ਕਿਸੇ ਦੋਸਤ ਜਾਂ ਆਪਣੇ ਬਾਸ ਨਾਲੋਂ ਆਪਣੇ ਸਾਥੀ ਨਾਲ ਕਿਤੇ ਜ਼ਿਆਦਾ ਸੋਚ-ਸਮਝ ਕੇ ਤੇ ਆਦਰ ਨਾਲ ਕਿਉਂ ਗੱਲ ਕਰਨੀ ਚਾਹੀਦੀ ਹੈ।—ਕੁਲੁੱਸੀਆਂ 4:6.

ਨਸੀਹਤ 3. ਨਵੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸਿੱਖੋ

ਮੁਸ਼ਕਲ ਕੀ ਹੈ? ਪਹਿਲਾਂ-ਪਹਿਲਾਂ ਇਕ ਪਤੀ ਸ਼ਾਇਦ ਆਪਣੀ ਪਤਨੀ ਉੱਤੇ ਹੁਕਮ ਚਲਾਏ ਜਾਂ ਇਕ ਪਤਨੀ ਸ਼ਾਇਦ ਸੋਚ-ਸਮਝ ਕੇ ਗੱਲ ਨਾ ਕਰੇ। ਮਿਸਾਲ ਲਈ, ਇਟਲੀ ਵਿਚ ਰਹਿਣ ਵਾਲਾ ਐਨਟੋਨਿਓ ਕਹਿੰਦਾ ਹੈ: “ਮੇਰੇ ਪਿਤਾ ਨੇ ਮੇਰੀ ਮਾਂ ਨੂੰ ਕਦੀ ਵੀ ਪੁੱਛ ਕੇ ਫ਼ੈਸਲੇ ਨਹੀਂ ਕੀਤੇ। ਸ਼ੁਰੂ-ਸ਼ੁਰੂ ’ਚ ਮੈਂ ਵੀ ਆਪਣੇ ਘਰ ਦਿਆਂ ’ਤੇ ਹੁਕਮ ਚਲਾਉਣਾ ਸ਼ੁਰੂ ਕਰ ਦਿੱਤਾ।” ਡੈੱਬੀ ਕੈਨੇਡਾ ਤੋਂ ਹੈ ਤੇ ਉਹ ਕਹਿੰਦੀ ਹੈ: “ਮੈਂ ਹਮੇਸ਼ਾ ਆਪਣੇ ਘਰ ਵਾਲੇ ਤੇ ਹੁਕਮ ਚਲਾਉਂਦੀ ਸੀ ਕਿ ਉਹ ਘਰ ਵਿਚ ਖਿਲਾਰਾ ਨਾ ਪਾਵੇ। ਮੈਂ ਜਿੰਨਾ ਜ਼ਿਆਦਾ ਕਹਿੰਦੀ ਸੀ, ਉਹ ਉੱਨਾ ਜ਼ਿਆਦਾ ਜ਼ਿੱਦੀ ਬਣਦਾ ਜਾਂਦਾ ਸੀ।”

 

ਪਤੀ ਕੀ ਕਰ ਸਕਦਾ ਹੈ? ਪਤਨੀ ਦੀ ਅਧੀਨਗੀ ਬਾਰੇ ਬਾਈਬਲ ਜੋ ਕਹਿੰਦੀ ਹੈ, ਕਈ ਪਤੀ ਉਸ ਦਾ ਗ਼ਲਤ ਮਤਲਬ ਕੱਢਦੇ ਹਨ। ਉਹ ਸੋਚਦੇ ਹਨ ਕਿ ਜਿੱਦਾਂ ਬੱਚਿਆਂ ਨੂੰ ਮਾਪਿਆਂ ਦੇ ਕਹਿਣੇ ਵਿਚ ਰਹਿਣਾ ਚਾਹੀਦਾ ਹੈ ਉਸੇ ਤਰ੍ਹਾਂ ਪਤਨੀ ਨੂੰ ਵੀ ਪਤੀ ਦੇ ਕਹਿਣੇ ਵਿਚ ਰਹਿਣਾ ਚਾਹੀਦਾ ਹੈ। (ਕੁਲੁੱਸੀਆਂ 3:20; 1 ਪਤਰਸ 3:1) ਪਰ ਬਾਈਬਲ ਤਾਂ ਕਹਿੰਦੀ ਹੈ ਕਿ ਆਦਮੀ “ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ।” ਇਹ ਗੱਲ ਬੱਚੇ ਤੇ ਮਾਪਿਆਂ ਉੱਤੇ ਲਾਗੂ ਨਹੀਂ ਹੁੰਦੀ। (ਮੱਤੀ 19:5) ਯਹੋਵਾਹ ਸਮਝਾਉਂਦਾ ਹੈ ਕਿ ਪਤਨੀ ਆਪਣੇ ਪਤੀ ਦੀ ਸਹਾਇਕਣ ਹੈ। (ਉਤਪਤ 2:18) ਪਰ ਉਹ ਇਹ ਨਹੀਂ ਕਹਿੰਦਾ ਕਿ ਬੱਚੇ ਮਾਪਿਆਂ ਦੇ ਸਹਾਇਕ ਹਨ। ਤੁਸੀਂ ਕੀ ਸੋਚਦੇ ਹੋ? ਜੇ ਇਕ ਪਤੀ ਆਪਣੀ ਪਤਨੀ ਨੂੰ ਬੱਚਾ ਸਮਝੇ, ਤਾਂ ਕੀ ਉਹ ਵਿਆਹ ਦੇ ਇੰਤਜ਼ਾਮ ਦਾ ਆਦਰ ਕਰ ਰਿਹਾ ਹੈ?

 

ਅਸਲ ਵਿਚ ਪਰਮੇਸ਼ੁਰ ਦਾ ਬਚਨ ਤੁਹਾਨੂੰ ਤਾਕੀਦ ਕਰਦਾ ਹੈ ਕਿ ਤੁਸੀਂ ਆਪਣੀ ਪਤਨੀ ਨਾਲ ਉਸ ਤਰ੍ਹਾਂ ਸਲੂਕ ਕਰੋ ਜਿਸ ਤਰ੍ਹਾਂ ਯਿਸੂ ਕਲੀਸਿਯਾ ਨਾਲ ਸਲੂਕ ਕਰਦਾ ਹੈ। ਤੁਹਾਡੀ ਘਰਵਾਲੀ ਲਈ ਤੁਹਾਡੇ ਅਧੀਨ ਹੋਣਾ ਸੌਖਾ ਬਣ ਸਕਦਾ ਹੈ ਜੇ (1) ਤੁਸੀਂ ਇਹ ਉਮੀਦ ਨਾ ਰੱਖੋ ਕਿ ਉਹ ਇਕਦਮ ਤੇ ਬਿਨਾਂ ਗ਼ਲਤੀ ਕੀਤੇ ਤੁਹਾਡੇ ਅਧੀਨ ਰਹੇਗੀ ਅਤੇ (2) ਤੁਸੀਂ ਉਸ ਨੂੰ ਆਪਣੇ ਸਰੀਰ ਵਾਂਗ ਪਿਆਰ ਕਰੋਗੇ, ਮੁਸ਼ਕਲਾਂ ਵੇਲੇ ਵੀ।—ਅਫ਼ਸੀਆਂ 5:25-29.

ਪਤਨੀ ਕੀ ਕਰ ਸਕਦੀ ਹੈ? ਤੁਸੀਂ ਇਸ ਗੱਲ ਨੂੰ ਮੰਨੋ ਕਿ ਯਹੋਵਾਹ ਨੇ ਤੁਹਾਡੇ ਪਤੀ ਨੂੰ ਮੁਖੀਆ ਠਹਿਰਾਇਆ ਹੈ। (1 ਕੁਰਿੰਥੀਆਂ 11:3) ਜੇ ਤੁਸੀਂ ਉਸ ਦਾ ਆਦਰ ਕਰਦੇ ਹੋ, ਤਾਂ ਇਸ ਦਾ ਮਤਲਬ ਤੁਸੀਂ ਯਹੋਵਾਹ ਦਾ ਆਦਰ ਕਰਦੇ ਹੋ। ਜੇ ਤੁਸੀਂ ਉਸ ਦੇ ਅਧੀਨ ਨਹੀਂ ਰਹਿੰਦੇ, ਤਾਂ ਇਸ ਤੋਂ ਪਤਾ ਲੱਗੇਗਾ ਕਿ ਤੁਸੀਂ ਆਪਣੇ ਪਤੀ ਅਤੇ ਯਹੋਵਾਹ ਤੇ ਉਸ ਦੇ ਹੁਕਮਾਂ ਦਾ ਆਦਰ ਨਹੀਂ ਕਰਦੇ।—ਕੁਲੁੱਸੀਆਂ 3:18.

 

ਸਮੱਸਿਆਵਾਂ ਬਾਰੇ ਗੱਲ ਕਰਨ ਵੇਲੇ ਪਤੀ ਨਾਲ ਲੜਨ ਦੀ ਬਜਾਇ ਸਮੱਸਿਆ ਦਾ ਹੱਲ ਲੱਭੋ। ਮਿਸਾਲ ਲਈ, ਰਾਣੀ ਅਸਤਰ ਚਾਹੁੰਦੀ ਸੀ ਕਿ ਉਸ ਦਾ ਪਤੀ ਰਾਜਾ ਅਹਸਵੇਰੋਸ਼ ਇਕ ਮਾਮਲੇ ਦਾ ਸਹੀ ਇਨਸਾਫ਼ ਕਰੇ। ਆਪਣੇ ਪਤੀ ਵਿਚ ਗ਼ਲਤੀ ਕੱਢਣ ਦੀ ਬਜਾਇ ਉਸ ਨੇ ਅਕਲ ਤੋਂ ਕੰਮ ਲਿਆ। ਉਸ ਦੇ ਪਤੀ ਨੇ ਉਸ ਦੀ ਗੱਲ ਮੰਨੀ ਅਤੇ ਸਹੀ ਫ਼ੈਸਲਾ ਲਿਆ। (ਅਸਤਰ 7:1-4; 8:3-8) ਤੁਹਾਡਾ ਪਤੀ ਦਿਲੋਂ-ਜਾਨ ਨਾਲ ਤੁਹਾਨੂੰ ਪਿਆਰ ਕਰੇਗਾ ਜੇਕਰ (1) ਤੁਸੀਂ ਉਸ ਨੂੰ ਘਰ ਦੀ ਨਵੀਂ ਜ਼ਿੰਮੇਵਾਰੀ ਚੁੱਕਣੀ ਸਿੱਖਣ ਦਾ ਸਮਾਂ ਦਿਓ ਅਤੇ (2) ਜੇ ਉਸ ਕੋਲੋਂ ਕੋਈ ਗ਼ਲਤੀ ਹੁੰਦੀ ਹੈ, ਤਾਂ ਵੀ ਉਸ ਦਾ ਆਦਰ ਕਰੋ।—ਅਫ਼ਸੀਆਂ 5:33.

ਸੁਝਾਅ: ਸਿਰਫ਼ ਇਹ ਨਾ ਸੋਚੋ ਕਿ ਤੁਹਾਡੇ ਸਾਥੀ ਨੂੰ ਆਪਣਾ ਸੁਭਾਅ ਬਦਲਣਾ ਚਾਹੀਦਾ ਹੈ, ਪਰ ਇਹ ਸੋਚੋ ਕਿ ਤੁਹਾਨੂੰ ਆਪਣੇ ਵਿਚ ਕਿਹੜੀਆਂ ਤਬਦੀਲੀਆਂ ਕਰਨ ਦੀ ਲੋੜ ਹੈ ਤੇ ਇਨ੍ਹਾਂ ਦੀ ਲਿਸਟ ਬਣਾਓ। ਪਤੀਓ: ਜਦ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾ ਪਾਉਂਦੇ, ਤਾਂ ਪਤਨੀ ਕੋਲੋਂ ਸਲਾਹ ਮੰਗੋ ਕਿ ਤੁਸੀਂ ਖ਼ੁਦ ਨੂੰ ਕਿਵੇਂ ਸੁਧਾਰ ਸਕਦੇ ਹੋ ਅਤੇ ਉਸ ਦੀ ਸਲਾਹ ਨੂੰ ਲਿਖ ਲਓ। ਪਤਨੀਓ: ਜਦ ਤੁਹਾਡੇ ਪਤੀ ਨੂੰ ਲੱਗਦਾ ਹੈ ਕਿ ਉਸ ਦੀ ਇੱਜ਼ਤ ਨਹੀਂ ਕੀਤੀ ਜਾ ਰਹੀ, ਤਾਂ ਉਸ ਨੂੰ ਪੁੱਛੋ ਕਿ ਤੁਸੀਂ ਖ਼ੁਦ ਨੂੰ ਕਿਵੇਂ ਸੁਧਾਰ ਸਕਦੇ ਹੋ ਅਤੇ ਉਸ ਦੀ ਸਲਾਹ ’ਤੇ ਗੌਰ ਕਰੋ।

ਹੱਦੋਂ ਵੱਧ ਉਮੀਦਾਂ ਨਾ ਰੱਖੋ

ਜਦੋਂ ਇਕ ਇਨਸਾਨ ਪਹਿਲੀ ਵਾਰੀ ਸਾਈਕਲ ਚਲਾਉਣਾ ਸਿੱਖਦਾ ਹੈ, ਤਾਂ ਉਹ ਡਿੱਗਦਾ ਜ਼ਰੂਰ ਹੈ। ਪਰ ਉਹ ਹੌਲੀ-ਹੌਲੀ ਸਾਈਕਲ ਚਲਾਉਣਾ ਸਿੱਖ ਲੈਂਦਾ ਹੈ। ਇਸੇ ਤਰ੍ਹਾਂ ਸ਼ੁਰੂ-ਸ਼ੁਰੂ ਵਿਚ ਪਤੀ-ਪਤਨੀ ਕੋਲੋਂ ਗ਼ਲਤੀਆਂ ਹੋਣਗੀਆਂ। ਪਰ ਉਹ ਹੌਲੀ-ਹੌਲੀ ਵਿਆਹੁਤਾ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾਉਣਾ ਸਿੱਖ ਲੈਣਗੇ ਹਨ।

ਹੱਸਣਾ ਨਾ ਭੁੱਲੋ। ਆਪਣੇ ਸਾਥੀ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕਰੋ, ਪਰ ਆਪਣੀਆਂ ਗ਼ਲਤੀਆਂ ਉੱਤੇ ਹੱਸਣਾ ਸਿੱਖੋ। ਆਪਣੇ ਵਿਆਹ ਦੇ ਪਹਿਲੇ ਸਾਲ ਵਿਚ ਇਕ-ਦੂਜੇ ਨੂੰ ਖ਼ੁਸ਼ ਕਰਨ ਦੇ ਮੌਕੇ ਭਾਲੋ। (ਬਿਵਸਥਾ ਸਾਰ 24:5) ਸਭ ਤੋਂ ਵੱਧ ਪਰਮੇਸ਼ੁਰ ਦੇ ਬਚਨ ਦੀ ਸਲਾਹ ਉੱਤੇ ਚੱਲੋ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਆਉਣ ਵਾਲੇ ਸਾਲਾਂ ਵਿਚ ਤੁਹਾਡਾ ਰਿਸ਼ਤਾ ਹੋਰ ਵੀ ਪੱਕਾ ਹੁੰਦਾ ਜਾਵੇਗਾ। (w10-E 08/01)

^ ਪੈਰਾ 9 ਕੁਝ ਨਾਂ ਬਦਲੇ ਗਏ ਹਨ।

ਆਪਣੇ ਆਪ ਨੂੰ ਪੁੱਛੋ . . .

  • ਕੀ ਮੈਂ ਆਪਣੇ ਦਿਲ ਦੀਆਂ ਗੱਲਾਂ ਆਪਣੇ ਸਾਥੀ ਨਾਲ ਕਰਦਾ ਜਾਂ ਕਰਦੀ ਹਾਂ ਜਾਂ ਕਿ ਦੂਸਰਿਆਂ ਨਾਲ?

  • ਪਿੱਛਲੇ 24 ਘੰਟਿਆਂ ਵਿਚ ਮੈਂ ਅਜਿਹਾ ਕੀ ਕੀਤਾ ਹੈ ਜਿਸ ਤੋਂ ਮੇਰੇ ਸਾਥੀ ਲਈ ਮੇਰਾ ਪਿਆਰ ਤੇ ਆਦਰ ਜ਼ਾਹਰ ਹੋਇਆ ਹੈ?