Skip to content

Skip to table of contents

ਕੀ ਇਹ ਇਸ ਗੱਲ ਦਾ ਸਬੂਤ ਹਨ ਕਿ ਰੱਬ ਬੇਰਹਿਮ ਹੈ?

ਕੀ ਇਹ ਇਸ ਗੱਲ ਦਾ ਸਬੂਤ ਹਨ ਕਿ ਰੱਬ ਬੇਰਹਿਮ ਹੈ?

ਲੋਕੀ ਕੀ ਕਹਿੰਦੇ ਹਨ: “ਰੱਬ ਤੋਂ ਬਿਨਾਂ ਤਾਂ ਪੱਤਾ ਨਹੀਂ ਹਿਲਦਾ ਅਤੇ ਉਹੀ ਕੁਦਰਤੀ ਆਫ਼ਤਾਂ ਲਿਆਉਂਦਾ ਹੈ। ਇਸ ਕਰਕੇ ਉਹ ਬੇਰਹਿਮ ਹੀ ਹੋਣਾ।”

ਬਾਈਬਲ ਕੀ ਕਹਿੰਦੀ ਹੈ: “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ।” (1 ਯੂਹੰਨਾ 5:19) ਇਹ “ਦੁਸ਼ਟ” ਕੌਣ ਹੈ? ਬਾਈਬਲ ਉਸ ਨੂੰ ਸ਼ੈਤਾਨ ਕਹਿੰਦੀ ਹੈ। (ਮੱਤੀ 13:19; ਮਰਕੁਸ 4:15) ਕੀ ਇਹ ਮੰਨਣਾ ਔਖਾ ਹੈ? ਇਸ ਬਾਰੇ ਸੋਚੋ: ਦੁਨੀਆਂ ਸ਼ੈਤਾਨ ਦੇ ਕੰਟ੍ਰੋਲ ਵਿਚ ਹੈ। ਇਸ ਕਰਕੇ ਉਹ ਦੁਨੀਆਂ ਦੇ ਲੋਕਾਂ ਨੂੰ ਖ਼ੁਦਗਰਜ਼ ਤੇ ਲਾਲਚੀ ਬਣਾਉਂਦਾ ਹੈ ਅਤੇ ਲੋਕ ਉਸ ਵਾਂਗ ਆਉਣ ਵਾਲੇ ਕੱਲ੍ਹ ਬਾਰੇ ਨਹੀਂ ਸੋਚਦੇ। ਅਜਿਹੇ ਰਵੱਈਏ ਕਰਕੇ ਇਨਸਾਨ ਧਰਤੀ ਦੇ ਵਾਤਾਵਰਣ ਨੂੰ ਖ਼ਰਾਬ ਕਰੀ ਜਾ ਰਿਹਾ ਹੈ। ਬਹੁਤ ਸਾਰੇ ਮਾਹਰ ਕਹਿੰਦੇ ਹਨ ਕਿ ਵਾਤਾਵਰਣ ਦੇ ਖ਼ਰਾਬ ਹੋਣ ਕਰਕੇ ਕੁਦਰਤੀ ਆਫ਼ਤਾਂ ਆ ਸਕਦੀਆਂ ਹਨ, ਇਨ੍ਹਾਂ ਵਿਚ ਵਾਧਾ ਹੋ ਸਕਦਾ ਹੈ ਜਾਂ ਇਨ੍ਹਾਂ ਦਾ ਲੋਕਾਂ ਉੱਤੇ ਹੋਰ ਬੁਰਾ ਅਸਰ ਪੈ ਸਕਦਾ ਹੈ।

ਤਾਂ ਫਿਰ ਪਰਮੇਸ਼ੁਰ ਨੇ ਸ਼ੈਤਾਨ ਨੂੰ ਖੁੱਲ੍ਹੀ ਛੁੱਟੀ ਕਿਉਂ ਦਿੱਤੀ ਹੈ? ਇਨਸਾਨ ਦੇ ਇਤਿਹਾਸ ਦੇ ਸ਼ੁਰੂ ਵਿਚ ਜਾ ਕੇ ਹੀ ਸਾਨੂੰ ਇਸ ਦਾ ਜਵਾਬ ਮਿਲਦਾ ਹੈ। ਉਦੋਂ ਸਾਡੇ ਪਹਿਲੇ ਮਾਂ-ਬਾਪ ਨੇ ਪਰਮੇਸ਼ੁਰ ਤੋਂ ਮੂੰਹ ਮੋੜ ਲਿਆ ਸੀ ਅਤੇ ਅੱਜ ਤਕ ਵੀ ਲੋਕ ਆਮ ਕਰਕੇ ਉਨ੍ਹਾਂ ਦੀ ਰੀਸ ਕਰਦੇ ਆਏ ਹਨ। ਪਰਮੇਸ਼ੁਰ ਦੀ ਹਕੂਮਤ ਨੂੰ ਠੁਕਰਾ ਕੇ ਇਨਸਾਨ ਪਰਮੇਸ਼ੁਰ ਦੇ ਦੁਸ਼ਮਣ ਦੇ ਹੱਥ ਵਿਚ ਆ ਗਏ। ਇਸੇ ਲਈ ਯਿਸੂ ਨੇ ਸ਼ੈਤਾਨ ਨੂੰ “ਇਸ ਦੁਨੀਆਂ ਦਾ ਹਾਕਮ” ਕਿਹਾ ਸੀ। (ਯੂਹੰਨਾ 14:30) ਕੀ ਸ਼ੈਤਾਨ ਦਾ ਰਾਜ ਹਮੇਸ਼ਾ ਹੀ ਚੱਲਦਾ ਰਹੇਗਾ? ਬਿਲਕੁਲ ਨਹੀਂ!

ਸ਼ੈਤਾਨ ਵੱਲੋਂ ਲਿਆਂਦੀਆਂ ਦੁੱਖ-ਤਕਲੀਫ਼ਾਂ ਦੇਖ ਕੇ ਯਹੋਵਾਹ * ਅੱਖਾਂ ਮੀਟੀ ਨਹੀਂ ਬੈਠਾ। ਉਹ ਲੋਕਾਂ ਦੇ ਦੁੱਖ ਦੇਖ ਕੇ ਦੁਖੀ ਹੁੰਦਾ ਹੈ। ਮਿਸਾਲ ਲਈ, ਜਦੋਂ ਵੀ ਇਜ਼ਰਾਈਲੀਆਂ ਉੱਤੇ ਮੁਸੀਬਤਾਂ ਦਾ ਪਹਾੜ ਟੁੱਟਿਆ, ਤਾਂ ਰੱਬ ਬਾਰੇ ਬਾਈਬਲ ਕਹਿੰਦੀ ਹੈ: “ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ।” (ਯਸਾਯਾਹ 63:9) ਸਾਡਾ ਦਇਆਵਾਨ ਪਰਮੇਸ਼ੁਰ ਜਲਦੀ ਹੀ ਸ਼ੈਤਾਨ ਦੀ ਬੇਰਹਿਮ ਦੁਨੀਆਂ ਦਾ ਨਾਮੋ-ਨਿਸ਼ਾਨ ਮਿਟਾਵੇਗਾ! ਉਸ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਰਾਜਾ ਬਣਾਇਆ ਹੈ ਜੋ ਨਿਆਂ ਅਤੇ ਧਰਮ ਨਾਲ ਹਮੇਸ਼ਾ ਰਾਜ ਕਰੇਗਾ।

ਤੁਹਾਡੇ ਉੱਤੇ ਇਸ ਗੱਲ ਦਾ ਅਸਰ: ਭਾਵੇਂ ਕਿ ਸ਼ੈਤਾਨ ਦੇ ਕੰਟ੍ਰੋਲ ਵਿਚ ਇਹ ਦੁਨੀਆਂ ਲੋਕਾਂ ਨੂੰ ਕੁਦਰਤੀ ਆਫ਼ਤਾਂ ਤੋਂ ਨਹੀਂ ਬਚਾ ਸਕੀ, ਪਰ ਯਿਸੂ ਮਸੀਹ ਆਪਣੇ ਰਾਜ ਦੁਆਰਾ ਸਾਨੂੰ ਜ਼ਰੂਰ ਬਚਾਵੇਗਾ। ਇਕ ਵਾਰ ਯਿਸੂ ਨੇ ਆਪਣੇ ਚੇਲਿਆਂ ਨੂੰ ਵੱਡੇ ਤੂਫ਼ਾਨ ਤੋਂ ਬਚਾਇਆ ਸੀ। ਬਾਈਬਲ ਕਹਿੰਦੀ ਹੈ: “ਉਸ ਨੇ ਹਨੇਰੀ ਨੂੰ ਝਿੜਕਿਆ ਅਤੇ ਝੀਲ ਨੂੰ ਕਿਹਾ: ‘ਚੁੱਪ! ਸ਼ਾਂਤ ਹੋ ਜਾ!’ ਅਤੇ ਹਨੇਰੀ ਰੁਕ ਗਈ ਅਤੇ ਸਭ ਕੁਝ ਸ਼ਾਂਤ ਹੋ ਗਿਆ।” ਚੇਲਿਆਂ ਨੇ ਕਿਹਾ: “‘ਇਹ ਕੌਣ ਹੈ? ਇੱਥੋਂ ਤਕ ਕਿ ਹਨੇਰੀ ਅਤੇ ਝੀਲ ਵੀ ਇਸ ਦਾ ਕਹਿਣਾ ਮੰਨਦੀਆਂ ਹਨ।’” (ਮਰਕੁਸ 4:37-41) ਇਸ ਘਟਨਾ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਆਪਣੇ ਰਾਜ ਦੌਰਾਨ ਯਿਸੂ ਆਪਣੇ ਲੋਕਾਂ ਨੂੰ ਬਚਾਵੇਗਾ।​—ਦਾਨੀਏਲ 7:13, 14. (w13-E 05/01)

^ ਪੈਰਾ 5 ਬਾਈਬਲ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਗਿਆ ਹੈ।