Skip to content

Skip to table of contents

ਖ਼ਬਰਦਾਰ ਰਹੋ!

ਦੁਨੀਆਂ ਭਰ ਵਿਚ ਗਰਮੀ ਨੇ ਤੋੜੇ ਸਾਰੇ ਰਿਕਾਰਡ​—ਬਾਈਬਲ ਕੀ ਕਹਿੰਦੀ ਹੈ?

ਦੁਨੀਆਂ ਭਰ ਵਿਚ ਗਰਮੀ ਨੇ ਤੋੜੇ ਸਾਰੇ ਰਿਕਾਰਡ​—ਬਾਈਬਲ ਕੀ ਕਹਿੰਦੀ ਹੈ?

 ਜੁਲਾਈ 2022 ਦੌਰਾਨ ਦੁਨੀਆਂ ਭਰ ਵਿਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ:

  •   “ਚੀਨ ਵਿਚ ਜੁਲਾਈ ਮਹੀਨੇ ਲਗਭਗ 70 ਸ਼ਹਿਰਾਂ ਵਿਚ ਤਾਪਮਾਨ ਵਧਣ ਦੀ ਦੂਜੀ ਵਾਰ ਚੇਤਾਵਨੀ ਦਿੱਤੀ ਗਈ।”​—25 ਜੁਲਾਈ 2022, ਸੀ.ਐੱਨ.ਐੱਨ. ਵਾਈਅਰ ਸਰਵਿਸ।

  •   “ਯੂਰਪ ਵਿਚ ਅੱਤ ਦੀ ਗਰਮੀ ਕਰਕੇ ਇਸ ਦੇ ਬਹੁਤ ਸਾਰੇ ਦੇਸ਼ਾਂ ਦੇ ਜੰਗਲਾਂ ਵਿਚ ਅੱਗ ਲੱਗ ਗਈ।”​—17 ਜੁਲਾਈ 2022, ਦ ਗਾਰਡੀਅਨ।

  •   “ਐਤਵਾਰ ਨੂੰ ਅਮਰੀਕਾ ਦੇ ਬਹੁਤ ਸਾਰੇ ਦੇਸ਼ਾਂ ਵਿਚ ਤਾਪਮਾਨ ਬਹੁਤ ਵੱਧ ਗਿਆ ਜਿਸ ਕਰਕੇ ਪੂਰਬੀ ਤਟ ਅਤੇ ਦੱਖਣ ਤੇ ਮੱਧ-ਪੱਛਮੀ ਇਲਾਕਿਆਂ ਵਿਚ ਗਰਮੀ ਨੇ ਕਹਿਰ ਢਾਹਿਆ।”​—24 ਜੁਲਾਈ 2022, ਦ ਨਿਊ ਯਾਰਕ ਟਾਈਮਜ਼।

 ਇਨ੍ਹਾਂ ਗੱਲਾਂ ਤੋਂ ਕੀ ਪਤਾ ਲੱਗਦਾ ਹੈ? ਕੀ ਧਰਤੀ ʼਤੇ ਰਹਿਣਾ ਨਾਮੁਮਕਿਨ ਹੋ ਜਾਵੇਗਾ? ਬਾਈਬਲ ਕੀ ਕਹਿੰਦੀ ਹੈ?

ਕੀ ਤਾਪਮਾਨ ਵਧਣ ਬਾਰੇ ਬਾਈਬਲ ਵਿਚ ਪਹਿਲਾਂ ਕੁਝ ਦੱਸਿਆ ਗਿਆ ਸੀ?

 ਹਾਂਜੀ। ਦੁਨੀਆਂ ਭਰ ਵਿਚ ਤਾਪਮਾਨ ਵਿਚ ਜੋ ਵਾਧਾ ਹੋਇਆ ਹੈ, ਇਹ ਉਨ੍ਹਾਂ ਘਟਨਾਵਾਂ ਨਾਲ ਮੇਲ ਖਾਂਦਾ ਹੈ ਜਿਨ੍ਹਾਂ ਬਾਰੇ ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ। ਮਿਸਾਲ ਲਈ, ਯਿਸੂ ਨੇ ਕਿਹਾ ਸੀ ਕਿ ਸਾਡੇ ਸਮੇਂ ਵਿਚ “ਖ਼ੌਫ਼ਨਾਕ ਨਜ਼ਾਰੇ” ਜਾਂ “ਭਿਆਨਕ ਚੀਜ਼ਾਂ” ਦੇਖਣ ਨੂੰ ਮਿਲਣਗੀਆਂ। (ਲੂਕਾ 21:11) ਗਰਮੀ ਵਧਣ ਕਰਕੇ ਬਹੁਤ ਸਾਰੇ ਲੋਕ ਇਸ ਖ਼ੌਫ਼ ਵਿਚ ਹਨ ਕਿ ਇਨਸਾਨ ਧਰਤੀ ਨੂੰ ਤਬਾਹ ਕਰ ਦੇਣਗੇ।

ਕੀ ਧਰਤੀ ʼਤੇ ਰਹਿਣਾ ਨਾਮੁਮਕਿਨ ਹੋ ਜਾਵੇਗਾ?

 ਨਹੀਂ। ਰੱਬ ਨੇ ਧਰਤੀ ਇਨਸਾਨਾਂ ਲਈ ਹਮੇਸ਼ਾ ਰਹਿਣ ਲਈ ਬਣਾਈ ਹੈ। (ਜ਼ਬੂਰ 115:16; ਉਪਦੇਸ਼ਕ ਦੀ ਕਿਤਾਬ 1:4) ਉਹ ਇਨਸਾਨਾਂ ਨੂੰ ਇਸ ਨੂੰ ਤਬਾਹ ਨਹੀਂ ਕਰਨ ਦੇਵੇਗਾ। ਇਸ ਦੀ ਬਜਾਇ, ਰੱਬ ਵਾਅਦਾ ਕਰਦਾ ਹੈ ਕਿ ਉਹ “ਧਰਤੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਨਾਸ਼” ਕਰ ਦੇਵੇਗਾ।​—ਪ੍ਰਕਾਸ਼ ਦੀ ਕਿਤਾਬ 11:18.

 ਸਿਰਫ਼ ਇਨ੍ਹਾਂ ਦੋ ਗੱਲਾਂ ʼਤੇ ਹੀ ਗੌਰ ਕਰ ਕੇ ਦੇਖੋ ਜਿਨ੍ਹਾਂ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਰੱਬ ਨੇ ਹੋਰ ਕੀ ਕਰਨ ਦਾ ਵਾਅਦਾ ਕੀਤਾ ਹੈ:

  •   “ਉਜਾੜ ਅਤੇ ਝੁਲ਼ਸੀ ਜ਼ਮੀਨ ਖ਼ੁਸ਼ੀਆਂ ਮਨਾਵੇਗੀ, ਰੇਗਿਸਤਾਨ ਬਾਗ਼-ਬਾਗ਼ ਹੋਵੇਗਾ ਤੇ ਕੇਸਰ ਦੇ ਫੁੱਲ ਵਾਂਗ ਖਿੜੇਗਾ।” (ਯਸਾਯਾਹ 35:1) ਰੱਬ ਧਰਤੀ ਨੂੰ ਅਜਿਹਾ ਨਹੀਂ ਬਣਨ ਦੇਵੇਗਾ ਕਿ ਇਸ ʼਤੇ ਰਹਿਣਾ ਹੀ ਨਾਮੁਮਕਿਨ ਹੋ ਜਾਵੇ, ਪਰ ਉਹ ਖ਼ਰਾਬ ਹੋ ਚੁੱਕੀ ਧਰਤੀ ਨੂੰ ਠੀਕ ਕਰੇਗਾ।

  •   “ਤੂੰ ਧਰਤੀ ਦੀ ਦੇਖ-ਭਾਲ ਕਰਦਾ ਹੈਂ, ਇਸ ਨੂੰ ਬੇਹੱਦ ਫਲਦਾਇਕ ਅਤੇ ਉਪਜਾਊ ਬਣਾਉਂਦਾ ਹੈਂ।” (ਜ਼ਬੂਰ 65:9) ਰੱਬ ਧਰਤੀ ਨੂੰ ਬਾਗ਼ ਵਰਗੀ ਸੋਹਣੀ ਬਣਾ ਦੇਵੇਗਾ।

 ਵਾਤਾਵਰਣ ਵਿਚ ਤਬਦੀਲੀ ਬਾਰੇ ਬਾਈਬਲ ਵਿਚ ਪਹਿਲਾਂ ਹੀ ਕੀ ਦੱਸਿਆ ਗਿਆ ਸੀ, ਇਸ ਬਾਰੇ ਹੋਰ ਜਾਣਨ ਲਈ “ਵਾਤਾਵਰਣ ਵਿਚ ਤਬਦੀਲੀ ਤੇ ਸਾਡਾ ਭਵਿੱਖ​—ਬਾਈਬਲ ਕੀ ਦੱਸਦੀ ਹੈ?” (ਅੰਗ੍ਰੇਜ਼ੀ) ਨਾਂ ਦਾ ਲੇਖ ਪੜ੍ਹੋ।

 ਬਾਈਬਲ ਵਾਅਦਾ ਕਰਦੀ ਹੈ ਕਿ ਧਰਤੀ ਦੇ ਵਾਤਾਵਰਣ ਨੂੰ ਠੀਕ ਕੀਤਾ ਜਾਵੇਗਾ, ਇਸ ਬਾਰੇ ਹੋਰ ਜਾਣਨ ਲਈ “ਕੌਣ ਧਰਤੀ ਨੂੰ ਬਚਾ ਸਕਦਾ ਹੈ?” (ਅੰਗ੍ਰੇਜ਼ੀ) ਨਾਂ ਦਾ ਲੇਖ ਦੇਖੋ।