Skip to content

ਮਸੀਹ ਦੇ ਆਉਣ ਦਾ ਕੀ ਮਤਲਬ ਹੈ?

ਮਸੀਹ ਦੇ ਆਉਣ ਦਾ ਕੀ ਮਤਲਬ ਹੈ?

ਬਾਈਬਲ ਕਹਿੰਦੀ ਹੈ

 ਬਾਈਬਲ ਵਿਚ ਬਹੁਤ ਵਾਰ ਉਸ ਸਮੇਂ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਮਸੀਹ ਧਰਤੀ ʼਤੇ ਲੋਕਾਂ ਦਾ ਨਿਆਂ ਕਰਨ ਆਵੇਗਾ। a ਮਿਸਾਲ ਲਈ, ਮੱਤੀ 25:31-33 ਕਹਿੰਦਾ ਹੈ:

 “ਜਦੋਂ ਮਨੁੱਖ ਦਾ ਪੁੱਤਰ [ਯਿਸੂ ਮਸੀਹ] ਆਪਣੀ ਪੂਰੀ ਸ਼ਾਨੋ-ਸ਼ੌਕਤ ਨਾਲ ਆਪਣੇ ਸਾਰੇ ਦੂਤਾਂ ਸਣੇ ਆਵੇਗਾ, ਉਦੋਂ ਉਹ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬੈਠੇਗਾ। ਫਿਰ ਸਾਰੀਆਂ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਲੋਕਾਂ ਨੂੰ ਇਸ ਤਰ੍ਹਾਂ ਇਕ-ਦੂਸਰੇ ਤੋਂ ਅੱਡ ਕਰੇਗਾ, ਜਿਸ ਤਰ੍ਹਾਂ ਚਰਵਾਹਾ ਭੇਡਾਂ ਅਤੇ ਬੱਕਰੀਆਂ ਨੂੰ ਅੱਡੋ-ਅੱਡ ਕਰਦਾ ਹੈ। ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ, ਪਰ ਬੱਕਰੀਆਂ ਨੂੰ ਆਪਣੇ ਖੱਬੇ ਪਾਸੇ ਖੜ੍ਹਾ ਕਰੇਗਾ।”

 ਇਹ ਨਿਆਂ ਦਾ ਸਮਾਂ “ਮਹਾਂਕਸ਼ਟ” ਦਾ ਹਿੱਸਾ ਹੈ ਜੋ ਮਨੁੱਖੀ ਇਤਿਹਾਸ ਵਿਚ ਪਹਿਲਾਂ ਕਦੇ ਵੀ ਨਹੀਂ ਆਇਆ। ਇਸ ਮਹਾਂਕਸ਼ਟ ਦੇ ਅਖ਼ੀਰ ਵਿਚ ਆਰਮਾਗੇਡਨ ਦਾ ਯੁੱਧ ਹੋਵੇਗਾ। (ਮੱਤੀ 24:21; ਪ੍ਰਕਾਸ਼ ਦੀ ਕਿਤਾਬ 16:16) ਇਸ ਮਿਸਾਲ ਵਿਚ ਮਸੀਹ ਦੇ ਦੁਸ਼ਮਣਾਂ ਨੂੰ ਬੱਕਰੀਆਂ ਵਜੋਂ ਦਰਸਾਇਆ ਗਿਆ ਹੈ। ਮਸੀਹ ਆਪਣੇ ਦੁਸ਼ਮਣਾਂ ਦਾ “ਨਿਆਂ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।” (2 ਥੱਸਲੁਨੀਕੀਆਂ 1:9; ਪ੍ਰਕਾਸ਼ ਦੀ ਕਿਤਾਬ 19:11, 15) ਇਸ ਤੋਂ ਉਲਟ, ਭੇਡਾਂ ਯਾਨੀ ਮਸੀਹ ਦੇ ਵਫ਼ਾਦਾਰ ਸੇਵਕਾਂ ਨੂੰ “ਹਮੇਸ਼ਾ ਦੀ ਜ਼ਿੰਦਗੀ” ਮਿਲੇਗੀ।​—ਮੱਤੀ 25:46.

ਮਸੀਹ ਕਦੋਂ ਆਵੇਗਾ?

 ਯਿਸੂ ਨੇ ਕਿਹਾ ਸੀ: “ਉਸ ਦਿਨ ਜਾਂ ਉਸ ਘੜੀ ਨੂੰ ਕੋਈ ਨਹੀਂ ਜਾਣਦਾ।” (ਮੱਤੀ 24:36, 42; 25:13) ਪਰ ਉਸ ਨੇ “ਨਿਸ਼ਾਨੀ” ਵਜੋਂ ਕੁਝ ਘਟਨਾਵਾਂ ਦੱਸੀਆਂ ਜਿਨ੍ਹਾਂ ਤੋਂ ਸਾਰਿਆਂ ਨੂੰ ਸਾਫ਼-ਸਾਫ਼ ਪਤਾ ਲੱਗ ਜਾਵੇਗਾ ਕਿ ਉਹ ਆ ਰਿਹਾ ਹੈ।​—ਮੱਤੀ 24:3, 7-14; ਲੂਕਾ 21:10, 11.

ਕੀ ਯਿਸੂ ਸਵਰਗੀ ਸਰੀਰ ਵਿਚ ਆਵੇਗਾ ਜਾਂ ਇਨਸਾਨੀ ਸਰੀਰ ਵਿਚ?

 ਯਿਸੂ ਨੂੰ ਸਵਰਗੀ ਸਰੀਰ ਵਿਚ ਜੀਉਂਦਾ ਕੀਤਾ ਗਿਆ ਸੀ। ਇਸ ਲਈ ਉਹ ਸਵਰਗੀ ਸਰੀਰ ਵਿਚ ਆਵੇਗਾ, ਨਾ ਕਿ ਇਨਸਾਨੀ ਸਰੀਰ ਵਿਚ। (1 ਕੁਰਿੰਥੀਆਂ 15:45; 1 ਪਤਰਸ 3:18) ਇਸੇ ਕਰਕੇ ਯਿਸੂ ਆਪਣੀ ਮੌਤ ਤੋਂ ਇਕ ਦਿਨ ਪਹਿਲਾਂ ਆਪਣੇ ਰਸੂਲਾਂ ਨੂੰ ਕਹਿ ਸਕਿਆ: “ਹੋਰ ਥੋੜ੍ਹੇ ਚਿਰ ਨੂੰ ਦੁਨੀਆਂ ਮੈਨੂੰ ਫੇਰ ਨਹੀਂ ਦੇਖੇਗੀ।”​—ਯੂਹੰਨਾ 14:19.

ਮਸੀਹ ਦੇ ਆਉਣ ਬਾਰੇ ਕੁਝ ਗ਼ਲਤਫ਼ਹਿਮੀਆਂ

 ਗ਼ਲਤਫ਼ਹਿਮੀ: ਜਦੋਂ ਬਾਈਬਲ ਦੱਸਦੀ ਹੈ ਕਿ ਲੋਕ ਯਿਸੂ ਨੂੰ ‘ਬੱਦਲਾਂ ਵਿਚ ਆਉਂਦਾ ਦੇਖਣਗੇ,’ ਤਾਂ ਇਸ ਦਾ ਮਤਲਬ ਹੈ ਕਿ ਉਹ ਯਿਸੂ ਨੂੰ ਸੱਚ-ਮੁੱਚ ਆਉਂਦਾ ਦੇਖਣਗੇ।​—ਮੱਤੀ 24:30.

 ਸੱਚਾਈ: ਬਾਈਬਲ ਵਿਚ ਬੱਦਲਾਂ ਦਾ ਸੰਬੰਧ ਅਕਸਰ ਉਸ ਚੀਜ਼ ਨਾਲ ਜੋੜਿਆ ਜਾਂਦਾ ਹੈ ਜੋ ਦਿਖਾਈ ਨਹੀਂ ਦਿੰਦੀ। (ਲੇਵੀਆਂ 16:2; ਗਿਣਤੀ 11:25; ਬਿਵਸਥਾ ਸਾਰ 33:26) ਮਿਸਾਲ ਲਈ, ਪਰਮੇਸ਼ੁਰ ਨੇ ਮੂਸਾ ਨੂੰ ਕਿਹਾ: “ਮੈਂ ਇਕ ਕਾਲ਼ੇ ਬੱਦਲ ਵਿਚ ਤੇਰੇ ਕੋਲ ਆਵਾਂਗਾ।” (ਕੂਚ 19:9) ਮੂਸਾ ਨੇ ਪਰਮੇਸ਼ੁਰ ਨੂੰ ਆਪਣੀ ਅੱਖੀਂ ਨਹੀਂ ਦੇਖਿਆ ਸੀ। ਇਸੇ ਤਰ੍ਹਾਂ ਮਸੀਹ ਦੇ ‘ਬੱਦਲਾਂ ਵਿਚ ਆਉਣ’ ਦਾ ਮਤਲਬ ਹੈ ਕਿ ਲੋਕ ਸਮਝ ਜਾਣਗੇ ਕਿ ਉਹ ਆ ਗਿਆ ਹੈ, ਭਾਵੇਂ ਕਿ ਉਹ ਆਪਣੀ ਅੱਖੀਂ ਉਸ ਨੂੰ ਦੇਖ ਨਹੀਂ ਸਕਣਗੇ।

 ਗ਼ਲਤਫ਼ਹਿਮੀ: ਮਸੀਹ ਦੇ ਆਉਣ ਦਾ ਜ਼ਿਕਰ ਕਰਦਿਆਂ ਪ੍ਰਕਾਸ਼ ਦੀ ਕਿਤਾਬ 1:7 (ਪਵਿੱਤਰ ਬਾਈਬਲ, OV) ਵਿਚ “ਹਰੇਕ ਅੱਖ ਉਸ ਨੂੰ ਵੇਖੇਗੀ” ਸ਼ਬਦ ਵਰਤੇ ਗਏ ਹਨ। ਇਸ ਦਾ ਮਤਲਬ ਹੈ ਕਿ ਲੋਕ ਉਸ ਨੂੰ ਆਪਣੀ ਅੱਖੀਂ ਦੇਖ ਸਕਣਗੇ।

 ਸੱਚਾਈ: ਬਾਈਬਲ ਵਿਚ “ਅੱਖ” ਅਤੇ “ਦੇਖਣ” ਲਈ ਜੋ ਯੂਨਾਨੀ ਸ਼ਬਦ ਵਰਤੇ ਗਏ ਹਨ, ਕਦੇ-ਕਦੇ ਉਨ੍ਹਾਂ ਦਾ ਮਤਲਬ ਹੁੰਦਾ ਹੈ ਸਮਝਣਾ, ਨਾ ਕਿ ਆਪਣੀ ਅੱਖੀਂ ਦੇਖਣਾ। b (ਮੱਤੀ 13:15; ਲੂਕਾ 19:42; ਰੋਮੀਆਂ 15:21; ਅਫ਼ਸੀਆਂ 1:18) ਬਾਈਬਲ ਦੱਸਦੀ ਹੈ ਕਿ ਦੁਬਾਰਾ ਜੀਉਂਦਾ ਹੋਇਆ ਯਿਸੂ ‘ਉਸ ਚਾਨਣ ਵਿਚ ਵੱਸਦਾ ਹੈ ਜਿਸ ਨੂੰ ਕੋਈ ਇਨਸਾਨ ਦੇਖ ਨਹੀਂ ਸਕਦਾ।’ (1 ਤਿਮੋਥਿਉਸ 6:16) ਇਸ ਲਈ “ਹਰੇਕ ਅੱਖ ਉਸ ਨੂੰ ਵੇਖੇਗੀ” ਸ਼ਬਦਾਂ ਦਾ ਮਤਲਬ ਹੈ ਕਿ ਸਾਰੇ ਲੋਕ ਇਹ ਸਮਝ ਜਾਣਗੇ ਕਿ ਸਿਰਫ਼ ਯਿਸੂ ਹੀ ਪਰਮੇਸ਼ੁਰ ਵੱਲੋਂ ਨਿਆਂ ਕਰਦਾ ਹੈ।​—ਮੱਤੀ 24:30.

a The New Thayer’s Greek-English Lexicon of the New Testament (1981) ਦੇ ਸਫ਼ੇ 451 ਅਤੇ 470 ਦੇਖੋ।

b ਬਹੁਤ ਸਾਰੇ ਲੋਕ ਮਸੀਹ ਦੇ ਆਉਣ ਬਾਰੇ ਗੱਲ ਕਰਦਿਆਂ “ਦੁਬਾਰਾ ਆਉਣਾ” ਜਾਂ “ਦੂਜਾ ਆਗਮਨ” ਸ਼ਬਦ ਵਰਤਦੇ ਹਨ, ਪਰ ਬਾਈਬਲ ਵਿਚ ਇਨ੍ਹਾਂ ਸ਼ਬਦਾਂ ਦਾ ਕਿਤੇ ਵੀ ਜ਼ਿਕਰ ਨਹੀਂ ਆਉਂਦਾ।