Skip to content

Skip to table of contents

ਪਰਿਵਾਰਕ ਜ਼ਿੰਦਗੀ ਅਤੇ ਦੋਸਤੀ

ਪਰਿਵਾਰਕ ਜ਼ਿੰਦਗੀ ਅਤੇ ਦੋਸਤੀ

ਬਹੁਤ ਸਾਰੇ ਲੋਕਾਂ ਨੂੰ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਵਧੀਆ ਰਿਸ਼ਤਾ ਬਣਾਈ ਰੱਖਣਾ ਔਖਾ ਲੱਗਦਾ ਹੈ। ਜ਼ਰਾ ਬਾਈਬਲ ਦੇ ਕੁਝ ਅਸੂਲਾਂ ’ਤੇ ਗੌਰ ਕਰੋ ਜੋ ਦੂਜਿਆਂ ਨਾਲ ਰਿਸ਼ਤਾ ਸੁਧਾਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਨਿਰਸੁਆਰਥ ਬਣੋ

ਬਾਈਬਲ ਦਾ ਅਸੂਲ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।”—ਫ਼ਿਲਿੱਪੀਆਂ 2:4.

ਇਸ ਦਾ ਕੀ ਮਤਲਬ ਹੈ? ਤੁਸੀਂ ਦੂਜਿਆਂ ਨਾਲ ਵਧੀਆ ਰਿਸ਼ਤਾ ਤਾਂ ਹੀ ਬਣਾ ਸਕੋਗੇ ਜੇ ਤੁਸੀਂ ਲੈਣ ਦੀ ਬਜਾਇ ਦੇਣ ’ਤੇ ਧਿਆਨ ਲਾਓਗੇ। ਜੇ ਤੁਸੀਂ ਸੁਆਰਥੀ ਹੋ, ਤਾਂ ਤੁਸੀਂ ਦੂਜਿਆਂ ਨਾਲ ਆਪਣਾ ਰਿਸ਼ਤਾ ਖ਼ਰਾਬ ਕਰ ਸਕਦੇ ਹੋ। ਮਿਸਾਲ ਲਈ, ਸੁਆਰਥੀ ਜੀਵਨ ਸਾਥੀ ਸ਼ਾਇਦ ਆਪਣੇ ਸਾਥੀ ਨਾਲ ਬੇਵਫ਼ਾਈ ਕਰਨ। ਨਾਲੇ ਕੋਈ ਵੀ ਅਜਿਹੇ ਵਿਅਕਤੀ ਦਾ ਦੋਸਤ ਨਹੀਂ ਬਣਨਾ ਚਾਹੁੰਦਾ ਜੋ ਹਮੇਸ਼ਾ ਇਸ ਗੱਲ ’ਤੇ ਸ਼ੇਖ਼ੀਆਂ ਮਾਰਦਾ ਹੈ ਕਿ ਉਸ ਕੋਲ ਕੀ ਕੁਝ ਹੈ ਜਾਂ ਉਹ ਕੀ ਕੁਝ ਜਾਣਦਾ ਹੈ। ਇਸ ਲਈ ਇਕ ਕਿਤਾਬ ਕਹਿੰਦੀ ਹੈ: “ਸਿਰਫ਼ ਆਪਣੇ ਬਾਰੇ ਸੋਚਣ ਵਾਲੇ ਲੋਕ ਦੁਖਦਾਈ ਰਾਹਾਂ ’ਤੇ ਪੈ ਜਾਂਦੇ ਹਨ।”—The Road to Character.

ਤੁਸੀਂ ਕੀ ਕਰ ਸਕਦੇ ਹੋ?

  • ਦੂਜਿਆਂ ਦੀ ਮਦਦ ਕਰੋ। ਪੱਕੇ ਦੋਸਤ ਇਕ-ਦੂਜੇ ’ਤੇ ਭਰੋਸਾ ਕਰਦੇ ਹਨ ਅਤੇ ਹਮੇਸ਼ਾ ਇਕ-ਦੂਜੇ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਕੁਝ ਰਿਪੋਰਟਾਂ ਅਨੁਸਾਰ ਪਤਾ ਲੱਗਾ ਹੈ ਕਿ ਦੂਜਿਆਂ ਦੀ ਮਦਦ ਕਰਨ ਵਾਲਿਆਂ ਨੂੰ ਘੱਟ ਹੀ ਡਿਪਰੈਸ਼ਨ ਹੁੰਦਾ ਹੈ ਅਤੇ ਉਨ੍ਹਾਂ ਦਾ ਆਤਮ-ਸਨਮਾਨ ਬਣਿਆ ਰਹਿੰਦਾ ਹੈ।

  • ਹਮਦਰਦੀ ਦਿਖਾਓ। ਹਮਦਰਦੀ ਦਾ ਮਤਲਬ ਹੈ, ਦੂਸਰੇ ਦੇ ਦਰਦ ਨੂੰ ਆਪਣੇ ਦਿਲ ਵਿਚ ਮਹਿਸੂਸ ਕਰਨਾ। ਜੇ ਤੁਸੀਂ ਹਮਦਰਦੀ ਦਿਖਾਓਗੇ, ਤਾਂ ਤੁਸੀਂ ਘੱਟ ਹੀ ਚੁੱਭਵੀਆਂ ਗੱਲਾਂ ਕਹੋਗੇ।

    ਹਮਦਰਦੀ ਦਿਖਾਉਣ ਕਰਕੇ ਤੁਸੀਂ ਦੂਜਿਆਂ ਦੀਆਂ ਗੱਲਾਂ ਵੀ ਸਹਿ ਸਕਦੇ ਹੋ। ਇਸ ਤਰ੍ਹਾਂ ਤੁਸੀਂ ਪੱਖਪਾਤ ਕਰਨ ਤੋਂ ਬਚ ਸਕੋਗੇ ਅਤੇ ਵੱਖੋ-ਵੱਖਰੇ ਸਭਿਆਚਾਰਾਂ ਜਾਂ ਪਿਛੋਕੜਾਂ ਦੇ ਲੋਕਾਂ ਨਾਲ ਦੋਸਤੀ ਕਰ ਸਕੋਗੇ।

  • ਦੂਜਿਆਂ ਨਾਲ ਸਮਾਂ ਗੁਜ਼ਾਰੋ। ਜਿੰਨਾ ਜ਼ਿਆਦਾ ਤੁਸੀਂ ਦੂਜਿਆਂ ਨਾਲ ਸਮਾਂ ਬਿਤਾਓਗੇ, ਉੱਨਾ ਜ਼ਿਆਦਾ ਤੁਸੀਂ ਉਨ੍ਹਾਂ ਨੂੰ ਜਾਣੋਗੇ। ਸੱਚੇ ਦੋਸਤ ਬਣਾਉਣ ਲਈ ਤੁਹਾਨੂੰ ਦੂਜਿਆਂ ਨਾਲ ਖੁੱਲ੍ਹ ਕੇ ਗੱਲ ਕਰਨ ਦੀ ਲੋੜ ਹੈ। ਸੋ ਚੰਗੇ ਸੁਣਨ ਵਾਲੇ ਵੀ ਬਣੋ। ਆਪਣੇ ਦੋਸਤਾਂ ਦੀਆਂ ਗੱਲਾਂ ਵਿਚ ਦਿਲਚਸਪੀ ਲਓ। ਹਾਲ ਹੀ ਵਿਚ ਦਿੱਤੀ ਇਕ ਰਿਪੋਰਟ ਤੋਂ ਪਤਾ ਲੱਗਾ ਕਿ “ਖੁੱਲ੍ਹ ਕੇ ਗੱਲ ਕਰਨ ਨਾਲ ਲੋਕ ਜ਼ਿਆਦਾ ਖ਼ੁਸ਼ ਹੁੰਦੇ ਹਨ।”

ਸਮਝਦਾਰੀ ਨਾਲ ਦੋਸਤ ਚੁਣੋ

ਬਾਈਬਲ ਦਾ ਅਸੂਲ: “ਬੁਰੀਆਂ ਸੰਗਤਾਂ ਚੰਗੀਆਂ ਆਦਤਾਂ ਵਿਗਾੜ ਦਿੰਦੀਆਂ ਹਨ।”—1 ਕੁਰਿੰਥੀਆਂ 15:33.

ਇਸ ਦਾ ਕੀ ਮਤਲਬ ਹੈ? ਜਿਨ੍ਹਾਂ ਲੋਕਾਂ ਨਾਲ ਤੁਸੀਂ ਸਮਾਂ ਬਿਤਾਉਂਦੇ ਹੋ, ਉਨ੍ਹਾਂ ਦਾ ਤੁਹਾਡੇ ’ਤੇ ਚੰਗਾ ਜਾਂ ਮਾੜਾ ਅਸਰ ਪੈਂਦਾ ਹੈ। ਸਮਾਜ-ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਕਿ ਤੁਹਾਡੇ ਦੋਸਤਾਂ ਦਾ ਤੁਹਾਡੀ ਜ਼ਿੰਦਗੀ ’ਤੇ ਅਸਰ ਪੈ ਸਕਦਾ ਹੈ। ਮਿਸਾਲ ਲਈ, ਉਹ ਕਹਿੰਦੇ ਹਨ ਕਿ ਜੇ ਤੁਹਾਡੇ ਆਲੇ-ਦੁਆਲੇ ਇਸ ਤਰ੍ਹਾਂ ਦੇ ਲੋਕ ਹਨ ਜੋ ਸਿਗਰਟਾਂ ਪੀਂਦੇ ਹਨ ਜਾਂ ਤਲਾਕ ਲੈ ਰਹੇ ਹਨ, ਤਾਂ ਸ਼ਾਇਦ ਤੁਸੀਂ ਵੀ ਸਿਗਰਟਾਂ ਪੀਣੀਆਂ ਸ਼ੁਰੂ ਕਰ ਦਿਓ ਜਾਂ ਤਲਾਕ ਲੈਣਾ ਚਾਹੋ।

ਤੁਸੀਂ ਕੀ ਕਰ ਸਕਦੇ ਹੋ? ਉਨ੍ਹਾਂ ਲੋਕਾਂ ਨਾਲ ਦੋਸਤੀ ਕਰੋ ਜਿਨ੍ਹਾਂ ਵਿਚ ਉਹ ਗੁਣ ਅਤੇ ਕਦਰਾਂ-ਕੀਮਤਾਂ ਹਨ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ ਜਾਂ ਜਿਨ੍ਹਾਂ ਨੂੰ ਤੁਸੀਂ ਖ਼ੁਦ ਅਪਣਾਉਣਾ ਚਾਹੁੰਦੇ ਹੋ। ਮਿਸਾਲ ਲਈ, ਉਨ੍ਹਾਂ ਲੋਕਾਂ ਨਾਲ ਸੰਗਤੀ ਕਰੋ ਜੋ ਸਮਝਦਾਰ ਹਨ, ਦੂਜਿਆਂ ਦਾ ਆਦਰ ਕਰਦੇ ਹਨ, ਖੁੱਲ੍ਹੇ ਦਿਲ ਵਾਲੇ ਅਤੇ ਪਰਾਹੁਣਚਾਰੀ ਕਰਨ ਵਾਲੇ ਹਨ।

ਬਾਈਬਲ ਦੇ ਹੋਰ ਅਸੂਲ

ਬਾਈਬਲ-ਆਧਾਰਿਤ ਵੀਡੀਓ ਦੇਖੋ ਜੋ ਵਿਆਹੁਤਾ ਜੋੜਿਆਂ, ਨੌਜਵਾਨਾਂ ਅਤੇ ਬੱਚਿਆਂ ਦੀ ਮਦਦ ਲਈ ਤਿਆਰ ਕੀਤੇ ਗਏ ਹਨ ਤਾਂਕਿ ਉਹ ਆਪਣੀ ਪਰਿਵਾਰਕ ਜ਼ਿੰਦਗੀ ਵਿਚ ਸੁਧਾਰ ਕਰ ਸਕਣ

ਠੇਸ ਪਹੁੰਚਾਉਣ ਵਾਲੀਆਂ ਗੱਲਾਂ ਨਾ ਕਹੋ।

“ਬੇਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਙੁ ਵਿੰਨ੍ਹਦੀਆਂ ਹਨ।”—ਕਹਾਉਤਾਂ 12:18.

ਖੁੱਲ੍ਹੇ ਦਿਲ ਵਾਲੇ ਬਣੋ।

“ਖੁਲ੍ਹੇ ਦਿਲ ਵਾਲੇ ਮਨੁੱਖ ਨੂੰ ਅਸੀਸ ਮਿਲਦੀ ਹੈ।”—ਕਹਾਉਤਾਂ 11:25, CL.

ਦੂਜਿਆਂ ਨਾਲ ਉੱਦਾਂ ਪੇਸ਼ ਆਓ ਜਿੱਦਾਂ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਪੇਸ਼ ਆਉਣ।

“ਜਿਸ ਤਰ੍ਹਾਂ ਤੁਸੀਂ ਆਪ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।”—ਮੱਤੀ 7:12.