Skip to content

ਯਹੋਵਾਹ ਦੇ ਗਵਾਹ ਕੁਝ ਤਿਉਹਾਰ ਕਿਉਂ ਨਹੀਂ ਮਨਾਉਂਦੇ?

ਯਹੋਵਾਹ ਦੇ ਗਵਾਹ ਕੁਝ ਤਿਉਹਾਰ ਕਿਉਂ ਨਹੀਂ ਮਨਾਉਂਦੇ?

 ਯਹੋਵਾਹ ਦੇ ਗਵਾਹ ਇਹ ਕਿਵੇਂ ਤੈਅ ਕਰਦੇ ਹਨ ਕਿ ਕੋਈ ਦਿਨ-ਤਿਉਹਾਰ ਮਨਾਉਣਾ ਚਾਹੀਦਾ ਹੈ ਜਾਂ ਨਹੀਂ?

 ਕੋਈ ਖ਼ਾਸ ਦਿਨ-ਤਿਉਹਾਰ ਮਨਾਉਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਯਹੋਵਾਹ ਦੇ ਗਵਾਹ ਦੇਖਦੇ ਹਨ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। ਕੁਝ ਦਿਨ-ਤਿਉਹਾਰ ਸਿੱਧੇ-ਸਿੱਧੇ ਬਾਈਬਲ ਦੇ ਅਸੂਲਾਂ ਦੇ ਖ਼ਿਲਾਫ਼ ਹਨ। ਯਹੋਵਾਹ ਦੇ ਗਵਾਹ ਅਜਿਹੇ ਦਿਨ-ਤਿਉਹਾਰ ਨਹੀਂ ਮਨਾਉਂਦੇ। ਬਾਕੀ ਤਿਉਹਾਰ ਮਨਾਉਣ ਦੇ ਮਾਮਲੇ ਵਿਚ ਹਰ ਗਵਾਹ ਦਾ ਆਪਣਾ ਫ਼ੈਸਲਾ ਹੈ, ਪਰ ਉਹ “ਪਰਮੇਸ਼ੁਰ ਅਤੇ ਇਨਸਾਨਾਂ ਦੇ ਸਾਮ੍ਹਣੇ ਆਪਣੀ ਜ਼ਮੀਰ ਨੂੰ ਹਮੇਸ਼ਾ ਸਾਫ਼ ਰੱਖਣ” ਦੀ ਪੂਰੀ ਕੋਸ਼ਿਸ਼ ਕਰਦਾ ਹੈ।​—ਰਸੂਲਾਂ ਦੇ ਕੰਮ 24:16.

 ਕੋਈ ਦਿਨ-ਤਿਉਹਾਰ ਮਨਾਉਣ ਜਾਂ ਨਾ ਮਨਾਉਣ ਦਾ ਫ਼ੈਸਲਾ ਕਰਦੇ ਵੇਲੇ ਯਹੋਵਾਹ ਦੇ ਗਵਾਹ ਆਪਣੇ ਆਪ ਤੋਂ ਹੇਠਾਂ ਦੱਸੇ ਕੁਝ ਸਵਾਲ ਪੁੱਛਦੇ ਹਨ। a

  •   ਕੀ ਇਹ ਦਿਨ-ਤਿਉਹਾਰ ਬਾਈਬਲ ਦੀ ਕਿਸੇ ਸਿੱਖਿਆ ਦੇ ਖ਼ਿਲਾਫ਼ ਹੈ?

     ਬਾਈਬਲ ਦਾ ਅਸੂਲ: “‘ਉਨ੍ਹਾਂ ਵਿੱਚੋਂ ਨਿਕਲ ਆਓ ਅਤੇ ਆਪਣੇ ਆਪ ਨੂੰ ਵੱਖ ਕਰੋ,’ ਯਹੋਵਾਹ ਕਹਿੰਦਾ ਹੈ, ‘ਕਿਸੇ ਵੀ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ।’”​—2 ਕੁਰਿੰਥੀਆਂ 6:15-17.

     ਯਹੋਵਾਹ ਦੇ ਗਵਾਹ ਉਨ੍ਹਾਂ ਸਿੱਖਿਆਵਾਂ ਤੋਂ ਪੂਰੀ ਤਰ੍ਹਾਂ ਦੂਰ ਰਹਿੰਦੇ ਹਨ ਜੋ ਬਾਈਬਲ ਦੀਆਂ ਸਿੱਖਿਆਵਾਂ ਤੋਂ ਉਲਟ ਹਨ। ਉਹ ਅਜਿਹੇ ਦਿਨ-ਤਿਉਹਾਰ ਨਹੀਂ ਮਨਾਉਂਦੇ ਜੋ ਹੇਠ ਲਿਖੀਆਂ ਸਿੱਖਿਆਵਾਂ ʼਤੇ ਆਧਾਰਿਤ ਹਨ।

     ਦੇਵੀ-ਦੇਵਤਿਆਂ ਦੀ ਭਗਤੀ ਜਾਂ ਵਿਸ਼ਵਾਸਾਂ ʼਤੇ ਆਧਾਰਿਤ ਦਿਨ-ਤਿਉਹਾਰ। ਯਿਸੂ ਨੇ ਕਿਹਾ: “ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।” (ਮੱਤੀ 4:10) ਇਸ ਹੁਕਮ ਨੂੰ ਮੰਨਦੇ ਹੋਏ ਯਹੋਵਾਹ ਦੇ ਗਵਾਹ ਕ੍ਰਿਸਮਸ, ਈਸਟਰ ਜਾਂ ਮਈ ਦਿਵਸ b ਨਹੀਂ ਮਨਾਉਂਦੇ ਕਿਉਂਕਿ ਇਹ ਯਹੋਵਾਹ ਦੀ ਬਜਾਇ ਹੋਰ ਦੇਵੀ-ਦੇਵਤਿਆਂ ਦੀ ਭਗਤੀ ਨਾਲ ਸੰਬੰਧਿਤ ਹਨ। ਇਸ ਤੋਂ ਇਲਾਵਾ, ਉਹ ਇਨ੍ਹਾਂ ਦਿਨ-ਤਿਉਹਾਰਾਂ ਵਿਚ ਵੀ ਹਿੱਸਾ ਨਹੀਂ ਲੈਂਦੇ:

    •  ਕਵਾਂਜ਼ਾ। ਇਹ ਨਾਂ ਸਵਾਹਿਲੀ ਭਾਸ਼ਾ ਦੇ ਸ਼ਬਦਾਂ “ਮਟੂੰਦਾ ਯਾ ਕਵਾਨਾ” ਤੋਂ ਆਇਆ ਹੈ ਜਿਸ ਦਾ ਮਤਲਬ ਹੈ ‘ਪਹਿਲੇ ਫਲ’ ਅਤੇ ਅਫ਼ਰੀਕੀ ਇਤਿਹਾਸ ਮੁਤਾਬਕ ਇਸ ਤਿਉਹਾਰ ਦੀ ਸ਼ੁਰੂਆਤ ਪਹਿਲੀ ਵਾਢੀ ਦੇ ਤਿਉਹਾਰਾਂ ਤੋਂ ਹੋਈ ਹੈ।” (Encyclopedia of Black Studies) ਭਾਵੇਂ ਕਿ ਕੁਝ ਲੋਕ ਕਵਾਂਜ਼ਾ ਨੂੰ ਧਾਰਮਿਕ ਤਿਉਹਾਰ ਨਹੀਂ ਮੰਨਦੇ, ਪਰ ਇਕ ਐਨਸਾਈਕਲੋਪੀਡੀਆ (Encyclopedia of African Religion) ਇਸ ਦੀ ਤੁਲਨਾ ਇਕ ਅਫ਼ਰੀਕੀ ਤਿਉਹਾਰ ਨਾਲ ਕਰਦਾ ਹੈ ਜਿਸ ਦੌਰਾਨ ਪਹਿਲੇ ਫਲ “ਦੇਵਤਿਆਂ ਅਤੇ ਪੂਰਵਜਾਂ ਦਾ ਧੰਨਵਾਦ ਕਰਨ ਲਈ ਉਨ੍ਹਾਂ ਨੂੰ ਚੜ੍ਹਾਏ ਜਾਂਦੇ ਹਨ। ਅਫ਼ਰੀਕੀ-ਅਮਰੀਕੀ ਵੀ ਅੱਜ ਕਵਾਂਜ਼ਾ ਤਿਉਹਾਰ ਆਪਣੇ ਪੂਰਵਜਾਂ ਦੁਆਰਾ ਜੀਵਨ ਵਿਚ ਦਿੱਤੀਆਂ ਬਰਕਤਾਂ ਲਈ ਧੰਨਵਾਦ ਕਰਨ ਵਾਸਤੇ ਮਨਾਉਂਦੇ ਹਨ।”

      ਕਵਾਂਜ਼ਾ

    •  ਮੱਧ-ਪਤਝੜ ਦਾ ਤਿਉਹਾਰ। ਇਹ ਤਿਉਹਾਰ ਸਤੰਬਰ ਜਾਂ ਅਕਤੂਬਰ ਵਿਚ “ਚੰਨ ਦੇਵੀ ਦੀ ਵਡਿਆਈ ਕਰਨ ਲਈ ਮਨਾਇਆ ਜਾਂਦਾ ਹੈ।” (Holidays, Festivals, and Celebrations of the World Dictionary) ਇਸ ਤਿਉਹਾਰ ਦੀ ਇਕ ਰੀਤ ਮੁਤਾਬਕ “ਘਰ ਦੀਆਂ ਔਰਤਾਂ ਝੁਕ ਕੇ ਚੰਨ ਦੇਵੀ ਨੂੰ ਮੱਥਾ ਟੇਕਦੀਆਂ ਹਨ ਜਿਸ ਨੂੰ ਚੀਨੀ ਭਾਸ਼ਾ ਵਿਚ ਕਾਓਟਾਓ ਕਿਹਾ ਜਾਂਦਾ ਹੈ।”​—Religions of the World​—A Comprehensive Encyclopedia of Beliefs and Practices.

    •  ਨਾਓਰੂਜ਼ (ਨਵਰੋਜ਼)। ਇਸ ਤਿਉਹਾਰ ਦੀ ਸ਼ੁਰੂਆਤ ਫ਼ਾਰਸੀ ਧਰਮ ਨਾਲ ਹੋਈ। ਇਸ ਦਿਨ ਨੂੰ ਪੁਰਾਣੇ ਫ਼ਾਰਸੀ ਕਲੰਡਰ ਵਿਚ ਸਭ ਤੋਂ ਪਵਿੱਤਰ ਦਿਨਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਫ਼ਾਰਸੀ ਪਰੰਪਰਾ ਅਨੁਸਾਰ ਨਾਓਰੂਜ਼ ਦੇ ਦਿਨ ਦੁਪਹਿਰ ਨੂੰ ਲੋਕ ਖ਼ੁਸ਼ੀ ਨਾਲ ਦੁਪਹਿਰ ਦੇ ਦੇਵਤੇ (ਰਾਪੀਥਵਿਨ) ਦਾ ਸੁਆਗਤ ਕਰਦੇ ਹਨ ਜਿਸ ਨੂੰ ਠੰਢ ਦੇ ਮਹੀਨਿਆਂ ਦੌਰਾਨ ਸਰਦੀਆਂ ਦਾ ਦੇਵਤਾ ਜ਼ਮੀਨ ਥੱਲੇ ਜਾਣ ਲਈ ਮਜਬੂਰ ਕਰਦਾ ਹੈ।”​—United Nations Educational, Scientific and Cultural Organization.

    •  ਸ਼ਬ-ਏ ਯਾਲਦਾ। ਇਹ ਤਿਉਹਾਰ ਸਰਦੀਆਂ ਦੇ ਮੌਸਮ ਵਿਚ (21 ਦਸੰਬਰ ਦੇ ਨੇੜੇ-ਤੇੜੇ) ਸਾਲ ਦੇ ਸਭ ਤੋਂ ਛੋਟੇ ਦਿਨ ਮਨਾਇਆ ਜਾਂਦਾ ਹੈ। ਇਕ ਕਿਤਾਬ ਮੁਤਾਬਕ ਇਹ “ਮਿਥਰਾਸ ਦੀ ਭਗਤੀ ਨਾਲ ਸੰਬੰਧਿਤ ਹੈ” ਜੋ ਚਾਨਣ ਦਾ ਦੇਵਤਾ ਹੈ। (Sufism in the Secret History of Persia) ਇਹ ਵੀ ਮੰਨਿਆ ਜਾਂਦਾ ਹੈ ਕਿ ਸ਼ਾਇਦ ਇਹ ਦਿਨ ਰੋਮ ਅਤੇ ਯੂਨਾਨ ਦੇ ਸੂਰਜ ਦੇਵਤਿਆਂ ਦੀ ਭਗਤੀ ਨਾਲ ਸੰਬੰਧਿਤ ਹੈ। c

    •  ਧੰਨਵਾਦ ਦਾ ਦਿਨ। ਕਵਾਂਜ਼ਾ ਵਾਂਗ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਵੀ ਪੁਰਾਣੇ ਜ਼ਮਾਨੇ ਦੇ ਵਾਢੀ ਦੇ ਤਿਉਹਾਰਾਂ ਤੋਂ ਹੋਈ ਹੈ ਜੋ ਵੱਖੋ-ਵੱਖਰੇ ਦੇਵੀ-ਦੇਵਤਿਆਂ ਦੇ ਸਨਮਾਨ ਵਿਚ ਮਨਾਏ ਜਾਂਦੇ ਸਨ। ਸਮੇਂ ਦੇ ਬੀਤਣ ਨਾਲ “ਈਸਾਈ ਚਰਚਾਂ ਨੇ ਇਨ੍ਹਾਂ ਪੁਰਾਣੇ ਰੀਤੀ-ਰਿਵਾਜਾਂ ਨੂੰ ਅਪਣਾ ਲਿਆ।”​—A Great and Godly Adventure​—The Pilgrims and the Myth of the First Thanksgiving.

     ਕਿਸਮਤ ਜਾਂ ਅੰਧਵਿਸ਼ਵਾਸ ʼਤੇ ਆਧਾਰਿਤ ਦਿਨ-ਤਿਉਹਾਰ। ਬਾਈਬਲ ਕਹਿੰਦੀ ਹੈ ਕਿ ਜਿਹੜੇ “ਚੰਗੀ ਕਿਸਮਤ ਦੇ ਦੇਵਤੇ ਲਈ ਮੇਜ਼ ਸਜਾਉਂਦੇ” ਹਨ, ਉਹ “ਯਹੋਵਾਹ ਨੂੰ ਤਿਆਗਣ ਵਾਲਿਆਂ ਵਿੱਚੋਂ” ਹਨ। (ਯਸਾਯਾਹ 65:11) ਇਸ ਲਈ ਯਹੋਵਾਹ ਦੇ ਗਵਾਹ ਥੱਲੇ ਦੱਸੇ ਦਿਨ-ਤਿਉਹਾਰ ਨਹੀਂ ਮਨਾਉਂਦੇ:

    •  ਈਵਾਨ ਕੁਪਾਲਾ। ਇਕ ਕਿਤਾਬ (The A to Z of Belarus) ਮੁਤਾਬਕ “ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਸ [ਈਵਾਨ ਕੁਪਾਲਾ] ਦੌਰਾਨ ਕੁਦਰਤ ਆਪਣੀ ਜਾਦੂਈ ਸ਼ਕਤੀਆਂ ਛੱਡਦੀ ਹੈ ਜਿਨ੍ਹਾਂ ਨੂੰ ਬਹਾਦਰੀ ਅਤੇ ਕਿਸਮਤ ਨਾਲ ਹਾਸਲ ਕੀਤਾ ਜਾ ਸਕਦਾ ਹੈ।” ਪਹਿਲਾਂ-ਪਹਿਲ ਇਹ ਤਿਉਹਾਰ ਗ਼ੈਰ-ਈਸਾਈ ਧਰਮਾਂ ਦੇ ਲੋਕ ਗਰਮੀਆਂ ਦੇ ਸਭ ਤੋਂ ਲੰਬੇ ਦਿਨ ʼਤੇ ਮਨਾਉਂਦੇ ਸਨ। ਇਕ ਐਨਸਾਈਕਲੋਪੀਡੀਆ ਮੁਤਾਬਕ ਇਹ ਤਿਉਹਾਰ ਮਨਾਉਣ ਵਾਲੇ ਲੋਕਾਂ ਦੁਆਰਾ “ਈਸਾਈ ਧਰਮ ਅਪਣਾਉਣ ਤੋਂ ਬਾਅਦ ਇਸ ਦਿਨ ਨੂੰ ਚਰਚ ਵੱਲੋਂ ਮਨਾਏ ਜਾਂਦੇ ਦਿਨ [ਯੂਹੰਨਾ ਬਪਤਿਸਮਾ ਦੇਣ ਵਾਲੇ ਦਾ “ਸੰਤ ਦਾ ਦਿਨ”] ਨਾਲ ਜੋੜ ਦਿੱਤਾ ਗਿਆ।”​—Encyclopedia of Contemporary Russian Culture.

    •  ਨਵਾਂ ਚੰਦਰ ਸਾਲ (ਚੀਨੀ ਨਵਾਂ ਸਾਲ ਜਾਂ ਕੋਰੀਆਈ ਨਵਾਂ ਸਾਲ)। “ਖ਼ਾਸਕਰ ਸਾਲ ਦੇ ਇਸ ਸਮੇਂ ਪਰਿਵਾਰਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਮੁੱਖ ਉਦੇਸ਼ ਇਹ ਪੱਕਾ ਕਰਨਾ ਹੁੰਦਾ ਹੈ ਕਿ ਨਵਾਂ ਸਾਲ ਉਨ੍ਹਾਂ ਲਈ ਚੰਗੀ ਕਿਸਮਤ ਲਿਆਵੇ, ਇਸ ਦੇ ਨਾਲ-ਨਾਲ ਉਹ ਦੇਵਤਿਆਂ ਅਤੇ ਆਤਮਾਵਾਂ ਦਾ ਸਨਮਾਨ ਕਰਦੇ ਹਨ ਅਤੇ ਆਉਣ ਵਾਲੇ ਨਵੇਂ ਸਾਲ ਲਈ ਖ਼ੁਸ਼ਹਾਲੀ ਦੀ ਕਾਮਨਾ ਕਰਦੇ ਹਨ।” (Mooncakes and Hungry Ghosts​—Festivals of China) ਇਸੇ ਤਰ੍ਹਾਂ ਕੋਰੀਆ ਵਿਚ ਨਵਾਂ ਸਾਲ ਮਨਾਉਂਦੇ ਵੇਲੇ ਲੋਕ “ਪੂਰਵਜਾਂ ਦੀ ਪੂਜਾ ਕਰਦੇ ਹਨ, ਬੁਰੀਆਂ ਆਤਮਾਵਾਂ ਨੂੰ ਭਜਾਉਣ ਲਈ ਰੀਤੀ-ਰਿਵਾਜ ਕਰਦੇ ਹਨ, ਨਵੇਂ ਸਾਲ ਵਿਚ ਚੰਗੀ ਕਿਸਮਤ ਦੀ ਕਾਮਨਾ ਕਰਦੇ ਹਨ ਅਤੇ ਫਾਲ ਪਾ ਕੇ ਪਤਾ ਕਰਦੇ ਹਨ ਕਿ ਨਵੇਂ ਸਾਲ ਵਿਚ ਕੀ ਕੁਝ ਹੋਵੇਗਾ।’​—Encyclopedia of New Year’s Holidays Worldwide.

      ਚੀਨੀ ਨਵਾਂ ਸਾਲ

     ਅਮਰ ਆਤਮਾ ਦੀ ਸਿੱਖਿਆ ʼਤੇ ਆਧਾਰਿਤ ਦਿਨ-ਤਿਉਹਾਰ। ਬਾਈਬਲ ਇਹ ਨਹੀਂ ਸਿਖਾਉਂਦੀ ਕਿ ਇਨਸਾਨ ਦੇ ਮਰਨ ਤੋਂ ਬਾਅਦ ਉਸ ਦੀ ਆਤਮਾ ਜੀਉਂਦੀ ਰਹਿੰਦੀ ਹੈ। ਜਦੋਂ ਇਕ ਵਿਅਕਤੀ ਮਰਦਾ ਹੈ, ਤਾਂ ਉਸ ਦੇ ਵਿਚਾਰ ਅਤੇ ਭਾਵਨਾਵਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀਆਂ ਹਨ ਅਤੇ ਉਹ ਮਿੱਟੀ ਵਿਚ ਮਿਲ ਜਾਂਦਾ ਹੈ। (ਉਪਦੇਸ਼ਕ ਦੀ ਕਿਤਾਬ 9:5, 10; ਜ਼ਬੂਰ 146:4) ਇਸ ਕਰਕੇ ਯਹੋਵਾਹ ਦੇ ਗਵਾਹ ਥੱਲੇ ਦੱਸੇ ਦਿਨ-ਤਿਉਹਾਰ ਨਹੀਂ ਮਨਾਉਂਦੇ ਜੋ ਅਮਰ ਆਤਮਾ ਦੀ ਸਿੱਖਿਆ ਨੂੰ ਹੱਲਾਸ਼ੇਰੀ ਦਿੰਦੇ ਹਨ:

    •  ਆਤਮਾਵਾਂ ਦਾ ਦਿਨ (ਮੁਰਦਿਆਂ ਦਾ ਦਿਨ)। ਇਕ ਐਨਸਾਈਕਲੋਪੀਡੀਆ ਮੁਤਾਬਕ ਇਹ ਦਿਨ “ਮਰੇ ਹੋਏ ਸਾਰੇ ਵਫ਼ਾਦਾਰ ਲੋਕਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਮੱਧ ਯੁਗ ਵਿਚ ਬਹੁਤ ਸਾਰੇ ਲੋਕ ਮੰਨਦੇ ਸਨ ਕਿ ਜਿਨ੍ਹਾਂ ਆਤਮਾਵਾਂ ਨੂੰ ਸਵਰਗ ਭੇਜਣ ਤੋਂ ਪਹਿਲਾਂ ਪਾਪ ਤੋਂ ਸ਼ੁੱਧ ਕੀਤਾ ਜਾਂਦਾ ਹੈ, ਉਹ ਭੂਤਾਂ, ਜਾਦੂਗਰਨੀਆਂ ਅਤੇ ਡੱਡੂਆਂ ਦੇ ਰੂਪ ਵਿਚ ਆ ਕੇ ਉਨ੍ਹਾਂ ਲੋਕਾਂ ਨੂੰ ਦਿਖਾਈ ਦਿੰਦੀਆਂ ਹਨ ਜਿਨ੍ਹਾਂ ਨੇ ਉਨ੍ਹਾਂ ਨਾਲ ਜੀਉਂਦੇ-ਜੀ ਬੁਰਾ ਸਲੂਕ ਕੀਤਾ ਸੀ।”​—New Catholic Encyclopedia.

    •  ਕਿੰਗਮਿੰਗ ਤਿਉਹਾਰ (ਚਿੰਗ ਮਿੰਗ) ਅਤੇ ਭੁੱਖੇ ਭੂਤਾਂ ਦਾ ਦਿਨ। ਇਹ ਦੋਵੇਂ ਤਿਉਹਾਰ ਪੂਰਵਜਾਂ ਦੀ ਵਡਿਆਈ ਕਰਨ ਲਈ ਮਨਾਏ ਜਾਂਦੇ ਹਨ। ਇਕ ਕਿਤਾਬ ਕਹਿੰਦੀ ਹੈ ਕਿ ਚਿੰਗ ਮਿੰਗ ਦੌਰਾਨ “ਭੋਜਨ, ਸ਼ਰਾਬ ਅਤੇ ਨੋਟ ਸਾੜੇ ਜਾਂਦੇ ਹਨ ਤਾਂਕਿ ਮੁਰਦੇ ਭੁੱਖੇ-ਪਿਆਸੇ ਨਾ ਰਹਿਣ ਅਤੇ ਉਨ੍ਹਾਂ ਨੂੰ ਪੈਸਿਆਂ ਦੀ ਘਾਟ ਨਾ ਹੋਵੇ।” ਕਿਤਾਬ ਇਹ ਵੀ ਦੱਸਦੀ ਹੈ ਕਿ ਇਹ ਤਿਉਹਾਰ ਮਨਾਉਣ ਵਾਲੇ ਮੰਨਦੇ ਹਨ ਕਿ “ਭੁੱਖੇ ਭੂਤਾਂ ਦੇ ਤਿਉਹਾਰ ਦੇ ਮਹੀਨੇ ਦੌਰਾਨ ਹੋਰ ਕਿਸੇ ਵੀ ਰਾਤ ਨਾਲੋਂ ਪੂਰਨਮਾਸੀ ਦੀ ਰਾਤ ਨੂੰ ਜੀਉਂਦੇ ਅਤੇ ਮਰੇ ਲੋਕਾਂ ਵਿਚ ਜ਼ਿਆਦਾ ਨੇੜਤਾ ਹੁੰਦੀ ਹੈ। ਇਸ ਲਈ ਮਰੇ ਲੋਕਾਂ ਨੂੰ ਸ਼ਾਂਤ ਕਰਨਾ ਅਤੇ ਪੂਰਵਜਾਂ ਦੀ ਵਡਿਆਈ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।”​—Celebrating Life Customs Around the World​—From Baby Showers to Funerals.

    •  ਚੂਸੋਕ। ਇਕ ਕਿਤਾਬ ਕਹਿੰਦੀ ਹੈ ਕਿ ਇਸ ਤਿਉਹਾਰ ਦੌਰਾਨ “ਮੁਰਦਿਆਂ ਦੀਆਂ ਆਤਮਾਵਾਂ ਨੂੰ ਭੋਜਨ ਅਤੇ ਸ਼ਰਾਬ ਚੜ੍ਹਾਈ ਜਾਂਦੀ ਹੈ।” ਇਹ ਚੜ੍ਹਾਵੇ ਇਸ ਵਿਸ਼ਵਾਸ ਕਰਕੇ ਚੜ੍ਹਾਏ ਜਾਂਦੇ ਹਨ ਕਿ “ਸਰੀਰ ਦੇ ਮਰਨ ਤੋਂ ਬਾਅਦ ਆਤਮਾ ਲਗਾਤਾਰ ਹੋਂਦ ਵਿਚ ਰਹਿੰਦੀ ਹੈ।​—The Korean Tradition of Religion, Society, and Ethics.

     ਜਾਦੂਗਰੀ ਨਾਲ ਜੁੜੇ ਦਿਨ-ਤਿਉਹਾਰ। ਬਾਈਬਲ ਕਹਿੰਦੀ ਹੈ: “ਤੁਹਾਡੇ ਵਿੱਚੋਂ ਕੋਈ ਵੀ . . . ਫਾਲ ਨਾ ਪਾਵੇ, ਜਾਦੂਗਰੀ ਨਾ ਕਰੇ ਜਾਂ ਸ਼ੁਭ-ਅਸ਼ੁਭ ਨਾ ਵਿਚਾਰੇ ਜਾਂ ਜਾਦੂ-ਟੂਣਾ ਨਾ ਕਰੇ ਜਾਂ ਮੰਤਰ ਫੂਕ ਕੇ ਕਿਸੇ ਨੂੰ ਆਪਣੇ ਵੱਸ ਵਿਚ ਨਾ ਕਰੇ ਜਾਂ ਉਹ ਕਿਸੇ ਚੇਲੇ-ਚਾਂਟੇ ਕੋਲ ਜਾਂ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਨਾ ਜਾਵੇ ਜਾਂ ਮਰੇ ਹੋਏ ਲੋਕਾਂ ਤੋਂ ਪੁੱਛ-ਗਿੱਛ ਨਾ ਕਰੇ। . . . ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ।” (ਬਿਵਸਥਾ ਸਾਰ 18:10-12) ਯਹੋਵਾਹ ਦੇ ਗਵਾਹ ਹਰ ਤਰ੍ਹਾਂ ਦੀ ਜਾਦੂਗਰੀ ਅਤੇ ਜੋਤਸ਼-ਵਿਦਿਆ (ਇਕ ਤਰ੍ਹਾਂ ਦਾ ਫਾਲ ਪਾਉਣਾ) ਤੋਂ ਦੂਰ ਰਹਿਣ ਲਈ ਹੈਲੋਵੀਨ ਅਤੇ ਥੱਲੇ ਦੱਸੇ ਦਿਨ-ਤਿਉਹਾਰ ਨਹੀਂ ਮਨਾਉਂਦੇ:

    •  ਸਿੰਘਾਲਾ ਅਤੇ ਤਾਮਿਲ ਨਵਾਂ ਸਾਲ। “ਇਸ ਦਿਨ ਰਿਵਾਇਤੀ ਰੀਤੀ-ਰਿਵਾਜਾਂ ਵਿਚ . . . ਜੋਤਸ਼ੀਆਂ ਦੁਆਰਾ ਨਿਸ਼ਚਿਤ ਕੀਤੇ ਸ਼ੁਭ ਘੜੀਆਂ ʼਤੇ ਕੁਝ ਖ਼ਾਸ ਕੰਮ ਕਰਨੇ ਸ਼ਾਮਲ ਹਨ।”​—Encyclopedia of Sri Lanka.

    •  ਸੋਂਗਕ੍ਰਾਨ। ਇਸ ਏਸ਼ੀਆਈ ਤਿਉਹਾਰ ਦਾ ਨਾਂ “ਸੰਸਕ੍ਰਿਤ ਭਾਸ਼ਾ ਦੇ ਸ਼ਬਦ . . . ਤੋਂ ਆਇਆ ਹੈ ਜਿਸ ਦਾ ਮਤਲਬ ਹੈ ‘ਚਾਲ ਜਾਂ ਬਦਲਾਅ’ ਅਤੇ [ਇਹ ਤਿਉਹਾਰ] ਉਸ ਸਮੇਂ ਮਨਾਇਆ ਜਾਂਦਾ ਹੈ ਜਦੋਂ ਸੂਰਜ ਮੇਖ ਰਾਸ਼ੀ ਦੇ ਤਾਰਾ-ਮੰਡਲ ਵਿਚ ਦਾਖ਼ਲ ਹੁੰਦਾ ਹੈ।”​—Food, Feasts, and Faith​—An Encyclopedia of Food Culture in World Religions.

     ਮੂਸਾ ਦੇ ਕਾਨੂੰਨ ਮੁਤਾਬਕ ਕੀਤੀ ਜਾਂਦੀ ਭਗਤੀ ਨਾਲ ਸੰਬੰਧਿਤ ਤਿਉਹਾਰ ਜੋ ਯਿਸੂ ਦੀ ਕੁਰਬਾਨੀ ਨਾਲ ਖ਼ਤਮ ਹੋ ਗਏ। ਬਾਈਬਲ ਕਹਿੰਦੀ ਹੈ: “ਮਸੀਹ ਦੀ ਮੌਤ ਨਾਲ ਮੂਸਾ ਦਾ ਕਾਨੂੰਨ ਖ਼ਤਮ ਹੋ ਗਿਆ ਸੀ।” (ਰੋਮੀਆਂ 10:4) ਪੁਰਾਣੇ ਇਜ਼ਰਾਈਲ ਨੂੰ ਦਿੱਤੇ ਮੂਸਾ ਦੇ ਕਾਨੂੰਨ ਦੇ ਅਸੂਲਾਂ ਤੋਂ ਅਜੇ ਵੀ ਮਸੀਹੀਆਂ ਨੂੰ ਫ਼ਾਇਦਾ ਹੁੰਦਾ ਹੈ। ਪਰ ਉਹ ਇਸ ਵਿਚ ਦੱਸੇ ਤਿਉਹਾਰ ਨਹੀਂ ਮਨਾਉਂਦੇ, ਖ਼ਾਸ ਕਰਕੇ ਉਹ ਤਿਉਹਾਰ ਜੋ ਮਸੀਹ ਦੇ ਆਉਣ ਵੱਲ ਇਸ਼ਾਰਾ ਕਰਦੇ ਸਨ ਕਿਉਂਕਿ ਮਸੀਹੀ ਮੰਨਦੇ ਹਨ ਕਿ ਮਸੀਹ ਆ ਚੁੱਕਾ ਹੈ। ਬਾਈਬਲ ਕਹਿੰਦੀ ਹੈ: “ਇਹ ਚੀਜ਼ਾਂ ਤਾਂ ਆਉਣ ਵਾਲੀਆਂ ਚੀਜ਼ਾਂ ਦਾ ਪਰਛਾਵਾਂ ਹੀ ਹਨ, ਪਰ ਅਸਲੀਅਤ ਮਸੀਹ ਹੈ।” (ਕੁਲੁੱਸੀਆਂ 2:17) ਯਹੋਵਾਹ ਦੇ ਗਵਾਹ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹਨ ਕਿ ਇਨ੍ਹਾਂ ਤਿਉਹਾਰਾਂ ਦਾ ਮਕਸਦ ਪੂਰਾ ਹੋ ਚੁੱਕਾ ਹੈ ਅਤੇ ਕੁਝ ਤਿਉਹਾਰਾਂ ਵਿਚ ਅਜਿਹੇ ਰੀਤੀ-ਰਿਵਾਜ ਸ਼ਾਮਲ ਹੋ ਗਏ ਹਨ ਜੋ ਬਾਈਬਲ ਦੇ ਖ਼ਿਲਾਫ਼ ਹਨ। ਇਨ੍ਹਾਂ ਵਿੱਚੋਂ ਕੁਝ ਤਿਉਹਾਰਾਂ ਬਾਰੇ ਥੱਲੇ ਦੱਸਿਆ ਗਿਆ ਹੈ ਜੋ ਉਹ ਨਹੀਂ ਮਨਾਉਂਦੇ:

    •  ਹਨੂਕਾਹ। ਇਹ ਤਿਉਹਾਰ ਯਰੂਸ਼ਲਮ ਵਿਚ ਯਹੂਦੀ ਮੰਦਰ ਨੂੰ ਦੁਬਾਰਾ ਸਮਰਪਿਤ ਕਰਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਪਰ ਬਾਈਬਲ ਕਹਿੰਦੀ ਹੈ ਕਿ ਯਿਸੂ ਮਹਾਂ ਪੁਜਾਰੀ ਬਣ ਕੇ “ਜ਼ਿਆਦਾ ਮਹੱਤਵਪੂਰਣ ਅਤੇ ਉੱਤਮ ਤੰਬੂ [ਜਾਂ ਮੰਦਰ] ਵਿਚ ਗਿਆ ਜਿਸ ਨੂੰ ਇਨਸਾਨੀ ਹੱਥਾਂ ਨੇ ਨਹੀਂ ਬਣਾਇਆ ਯਾਨੀ ਇਹ ਧਰਤੀ ਉੱਤੇ ਨਹੀਂ ਹੈ।” (ਇਬਰਾਨੀਆਂ 9:11) ਮਸੀਹੀ ਮੰਨਦੇ ਹਨ ਕਿ ਇਸ ਉੱਤਮ ਮੰਦਰ ਕਾਰਨ ਯਰੂਸ਼ਲਮ ਦੇ ਮੰਦਰ ਦੀ ਕੋਈ ਅਹਿਮੀਅਤ ਨਹੀਂ ਰਹੀ।

    •  ਰੋਸ਼ ਹਸ਼ੋਨਾਹ। ਇਹ ਯਹੂਦੀ ਸਾਲ ਦਾ ਪਹਿਲਾ ਦਿਨ ਹੈ। ਪੁਰਾਣੇ ਜ਼ਮਾਨੇ ਵਿਚ ਇਸ ਤਿਉਹਾਰ ʼਤੇ ਪਰਮੇਸ਼ੁਰ ਨੂੰ ਖ਼ਾਸ ਚੜ੍ਹਾਵੇ ਚੜ੍ਹਾਏ ਜਾਂਦੇ ਸਨ। (ਗਿਣਤੀ 29:1-6) ਪਰ ਯਿਸੂ ਨੇ ਮਸੀਹ ਬਣਨ ਤੋਂ ਬਾਅਦ ‘ਬਲੀਦਾਨ ਅਤੇ ਭੇਟ ਦਾ ਚੜ੍ਹਾਵਾ ਬੰਦ ਕਰ ਦਿੱਤਾ’ ਜਿਸ ਕਰਕੇ ਇਨ੍ਹਾਂ ਚੜ੍ਹਾਵਿਆਂ ਦੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੋਈ ਅਹਿਮੀਅਤ ਨਹੀਂ ਰਹੀ।​—ਦਾਨੀਏਲ 9:26, 27.

  •   ਕੀ ਇਹ ਦਿਨ-ਤਿਉਹਾਰ ਦੂਜੇ ਧਰਮਾਂ ਨਾਲ ਮਿਲ ਕੇ ਭਗਤੀ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ?

     ਬਾਈਬਲ ਦਾ ਅਸੂਲ: “ਨਿਹਚਾਵਾਨ ਇਨਸਾਨ ਦਾ ਅਵਿਸ਼ਵਾਸੀ ਇਨਸਾਨ ਨਾਲ ਕੀ ਰਿਸ਼ਤਾ? ਪਰਮੇਸ਼ੁਰ ਦੇ ਮੰਦਰ ਵਿਚ ਮੂਰਤੀਆਂ ਦਾ ਕੀ ਕੰਮ?”​—2 ਕੁਰਿੰਥੀਆਂ 6:15-17.

     ਭਾਵੇਂ ਯਹੋਵਾਹ ਦੇ ਗਵਾਹ ਲੋਕਾਂ ਨਾਲ ਸ਼ਾਂਤੀ ਨਾਲ ਰਹਿਣ ਦੀ ਕੋਸ਼ਿਸ਼ ਕਰਦੇ ਹਨ ਅਤੇ ਮੰਨਦੇ ਹਨ ਕਿ ਹਰ ਵਿਅਕਤੀ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਮੰਨਣ ਦਾ ਹੱਕ ਹੈ। ਪਰ ਉਹ ਦੂਸਰੇ ਧਰਮਾਂ ਨਾਲ ਮਿਲ ਕੇ ਭਗਤੀ ਨਹੀਂ ਕਰਦੇ। ਇਸ ਕਰਕੇ ਉਹ ਅਜਿਹੇ ਦਿਨ-ਤਿਉਹਾਰ ਨਹੀਂ ਮਨਾਉਂਦੇ ਜਿਹੜੇ ਥੱਲੇ ਦੱਸੇ ਤਰੀਕਿਆਂ ਨਾਲ ਮਿਲਾਵਟ ਵਾਲੀ ਭਗਤੀ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ।

     ਕਿਸੇ ਧਾਰਮਿਕ ਵਿਅਕਤੀ ਜਾਂ ਘਟਨਾਵਾਂ ਨਾਲ ਸੰਬੰਧਿਤ ਦਿਨ-ਤਿਉਹਾਰ ਜੋ ਅਲੱਗ-ਅਲੱਗ ਧਾਰਮਿਕ ਵਿਸ਼ਵਾਸਾਂ ਦੇ ਲੋਕਾਂ ਨੂੰ ਇਕੱਠੇ ਹੋ ਕੇ ਭਗਤੀ ਕਰਨ ਲਈ ਉਤਸ਼ਾਹਿਤ ਕਰਦੇ ਹਨ। ਪੁਰਾਣੇ ਸਮੇਂ ਵਿਚ ਜਦੋਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਇਕ ਨਵੇਂ ਦੇਸ਼ ਵਿਚ ਲੈ ਕੇ ਗਿਆ ਜਿੱਥੇ ਲੋਕ ਹੋਰ ਧਰਮਾਂ ਨੂੰ ਮੰਨਦੇ ਸਨ, ਤਾਂ ਉਸ ਨੇ ਆਪਣੇ ਲੋਕਾਂ ਨੂੰ ਕਿਹਾ: “ਤੁਸੀਂ ਉਨ੍ਹਾਂ ਨਾਲ ਜਾਂ ਉਨ੍ਹਾਂ ਦੇ ਦੇਵੀ-ਦੇਵਤਿਆਂ ਨਾਲ ਇਕਰਾਰ ਨਾ ਕਰਿਓ। . . . ਜੇ ਤੁਸੀਂ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਭਗਤੀ ਕਰੋਗੇ, ਤਾਂ ਇਹ ਜ਼ਰੂਰ ਤੁਹਾਡੇ ਲਈ ਫੰਦਾ ਬਣ ਜਾਵੇਗੀ।” (ਕੂਚ 23:32, 33) ਇਸ ਲਈ ਯਹੋਵਾਹ ਦੇ ਗਵਾਹ ਥੱਲੇ ਦੱਸੇ ਦਿਨ-ਤਿਉਹਾਰ ਨਹੀਂ ਮਨਾਉਂਦੇ:

    •  ਲੋਈ ਕ੍ਰਥੋਂਗ। ਥਾਈਲੈਂਡ ਦੇ ਇਸ ਤਿਉਹਾਰ ਦੌਰਾਨ “ਲੋਕ ਪੱਤਿਆਂ ਦੇ ਡੂਨੇ ਬਣਾਉਂਦੇ ਹਨ, ਇਨ੍ਹਾਂ ਵਿਚ ਮੋਮਬੱਤੀਆਂ ਜਾਂ ਅਗਰਬੱਤੀਆਂ ਰੱਖਦੇ ਹਨ ਅਤੇ ਡੂਨਿਆਂ ਨੂੰ ਪਾਣੀ ਵਿਚ ਛੱਡ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਇਹ ਕਿਸ਼ਤੀਆਂ ਬੁਰੀ ਕਿਸਮਤ ਨੂੰ ਦੂਰ ਲੈ ਜਾਂਦੀਆਂ ਹਨ। ਅਸਲ ਵਿਚ ਇਹ ਤਿਉਹਾਰ ਬੁੱਧ ਦੇ ਪਵਿੱਤਰ ਪੈਰਾਂ ਦੇ ਨਿਸ਼ਾਨਾਂ ਦੀ ਪੂਜਾ ਕਰਨ ਲਈ ਮਨਾਇਆ ਜਾਂਦਾ ਹੈ।”​—Encyclopedia of Buddhism.

    •  ਰਾਸ਼ਟਰੀ ਪਛਤਾਵਾ ਦਿਨ। ਇਕ ਸਰਕਾਰੀ ਅਧਿਕਾਰੀ ਨੇ ਪਾਪੂਆ ਨਿਊ ਗਿਨੀ ਦੀ ਅਖ਼ਬਾਰ ਦ ਨੈਸ਼ਨਲ ਵਿਚ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਵਾਲੇ ਲੋਕ “ਈਸਾਈ ਧਰਮ ਦੇ ਮੂਲ ਸਿਧਾਂਤਾਂ ਦੀ ਪਾਲਣਾ ਕਰਨ ਲਈ ਸਹਿਮਤ ਹੁੰਦੇ ਹਨ।” ਉਸ ਦਾ ਕਹਿਣਾ ਹੈ ਕਿ ਇਸ ਦਿਨ “ਪੂਰੇ ਦੇਸ਼ ਨੂੰ ਈਸਾਈ ਧਰਮ ਦੇ ਅਸੂਲਾਂ ʼਤੇ ਚੱਲਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।”

    •  ਵੇਸਾਕ। “ਇਹ ਬੋਧੀਆਂ ਦਾ ਸਭ ਤੋਂ ਪਵਿੱਤਰ ਦਿਨ ਹੈ ਜੋ ਬੁੱਧ ਦੇ ਜਨਮ, ਉਸ ਦੀ ਗਿਆਨ-ਪ੍ਰਾਪਤੀ ਅਤੇ ਮੌਤ ਯਾਨੀ ਨਿਰਵਾਣ ਦੀ ਪ੍ਰਾਪਤੀ ਦੇ ਦਿਨ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ।”​—Holidays, Festivals, and Celebrations of the World Dictionary.

      ਵੇਸਾਕ

     ਬਾਈਬਲ ਦੇ ਉਲਟ ਧਾਰਮਿਕ ਰੀਤੀ-ਰਿਵਾਜਾਂ ʼਤੇ ਆਧਾਰਿਤ ਤਿਉਹਾਰ। ਯਿਸੂ ਨੇ ਧਾਰਮਿਕ ਆਗੂਆਂ ਨੂੰ ਕਿਹਾ ਸੀ: “ਤੁਸੀਂ ਆਪਣੀਆਂ ਰੀਤਾਂ ਨਾਲ ਪਰਮੇਸ਼ੁਰ ਦੇ ਬਚਨ ਨੂੰ ਫ਼ਜ਼ੂਲ ਦੀ ਚੀਜ਼ ਬਣਾ ਦਿੱਤਾ ਹੈ। ਇਹ ਬੇਕਾਰ ਵਿਚ ਹੀ ਮੇਰੀ ਭਗਤੀ ਕਰਦੇ ਹਨ ਕਿਉਂਕਿ ਇਹ ਇਨਸਾਨਾਂ ਦੇ ਬਣਾਏ ਹੁਕਮਾਂ ਦੀ ਹੀ ਸਿੱਖਿਆ ਦਿੰਦੇ ਹਨ।” (ਮੱਤੀ 15:6, 9) ਇਸ ਚੇਤਾਵਨੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਯਹੋਵਾਹ ਦੇ ਗਵਾਹ ਕਈ ਧਾਰਮਿਕ ਦਿਨ-ਤਿਉਹਾਰ ਨਹੀਂ ਮਨਾਉਂਦੇ।

    •  ਏਪੀਫਨੀ ਯਾਨੀ ਈਸਾ ਮਸੀਹ ਦਾ ਅਵਤਾਰ (ਤਿੰਨ ਰਾਜਿਆਂ ਦਾ ਦਿਨ, ਟਿਮਕਟ ਜਾਂ ਲੋਸ ਰੇਅਸ ਮਾਗੋਸ) ਲੋਕ ਇਹ ਤਿਉਹਾਰ ਉਸ ਦਿਨ ਨੂੰ ਯਾਦ ਕਰਨ ਲਈ ਮਨਾਉਂਦੇ ਹਨ ਜਦੋਂ ਜੋਤਸ਼ੀ ਯਿਸੂ ਨੂੰ ਮਿਲਣ ਆਏ ਸਨ ਜਾਂ ਯਿਸੂ ਦਾ ਬਪਤਿਸਮਾ ਹੋਇਆ ਸੀ। ਇਸ ਤਿਉਹਾਰ ਰਾਹੀਂ “ਹੋਰ ਧਰਮਾਂ ਦੇ ਬਸੰਤ ਦੇ ਤਿਉਹਾਰਾਂ ਨੂੰ ਈਸਾਈ ਧਰਮ ਵਿਚ ਸ਼ਾਮਲ ਕੀਤਾ ਗਿਆ। ਇਹ ਤਿਉਹਾਰ ਵਹਿੰਦੇ ਪਾਣੀ, ਨਦੀਆਂ ਅਤੇ ਚਸ਼ਮਿਆਂ ਦੇ ਦੇਵਤਿਆਂ ਦੀ ਵਡਿਆਈ ਕਰਨ ਲਈ ਮਨਾਏ ਜਾਂਦੇ ਸਨ।” (The Christmas Encyclopedia) ਇਸੇ ਤਰ੍ਹਾਂ ਦਾ ਇਕ ਹੋਰ ਤਿਉਹਾਰ ਟਿਮਕਟ “ਲੋਕਾਂ ਦੀਆਂ ਪਰੰਪਰਾਵਾਂ ʼਤੇ ਆਧਾਰਿਤ ਹੈ।”​—Encyclopedia of Society and Culture in the Ancient World.

    •  ਕੁਆਰੀ ਮਰੀਅਮ ਦੇ ਸਵਰਗ ਜਾਣ ਦਾ ਤਿਉਹਾਰ। (Feast of the Assumption of the Virgin Mary) ਇਹ ਤਿਉਹਾਰ ਇਸ ਵਿਸ਼ਵਾਸ ʼਤੇ ਆਧਾਰਿਤ ਹੈ ਕਿ ਯਿਸੂ ਦੀ ਮਾਤਾ ਇਨਸਾਨੀ ਸਰੀਰ ਵਿਚ ਸਵਰਗ ਗਈ ਸੀ। ਇਕ ਐਨਸਾਈਕਲੋਪੀਡੀਆ ਕਹਿੰਦਾ ਹੈ, “ਮੁਢਲੇ ਮਸੀਹੀ ਇਹ ਵਿਸ਼ਵਾਸ ਨਹੀਂ ਕਰਦੇ ਸਨ ਅਤੇ ਨਾ ਹੀ ਬਾਈਬਲ ਵਿਚ ਇਸ ਦਾ ਕੋਈ ਜ਼ਿਕਰ ਹੈ।”​—Religion and Society​—Encyclopedia of Fundamentalism.

    •  ਮਰੀਅਮ ਦੀ ਪਵਿੱਤਰਤਾ ਦਾ ਤਿਉਹਾਰ। (Feast of the Immaculate Conception) ‘ਬਾਈਬਲ ਵਿਚ ਸਾਫ਼-ਸਾਫ਼ ਨਹੀਂ ਦੱਸਿਆ ਗਿਆ ਕਿ ਮਰੀਅਮ ਆਪਣੀ ਮਾਂ ਦੀ ਕੁੱਖ ਵਿਚ ਹੁੰਦਿਆਂ ਹੀ ਪਾਪ ਤੋਂ ਰਹਿਤ ਸੀ। ਇਹ ਸਿੱਖਿਆ ਚਰਚ ਨੇ ਆਪ ਘੜੀ ਹੈ।’​—New Catholic Encyclopedia.

    •  ਲੈਂਟ। ਇਕ ਐਨਸਾਈਕਲੋਪੀਡੀਆ ਮੁਤਾਬਕ ਲੈਂਟ ਯਾਨੀ ਪਛਤਾਵਾ ਕਰਨ ਅਤੇ ਵਰਤ ਰੱਖਣ ਦਾ ਸਮਾਂ “ਚੌਥੀ ਸਦੀ ਵਿਚ” ਯਾਨੀ ਪੂਰੀ ਬਾਈਬਲ ਲਿਖੇ ਜਾਣ ਤੋਂ 200 ਤੋਂ ਵੀ ਜ਼ਿਆਦਾ ਸਾਲਾਂ ਬਾਅਦ ਮਨਾਇਆ ਜਾਣ ਲੱਗਾ। ਇਸੇ ਐਨਸਾਈਕਲੋਪੀਡੀਆ ਮੁਤਾਬਕ ਲੈਂਟ ਦੇ ਪਹਿਲੇ ਦਿਨ ਯਾਨੀ “ਐਸ਼ ਵੈੱਡਨੈੱਸਡੇ ਨੂੰ ਪਾਦਰੀ ਲੋਕਾਂ ਦੇ ਮੱਥਿਆਂ ʼਤੇ ਸੁਆਹ ਨਾਲ ਇਕ ਕ੍ਰਾਸ ਬਣਾਉਂਦੇ ਹਨ ਤਾਂਕਿ ਉਨ੍ਹਾਂ ਨੂੰ ਯਾਦ ਰਹੇ ਕਿ ਉਨ੍ਹਾਂ ਨੂੰ ਪਛਤਾਵਾ ਕਰਨਾ ਚਾਹੀਦਾ ਹੈ। ਇਹ ਰਸਮ 1091 ਈਸਵੀ ਵਿਚ ਕੈਥੋਲਿਕ ਚਰਚ ਦੀ ਬੇਨੇਵਨਤੋ ਵਿਚ ਹੋਈ ਧਰਮ-ਸਭਾ ਵਿਚ ਸ਼ੁਰੂ ਕੀਤੀ ਗਈ ਸੀ।”​—New Catholic Encyclopedia.

    •  ਮੇਸਕੇਲ (ਜਾਂ ਮਾਸਕਲ)। ਇਕ ਐਨਸਾਈਕਲੋਪੀਡੀਆ ਮੁਤਾਬਕ ਇਥੋਪੀਆ ਦਾ ਇਹ ਤਿਉਹਾਰ ਉਸ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਜਦੋਂ “ਅਸਲੀ ਕ੍ਰਾਸ (ਜਿਸ ʼਤੇ ਮਸੀਹ ਨੂੰ ਟੰਗਿਆ ਗਿਆ ਸੀ) ਮਿਲਿਆ ਸੀ। ਇਸ ਦਿਨ ਲੋਕ ਅੱਗ ਬਾਲ਼ਦੇ ਹਨ ਅਤੇ ਇਸ ਦੇ ਆਲੇ-ਦੁਆਲੇ ਨੱਚਦੇ ਹਨ।” (Encyclopedia of Society and Culture in the Medieval World) ਪਰ ਯਹੋਵਾਹ ਦੇ ਗਵਾਹ ਭਗਤੀ ਵਿਚ ਕ੍ਰਾਸ (ਸਲੀਬ) ਨਹੀਂ ਵਰਤਦੇ

  •   ਕੀ ਇਹ ਦਿਨ-ਤਿਉਹਾਰ ਕਿਸੇ ਇਨਸਾਨ, ਸੰਗਠਨ ਜਾਂ ਰਾਸ਼ਟਰੀ ਚਿੰਨ੍ਹ ਨੂੰ ਵਡਿਆਉਂਦਾ ਹੈ?

     ਬਾਈਬਲ ਦਾ ਅਸੂਲ: “ਯਹੋਵਾਹ ਕਹਿੰਦਾ ਹੈ: ‘ਸਰਾਪੀ ਹੈ ਉਹ ਇਨਸਾਨ ਜਿਹੜਾ ਇਨਸਾਨਾਂ ʼਤੇ ਭਰੋਸਾ ਰੱਖਦਾ ਹੈ, ਜਿਹੜਾ ਇਨਸਾਨੀ ਤਾਕਤ ਦਾ ਸਹਾਰਾ ਲੈਂਦਾ ਹੈ ਅਤੇ ਜਿਸ ਦਾ ਦਿਲ ਯਹੋਵਾਹ ਤੋਂ ਦੂਰ ਹੋ ਗਿਆ ਹੈ।’”​—ਯਿਰਮਿਯਾਹ 17:5.

     ਭਾਵੇਂ ਯਹੋਵਾਹ ਦੇ ਗਵਾਹ ਲੋਕਾਂ ਦਾ ਆਦਰ ਕਰਦੇ ਹਨ ਅਤੇ ਉਨ੍ਹਾਂ ਲਈ ਪ੍ਰਾਰਥਨਾ ਵੀ ਕਰਦੇ ਹਨ, ਪਰ ਉਹ ਥੱਲੇ ਦੱਸੇ ਪ੍ਰੋਗ੍ਰਾਮਾਂ ਜਾਂ ਦਿਨ-ਤਿਉਹਾਰਾਂ ਵਿਚ ਹਿੱਸਾ ਨਹੀਂ ਲੈਂਦੇ:

     ਕਿਸੇ ਹਾਕਮ ਜਾਂ ਮਸ਼ਹੂਰ ਹਸਤੀ ਦੀ ਵਡਿਆਈ ਕਰਨ ਲਈ ਮਨਾਏ ਜਾਂਦੇ ਦਿਨ-ਤਿਉਹਾਰ। ਬਾਈਬਲ ਕਹਿੰਦੀ ਹੈ: “ਭਲਾਈ ਇਸੇ ਵਿਚ ਹੈ ਕਿ ਇਨਸਾਨ ʼਤੇ ਭਰੋਸਾ ਕਰਨਾ ਛੱਡ ਦਿਓ ਜੋ ਬੱਸ ਆਪਣੀਆਂ ਨਾਸਾਂ ਦਾ ਸਾਹ ਹੀ ਹੈ। ਉਹ ਹੈ ਹੀ ਕੀ ਕਿ ਉਸ ਵੱਲ ਧਿਆਨ ਦਿੱਤਾ ਜਾਵੇ?” (ਯਸਾਯਾਹ 2:22) ਇਸ ਕਰਕੇ ਯਹੋਵਾਹ ਦੇ ਗਵਾਹ ਕਿਸੇ ਰਾਜੇ ਜਾਂ ਰਾਣੀ ਦਾ ਜਨਮ-ਦਿਨ ਨਹੀਂ ਮਨਾਉਂਦੇ।

     ਕੌਮੀ ਝੰਡੇ ਨੂੰ ਵਡਿਆਉਣ ਲਈ ਮਨਾਏ ਜਾਂਦੇ ਦਿਨ। ਯਹੋਵਾਹ ਦੇ ਗਵਾਹ ਝੰਡਾ ਦਿਵਸ ਨਹੀਂ ਮਨਾਉਂਦੇ। ਕਿਉਂ? ਬਾਈਬਲ ਕਹਿੰਦੀ ਹੈ: “ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।” (1 ਯੂਹੰਨਾ 5:21) ਅੱਜ ਕੁਝ ਲੋਕ ਝੰਡੇ ਨੂੰ ਕੋਈ ਮੂਰਤੀ ਜਾਂ ਭਗਤੀ ਦੀ ਚੀਜ਼ ਨਹੀਂ ਸਮਝਦੇ, ਪਰ ਇਤਿਹਾਸਕਾਰ ਕਾਰਲਟਨ ਜੇ. ਐੱਚ. ਹੇਅਜ਼ ਨੇ ਲਿਖਿਆ: “ਝੰਡੇ ਦੀ ਪੂਜਾ ਕਰਨੀ ਦੇਸ਼-ਭਗਤੀ ਹੈ।”

     ਕਿਸੇ ਸੰਤ ਦੀ ਵਡਿਆਈ ਲਈ ਮਨਾਏ ਜਾਂਦੇ ਦਿਨ-ਤਿਉਹਾਰ। ਉਦੋਂ ਕੀ ਹੋਇਆ ਜਦੋਂ ਰੱਬ ਦਾ ਡਰ ਰੱਖਣ ਵਾਲੇ ਇਕ ਆਦਮੀ ਨੇ ਪਤਰਸ ਰਸੂਲ ਨੂੰ ਮੱਥਾ ਟੇਕਿਆ? ਬਾਈਬਲ ਕਹਿੰਦੀ ਹੈ: “ਪਤਰਸ ਨੇ ਉਸ ਨੂੰ ਉਠਾ ਕੇ ਕਿਹਾ: ‘ਉੱਠ, ਮੈਂ ਵੀ ਤਾਂ ਤੇਰੇ ਵਾਂਗ ਇਨਸਾਨ ਹੀ ਹਾਂ।’” (ਰਸੂਲਾਂ ਦੇ ਕੰਮ 10:25, 26) ਪਤਰਸ ਅਤੇ ਹੋਰ ਰਸੂਲਾਂ ਨੇ ਕਦੇ ਕਿਸੇ ਤੋਂ ਆਪਣੀ ਭਗਤੀ ਨਹੀਂ ਕਰਾਈ, ਇਸ ਲਈ ਯਹੋਵਾਹ ਦੇ ਗਵਾਹ ਅਜਿਹੇ ਦਿਨ-ਤਿਉਹਾਰ ਨਹੀਂ ਮਨਾਉਂਦੇ ਜੋ ਸੰਤ ਕਹਾਏ ਜਾਣ ਵਾਲੇ ਲੋਕਾਂ ਦੀ ਵਡਿਆਈ ਕਰਨ ਲਈ ਮਨਾਏ ਜਾਂਦੇ ਹਨ। ਅਜਿਹੇ ਕੁਝ ਦਿਨ-ਤਿਉਹਾਰ ਥੱਲੇ ਦੱਸੇ ਗਏ ਹਨ:

    •  ਸਾਰੇ ਸੰਤਾਂ ਦਾ ਦਿਨ। (All Saints’ Day) ਇਹ “ਸਾਰੇ ਸੰਤਾਂ ਦੀ ਵਡਿਆਈ ਕਰਨ ਲਈ . . . ਮਨਾਇਆ ਜਾਂਦਾ ਹੈ। ਇਹ ਪੱਕਾ ਨਹੀਂ ਪਤਾ ਕਿ ਇਸ ਦਿਨ ਦੀ ਸ਼ੁਰੂਆਤ ਕਿਵੇਂ ਹੋਈ।”​—New Catholic Encyclopedia.

    •  ਫੀਐਸਟਾ ਆਫ਼ ਅਵਰ ਲੇਡੀ ਆਫ਼ ਗੁਆਡਾਲੂਪੇ। ਇਹ ਤਿਉਹਾਰ “ਮੈਕਸੀਕੋ ਦੀ ਰੱਖਿਆ ਕਰਨ ਵਾਲੀ ਸੰਤ” ਨੂੰ ਵਡਿਆਉਣ ਲਈ ਮਨਾਇਆ ਜਾਂਦਾ ਹੈ। ਕੁਝ ਮੰਨਦੇ ਹਨ ਕਿ ਇਹ ਸੰਤ ਯਿਸੂ ਦੀ ਮਾਂ ਮਰੀਅਮ ਹੈ। ਕਿਹਾ ਜਾਂਦਾ ਹੈ ਕਿ ਉਹ 1531 ਵਿਚ ਇਕ ਕਿਸਾਨ ਅੱਗੇ ਚਮਤਕਾਰੀ ਢੰਗ ਨਾਲ ਪ੍ਰਗਟ ਹੋਈ ਸੀ।​—The Greenwood Encyclopedia of Latino Literature.

      ਫੀਐਸਟਾ ਆਫ਼ ਅਵਰ ਲੇਡੀ ਆਫ਼ ਗੁਆਡਾਲੂਪੇ

    •  ਨਾਮ ਦਿਵਸ। ਇਕ ਕਿਤਾਬ ਮੁਤਾਬਕ “ਜਦੋਂ ਕਿਸੇ ਬੱਚੇ ਦਾ ਬਪਤਿਸਮਾ ਹੁੰਦਾ ਹੈ ਜਾਂ ਉਹ ਬਾਅਦ ਵਿਚ ਈਸਾਈ ਧਰਮ ਅਪਣਾ ਲੈਂਦਾ ਹੈ, ਤਾਂ ਉਸ ਦਾ ਨਾਂ ਇਕ ਸੰਤ ਦੇ ਨਾਂ ʼਤੇ ਰੱਖਿਆ ਜਾਂਦਾ ਹੈ ਅਤੇ ਇਸ ਦਿਨ ਨੂੰ ਨਾਮ ਦਿਵਸ ਕਿਹਾ ਜਾਂਦਾ ਹੈ।” ਇਹ ਕਿਤਾਬ ਇਹ ਵੀ ਦੱਸਦੀ ਹੈ ਕਿ “ਇਸ ਦਿਨ ਲੋਕ ਧਾਰਮਿਕ ਕੰਮ ਕਰਦੇ ਹਨ।”​—Celebrating Life Customs Around the World​—From Baby Showers to Funerals.

     ਰਾਜਨੀਤਿਕ ਜਾਂ ਸਮਾਜਕ ਲਹਿਰਾਂ ਨਾਲ ਜੁੜੇ ਦਿਨ-ਤਿਉਹਾਰ। ਬਾਈਬਲ ਕਹਿੰਦੀ ਹੈ: “ਇਨਸਾਨਾਂ ʼਤੇ ਭਰੋਸਾ ਕਰਨ ਦੀ ਬਜਾਇ ਯਹੋਵਾਹ ਕੋਲ ਪਨਾਹ ਲੈਣੀ ਚੰਗੀ ਹੈ।” (ਜ਼ਬੂਰ 118:8, 9) ਯਹੋਵਾਹ ਦੇ ਗਵਾਹ ਦੁਨੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਨਸਾਨਾਂ ਦੀ ਬਜਾਇ ਪਰਮੇਸ਼ੁਰ ʼਤੇ ਭਰੋਸਾ ਕਰਦੇ ਹਨ, ਇਸ ਲਈ ਉਹ ਯੁਵਾ ਦਿਵਸ ਜਾਂ ਮਹਿਲਾ ਦਿਵਸ ਨਹੀਂ ਮਨਾਉਂਦੇ ਜੋ ਰਾਜਨੀਤਿਕ ਜਾਂ ਸਮਾਜਕ ਮੁਹਿੰਮਾਂ ਨਾਲ ਜੁੜੇ ਹੋਏ ਹਨ। ਇਸੇ ਕਾਰਨ ਕਰਕੇ ਉਹ ਮੁਕਤੀ ਦਿਵਸ ਜਾਂ ਇਸ ਤਰ੍ਹਾਂ ਦੇ ਹੋਰ ਦਿਵਸ ਨਹੀਂ ਮਨਾਉਂਦੇ। ਇਸ ਦੀ ਬਜਾਇ, ਉਹ ਉਸ ਸਮੇਂ ਦੀ ਉਡੀਕ ਕਰ ਰਹੇ ਹਨ ਜਦੋਂ ਪਰਮੇਸ਼ੁਰ ਦਾ ਰਾਜ ਨਸਲੀ ਭੇਦ-ਭਾਵ ਨੂੰ ਖ਼ਤਮ ਕਰ ਦੇਵੇਗਾ ਅਤੇ ਸਾਰੇ ਬਰਾਬਰ ਹੋਣਗੇ।​—ਰੋਮੀਆਂ 2:11; 8:21.

  •   ਕੀ ਇਹ ਦਿਨ-ਤਿਉਹਾਰ ਕਿਸੇ ਕੌਮ ਜਾਂ ਨਸਲ ਨੂੰ ਬਾਕੀਆਂ ਤੋਂ ਉੱਚਾ ਚੁੱਕਦਾ ਹੈ?

     ਬਾਈਬਲ ਦਾ ਅਸੂਲ: “ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”​—ਰਸੂਲਾਂ ਦੇ ਕੰਮ 10:34, 35.

     ਭਾਵੇਂ ਯਹੋਵਾਹ ਦੇ ਗਵਾਹਾਂ ਨੂੰ ਆਪਣਾ ਦੇਸ਼ ਪਸੰਦ ਹੈ, ਪਰ ਉਹ ਅਜਿਹੇ ਦਿਨ-ਤਿਉਹਾਰ ਨਹੀਂ ਮਨਾਉਂਦੇ ਜੋ ਕਿਸੇ ਕੌਮ ਜਾਂ ਨਸਲ ਨੂੰ ਬਾਕੀਆਂ ਤੋਂ ਉੱਚਾ ਚੁੱਕਦੇ ਹਨ ਜਿਨ੍ਹਾਂ ਬਾਰੇ ਥੱਲੇ ਦੱਸਿਆ ਗਿਆ ਹੈ।

     ਫ਼ੌਜਾਂ ਦੇ ਸਨਮਾਨ ਲਈ ਮਨਾਏ ਜਾਂਦੇ ਦਿਨ। ਯੁੱਧਾਂ ਦਾ ਸਮਰਥਨ ਕਰਨ ਦੀ ਬਜਾਇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਜੋ ਤੁਹਾਨੂੰ ਸਤਾਉਂਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ।” (ਮੱਤੀ 5:44) ਇਸ ਕਰਕੇ ਯਹੋਵਾਹ ਦੇ ਗਵਾਹ ਫ਼ੌਜੀਆਂ ਦੇ ਸਨਮਾਨ ਵਿਚ ਮਨਾਏ ਜਾਂਦੇ ਦਿਨ ਨਹੀਂ ਮਨਾਉਂਦੇ ਜਿਨ੍ਹਾਂ ਵਿਚ ਥੱਲੇ ਦੱਸੇ ਦਿਨ ਵੀ ਸ਼ਾਮਲ ਹਨ:

    •  ਐਨਜ਼ੈਕ ਦਿਵਸ। “ਐਨਜ਼ੈਕ ਦਾ ਮਤਲਬ ਹੈ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਫ਼ੌਜੀ ਟੁਕੜੀਆਂ।” ਨਾਲੇ “ਹੌਲੀ-ਹੌਲੀ ਐਨਜ਼ੈਕ ਦਿਵਸ ਯੁੱਧ ਵਿਚ ਮਾਰੇ ਗਏ ਫ਼ੌਜੀਆਂ ਦੀ ਯਾਦ ਵਿਚ ਮਨਾਇਆ ਜਾਣ ਲੱਗਾ।”​—Historical Dictionary of Australia.

    •  ਵੈਟਰਨ ਦਿਵਸ (ਯਾਦਗਾਰੀ ਦਿਨ, ਯਾਦਗਾਰੀ ਐਤਵਾਰ ਜਾਂ ਮੈਮੋਰੀਅਲ ਦਿਨ)। ਇਹ ਦਿਨ ਉਨ੍ਹਾਂ ਫ਼ੌਜੀਆਂ ਦੇ ਸਨਮਾਨ ਵਿਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ “ਹਥਿਆਰਬੰਦ ਫ਼ੌਜਾਂ ਵਿਚ ਸੇਵਾ ਕੀਤੀ ਹੈ ਅਤੇ ਜੋ ਦੇਸ਼ ਲਈ ਯੁੱਧਾਂ ਵਿਚ ਲੜਦੇ-ਲੜਦੇ ਮਾਰੇ ਗਏ।”​—Encyclopædia Britannica.

     ਕੌਮ ਦੇ ਇਤਿਹਾਸ ਜਾਂ ਆਜ਼ਾਦੀ ਨਾਲ ਜੁੜੇ ਦਿਨ-ਤਿਉਹਾਰ। ਯਿਸੂ ਨੇ ਆਪਣੇ ਚੇਲਿਆਂ ਬਾਰੇ ਕਿਹਾ: “ਉਹ ਦੁਨੀਆਂ ਦੇ ਨਹੀਂ ਹਨ, ਜਿਵੇਂ ਮੈਂ ਦੁਨੀਆਂ ਦਾ ਨਹੀਂ ਹਾਂ।” (ਯੂਹੰਨਾ 17:16) ਭਾਵੇਂ ਯਹੋਵਾਹ ਦੇ ਗਵਾਹ ਕਿਸੇ ਦੇਸ਼ ਦੇ ਇਤਿਹਾਸ ਬਾਰੇ ਜਾਣਨਾ ਪਸੰਦ ਕਰਦੇ ਹਨ, ਪਰ ਉਹ ਥੱਲੇ ਦੱਸੇ ਦਿਨ ਨਹੀਂ ਮਨਾਉਂਦੇ:

    •  ਆਸਟ੍ਰੇਲੀਆ ਦਿਵਸ। ਇਕ ਐਨਸਾਈਕਲੋਪੀਡੀਆ ਮੁਤਾਬਕ ਇਹ ਉਸ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ “ਜਦੋਂ 1788 ਵਿਚ ਅੰਗ੍ਰੇਜ਼ ਫ਼ੌਜੀਆਂ ਨੇ ਆਪਣਾ ਝੰਡਾ ਲਹਿਰਾਇਆ ਸੀ ਅਤੇ ਆਸਟ੍ਰੇਲੀਆ ਨੂੰ ਇਕ ਨਵੀਂ ਕਲੋਨੀ ਐਲਾਨ ਕੀਤਾ ਸੀ।”​—Worldmark Encyclopedia of Cultures and Daily Life.

    •  ਗਾਏ ਫਾਕਸ ਡੇਅ। ਇਸ ਦਿਨ ਨੂੰ “ਰਾਸ਼ਟਰੀ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਜਦੋਂ 1605 ਵਿਚ ਗਾਏ ਫਾਕਸ ਅਤੇ ਹੋਰ ਕੈਥੋਲਿਕ ਸਮਰਥਕਾਂ ਨੇ ਰਾਜਾ ਜੇਮਜ਼ ਪਹਿਲੇ ਅਤੇ [ਇੰਗਲੈਂਡ ਦੇ] ਸੰਸਦ ਨੂੰ ਉਡਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ।”​—A Dictionary of English Folklore.

    •  ਆਜ਼ਾਦੀ ਦਾ ਦਿਨ। ਕਈ ਦੇਸ਼ਾਂ ਵਿਚ “ਇਹ ਦਿਨ ਉਸ ਦਿਨ ਦੀ ਵਰ੍ਹੇਗੰਢ ਦੇ ਰੂਪ ਵਿਚ ਮਨਾਇਆ ਜਾਂਦਾ ਹੈ ਜਦੋਂ ਦੇਸ਼ ਨੂੰ ਆਜ਼ਾਦੀ ਮਿਲੀ ਸੀ।”​—Merriam-Webster’s Unabridged Dictionary.

  •   ਕੀ ਇਸ ਦਿਨ-ਤਿਉਹਾਰ ʼਤੇ ਲੋਕ ਨੀਚ ਕੰਮ ਕਰਦੇ ਜਾਂ ਬੇਕਾਬੂ ਹੋ ਜਾਂਦੇ ਹਨ?

     ਬਾਈਬਲ ਦਾ ਅਸੂਲ: “ਤੁਸੀਂ ਦੁਨੀਆਂ ਦੇ ਲੋਕਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਪਹਿਲਾਂ ਬਥੇਰਾ ਸਮਾਂ ਲਾਇਆ ਹੈ। ਉਸ ਵੇਲੇ ਤੁਸੀਂ ਬੇਸ਼ਰਮ ਹੋ ਕੇ ਗ਼ਲਤ ਕੰਮ ਕਰਦੇ ਸੀ, ਆਪਣੀ ਲਾਲਸਾ ਨੂੰ ਕਾਬੂ ਵਿਚ ਨਹੀਂ ਰੱਖਦੇ ਸੀ, ਹੱਦੋਂ ਵੱਧ ਸ਼ਰਾਬਾਂ ਪੀਂਦੇ ਸੀ, ਪਾਰਟੀਆਂ ਵਿਚ ਰੰਗਰਲੀਆਂ ਮਨਾਉਂਦੇ ਸੀ, ਸ਼ਰਾਬ ਦੀਆਂ ਮਹਿਫ਼ਲਾਂ ਲਾਉਂਦੇ ਸੀ ਅਤੇ ਘਿਣਾਉਣੀ ਮੂਰਤੀ-ਪੂਜਾ ਕਰਦੇ ਸੀ।”​—1 ਪਤਰਸ 4:3.

     ਯਹੋਵਾਹ ਦੇ ਗਵਾਹ ਇਸ ਅਸੂਲ ʼਤੇ ਚੱਲਦੇ ਹੋਏ ਅਜਿਹੇ ਦਿਨ-ਤਿਉਹਾਰ ਨਹੀਂ ਮਨਾਉਂਦੇ ਜਿਨ੍ਹਾਂ ਵਿਚ ਹੱਦੋਂ ਵੱਧ ਸ਼ਰਾਬ ਪੀਣੀ ਅਤੇ ਪਾਰਟੀਆਂ ਵਿਚ ਰੰਗਰਲੀਆਂ ਮਨਾਉਣੀਆਂ ਸ਼ਾਮਲ ਹਨ। ਯਹੋਵਾਹ ਦੇ ਗਵਾਹ ਆਪਣੇ ਦੋਸਤਾਂ ਨਾਲ ਇਕੱਠੇ ਹੋਣਾ ਪਸੰਦ ਕਰਦੇ ਹਨ ਅਤੇ ਸ਼ਾਇਦ ਉਹ ਸੰਜਮ ਵਿਚ ਰਹਿ ਕੇ ਸ਼ਰਾਬ ਪੀਣ। ਉਹ ਬਾਈਬਲ ਦੀ ਇਸ ਸਲਾਹ ʼਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ: “ਤੁਸੀਂ ਚਾਹੇ ਖਾਂਦੇ, ਚਾਹੇ ਪੀਂਦੇ, ਚਾਹੇ ਕੁਝ ਹੋਰ ਕਰਦੇ ਹੋ, ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ।”​—1 ਕੁਰਿੰਥੀਆਂ 10:31.

     ਇਸ ਕਰਕੇ ਯਹੋਵਾਹ ਦੇ ਗਵਾਹ ਮੇਲਿਆਂ ਜਾਂ ਇਸ ਤਰ੍ਹਾਂ ਦੇ ਹੋਰ ਦਿਨ-ਤਿਉਹਾਰਾਂ ਵਿਚ ਹਿੱਸਾ ਨਹੀਂ ਲੈਂਦੇ ਜਿਹੜੇ ਅਨੈਤਿਕ ਕੰਮਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਕਿਉਂਕਿ ਬਾਈਬਲ ਇਨ੍ਹਾਂ ਕੰਮਾਂ ਦੀ ਨਿੰਦਿਆ ਕਰਦੀ ਹੈ। ਇਸ ਵਿਚ ਯਹੂਦੀ ਤਿਉਹਾਰ ਪੁਰੀਮ ਵੀ ਸ਼ਾਮਲ ਹੈ। ਭਾਵੇਂ ਪੁਰੀਮ ਪੰਜਵੀਂ ਸਦੀ ਈਸਵੀ ਪੂਰਵ ਵਿਚ ਹੋਏ ਯਹੂਦੀਆਂ ਦੇ ਛੁਟਕਾਰੇ ਦੀ ਯਾਦ ਵਿਚ ਲੰਬੇ ਸਮੇਂ ਤੋਂ ਮਨਾਇਆ ਜਾਂਦਾ ਹੈ, ਪਰ ਇਕ ਕਿਤਾਬ ਕਹਿੰਦੀ ਹੈ ਕਿ ਹੁਣ ‘ਇਹ ਤਿਉਹਾਰ ਮਾਰਡੀ ਗ੍ਰਾਸ (ਕੈਥੋਲਿਕਾਂ ਦਾ ਤਿਉਹਾਰ) ਦੇ ਤਿਉਹਾਰ ਵਰਗਾ ਬਣ ਗਿਆ ਹੈ।’ (Essential Judaism) ਇਸ ਤਿਉਹਾਰ ਵਿਚ ਹਿੱਸਾ ਲੈਣ ਵਾਲੇ ਲੋਕ “ਅਜੀਬੋ-ਗ਼ਰੀਬ ਕੱਪੜੇ (ਅਕਸਰ ਆਦਮੀ ਔਰਤਾਂ ਦੇ ਕੱਪੜੇ) ਪਾਉਂਦੇ, ਹਿੰਸਕ ਰਵੱਈਆ ਦਿਖਾਉਂਦੇ, ਹੱਦੋਂ ਵੱਧ ਸ਼ਰਾਬ ਪੀਂਦੇ ਅਤੇ ਬਹੁਤ ਸ਼ੋਰ ਮਚਾਉਂਦੇ ਹਨ।”

 ਕੀ ਯਹੋਵਾਹ ਦੇ ਗਵਾਹ, ਜੋ ਕੁਝ ਦਿਨ-ਤਿਉਹਾਰ ਨਹੀਂ ਮਨਾਉਂਦੇ, ਆਪਣੇ ਪਰਿਵਾਰਾਂ ਨੂੰ ਪਿਆਰ ਕਰਦੇ ਹਨ?

 ਜੀ ਹਾਂ। ਬਾਈਬਲ ਸਿਖਾਉਂਦੀ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਕਰੀਏ ਅਤੇ ਉਨ੍ਹਾਂ ਦਾ ਆਦਰ ਕਰੀਏ, ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਦੇ ਹੋਣ। (1 ਪਤਰਸ 3:1, 2, 7) ਇਹ ਸੱਚ ਹੈ ਕਿ ਜਦੋਂ ਕੋਈ ਯਹੋਵਾਹ ਦਾ ਗਵਾਹ ਦਿਨ-ਤਿਉਹਾਰ ਮਨਾਉਣੇ ਬੰਦ ਕਰ ਦਿੰਦਾ ਹੈ, ਤਾਂ ਉਸ ਦੇ ਰਿਸ਼ਤੇਦਾਰ ਸ਼ਾਇਦ ਪਰੇਸ਼ਾਨ ਹੋ ਜਾਣ ਜਾਂ ਉਨ੍ਹਾਂ ਨੂੰ ਦੁੱਖ ਲੱਗੇ ਜਾਂ ਸ਼ਾਇਦ ਉਹ ਸੋਚਣ ਕਿ ਉਨ੍ਹਾਂ ਨਾਲ ਵਿਸ਼ਵਾਸਘਾਤ ਹੋਇਆ ਹੈ। ਇਸ ਲਈ ਬਹੁਤ ਸਾਰੇ ਯਹੋਵਾਹ ਦੇ ਗਵਾਹ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਾਉਣ, ਆਪਣੇ ਫ਼ੈਸਲਿਆਂ ਬਾਰੇ ਪਿਆਰ ਨਾਲ ਸਮਝਾਉਣ ਅਤੇ ਹੋਰ ਮੌਕਿਆਂ ʼਤੇ ਉਨ੍ਹਾਂ ਨੂੰ ਮਿਲਣ ਲਈ ਪਹਿਲ ਕਰਦੇ ਹਨ।

 ਕੀ ਯਹੋਵਾਹ ਦੇ ਗਵਾਹ ਦੂਜਿਆਂ ਨੂੰ ਮਜਬੂਰ ਕਰਦੇ ਹਨ ਕਿ ਉਹ ਕੁਝ ਦਿਨ-ਤਿਉਹਾਰ ਨਾ ਮਨਾਉਣ?

 ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਹਰ ਇਨਸਾਨ ਨੂੰ ਆਪਣੇ ਫ਼ੈਸਲੇ ਆਪ ਕਰਨੇ ਚਾਹੀਦੇ ਹਨ। (ਯਹੋਸ਼ੁਆ 24:15) ਯਹੋਵਾਹ ਦੇ ਗਵਾਹ ‘ਹਰ ਤਰ੍ਹਾਂ ਦੇ ਲੋਕਾਂ ਦਾ ਆਦਰ ਕਰਦੇ’ ਹਨ, ਚਾਹੇ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਜੋ ਮਰਜ਼ੀ ਹੋਣ।​—1 ਪਤਰਸ 2:17.

a ਇਸ ਲੇਖ ਵਿਚ ਉਨ੍ਹਾਂ ਸਾਰੇ ਦਿਨ-ਤਿਉਹਾਰਾਂ ਬਾਰੇ ਨਹੀਂ ਦੱਸਿਆ ਗਿਆ ਜੋ ਯਹੋਵਾਹ ਦੇ ਗਵਾਹ ਨਹੀਂ ਮਨਾਉਂਦੇ ਤੇ ਨਾ ਹੀ ਇਸ ਵਿਚ ਬਾਈਬਲ ਦੇ ਸਾਰੇ ਅਸੂਲ ਦੱਸੇ ਗਏ ਹਨ ਜੋ ਲਾਗੂ ਹੋ ਸਕਦੇ ਹਨ।

b ਦੁਨੀਆਂ ਦੇ ਕੁਝ ਹਿੱਸਿਆਂ ਵਿਚ ਮਈ ਦਿਵਸ ਨੂੰ ਖ਼ਾਸ ਤੌਰ ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਜਾਣਿਆ ਜਾਂਦਾ ਹੈ। ਪਰ ਇਸ ਦਿਨ ਦਾ ਸੰਬੰਧ ਪੁਰਾਣੇ ਜ਼ਮਾਨੇ ਦੇ ਰੋਮ ਨਾਲ ਹੈ। ਇਸ ਦਿਨ ਬਾਰੇ ਹੋਰ ਜਾਣਨ ਲਈ 22 ਅਪ੍ਰੈਲ 2005 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 12-14 ʼਤੇ “ਮਈ ਦਿਵਸ​—ਤੁਹਾਡੇ ਲਈ ਇਹ ਕੀ ਅਹਿਮੀਅਤ ਰੱਖਦਾ ਹੈ?” ਨਾਂ ਦਾ ਲੇਖ ਪੜ੍ਹੋ।

c Mithra, Mithraism, Christmas Day & Yalda, by K. E. Eduljee, ਸਫ਼ੇ 31-33.